ਮਨਮੋਹਣੀ ਸ਼ਖ਼ਸੀਅਤ ਚੰਦਨ ਨੇਗੀ
‘ਇਸਤਰੀ ਕਹਾਣੀਕਾਰਾਂ ਦੇ ਇਸਤਰੀ ਪਾਤਰ’ ਸਿਰਲੇਖ ਤਹਿਤ ਮੇਰਾ ਇੱਕ ਲੇਖ ਪ੍ਰੇਮ ਪ੍ਰਕਾਸ਼ ਦੇ ਰਸਾਲੇ ‘ਲਕੀਰ’ ਵਿੱਚ ਛਪਿਆ। ਇਸ ਬਾਰੇ ਬਹੁਤ ਸਾਰੇ ਪ੍ਰਸ਼ੰਸਾ ਭਰੇ ਫੋਨ ਆਏ। ਲੈਂਡਲਾਈਨ ਦਾ ਜ਼ਮਾਨਾ ਸੀ। ਇੱਕ ਸ਼ਾਮ ਇੱਕ ਬੜੀ ਹੀ ਮਿੱਠੀ ਆਵਾਜ਼ ਨੇ ਫੋਨ ’ਤੇ ਮੈਨੂੰ ਕਿਹਾ, ‘‘ਤੁਸੀਂ ਸ਼ਾਇਦ ਮੇਰਾ ਨਾਂ ਨਹੀਂ ਸੁਣਿਆ। ਮੈਂ ਵੀ ਪੰਜਾਬੀ ਕਹਾਣੀਕਾਰ ਹਾਂ। ‘ਚੰਦਨ ਨੇਗੀ’ ਮੇਰਾ ਨਾਂ ਹੈ।’’ ਮੈਂ ਕਿਹਾ, ‘‘ਨਹੀਂ, ਮੈਂ ਤੁਹਾਡਾ ਨਾਂ ਸੁਣਿਆ ਹੋਇਆ ਹੈ।’’ ‘‘ਤੁਸੀਂ ‘ਲਕੀਰ’ ਵਿੱਚ ਛਪੇ ਲੇਖ ਵਿੱਚ ਮੇਰਾ ਜ਼ਿਕਰ ਨਹੀਂ ਕੀਤਾ। ਇਸ ਲਈ ਮੈਂ ਤੁਹਾਨੂੰ ਫੋਨ ਕੀਤਾ ਹੈ।’’ ਮੈਂ ਇਸ ਗੱਲ ਲਈ ਮੁਆਫ਼ੀ ਮੰਗੀ ਪਰ ਮੈਨੂੰ ਲੱਗਾ ਕਿ ਇਹ ਇੱਕ ਤਰ੍ਹਾਂ ਨਾਲ ਮੇਰੇ ਲੇਖ ਦੀ ਸਫਲਤਾ ਵੀ ਹੈ, ਜਿਸ ਕਾਰਨ ਇੱਕ ਵੱਡੀ ਲੇਖਿਕਾ ਨੇ ਆਪ ਮੈਨੂੰ ਫੋਨ ਕੀਤਾ ਹੈ। ਇਹ ਉਨ੍ਹਾਂ ਦਾ ਵਡੱਪਣ ਸੀ, ਜਿਨ੍ਹਾਂ ਨੇ ਉਦੋਂ ਆਲੋਚਨਾ ਦੇ ਖੇਤਰ ਵਿੱਚ ਨਵੀਂ ਉਤਰੀ ਆਲੋਚਕ ਨੂੰ ਆਪ ਫੋਨ ਕਰ ਕੇ ਉਸ ਦਾ ਮਾਣ ਵਧਾਇਆ ਸੀ।
ਇਹ ਮੇਰੀ ਤੇ ਚੰਦਨ ਨੇਗੀ ਹੋਰਾਂ ਦੀ ਪਹਿਲੀ ਟੈਲੀਫੋਨਿਕ ਮੁਲਾਕਾਤ ਹੀ ਨਹੀਂ ਸੀ, ਸਗੋਂ ਇਸ ਨੇ ਸਾਡੀ ਆਪਸੀ ਨੇੜਤਾ ਦਾ ਮੁੱਢ ਬੰਨ੍ਹਿਆ ਸੀ। ਫਿਰ ਤਾਂ ਲਗਾਤਾਰ ਫੋਨ...! ਫੋਨਾਂ ਉੱਤੇ ਲੰਮੀਆ ਗੱਲਾਂ..., ਜੋ ਸਾਹਿਤਕ ਚਰਚਾ ਦੇ ਨਾਲ-ਨਾਲ ਨਿੱਜੀ ਪੱਧਰ ਉੱਤੇ ਪੁੱਜ ਗਈਆਂ। ਪੋਠੋਹਾਰੀ ਵਿੱਚ ਗੱਲਾਂ ਕਰਦਿਆਂ ਬੜਾ ਹੀ ਸੁਆਦ ਆਉਂਦਾ। ਉਨ੍ਹਾਂ ਦੀ ਭਾਸ਼ਾ ਵਿੱਚ ਤਾਂ ਹਿੰਦਵੀ, ਪਸ਼ਤੋ ਤੇ ਉਰਦੂ ਵੀ ਸ਼ਾਮਲ ਰਹਿੰਦੀ।
ਜਲਦੀ ਹੀ ਉਨ੍ਹਾਂ ਮੈਨੂੰ ਆਪਣੀ ਕਿਤਾਬ ‘ਹਰਖ ਸੋਗ’ ਦੇ ਰਿਲੀਜ਼ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪਹਿਲੀ ਵਾਰ ਮਿਲ ਕੇ ਹੀ ਮੈਂ ਉਨ੍ਹਾਂ ਦੀ ਸੁਹਣੀ ਸ਼ਖ਼ਸੀਅਤ ਦੀ ਕਾਇਲ ਹੋ ਗਈ। ਸੋਹਣਾ ਉੱਚਾ ਕੱਦ, ਲਾਲੀ ਰਲਿਆ ਗੋਰਾ ਰੰਗ, ਸਾੜੀ ਪਾਈ ਖੜ੍ਹੀ ਚੰਦਨ ਨੇਗੀ ਨੇ ਦੇਖਦੇ ਹੀ ਮੈਨੂੰ ਕਲਾਵੇ ਵਿੱਚ ਲੈ ਲਿਆ। ਉਸ ਪਹਿਲੇ ਕਲਾਵੇ ਦਾ ਨਿੱਘ ਅਜੇ ਤੱਕ ਕਾਇਮ ਹੈ। ਉਸ ਸਮਾਗਮ ਵਿੱਚ ਕਈ ਵੱਡੇ ਨਾਵਾਂ ਦੇ ਨਾਲ ਮੈਂ ਵੀ ਉਨ੍ਹਾਂ ਦੀ ਕਿਤਾਬ ਬਾਰੇ ਦੋ-ਚਾਰ ਸ਼ਬਦ ਕਹੇ।
ਚੰਗੀ ਲੇਖਿਕਾ ਹੋਣ ਦੇ ਨਾਲ ਉਹ ਇੱਕ ਚੰਗੀ ਅਨੁਵਾਦਿਕਾ ਵੀ ਹੈ, ਇਸ ਦਾ ਪਤਾ ਉਦੋਂ ਲੱਗਾ, ਜਦੋਂ ਭਾਰਤੀ ਸਾਹਿਤ ਅਕਾਦਮੀ ਵੱਲੋਂ ਕਰਵਾਈਆਂ ਗਈਆਂ ਪੰਜਾਬੀ-ਕਸ਼ਮੀਰੀ ਅਨੁਵਾਦ ਕਾਰਜਸ਼ਾਲਾਵਾਂ ਦੌਰਾਨ ਅਸੀਂ ਦੋਵੇਂ ਅਨੁਵਾਦਕਾਂ ਵਜੋਂ ਸ਼ਾਮਲ ਹੋਏ। ਮੈਂ ਤੇ ਚੰਦਨ ਨੇਗੀ ਇਨ੍ਹਾਂ ਕਾਰਜਸ਼ਾਲਾਵਾਂ ਦੌਰਾਨ ਹੋਰ ਵੀ ਨੇੜੇ ਆ ਗਏ, ਜੋ ਇੱਕ ਵਾਰ ਰਵਿੰਦਰ ਭਵਨ, ਦਿੱਲੀ ਵਿੱਚ ਹੋਈ ਤੇ ਦੂਜੀ ਵਾਰ ਕਸ਼ਮੀਰ ਦੇ ਗੁਲਮਰਗ ਵਿਖੇ ਹੋਈ। ਮੈਂ ਦੇਖਿਆ, ਉਨ੍ਹਾਂ ਦਾ ਸੁਭਾਅ ਬਹੁਤ ਹੀ ਹੱਸਮੁਖ ਸੀ। ਇਸ ਕਾਰਜਸ਼ਾਲਾ ਵਿੱਚ ਸ਼ਾਮਲ ਪੰਜਾਬੀ ਦੇ ਨੌਜਵਾਨ ਲੇਖਕਾਂ ਦੇਸਰਾਜ ਕਾਲੀ ਤੇ ਭਗਵੰਤ ਰਸੂਲਪੁਰੀ ਤੇ ਨੌਜਵਾਨ ਕਸ਼ਮੀਰੀ ਲੇਖਕਾਂ/ਅਨੁਵਾਦਕਾਂ ਨਾਲ ਵੀ ਚੰਦਨ ਨੇਗੀ ਹੋਰੀਂ ਬਹੁਤ ਅਪਣੱਤ ਤੇ ਆਦਰ ਨਾਲ ਗੱਲ ਕਰਦੇ। ਵੱਡੀ ਉਮਰ ਹੋਣ ਦੇ ਬਾਵਜੂਦ, ਆਪਸ ਵਿੱਚ ਗੱਲਾਂ ਕਰਦਿਆਂ ਉਹ ਸਾਰਿਆਂ ਵਿੱਚ ਪੂਰੀ ਤਰ੍ਹਾਂ ਨਾਲ ਘੁਲ-ਮਿਲ ਜਾਂਦੇ। ਹਾਲਾਂਕਿ ਪਹਾੜਾਂ ਵਿੱਚ ਲੰਮੀ ਸੈਰ ਕਰਨ ਵੇਲੇ ਉਨ੍ਹਾਂ ਨੂੰ ਦਿੱਕਤ ਆਉਂਦੀ ਕਿਉਂਕਿ ਕੁਝ ਅਰਸਾ ਪਹਿਲਾਂ ਉਨ੍ਹਾਂ ਦੀ ਲੱਤ ਦਾ ਆਪਰੇਸ਼ਨ ਹੋਇਆ ਸੀ। ਫਿਰ ਵੀ ਚੰਦਨ ਹੋਰਾਂ ਦੀ ਕੋਸ਼ਿਸ਼ ਹੁੰਦੀ ਕਿ ਉਹ ਹਰ ਪਲ ਨੂੰ ਚੰਗੀ ਤਰ੍ਹਾਂ ਜਿਊਣ।
ਸਾਡੀ ਦੋਵਾਂ ਦੀ ਉਮਰ ਵਿੱਚ ਭਾਵੇਂ ਵੱਡਾ ਅੰਤਰ ਸੀ, ਪਰ ਦਿਲ ਦੇ ਰਿਸ਼ਤੇ ਉੱਤੇ ਕੋਈ ਵੀ ਅੰਤਰ ਜਾਂ ਭੇਦ ਹਾਵੀ ਨਹੀਂ ਹੋ ਸਕਦਾ। ਅਸੀਂ ਕਦੇ ਮਾਂ-ਧੀ ਵਾਂਗ ਗੱਲਾਂ ਕਰਦੀਆਂ, ਕਦੇ ਸਹੇਲੀਆਂ ਬਣ, ਕਦੇ ਲੇਖਿਕਾਵਾਂ ਵਾਂਗ ਤੇ ਕਦੇ ਦੋ ਇਸਤਰੀਆਂ ਵਾਂਗ। ਸਾਡਾ ਰਿਸ਼ਤਾ ਹਰ ਪੱਖੋਂ ਮਜ਼ਬੂਤ ਸੀ। ਬਹੁਤ ਦਿਨ ਗੱਲ ਨਾ ਹੋਣ ’ਤੇ ਉਨ੍ਹਾਂ ਨੇ ਨਿਹੋਰਾ ਮਾਰਨਾ। ਜਦੋਂ ਮੈਂ ਕਹਿੰਦੀ, ‘‘ਮੈਂ ਤੁਹਾਨੂੰ ਫੋਨ ਕੀਤਾ ਸੀ। ਤੁਸੀਂ ਚੁੱਕਿਆ ਨਹੀਂ।’’ ਤਾਂ ਝੱਟ ਗੁੱਸੇ ਵਿੱਚ ਕਹਿਣਾ, ‘‘ਰਹਿਣ ਦੇ। ਫੋਨ ਮੇਰੇ ਕੋਲ ਹੁੰਦਾ ਹੈ। ਤੂੰ ਫੋਨ ਕਰਦੀ ਤਾਂ ਮੈਨੂੰ ਪਤਾ ਨਾ ਲੱਗਦਾ!’’ ਇੱਕ ਵਾਰ ‘ਧੁੱਪ ਦੀ ਮਹਿਫ਼ਲ’ ਮੌਕੇ ਇਸੇ ਗੱਲ ਉੱਤੇ ਮੇਰੇ ਨਾਲ ਨਾਰਾਜ਼ ਹੁੰਦੇ ਦੇਖ, ਉਨ੍ਹਾਂ ਦੀ ਛੋਟੀ ਧੀ ਨੇ ਹੱਸ ਕੇ ਕਿਹਾ, ‘‘ਮੰਮਾ, ਉੱਚਾ ਸੁਣਦੇ ਹਨ। ਇਨ੍ਹਾਂ ਨੂੰ ਪਤਾ ਨਹੀਂ ਲੱਗਦਾ। ਤੁਸੀਂ ਬੁਰਾ ਨਾ ਮੰਨਣਾ।’’
ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਮੈਂ ਜਲੰਧਰ ਆ ਰਹੀ ਹਾਂ, ਉਨ੍ਹਾਂ ਹੁਕਮ ਦਿੰਦਿਆਂ ਕਿਹਾ, ‘‘ਤੂੰ ਮੇਰੇ ਕੋਲ ਹੀ ਆ ਕੇ ਰਹਿਣਾ ਹੈ।’’ ਇੰਨੇ ਹੱਕ ਨਾਲ ਕਹੇ ਸ਼ਬਦਾਂ ਨੂੰ ਭਲਾ ਕੌਣ ਇਨਕਾਰ ਕਰ ਸਕਦਾ ਹੈ! ਮੈਂ ਤਿੰਨ ਦਿਨ ਉਨ੍ਹਾਂ ਦੀ ਵੱਡੀ ਧੀ ਸਨੀ ਦੇ ਘਰ ਵਿੱਚ ਰਹੀ ਤੇ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਦਾ ਲੁਤਫ਼ ਉਠਾਇਆ।
