ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉਧੇੜ-ਬੁਣ..

ਮਿੰਨੀ ਕਹਾਣੀ
Advertisement

ਮਨਜੀਤ ਕੌਰ ਧੀਮਾਨ

‘‘ਮਾਂ, ਇਹ ਕੀ ਕਰਦੀ ਰਹਿੰਦੀ ਏਂ? ਸਵੈਟਰ ਬੁਣ ਲੈਂਦੀ ਏਂ ਤੇ ਫੇਰ ਆਪੇ ਉਧੇੜ ਦਿੰਦੀ ਏਂ। ਐਵੇਂ ਸਮਾਂ ਖ਼ਰਾਬ ਕਰਦੀ ਰਹਿੰਦੀ ਏਂ।’’ ਪੇਕੀਂ ਆਈ ਧੀ ਰਾਣੋ ਨੇ ਮਾਂ ਕੋਲ ਬੈਠਦਿਆਂ ਕਿਹਾ।

Advertisement

‘‘ਧੀਏ! ਸਮਾਂ ਹੀ ਤਾਂ ਨਹੀਂ ਲੰਘਦਾ ਮੇਰਾ। ਇਸੇ ਲਈ ਸਵੈਟਰ ਬੁਣਦੀ ਹਾਂ। ਕਦੇ ਸਮਾਂ ਹੁੰਦਾ ਸੀ ਕਿ ਮੇਰੇ ਬੁਣੇ ਸਵੈਟਰ ਬੜੇ ਖ਼ਾਸ ਮੰਨੇ ਜਾਂਦੇ ਸਨ। ਪਰ ਅੱਜਕਲ੍ਹ ਕੋਈ ਪਾਉਂਦਾ ਹੀ ਨਹੀਂ ਇਨ੍ਹਾਂ ਨੂੰ। ਦੇਖ ਕੇ ਨੱਕ ਮੂੰਹ ਚੜ੍ਹਾਉਂਦੇ ਹਨ। ਇਸ ਲਈ ਆਪੇ ਮੁੜ ਉਧੇੜ ਦਿੰਦੀ ਹਾਂ। ਪਰ ’ਕੱਲਿਆਂ ਦਿਲ ਨਹੀਂ ਲਗਦਾ ਤਾਂ ਫੇਰ ਬੁਣਨ ਬਹਿ ਜਾਂਦੀ ਹਾਂ।’’ ਮਾਂ ਨੇ ਭਿੱਜੀਆਂ ਅੱਖਾਂ ਚੁੰਨੀ ਦੇ ਲੜ ਨਾਲ਼ ਪੂੰਝਦਿਆਂ ਕਿਹਾ।

‘‘ਮਾਂ, ਔਰਤ ਦੀ ਜ਼ਿੰਦਗੀ ਇਸੇ ਉਧੇੜ-ਬੁਣ ਵਿਚ ਨਿਕਲ ਜਾਂਦੀ ਹੈ। ਬਹੁਤ ਸਾਰੇ ਵਿਚਾਰ ਵੀ ਉਹ ਮਨ ’ਚ ਬੁਣਦੀ ਰਹਿੰਦੀ ਹੈ ਪਰ ਸਮੇਂ ਦੇ ਨਾਲ ਆਪੇ ਹੀ ਉਧੇੜ ਦਿੰਦੀ ਹੈ। ਕਿਸੇ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕਰਦੀ।’’ ਰਾਣੋ ਨੇ ਨਿਰਾਸ਼ ਆਵਾਜ਼ ਵਿਚ ਕਿਹਾ।

‘‘ਹਾਂ ਧੀਏ! ਕਿਉਂਕਿ ਔਰਤ ਆਪਣੇ ਵਿਚਾਰਾਂ ਦਾ ਸਵੈਟਰ ਕਦੇ ਕਿਸੇ ਨੂੰ ਜ਼ੋਰ ਨਾਲ ਨਹੀਂ ਪਵਾਉਂਦੀ। ਉਹ ਆਪਣੀ ਕਲਾ ਜਾਂ ਆਪਣੀ ਮਿਹਨਤ ਦਾ ਕੋਈ ਫਲ ਜਾਂ ਮੁੱਲ ਨਹੀਂ ਮੰਗਦੀ। ਉਹ ਸਭ ਕੁਝ ਹੋ ਕੇ ਵੀ ਅਣਹੋਈ ਰਹਿੰਦੀ ਹੈ। ਉਹ ਆਪਣੀ ਅਹਿਮੀਅਤ ਆਪਣੇ ਵਜੂਦ ਨੂੰ ਸਾਬਿਤ ਨਹੀਂ ਕਰਦੀ।’’ ਮਾਂ ਨੇ ਵੀ ਉਦਾਸ ਜਿਹੇ ਲਹਿਜੇ ਵਿਚ ਕਿਹਾ।

‘‘ਲਿਆ ਮਾਂ, ਇਹ ਸਵੈਟਰ ਮੈਨੂੰ ਦੇ। ਮੈਂ ਪਾਵਾਂਗੀ ਇਸ ਨੂੰ। ਹੁਣ ਮੈਂ ਇਸ ਨੂੰ ਉੱਧੜਣ ਨਹੀਂ ਦੇਵਾਂਗੀ।’’ ਰਾਣੋ ਨੇ ਉੱਠਦਿਆਂ ਕਿਹਾ।

‘‘ਪਰ ਧੀਏ! ਇਸ ਨੂੰ ਕੋਈ ਪਸੰਦ ਨਹੀਂ ਕਰੇਗਾ। ਤੂੰ ਛੱਡ ਪਰ੍ਹਾਂ।’’ ਮਾਂ ਨੇ ਹੈਰਾਨ ਹੁੰਦਿਆਂ ਕਿਹਾ।

‘‘ਨਹੀਂ ਮਾਂ... ਤੂੰ ਵੇਖੀਂ। ਇਹਨੂੰ ਸਭ ਪਸੰਦ ਕਰਨਗੇ। ਮੈਂ ਇਹਨੂੰ ਸੋਹਣੇ-ਸੋਹਣੇ ਫੀਤੇ ਤੇ ਬਟਨ ਲਗਾਵਾਂਗੀ। ਫੇਰ ਵੇਖੀਂ, ਇਹਨੂੰ ਸਾਰੇ ਪਸੰਦ ਕਰਨਗੇ।’’ ਕਹਿੰਦਿਆਂ ਰਾਣੋ ਦੇ ਚਿਹਰੇ ’ਤੇ ਇਕ ਨਵੀਂ ਚਮਕ ਆ ਗਈ।

ਸੰਪਰਕ: 94646-33059

Advertisement