ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ।।
ਗੁਰੂ ਤੇਗ ਬਹਾਦਰ ਜੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਪੋਤੇ ਸਨ। ਜ਼ੁਲਮ ਨਾ ਸਹਿਣਾ, ਇਨਸਾਨੀਅਤ ਦਾ ਸੁਨੇਹਾ ਦੇਣਾ ਅਤੇ ਜ਼ੁਲਮ ਵਿਰੁੱਧ ਡਟਣਾ ਉਨ੍ਹਾਂ ਨੂੰ ਵਿਰਾਸਤ ਵਿੱਚੋਂ ਮਿਲਿਆ ਸੀ। ਉਨ੍ਹਾਂ ਦੀ ਵਿਚਾਰਧਾਰਾ ਹਰ ਇੱਕ ਨੂੰ ਜਿਊਣ...
ਗੁਰੂ ਤੇਗ ਬਹਾਦਰ ਜੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਪੋਤੇ ਸਨ। ਜ਼ੁਲਮ ਨਾ ਸਹਿਣਾ, ਇਨਸਾਨੀਅਤ ਦਾ ਸੁਨੇਹਾ ਦੇਣਾ ਅਤੇ ਜ਼ੁਲਮ ਵਿਰੁੱਧ ਡਟਣਾ ਉਨ੍ਹਾਂ ਨੂੰ ਵਿਰਾਸਤ ਵਿੱਚੋਂ ਮਿਲਿਆ ਸੀ। ਉਨ੍ਹਾਂ ਦੀ ਵਿਚਾਰਧਾਰਾ ਹਰ ਇੱਕ ਨੂੰ ਜਿਊਣ ਦਾ ਹੱਕ ਦੇਣ ਦੀ ਗੱਲ ਆਖਦੀ ਹੈ।
ਗੁਰੂ ਤੇਗ ਬਹਾਦਰ ਜੀ ਨੇ ਲੋਕਾਂ ਤੱਕ ਮਨੁੱਖਤਾ ਦਾ ਸੁਨੇਹਾ ਦੇਣ ਲਈ ਗੁਰੂ ਨਾਨਕ ਦੇਵ ਜੀ ਵੱਲੋਂ ਤੋਰੀ ਰੀਤ ਨੂੰ ਬਰਕਰਾਰ ਰੱਖਦਿਆਂ ਯਾਤਰਾਵਾਂ ਕੀਤੀਆਂ। ਪੂਰਬ ਵੱਲ ਅਸਾਮ ਅਤੇ ਉਸ ਤੋਂ ਅੱਗੇ ਮਿਜ਼ੋਰਮ ਵੱਲ ਯਾਤਰਾ ਦੌਰਾਨ ਗੁਰੂ ਤੇਗ ਬਹਾਦਰ ਜੀ ਨੇ ਸਥਾਨਕ ਲੋਕਾਂ ਨਾਲ ਵਿਚਾਰ-ਵਟਾਂਦਰੇ ਵੀ ਕੀਤੇ। ਉਨ੍ਹਾਂ ਵੱਲੋਂ ਰਚੀ ਗਈ ਬਾਣੀ ਵੀ ਮਾਨਵਤਾ ਹਿਤੈਸ਼ੀ ਹੈ। ਉਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਸੰਸਾਰ ਵਿੱਚ ਫੈਲਾਇਆ ਕਿ ਧਰਤੀ ਦੇ ਹਰ ਬਾਸ਼ਿੰਦੇ ਨੂੰ ਜਿਊਣ ਦਾ ਪੂਰਨ ਹੱਕ ਹੈ। ਹਰ ਮਨੁੱਖ ਦੇ, ਧਰਮ ਦੇ ਵਿਚਾਰਾਂ ਦੀ ਆਪਣੀ ਅਹਿਮੀਅਤ ਹੈ। ਉਨ੍ਹਾਂ ਆਪਣੀ ਬਾਣੀ ਵਿੱਚ ਬਹੁਤ ਹੀ ਸੁਗਮ ਤੇ ਲੋਕਾਂ ਦੀ ਭਾਸ਼ਾ ਵਰਤੀ ਹੈ। ਉਨ੍ਹਾਂ ਦੀ ਰਚਨਾ ਵਿੱਚ ਜਾਗਰੂਕਤਾ, ਸਚਾਈ, ਨੈਤਿਕਤਾ ਅਤੇ ਸਮਾਜਿਕ ਨਿਆਂ ਬਾਰੇ ਗੱਲ ਕੀਤੀ ਗਈ ਹੈ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਹਰ ਰਸ ਪਾਇਆ ਹੈ:
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥
ਗੁਰੂ ਤੇਗ ਬਹਾਦਰ ਜੀ ਦੀ ਸੰਚਾਰ ਵਿਧੀ ਸਰਲ ਅਤੇ ਲੋਕਾਂ ਦੀ ਭਾਸ਼ਾ ਨੂੰ ਵਰਤਣ ਦੀ ਸੀ। ਉਨ੍ਹਾਂ ਨੇ ਕਵਿਤਾ, ਗੀਤ ਅਤੇ ਕਥਾ ਦੇ ਮਾਧਿਅਮ ਨਾਲ ਆਪਣਾ ਸੁਨੇਹਾ ਦਿੱਤਾ। ਇਸ ਬਾਣੀ ਨੂੰ ਪੜ੍ਹਨਾ ਤੇ ਸਮਝਣਾ ਹਰ ਸਾਧਾਰਨ ਮਨੁੱਖ ਦੀ ਪਹੁੰਚ ਵਿੱਚ ਸੀ:
ਸਾਧੋ ਗੋਬਿੰਦ ਕੇ ਗੁਨ ਗਾਵਉ ॥
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ॥
ਗੁਰੂ ਨਾਨਕ ਦੇਵ ਜੀ ਦੁਆਰਾ ਉਦਾਸੀਆਂ (ਯਾਤਰਾਵਾਂ) ਦੀ ਪਰੰਪਰਾ ਨੂੰ ਗੁਰੂ ਤੇਗ ਬਹਾਦਰ ਜੀ ਨੇ ਬਰਕਰਾਰ ਰੱਖਿਆ। ਭਾਰਤ ਦੇ ਪੂਰਬ ਵੱਲ ਅਸਾਮ ਅਤੇ ਉਸ ਤੋਂ ਵੀ ਅੱਗੇ ਮਿਜ਼ੋਰਮ, ਮਣੀਪੁਰ, ਤ੍ਰਿਪੁਰਾ ਆਦਿ ਤੱਕ ਬਾਣੀ ਦਾ ਪ੍ਰਚਾਰ ਕੀਤਾ। ਆਪਣੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਗੋਸ਼ਟੀਆਂ ਰਾਹੀਂ ਲੋਕਾਂ ਨਾਲ ਸੰਪਰਕ ਬਣਾਇਆ ਤੇ ਉਨ੍ਹਾਂ ਨੂੰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਵੀ ਦਿੱਤਾ। ਉਨ੍ਹਾਂ ਦੀ ਬਾਣੀ ਨੇ ਹਰ ਇੱਕ ਨੂੰ ਆਤਮਿਕ ਉੱਨਤੀ, ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਸਮਾਜਿਕ-ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਪ੍ਰੇਰਿਆ:
ਮਨ ਕੀ ਮਨ ਹੀ ਮਾਹਿ ਰਹੀ॥
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ॥
ਗੁਰੂ ਤੇਗ ਬਹਾਦਰ ਜੀ ਦੀ ਪੂਰਬੀ ਭਾਰਤ ਦੀ ਯਾਤਰਾ ਦਾ ਉਨ੍ਹਾਂ ਦੀ ਬਾਣੀ ਉੱਤੇ ਕਾਫ਼ੀ ਗਹਿਰਾ ਪ੍ਰਭਾਵ ਦਿਸਦਾ ਹੈ। ਅਸਾਮ ਦੀਆਂ ਸੰਸਕ੍ਰਿਤੀਆਂ ਦੇ ਸੰਪਰਕ ਵਿੱਚ ਆਉਣ ਮਗਰੋਂ ਉਨ੍ਹਾਂ ਉੱਥੋਂ ਦੇ ਲੋਕਾਂ ਦੀ ਆਧਿਆਤਮਿਕਤਾ, ਜੀਵਨ ਸ਼ੈਲੀ ਤੇ ਰੀਤੀ ਰਿਵਾਜਾਂ ਨੂੰ ਸਮਝਿਆ:
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ
ਪਛਾਨੋ ॥੧॥
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ॥