ਜ਼ਿਆਦਾ ਬਿਮਾਰ ਹੋ ਜਾਣ ਕਾਰਨ ਉਹ ਪਿਛਲੇ ਕੁਝ ਅਰਸੇ ਤੋਂ ਆਪ ਵੀ ਜਲੰਧਰ ਹੀ ਰਹਿਣ ਲੱਗ ਪਏ ਸਨ। ਭਾਵੇਂ ਕਈ ਵਾਰ ਕਾਫ਼ੀ ਦਿਨਾਂ ਬਾਅਦ ਵੀ ਗੱਲ ਹੁੰਦੀ। ਅੰਕਲ ਦੇ ਜਾਣ ਪਿੱਛੋਂ ਉਹ ਬਹੁਤ ਇਕੱਲੇ ਹੋ ਗਏ ਸਨ। ਉਨ੍ਹਾਂ ਨੇ ਫੋਨ ਉੱਤੇ ਹੀ ਆਪਣੇ ਛੋਟੇ ਜਵਾਈ ਦੇ ਗੁਜ਼ਰ ਜਾਣ ਬਾਰੇ ਵੀ ਦੱਸਿਆ ਤੇ ਪਿਛਲੇ ਸਾਲ ਮਿਲੇ ‘ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ’ ਦੀ ਖ਼ਬਰ ਵੀ ਮੈਨੂੰ ਫੋਨ ਉੱਤੇ ਦੱਸੀ।
ਕੁਝ ਮਹੀਨੇ ਪਹਿਲਾਂ ਉਨ੍ਹਾਂ ਮੈਨੂੰ ਫੋਨ ਉੱਤੇ ਆਪਣੇ ਨਾਵਲ ‘ਅੰਧਕੂਪ’ ਨੂੰ ਹਿੰਦੀ ਵਿੱਚ ਉਲਥਾਉਣ ਲਈ ਕਿਹਾ। ਮੈਂ ਕਿਹਾ, ‘‘ਠੀਕ ਹੈ, ਮੈਂ ਕਰ ਦੇਵਾਂਗੀ।’’ ਉਨ੍ਹਾਂ ਅੱਗੋਂ ਕਿਹਾ, ‘‘ਤੂੰ ਮੈਨੂੰ ਆਪਣੀ ਬੈਂਕ ਡਿਟੇਲ ਭੇਜ ਦੇਵੀਂ, ਮੈਂ ਪੈਸੇ ਭੇਜ ਦੇਵਾਂਗੀ।’’ ਮੈਂ ਨਾਰਾਜ਼ ਹੁੰਦੇ ਹੋਏ ਕਿਹਾ, ‘‘ਤੁਸੀਂ ਇਹ ਗੱਲ ਕਿਉਂ ਕਹੀ। ਭਲਾ ਮੈਂ ਤੁਹਾਡੇ ਤੋਂ ਪੈਸੇ ਲਵਾਂਗੀ।’’ ਆਪਣੀ ਕੰਬਦੀ ਆਵਾਜ਼ ਵਿੱਚ ਉਨ੍ਹਾਂ ਕਿਹਾ, ‘‘ਪਰ ਤੂੰ ਮਿਹਨਤ ਕਰੇਂਗੀ। ਨਾਵਲ ਬਹੁਤ ਵੱਡਾ ਹੈ। 400 ਪੇਜਾਂ ਦਾ ਹੈ।’’ ਇਸ ਤੋਂ ਵੀ ਚੰਦਨ ਨੇਗੀ ਦੇ ਸੁਭਾਅ ਦੀ ਵਡਿਆਈ ਪਤਾ ਲੱਗਦੀ ਹੈ, ਉਹ ਆਪਣੇ ਲਈ ਕਰਵਾਏ ਜਾਣ ਵਾਲੇ ਕੰਮ ਨੂੰ ਮੁਫ਼ਤ ਵਿੱਚ ਨਹੀਂ ਕਰਵਾਉਣਾ ਚਾਹੁੰਦੇ ਸਨ। ਆਪ ਅਨੁਵਾਦਕ ਹੋਣ ਦੇ ਨਾਤੇ ਉਨ੍ਹਾਂ ਨੂੰ ਪਤਾ ਸੀ ਕਿ ਅਨੁਵਾਦ ਬਹੁਤ ਮਿਹਨਤ ਭਰਿਆ ਕਾਰਜ ਹੈ। ਕਿਸੇ ਦੂਜੇ ਦੀ ਮਿਹਨਤ ਦਾ ਸਨਮਾਨ ਕਰਨਾ, ਬੰਦੇ ਦੀ ਸ਼ਖ਼ਸੀਅਤ ਦੇ ਗੁਣ ਨੂੰ ਦਰਸਾਉਂਦਾ ਹੈ।
ਆਰਸੀ ਵੱਲੋਂ ਮੈਨੂੰ ਨਾਵਲ ਭੇਜ ਦਿੱਤੇ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਮੇਰੇ ਨਾਲ ਫੋਨ ’ਤੇ ਗੱਲ ਕਰਦੇ। ਉਨ੍ਹਾਂ ਦੀ ਥਿੜਕਦੀ ਆਵਾਜ਼ ਕਾਰਨ ਕਈ ਵਾਰ ਗੱਲ ਮੈਨੂੰ ਪੂਰੀ ਤਰ੍ਹਾਂ ਸਮਝ ਨਾ ਆਉਂਦੀ ਤੇ ਉੱਚਾ ਸੁਣਨ ਕਰਕੇ ਉਨ੍ਹਾਂ ਨੂੰ ਕਈ ਵਾਰ ਮੇਰੀ ਗੱਲ ਸਮਝਣ ਵਿੱਚ ਬਹੁਤ ਦੇਰ ਲੱਗਦੀ। ਉਨ੍ਹਾਂ ਵਾਰ-ਵਾਰ ਕਹਿਣਾ, ‘‘ਜਿਹੜੇ ਸ਼ਬਦ ਕਸ਼ਮੀਰੀ ਜਾਂ ਪਸ਼ਤੋ ਦੇ ਹੋਣ ਕਾਰਨ ਤੈਨੂੰ ਸਮਝ ਵਿੱਚ ਨਾ ਆਉਣ, ਉਹ ਮੇਰੇ ਤੋਂ ਪੁੱਛ ਲਵੀਂ।’’ ਕਈ ਵਾਰ ਮੈਂ ਕੁਝ ਨਾ ਕੁਝ ਪੁੱਛਿਆ ਵੀ। ਨਾਵਲ ਹਿੰਦੀ ਵਿੱਚ ਅਨੁਵਾਦ ਕਰਕੇ ਮੈਂ ਪ੍ਰਕਾਸ਼ਕ ਨੂੰ ਭੇਜ ਦਿੱਤਾ।
ਫਿਰ ਇੱਕ ਦਿਨ ਉਨ੍ਹਾਂ ਕਿਹਾ, ‘‘ਜਸਵਿੰਦਰ, ਮੈਂ ਹਸਪਤਾਲ ਵਿੱਚ ਹਾਂ। ਬਹੁਤ ਬਿਮਾਰ ਹਾਂ।’’ ਸੁਣ ਕੇ ਬਹੁਤ ਦੁੱਖ ਹੋਇਆ ਪਰ ਮੈਂ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ,‘‘ਚੁੱਪਚਾਪ ਠੀਕ ਹੋ ਕੇ ਘਰ ਚਲੇ ਜਾਓ। ਮੈਂ ਤੁਹਾਨੂੰ ਹਿੰਦੀ ਵਾਲਾ ‘ਅੰਧਕੂਪ’ ਨਾਵਲ ਜਲੰਧਰ ਆਪ ਦੇਣ ਲਈ ਆਵਾਂਗੀ।’’ ਪਰ ਮੈਂ ਇਹ ਵਾਅਦਾ ਨਿਭਾਅ ਨਹੀਂ ਸਕੀ। ਇਸ ਗੱਲ ਦਾ ਮੈਨੂੰ ਦਿਲੋਂ ਅਫ਼ਸੋਸ ਹੈ। ