ਅੰਨ ਜਲ ਦੀ ਖੇਡ
ਗੁਰਦੇਵ ਸਿੰਘ ਸਿੱੱਧੂ
ਨਿੱਕੇ ਹੁੰਦਿਆਂ ਪੜ੍ਹੀਆਂ ਇਹ ਕਾਵਿ ਪੰਗਤੀਆਂ ਹੁਣ ਵੀ ਕਦੇ ਕਦੇ ਯਾਦ ਆ ਜਾਂਦੀਆਂ ਹਨ:
ਮੋਰ ਕੂੰਜਾਂ ਨੂੰ ਦੇਵਣ ਤਾਅਨੇ ਥੋਡੀ ਨਿੱਤ ਪਰਦੇਸ ਤਿਆਰੀ।
ਜਾਂ ਕੂੰਜੋ ਨੀ ਤੁਸੀਂ ਕੁਪੱਤੀਆਂ ਜਾਂ ਲੱਗ ਗੀ ਕਿਸੇ ਨਾਲ ਯਾਰੀ।
ਅਤੇ ਅੱਗੋਂ ਸਫ਼ਾਈ ਪੇਸ਼ ਕਰਦੀਆਂ ਕੂੰਜਾਂ ਕਹਿੰਦੀਆਂ ਹਨ:
ਨਾ ਵੇ ਮੋਰੋ ਅਸੀਂ ਕੁਪੱਤੀਆਂ ਨਾ ਲੱਗ ਗੀ ਕਿਸੇ ਨਾਲ ਯਾਰੀ।
ਡਾਢੇ ਨੇ ਜੋ ਚੋਗ ਖਿਲਾਰੀ ਲਾਉਣੀ ਪਵੇ ਉਡਾਰੀ।
ਮੇਰਾ ਨਿੱਜੀ ਅਨੁਭਵ ਵੀ ਥਾਂ ਪੁਰ ਥਾਂ ਖਿੰਡੀ ਚੋਗ ਚੁਗਣ ਖ਼ਾਤਰ ਏਧਰ ਓਧਰ ਕੀਤੇ ਪਰਵਾਸ ਕਾਰਨ ਇਸੇ ਸੋਚ ਦੀ ਪੁਸ਼ਟੀ ਕਰਦਾ ਹੈ। ਅੱਸੀਵਿਆਂ ਦੌਰਾਨ ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿੱਚ ਪੜ੍ਹਾਉਂਦਾ ਸਾਂ ਤਾਂ ਪਰਿਵਾਰ ਨੂੰ ਅਸਥਾਈ ਤੌਰ ਉੱਤੇ ਆਪਣੇ ਕੋਲ ਲੈ ਆਇਆ। ਸੋਚ ਇਹ ਸੀ ਕਿ ਨੌਵੇਂ ਦਹਾਕੇ ਦੇ ਅੱਧ ਵਿਚਕਾਰ ਜਦੋਂ ਪ੍ਰਿੰਸੀਪਲ ਵਜੋਂ ਪਦ-ਉੱਨਤ ਹੋਵਾਂਗਾ ਉਦੋਂ ਤੱਕ ਬੱਚੇ ਸਕੂਲ ਪੱਧਰ ਦੀ ਪੜ੍ਹਾਈ ਖ਼ਤਮ ਕਰ ਕੇ ਉਚੇਰੀ ਪੜ੍ਹਾਈ ਲਈ ਵੱਡੇ ਸ਼ਹਿਰਾਂ ਵਿੱਚ ਚਲੇ ਜਾਣਗੇ ਅਤੇ ਮੈਂ, ਸਰਕਾਰ ਦੁਆਰਾ ਆਪਣੇ ਪ੍ਰਬੰਧ ਹੇਠ ਲਏ ਗਏ ਗੁਰੂ ਨਾਨਕ ਕਾਲਜ, ਗੁਰੂ ਤੇਗ ਬਹਾਦਰ ਗੜ੍ਹ ਵਿੱਚ ਨਿਯੁਕਤੀ ਕਰਵਾ ਲਵਾਂਗਾ। ਪੇਂਡੂ ਮਾਹੌਲ ਦਾ ਕਾਲਜ ਹੋਣ ਕਾਰਨ ਇੱਥੇ ਕੋਈ ਪ੍ਰਿੰਸੀਪਲ ਨਹੀਂ ਸੀ ਟਿਕਦਾ। ਜੇਕਰ ਸਰਕਾਰ ਕਿਸੇ ਨੂੰ ਨਿਯੁਕਤ ਕਰ ਵੀ ਦਿੰਦੀ ਤਾਂ ਉਹ ਛੇਤੀ ਹੀ ਬਦਲੀ ਕਰਵਾ ਜਾਂਦਾ। ਮੇਰੇ ਪਿੰਡ ਤੋਂ ਇਹ ਕਾਲਜ ਸਿਰਫ਼ ਵੀਹ ਪੱਚੀ ਕਿਲੋਮੀਟਰ ਦੂਰ ਹੋਣ ਕਾਰਨ ਮੇਰੇ ਲਈ ਬੜਾ ਢੁੱਕਵਾਂ ਸੀ ਅਤੇ ਬੜੀ ਆਸਾਨੀ ਨਾਲ ਘਰ ਤੋਂ ਆ ਕੇ ਡਿਊਟੀ ਕੀਤੀ ਜਾ ਸਕਦੀ ਸੀ। ਸੇਵਾਮੁਕਤੀ ਤੱਕ ਇੱਥੋਂ ਬਦਲੀ ਕੀਤੇ ਜਾਣ ਦੀ ਉੱਕਾ ਹੀ ਸੰਭਾਵਨਾ ਨਹੀਂ ਸੀ।
ਇਸ ਲਈ ਜੁਲਾਈ 1986 ਵਿੱਚ ਪ੍ਰਿੰਸੀਪਲ ਵਜੋਂ ਤਰੱਕੀ ਹੋਈ ਤਾਂ ਗੁਰੂ ਨਾਨਕ ਸਰਕਾਰੀ ਕਾਲਜ, ਗੁਰੂ ਤੇਗ ਬਹਾਦਰ ਗੜ੍ਹ ਵਿੱਚ ਹੀ ਨਿਯੁਕਤੀ ਲਈ। ਇਹ ਉਹ ਦਿਨ ਸਨ ਜਦੋਂ ਖਾਲਿਸਤਾਨ ਲਹਿਰ ਜ਼ੋਰਾਂ ’ਤੇ ਸੀ। ਕਾਲਜ ਵਿੱਚ ਪ੍ਰਿੰਸੀਪਲ ਵਜੋਂ ਹਾਜ਼ਰੀ ਦੇਣ ਦੇ ਦਿਨ ਦੇਖਿਆ ਕਿ ਇਮਾਰਤ ਦੀਆਂ ਸਾਰੀਆਂ ਕੰਧਾਂ ਖਾਲਿਸਤਾਨੀ ਨਾਅਰਿਆਂ ਨਾਲ ਭਰੀਆਂ ਪਈਆਂ ਸਨ। ਕਾਲਜ ਸਟਾਫ ਨੇ ਦੱਸਿਆ ਕਿ ਕਲੀ ਕਰਵਾਉਣ ਬਹਾਨੇ ਕਾਲਜ ਇਮਾਰਤ ਉੱਤੋਂ ਇਨ੍ਹਾਂ ਨਾਅਰਿਆਂ ਨੂੰ ਮੇਸਣ ਦੀ ਵਿਉਂਤ ਬਣਾ ਕੇ ਇਹ ਕੰਮ ਲੋਕ ਨਿਰਮਾਣ ਵਿਭਾਗ ਨੂੰ ਸੌਂਪਿਆ ਗਿਆ ਸੀ, ਪਰ ਵਿਭਾਗ ਦੇ ਕਰਮਚਾਰੀ ਆ ਕੇ ਖਾਲੀ ਥਾਵਾਂ ਉੱਤੇ ਕਲੀ ਕਰ ਗਏ। ਫਲਸਰੂਪ, ਨਾਅਰਿਆਂ ਦੇ ਅੱਖਰ ਮੱਧਮ ਪੈਣ ਦੀ ਥਾਂ ਹੋਰ ਵੀ ਉੱਘੜ ਉੱਠੇ।