ਗੁਰੂ ਤੇਗ ਬਹਾਦਰ ਜੀ ਦੀ ਰਚਨਾ ਵਿੱਚ ਆਮ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੇ ਸੰਸਕਾਰਾਂ ਦੀ ਕਦਰ ਕਰਨ ਦੀ ਭਾਵਨਾ ਵਧੀ, ਜੋ ਉਨ੍ਹਾਂ ਦੀ ਬਾਣੀ ਨੂੰ ਹੋਰ ਵਿਸ਼ਾਲ ਅਤੇ ਪ੍ਰਮਾਣਿਕ ਬਣਾਉਂਦੀ ਹੈ। ਇਸ ਤਰ੍ਹਾਂ ਆਸਾਮ ਯਾਤਰਾ ਨੇ ਉਨ੍ਹਾਂ ਦੀ ਕਾਵਿ ਰਚਨਾ ਨੂੰ ਵਿਸ਼ਵ ਭਰ ਦੇ ਸੰਦੇਸ਼ ਨਾਲ ਜੋੜਿਆ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਮੁੱਖ ਦਰਸ਼ਨ ਅਦਵੈਤ ਵਰਤਮਾਨ, ਸਚਾਈ, ਜ਼ੁਲਮ ਦਾ ਵਿਰੋਧ ਤੇ ਆਤਮਿਕ ਜਾਗਰੂਕਤਾ ਉੱਤੇ ਕੇਂਦਰਿਤ ਹੈ।
ਉਨ੍ਹਾਂ ਦੀ ਬਾਣੀ ਵਿੱਚ ਇਨਸਾਨੀਅਤ ਦੀ ਰੱਖਿਆ, ਹਿੰਸਾ ਦਾ ਵਿਰੋਧ ਅਤੇ ਮਨੁੱਖੀ ਭਾਵਨਾਵਾਂ ਦੇ ਅਦਾਨ-ਪ੍ਰਦਾਨ ਦੀ ਗੱਲ ਕੀਤੀ ਗਈ ਹੈ। ਗੁਰੂ ਤੇਗ ਬਹਾਦਰ ਜੀ ਦੀ ਕਾਵਿ ਭਾਸ਼ਾ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਭਾਸ਼ਾ ਉੱਪਰ ਬਾਕੀ ਦੀਆਂ ਭਾਸ਼ਾਵਾਂ ਦੇ ਸ਼ਬਦ ਦਾ ਪ੍ਰਭਾਵ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਕਾਵਿ ਰਚਨਾ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਸ਼ਬਦਾਂ ਦਾ ਆਉਣਾ ਉਨ੍ਹਾਂ ਦੀਆਂ ਯਾਤਰਾਵਾਂ ਦੇ ਪ੍ਰਭਾਵ ਬਾਰੇ ਦੱਸਦਾ ਹੈ।
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਿਰਫ਼ ਲੋਕਾਂ ਨੂੰ ਦਿੱਤਾ ਗਿਆ ਸੰਦੇਸ਼ ਨਹੀਂ ਸਗੋਂ ਉਨ੍ਹਾਂ ਆਪਣੀ ਬਾਣੀ ਅਤੇ ਆਪਣੇ ਵਿਹਾਰ ਨੂੰ ਸਮਾਨ ਰੱਖਦਿਆਂ ਮਨੁੱਖਤਾ ਲਈ ਸ਼ਹੀਦੀ ਪ੍ਰਾਪਤ ਕੀਤੀ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚੀ ਬਾਣੀ ਅਤੇ ਉਨ੍ਹਾਂ ਦੀ ਸ਼ਹੀਦੀ ਰਹਿੰਦੀ ਦੁਨੀਆ ਤੱਕ ਜ਼ੁਲਮ ਅਤੇ ਜ਼ਾਲਮ ਨੂੰ ਲਲਕਾਰਦੀ, ਮਨੁੱਖਤਾ ਲਈ ਰਾਹ ਦਸੇਰਾ ਅਤੇ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ।
ਸੰਪਰਕ: 86996-93680

