ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਹਿਲਾਂ ਰੁਆਇਪਹਿਲਾਂ ਰੁਆਇਆ ਤੇ ਫਿਰ ਨਚਾਇਆਆ ਤੇ ਫਿਰ ਨਚਾਇਆ

ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਨੇ ਪਿਛਲੇ ਦਿਨੀਂ ਪਹਿਲੀ ਵਾਰ ਇੱਕ ਦਿਨਾ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਖਿਤਾਬੀ ਜਿੱਤ ਨੇ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਜਿੱਥੇ ਅਥਾਹ ਖੁਸ਼ੀ ਦਿੱਤੀ ਉੱਥੇ ਮੁਲਕ ਦੀ ਕ੍ਰਿਕਟ ਨੂੰ ਨਵਾਂ...
Advertisement

ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਨੇ ਪਿਛਲੇ ਦਿਨੀਂ ਪਹਿਲੀ ਵਾਰ ਇੱਕ ਦਿਨਾ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਖਿਤਾਬੀ ਜਿੱਤ ਨੇ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਜਿੱਥੇ ਅਥਾਹ ਖੁਸ਼ੀ ਦਿੱਤੀ ਉੱਥੇ ਮੁਲਕ ਦੀ ਕ੍ਰਿਕਟ ਨੂੰ ਨਵਾਂ ਮੋੜ ਵੀ ਦਿੱਤਾ ਹੈ। ਜਿਸ ਤਰ੍ਹਾਂ 1983 ’ਚ ਕਪਿਲ ਦੇਵ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਵਿਸ਼ਵ ਜੇਤੂ ਬਣ ਕੇ, ਦੇਸ਼ ਦੀ ਕ੍ਰਿਕਟ ਦਾ ਮੁਹਾਂਦਰਾ ਬਦਲਣ ਦੀ ਸ਼ੁਰੂਆਤ ਕੀਤੀ ਸੀ ਇਸੇ ਤਰ੍ਹਾਂ ਇਹ ਖਿਤਾਬ ਆਪਣੇ ਮੁਲਕ ’ਚ ਔਰਤਾਂ ਦੀ ਕ੍ਰਿਕਟ ਲਈ ਵੀ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਾਲਾ ਮੋੜ ਸਾਬਤ ਹੋਵੇਗਾ।

ਇਸ ਖਿਤਾਬੀ ਜਿੱਤ ਦੇ ਸਫ਼ਰ ਦੌਰਾਨ ਹੀ ਭਾਰਤ ’ਚ ਮਹਿਲਾ ਕ੍ਰਿਕਟ ਦਾ ਮੁਹਾਂਦਰਾ ਬਦਲਣ ਦੇ ਕਈ ਪ੍ਰਮਾਣ ਮਿਲਣ ਲੱਗ ਗਏ ਸਨ। ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ’ਚ ਦਰਸ਼ਕਾਂ ਦੀ ਗਿਣਤੀ ਭਾਵੇਂ ਘੱਟ ਰਹੀ ਪਰ ਟੂਰਨਾਮੈਂਟ ਦੇ ਅੱਧ ’ਚ ਆ ਕੇ ਭਾਰਤੀ ਟੀਮ ਦੇ ਮੈਚਾਂ ਦੌਰਾਨ ਸਟੇਡੀਅਮ ਭਰਨੇ ਸ਼ੁਰੂ ਹੋ ਗਏ ਅਤੇ ਹੋਰਨਾਂ ਟੀਮਾਂ ਦੇ ਮੈਚਾਂ ਦੌਰਾਨ ਵੀ ਦਰਸ਼ਕ ਵੱਡੀ ਗਿਣਤੀ ’ਚ ਆਉਣ ਲੱਗੇ। ਪੂਲ ਮੈਚਾਂ ਤੇ ਆਖ਼ਰੀ ਦੌਰ ਤੇ ਨਾਕ ਆਊਟ ਮੈਚਾਂ ਦੌਰਾਨ ਤਾਂ ਸਟੇਡੀਅਮਾਂ ’ਚ ਦਰਸ਼ਕਾਂ ਦਾ ਹੜ੍ਹ ਆ ਗਿਆ ਜਿਸ ਨਾਲ ਭਾਰਤੀ ਟੀਮ ਦਾ ਹੌਸਲਾ ਬਹੁਤ ਵਧਿਆ ਅਤੇ ਦਰਸ਼ਕਾਂ ਨੂੰ ਵੀ ਆਪਣੀ ਟੀਮ ਤੋਂ ਨਵੀਆਂ ਉਮੀਦਾਂ ਲੱਗ ਗਈਆਂ। ਜਿਸ ਤਰ੍ਹਾਂ ਸੱਤ ਵਾਰ ਦੀ ਆਲਮੀ ਚੈਂਪੀਅਨ ਆਸਟਰੇਲੀਅਨ ਟੀਮ ਨੂੰ ਭਾਰਤੀ ਮੁਟਿਆਰਾਂ ਨੇ ਵੱਡੇ ਸਕੋਰ ਵਾਲੇ ਮੈਚ ’ਚ ਹਰਾਇਆ ਤਾਂ ਭਾਰਤੀ ਕ੍ਰਿਕਟ ਪ੍ਰੇਮੀਆਂ ਤੇ ਸੰਚਾਲਕਾਂ ਨੂੰ ਉਮੀਦ ਬੱਝ ਗਈ ਕਿ ਵਿਸ਼ਵ ਕੱਪ ਭਾਰਤ ਦਾ ਹੀ ਹੋਵੇਗਾ। ਆਸਟਰੇਲੀਆ ਖ਼ਿਲਾਫ਼ ਜਿੱਤ ਤੋਂ ਬਾਅਦ ਖੁਸ਼ੀ ’ਚ ਰੋ ਰਹੀਆਂ ਭਾਰਤੀ ਖਿਡਾਰਨਾਂ ਨੇ ਦੇਸ਼ ਦੇ ਕ੍ਰਿਕਟ ਪ੍ਰੇਮੀਆਂ ਨੂੰ ਹੀ ਨਹੀਂ ਆਮ ਨਾਗਰਿਕ ਨੂੰ ਵੀ ਰੁਆ ਦਿੱਤਾ। ਇਨ੍ਹਾਂ ਭਾਵੁਕ ਪਲਾਂ ਤੋਂ ਬਾਅਦ ਹਰ ਭਾਰਤੀ ਦੁਆ ਕਰ ਰਿਹਾ ਸੀ ਕਿ ਹੁਣ ਸਾਡੀਆਂ ਧੀਆਂ ਵਿਸ਼ਵ ਕੱਪ ਜ਼ਰੂਰ ਜਿੱਤਣ। ਸੋ ਹਰਮਨਪ੍ਰੀਤ ਕੌਰ ਦੀ ਟੀਮ ਨੇ ਭਾਰਤੀ ਖੇਡ ਪ੍ਰੇਮੀਆਂ ਦਾ ਸੁਫ਼ਨਾ ਤੇ ਆਪਣੀ ਰੀਝ ਪੂਰੀ ਕਰ ਦਿਖਾਈ ਅਤੇ ਸਾਰਾ ਦੇਸ਼ ਕਪਤਾਨ ਵੱਲੋਂ ਲਏ ਗਏ ਜੇਤੂ ਕੈਚ ਨਾਲ ਹੀ ਨੱਚ ਉੱਠਿਆ। ਇਸ ਉਪਰੰਤ ਇਨਾਮ ਤਕਸੀਮ ਕਰਨ ਦੀ ਰਸਮ ਤੋਂ ਪਹਿਲਾ ਟੂਰਨਾਮੈਂਟ ਦੌਰਾਨ ਜਖ਼ਮੀ ਹੋਣ ਵਾਲੀ ਪ੍ਰਤਿਕਾ ਰਾਵਲ ਨੂੰ ਜਦੋਂ ਵੀਲ੍ਹ ਚੇਅਰ ’ਤੇ ਮੈਦਾਨ ’ਚ ਲਿਆਂਦਾ ਗਿਆ ਤਾਂ ਇੱਕ ਵਾਰ ਫਿਰ ਮਾਹੌਲ ਭਾਵੁਕ ਹੋ ਗਿਆ। ਇੱਥੇ ਹੀ ਬੱਸ ਨਹੀਂ ਜਦੋਂ ਭਾਰਤੀ ਟੀਮ ਨੇ ਟਰਾਫ਼ੀ ਹਾਸਲ ਕਰ ਲਈ ਤਾਂ ਕਪਤਾਨ ਹਰਮਨਪ੍ਰੀਤ ਕੌਰ ਨੇ ਦੇਸ਼ ਦੀਆਂ ਸਾਬਕਾ ਖਿਡਾਰਨਾਂ ਮਿਤਾਲੀ ਰਾਜ, ਅੰਜੁਮ ਚੋਪੜਾ, ਝੂਲਨ ਗੋਸਵਾਮੀ ਤੇ ਹੋਰਨਾਂ ਨੂੰ ਸਤਿਕਾਰ ਨਾਲ ਟਰਾਫ਼ੀ ਫੜਾਈ ਤਾਂ ਉਹ ਵੀ ਆਪਣੇ ਹੰਝੂ ਨਾ ਰੋਕ ਸਕੀਆ। ਇਹ ਭਾਵੁਕ ਪਲ ਦਰਸਾਉਂਦੇ ਹਨ ਕਿ ਸਾਡੇ ਦੇਸ਼ ਦੀਆਂ ਖਿਡਾਰਨਾਂ ਤੇ ਖੇਡ ਪ੍ਰੇਮੀ ਕਿਵੇਂ ਕ੍ਰਿਕਟ ਨੂੰ ਪਿਆਰ ਕਰਦੇ ਹਨ ਅਤੇ ਇਹ ਭਾਵੁਕ ਪਲ ਸਾਡੇ ਦੇਸ਼ ਦੀ ਮਹਿਲਾ ਕ੍ਰਿਕਟ ਨੂੰ ਜ਼ਰੂਰ ਨਵਾਂ ਮੋੜ ਦੇਣਗੇ।

Advertisement

ਭਾਰਤੀ ਮੁਟਿਆਰਾਂ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ’ਤੇ ਕ੍ਰਿਕਟ ਖੇਡ ਰਹੀਆਂ ਹਨ ਪਰ ਉਹ ਕਿਸੇ ਵੱਡੀ ਜਿੱਤ ਤੋਂ ਦੂਰ ਸਨ। ਅੰਜੁਮ ਚੋਪੜਾ, ਝੂਲਨ ਗੋਸਵਾਮੀ ਤੇ ਮਿਤਾਲੀ ਰਾਜ ਸਮੇਤ ਅਨੇਕ ਖਿਡਾਰਨਾਂ ਨੇ ਚੋਟੀ ਦੀ ਕ੍ਰਿਕਟ ਖੇਡੀ ਪਰ ਉਨ੍ਹਾਂ ਦੀ ਵਿਸ਼ਵ ਚੈਂਪੀਅਨ ਬਣਨ ਦੀ ਤਾਂਘ ਪੂਰੀ ਨਾ ਹੋ ਸਕੀ ਕਿਉਂਕਿ ਇਨ੍ਹਾਂ ਖਿਡਾਰਨਾਂ ਦੇ ਖੇਡ ਜੀਵਨ ਦੌਰਾਨ ਭਾਰਤੀ ਟੀਮਾਂ ਵਿਸ਼ਵ ਕੱਪ ਦੇ ਫਾਈਨਲ ’ਚ ਵੀ ਪਹੁੰਚੀਆਂ ਪਰ ਜਿੱਤ ਨਾ ਸਕੀਆਂ। ਭਾਰਤੀ ਟੀਮ ਦੇ ਖੂਹ ਕੋਲੋਂ ਪਿਆਸੇ ਮੁੜਨ ਦੀ ਕਹਾਣੀ ਕਈ ਵਾਰ ਦੁਹਰਾਈ ਗਈ ਪਰ ਕੌਮਾਂਤਰੀ ਕ੍ਰਿਕਟ ਨਾ ਖੇਡ ਸਕਣ ਦਾ ਮਲਾਲ ਲੈ ਕੇ ਕ੍ਰਿਕਟ ਖੇਡਣ ਤੋਂ ਸੰਨਿਆਸ ਲੈਣ ਵਾਲੇ ਭਾਰਤੀ ਔਰਤਾਂ ਦੀ ਟੀਮ ਦੇ ਮੌਜੂਦਾ ਕੋਚ ਅਮੂਲ ਮਜੂਮਦਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਆਪਣੀ ਟੀਮ ਦੀਆਂ ਹਾਰਾਂ ਨੂੰ ਜਿੱਤਾਂ ’ਚ ਬਦਲਣ ’ਤੇ ਹੀ ਕੰਮ ਕੀਤਾ। ਤਜਰਬੇਕਾਰ ਕਪਤਾਨ ਹਰਮਨਪ੍ਰੀਤ ਕੌਰ ਵੀ ਤਕਰੀਬਨ ਸੰਨਿਆਸ ਲੈਣ ਵਾਲੇ ਦੌਰ ’ਚੋਂ ਹੀ ਗੁਜ਼ਰ ਰਹੀ ਹੈ ਅਤੇ ਉਹ ਵੀ ਭਾਰਤੀ ਮਹਿਲਾ ਕ੍ਰਿਕਟ ਦਾ ਇਤਿਹਾਸ ਬਦਲਣ ਲਈ ਲੰਬੇ ਸਮੇਂ ਤੋਂ ਤਾਂਘ ਰਹੀ ਸੀ। ਸੋ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਨੇ ਟੀਮ ਨੂੰ ਜੋਸ਼ ਤੇ ਹੋਸ਼ ਪ੍ਰਦਾਨ ਕੀਤਾ ਤੇ ਨਤੀਜਾ ਸਭ ਦੇ ਸਾਹਮਣੇ ਹੈ।

ਮੌਜੂਦਾ ਵਿਸ਼ਵ ਕੱਪ ’ਚ ਭਾਰਤੀ ਟੀਮ ਨੇ ਸ਼ੁਰੂਆਤ ਚੰਗੀਆਂ ਜਿੱਤਾਂ ਨਾਲ ਕੀਤੀ। ਫਿਰ ਆਸਟਰੇਲੀਆ ਤੇ ਇੰਗਲੈਂਡ ਖ਼ਿਲਾਫ਼ ਲਗਾਤਾਰ ਕਾਂਟੇਦਾਰ ਮੈਚ ਹਾਰ ਕੇ ਭਾਰਤੀ ਟੀਮ ਦੀ ਸਥਿਤੀ ਡਾਵਾਂਡੋਲ ਹੋ ਗਈ ਅਤੇ ਆਖ਼ਰੀ ਚਾਰ ’ਚ ਪਹੁੰਚਣਾ ਔਖਾ ਜਾਪਣ ਲੱਗਿਆ। ਫਿਰ ਨਿਊਜ਼ੀਲੈਂਡ ਤੇ ਬੰਗਲਾਦੇਸ਼ ਦੀਆਂ ਟੀਮ ਨੂੰ ਹਰਾ ਕੇ, ਟੀਮ ਸੈਮੀਫਾਈਨਲ ’ਚ ਪਹੁੰਚ ਗਈ। ਪੂਲ ਮੈਚਾਂ ਦੌਰਾਨ ਇੰਗਲੈਂਡ ਤੇ ਆਸਟਰੇਲੀਆ ਤੋਂ ਆਖਰੀ ਓਵਰਾਂ ’ਚ ਹਾਰਨ ਸਮੇਂ ਇੱਕ ਆਸ ਦੀ ਕਿਰਨ ਜਾਗੀ ਕਿ ਭਾਰਤੀ ਟੀਮ ਖੇਡ ਪੱਖੋਂ ਕਿਸੇ ਤੋਂ ਊਣੀ ਨਹੀਂ ਹੈ ਸਿਰਫ਼ ਲੋੜ ਹੈ ਆਖ਼ਰੀ ਦਮ ਤੱਕ ਜੋਸ਼ ਨਾਲ ਲੜਨ ਦੀ ਭਾਵਨਾ ਦੀ। ਨਾਕ ਆਊਟ ਦੌਰ ਸ਼ੁਰੂ ਹੁੰਦਿਆਂ ਹੀ ਭਾਰਤੀ ਟੀਮ ਨੇ ਪੂਲ ਮੈਚਾਂ ’ਚ ਕੀਤੀਆਂ ਗ਼ਲਤੀਆਂ ਤੋਂ ਸਬਕ ਲਿਆ ਅਤੇ ਮੈਚ ਦੇ ਆਖ਼ਰੀ ਪਲਾਂ ਤੱਕ ਚੜ੍ਹਦੀ ਕਲਾ ’ਚ ਰਹਿਣ ਦੀ ਗੱਲ ਪੱਲੇ ਬੰਨ੍ਹ ਲਈ, ਜਿਸ ਦੀ ਬਦੌਲਤ ਹੀ ਉਸ ਨੇ ਆਸਟਰੇਲੀਆ ਖਿਲਾਫ਼ 339 ਦੌੜਾਂ ਦਾ ਵੱਡਾ ਤੇ ਰਿਕਾਰਡ ਬਣਾਉਣ ਵਾਲਾ ਟੀਚਾ ਸਰ ਕੀਤਾ ਅਤੇ ਤੀਸਰੀ ਵਾਰ ਆਲਮੀ ਕੱਪ ਦੇ ਫਾਈਨਲ ’ਚ ਥਾਂ ਬਣਾਈ। ਫਾਈਨਲ ਮੈਚ ’ਚ ਭਾਰਤੀ ਟੀਮ ਨੇ ਬਹੁਤ ਸੰਜਮ ਤੇ ਸਵੈ-ਵਿਸ਼ਵਾਸ ਨਾਲ ਮੈਚ ’ਤੇ ਹਰ ਸਮੇਂ ਕਾਬੂ ਰੱਖਿਆ ਭਾਵੇਂ 299 ਦੌੜਾਂ ਦਾ ਟੀਚਾ ਦਰਸ਼ਕਾਂ ਨੂੰ ਲੋੜ ਤੋਂ ਥੋੜ੍ਹਾ ਜਿਹਾ ਘੱਟ ਜਾਪਦਾ ਸੀ ਪਰ ਭਾਰਤੀ ਮੁਟਿਆਰਾਂ ਦੇ ਇਰਾਦੇ ਹੋਰ ਸਨ। ਉਨ੍ਹਾਂ ਨੂੰ ਜਦੋਂ ਵੀ ਮੈਚ ਆਪਣੇ ਹੱਥਾਂ ’ਚ ਨਿਕਲਦਾ ਜਾਪਿਆ ਤਾਂ ਉਸੇ ਮੌਕੇ ਹੀ ਦੱਖਣੀ ਅਫਰੀਕਾ ਦੀ ਟੀਮ ਨੂੰ ਝਟਕਾ ਦਿੱਤਾ ਤੇ ਮੈਚ ’ਤੇ ਪਕੜ ਬਣਾਈ ਰੱਖੀ ਜਿਸ ਸਦਕਾ ਹੀ ਸ਼ਾਨਦਾਰ ਜਿੱਤ ਦਰਜ ਕਰਕੇ, ਨਵਾਂ ਇਤਿਹਾਸ ਰਚ ਦਿੱਤਾ। ਇਸ ਖਿਤਾਬੀ ਜਿੱਤ ਦੇ ਬਹੁਤ ਸਾਰੇ ਮਾਇਨੇ ਹਨ। ਇਸ ਜਿੱਤ ਨਾਲ ਭਾਰਤੀ ਟੀਮ ’ਚੋਂ ਫਾਈਨਲ ਮੈਚ ਨਾ ਜਿੱਤਣ ਦਾ ਹਊਆ ਖਤਮ ਹੋ ਗਿਆ ਹੈ ਅਤੇ ਭਾਰਤੀ ਮੁਟਿਆਰਾਂ ਕਿਸੇ ਵੀ ਟੀਮ ਨੂੰ ਕਿਸੇ ਵੀ ਮੈਚ ’ਚ ਹਰਾਉਣ ਦੇ ਸਮਰੱਥ ਹੋ ਗਈਆਂ ਹਨ। ਇਸ ਜਿੱਤ ਦੀ ਬਦੌਲਤ ਦੇਸ਼ ਭਰ ’ਚ ਲੜਕੀਆਂ ਦੀ ਕ੍ਰਿਕਟ ਦੇ ਨਵੇਂ ਸਿਖਲਾਈ ਕੇਂਦਰ ਖੁੱਲ੍ਹਣ ਦਾ ਦੌਰ ਆਰੰਭ ਹੋ ਜਾਵੇਗਾ। ਦੱਸਣਯੋਗ ਹੈ ਕਿ ਪਹਿਲਾ ਜ਼ਿਆਦਾਤਰ ਲੜਕੀਆਂ ਮੁੰਡਿਆਂ ਵਾਲੇ ਸਿਖਲਾਈ ਕੇਂਦਰਾਂ ’ਚ ਹੀ ਖੇਡਦੀਆਂ ਹਨ। ਮਾਪਿਆਂ ’ਚ ਵੀ ਆਪਣੀਆਂ ਧੀਆਂ ਨੂੰ ਕ੍ਰਿਕਟਰ ਬਣਾਉਣ ਲਈ ਉਤਸ਼ਾਹ ਵਧੇਗਾ। ਸਟੇਡੀਅਮਾਂ ’ਚ ਦਰਸ਼ਕਾਂ ਦੀ ਗਿਣਤੀ ਵਧਣ ਨਾਲ ਸਪਾਂਸਰਸ਼ਿਪ ’ਚ ਵੀ ਵੱਡਾ ਵਾਧਾ ਹੋਵੇਗਾ। ਗੱਲ ਕੀ ਦੇਸ਼ ਦੇ ਕੋਨੇ-ਕੋਨੇ ’ਚ ਹਰਮਨਪ੍ਰੀਤ, ਸ਼ੈਫਾਲੀ, ਦੀਪਤੀ, ਸਮ੍ਰਿਤੀ, ਅਮਨ ਤੇ ਰੇਣੁਕਾ ਆਦਿ ਪੈਦਾ ਹੋਣਗੀਆਂ।

ਸੰਪਰਕ: 97795-90575

Advertisement
Show comments