ਖਾਲਿਸਤਾਨ ਪੱਖੀ ਵਿਦਿਆਰਥੀਆਂ ਨਾਲ ਵਾਹ ਤਾਂ ਫ਼ਰੀਦਕੋਟ ਕਾਲਜ ਵਿੱਚ ਵੀ ਪੈਂਦਾ ਸੀ ਪਰ ਇੱਕ ਤਾਂ ਇਹ ਸ਼ਹਿਰ ਜ਼ਿਲ੍ਹਾ ਸਦਰ ਮੁਕਾਮ ਹੋਣ ਕਾਰਨ ਇੱਥੇ ਸਰਕਾਰ ਵਿਰੁੱਧ ਕੋਈ ਕਾਰਵਾਈ ਏਨੀ ਖੁੱਲ੍ਹ ਕੇ ਨਹੀਂ ਸੀ ਹੁੰਦੀ, ਦੂਜਾ ਜੇਕਰ ਕੁਝ ਹੁੰਦਾ ਵੀ ਤਾਂ ਇਸ ਸਥਿਤੀ ਨੂੰ ਸੰਭਾਲਣ ਦੀ ਮੁੱਖ ਜ਼ਿੰਮੇਵਾਰੀ ਪ੍ਰਿੰਸੀਪਲ ਸਿਰ ਸਮਝਦਿਆਂ ਬਾਕੀ ਸਟਾਫ ਪਿੱਛੇ ਰਹਿੰਦਾ। ਗੁਰੂ ਤੇਗ ਬਹਾਦਰ ਗੜ੍ਹ ਦੀ ਗੱਲ ਹੋਰ ਸੀ। ਇਹ ਸ਼ਹਿਰ ਤੋਂ ਦੂਰ ਪੇਂਡੂ ਖੇਤਰ ਦਾ ਕਾਲਜ ਸੀ। ਜਦੋਂ ਇੱਥੇ ਗੁਰੂੁ ਨਾਨਕ ਕਾਲਜ ਸ਼ੁਰੂ ਹੋਇਆ ਸੀ ਤਾਂ ਕਾਲਜ ਲਈ ਲੋੜੀਂਦੀ ਜ਼ਮੀਨ ਕਈ ਪਿੰਡਾਂ ਨੇ ਦਾਨ ਕੀਤੀ ਸੀ, ਜਿਸ ਕਰ ਕੇ ਇਸ ਥਾਂ ਦਾ ਨਾਮਕਰਨ ਕਿਸੇ ਇੱਕ ਪਿੰਡ ਨਾਲ ਜੋੜ ਕੇ ਕਰਨ ਦੀ ਥਾਂ ਨੌਂਵੇਂ ਗੁਰੂ ਸਾਹਿਬ ਨਾਲ ਸਬੰਧਿਤ ਕਰ ਦਿੱਤਾ ਗਿਆ ਸੀ। ਕਾਲਜ ਨੂੰ ਜਿਹੜਾ ਪਿੰਡ ਸਭ ਤੋਂ ਨੇੜੇ ਪੈਂਦਾ ਸੀ ਉਹ ਸੀ ਰੋਡੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜੱਦੀ ਪਿੰਡ। ਉਨ੍ਹਾਂ ਦੇ ਚਾਚਿਆਂ ਤਾਇਆਂ ਦੇ ਪੋਤੇ ਇਸ ਕਾਲਜ ਦੇ ਵਿਦਿਆਰਥੀ ਸਨ। ਲਹਿਰ ਦੀ ਚੜ੍ਹਤ ਦੇ ਦਿਨੀਂ ਤਾਂ ਹਰ ਸਿੱਖ ਨੌਜਵਾਨ ਆਪਣੇ ਆਪ ਨੂੰ ਸੰਤਾਂ ਦਾ ਭਤੀਜਾ ਦੱਸਣ ਵਿੱਚ ਸ਼ਾਨ ਸਮਝਦਾ ਸੀ, ਕਾਲਜ ਦੇ ਵਿਦਿਆਰਥੀ ਤਾਂ ਫਿਰ ਵੀ ਉਨ੍ਹਾਂ ਦੇ ਸ਼ਰੀਕੇ ਕਬੀਲੇ ਵਿੱਚੋਂ ਸਨ। ਖ਼ੈਰ, ਮੈਂ ਕਾਲਜ ਵਿੱਚ ਵਿਦਿਅਕ ਸਮਾਗਮ ਰਚਾਉਣ ਦੀ ਬੰਦ ਹੋ ਗਈ ਪ੍ਰਥਾ ਨੂੰ ਸੁਰਜੀਤ ਕੀਤਾ ਅਤੇ ਪੜ੍ਹਾਈ ਵਿੱਚ ਦਿਲਚਸਪੀ ਰੱਖਣ ਵਾਲੇ ਗੰਭੀਰ ਵਿਦਿਆਰਥੀਆਂ, ਭਾਵੇਂ ਉਨ੍ਹਾਂ ਦੀ ਸੰਖਿਆ ਘੱਟ ਹੀ ਸੀ, ਦੇ ਸਹਿਯੋਗ ਨਾਲ ਹਰ ਮਹੀਨੇ ਸਮੂਹ ਵਿਦਿਆਰਥੀਆਂ ਦੀ ਛੋਟੀ ਵੱਡੀ ਇਕੱਤਰਤਾ ਕਰਨੀ ਸ਼ੁਰੂ ਕਰ ਕੇ ਕਾਲਜ ਵਿੱਚ ਵਿਦਿਅਕ ਮਾਹੌਲ ਸਿਰਜਣ ਦਾ ਉਪਰਾਲਾ ਕੀਤਾ। ਭਾਵੇਂ ਕੋਈ ਦੁਰਘਟਨਾ ਨਾ ਵਾਪਰੀ ਪਰ ਦਿਲ ਵਿੱਚ ਹਰ ਵਕਤ ਧੁੜਕੂ ਜਿਹਾ ਲੱਗਾ ਰਹਿੰਦਾ ਕਿ ਪਤਾ ਨਹੀਂ ਕੱਲ੍ਹ ਕੀ ਹੋਵੇਗਾ? ਦੋਸਤਾਂ ਮਿੱਤਰਾਂ ਦੀ ਵੀ ਰਾਇ ਸੀ ਅਤੇ ਮੈਂ ਆਪ ਵੀ ਇਹੋ ਠੀਕ ਸਮਝਦਾ ਸਾਂ ਕਿ ਮਾਹੌਲ ਠੀਕ ਹੋਣ ਤੱਕ ਕਿਸੇ ਹੋਰ ਕਾਲਜ ਵਿੱਚ ਬਦਲੀ ਕਰਵਾ ਲਈ ਜਾਵੇ, ਪਰ ਵਿਭਾਗੀ ਅਧਿਕਾਰੀਆਂ ਪਾਸ ਮੇਰੀ ਬਦਲੀ ਨਾ ਕਰਨ ਲਈ ਵੱਡੀ ਦਲੀਲ ਇਹ ਸੀ ਕਿ ਇਸੇ ਇਲਾਕੇ ਨਾਲ ਸਬੰਧਿਤ ਪ੍ਰਿੰਸੀਪਲ/ਲੈਕਚਰਾਰ ਇਸ ਕਾਲਜ ਵਿੱਚ ਸੇਵਾ ਨਹੀਂ ਕਰਨਗੇ ਤਾਂ ਹੋਰ ਕੌਣ ਇਸ ਜ਼ਿੰਮੇਵਾਰੀ ਨੂੰ ਨਿਭਾਏਗਾ?
ਸਬੱਬ ਨਾਲ, 1988 ਵਿੱਚ ਕੇਂਦਰ ਸਰਕਾਰ ਨੇ ਕੌਮੀ ਸੇਵਾ ਯੋਜਨਾ ਦੇ ਰਾਜ ਸੰਪਰਕ ਅਧਿਕਾਰੀ ਦੀ ਨਵੀਂ ਰਚੀ ਅਸਾਮੀ, ਜਿਸ ਦਾ ਦਫ਼ਤਰ ਚੰਡੀਗੜ੍ਹ ਵਿੱਚ ਹੋਣਾ ਸੀ, ਭਰਨ ਵਾਸਤੇ ਦਰਖਾਸਤਾਂ ਮੰਗੀਆਂ। ਮੈਂ ਵੀ ਦਰਖਾਸਤ ਭੇਜੀ, ਚੋਣ ਹੋ ਗਈ ਅਤੇ ਇਉਂ ਮੈਂ ਚੰਡੀਗੜ੍ਹ ਪਹੁੰਚ ਗਿਆ। ਇਹ ਨਿਯੁਕਤੀ ਡੈਪੂਟੇਸ਼ਨ ਉੱਤੇ ਇੱਕ ਸਾਲ ਲਈ ਸੀ ਪਰ ਇੱਕ ਇੱਕ ਕਰ ਕੇ ਤਿੰਨ ਸਾਲ ਨਿਕਲ ਗਏ। ਦਿਲ ਵਿੱਚ ਸਮਾਜ ਸੇਵਾ ਦੀ ਭਾਵਨਾ ਹੋਣ ਕਾਰਨ ਮੈਂ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਸਰਕਾਰ ਨੂੰ ਵੀ ਮੇਰੇ ਕੰਮ ਤੋਂ ਸੰਤੁਸ਼ਟੀ ਸੀ। ਇਸ ਲਈ ਫਿਰ ਵਿੱਤ ਵਿਭਾਗ ਦੀ ਮਨਜ਼ੂਰੀ ਨਾਲ ਡੈਪੂਟੇਸ਼ਨ ਸਮੇਂ ਵਿੱਚ ਦੋ ਸਾਲ ਦਾ ਵਾਧਾ ਹੋਇਆ ਅਤੇ ਅਗਲੇ ਦੋ ਸਾਲ ਪਰਸੋਨਲ ਵਿਭਾਗ ਦੀ ਸਹਿਮਤੀ ਨਾਲ। ਸੱਤ ਸਾਲ ਤੋਂ ਅੱਗੇ ਵਾਧਾ ਹੋ ਨਹੀਂ ਸੀ ਸਕਦਾ। ਇਹ ਅਰਸਾ ਪੂਰਾ ਹੋਣ ਤੋਂ ਪਹਿਲਾਂ ਹੀ ਮੈਂ ਪਿੱਤਰੀ ਵਿਭਾਗ ਵੱਲ ਮੁੜਿਆ ਤਾਂ ਮੁੱਖ ਦਫ਼ਤਰ, ਚੰਡੀਗੜ੍ਹ ਵਿੱਚ ਡਿਪਟੀ ਡਾਇਰੈਕਟਰ ਵਜੋਂ ਨਿਯੁਕਤੀ ਹੋਈ, ਜਿੱਥੋਂ ਪੂਰੀ ਵਾਹ ਲਾਉਣ ਦੇ ਬਾਵਜੂਦ ਮੈਂ ਬਦਲੀ ਨਾ ਕਰਵਾ ਸਕਿਆ। ਇੱਥੋਂ ਹੀ 1997 ਵਿੱਚ ਮੈਂ ਸਵੈ-ਇੱਛਤ ਸੇਵਾਮੁਕਤੀ ਲਈ। ਸੇਵਾਮੁਕਤੀ ਦਾ ਕਾਰਨ ਇਹ ਸੀ ਕਿ ਪੰਜਾਬ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਗਈ। ਤਤਕਾਲੀ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਇਲਾਕੇ ਦੀ ਸਾਂਝ ਹੋਣ ਕਾਰਨ ਉਨ੍ਹਾਂ ਦੀ ਪਹਿਲਕਦਮੀ ਉੱਤੇ ਪੰਜਾਬ ਸਰਕਾਰ ਨੇ ਮੈਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਜੋ 2002 ਤੱਕ ਨਿਭਾਈ। ਪਿੱਛੋਂ ਪਰਿਵਾਰਕ ਹਾਲਾਤ ਇਹ ਬਣੇ ਕਿ ਮੁਹਾਲੀ ਰਿਹਾਇਸ਼ ਰੱਖਣੀ ਪਈ। ਇਉਂ ਇੱਕ ਸਾਲ ਜਾਂ ਕੁਝ ਹੋਰ ਅਰਸੇ ਲਈ ਚੰਡੀਗੜ੍ਹ ਦੀ ਚੋਗ ਚੁਗਣ ਲਈ ਧਾਰ ਕੇ ਇੱਥੇ ਆਇਆਂ ਹੁਣ ਚਾਰ ਦਹਾਕੇ ਹੋਣ ਵਾਲੇ ਹਨ। ਸਾਰੇ ਹੋਏ ਬੀਤੇ ਉੱਤੇ ਨਜ਼ਰ ਮਾਰਦਿਆਂ ਇਸੇ ਨਤੀਜੇ ਉੱਤੇ ਪਹੁੰਚਦਾ ਹਾਂ ਕਿ ਇਹ ਸਾਰੀ ਅੰਨ ਜਲ ਦੀ ਖੇਡ ਹੈ।
ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਵਰਤਮਾਨ ਪ੍ਰਸਥਿਤੀਆਂ ਵਿੱਚ ਇਹ ਦਾਅਵਾ ਕਰਨ ਵਾਲੇ ਜ਼ਰੂਰ ਕੁਝ ਸਮੱਰਥਾਵਾਨ ਅਤੇ ਜੁਗਾੜੂ ਵਿਅਕਤੀ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਜੀਵਨ ਚਿਤਵਿਆ ਸੀ, ਉਹ ਉਸੇ ਤਰ੍ਹਾਂ ਜੀਵਨ ਜਿਊਂ ਰਹੇ ਹਨ। ਉਨ੍ਹਾਂ ਦਾ ਇਹ ਦਾਅਵਾ ਸਹੀ ਵੀ ਹੋ ਸਕਦਾ ਹੈ ਪਰ ਇਸ ਵਰਗ ਵਿੱਚ ਆਉਂਦੇ ਵਿਅਕਤੀਆਂ ਦੀ ਗਿਣਤੀ ਬਹੁਤ ਘੱਟ ਹੋਵੇਗੀ, ਐਵੇਂ ਉਂਗਲਾਂ ਉੱਤੇ ਗਿਣੀ ਜਾਣ ਜੋਗੀ ਅਤੇ ਮੈਂ ਉਨ੍ਹਾਂ ਵਿੱਚੋਂ ਨਹੀਂ। ਆਪਣੇ ਵਰਗੀ ਬਹੁਗਿਣਤੀ ਵੱਲ ਨਜ਼ਰ ਮਾਰਦਾ ਹਾਂ ਤਾਂ ਗੁਰਬਾਣੀ ਦੀ ਪੰਕਤੀ ਹੀ ਢੁੱਕਵੀਂ ਜਾਪਦੀ ਹੈ:
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।।
ਜਹਾ ਦਾਣੇ ਤਹਾ ਖਾਣੇ ਨਾਨਕਾ ਸਚੁ ਹੇ।।
ਸੰਪਰਕ: 94170-49417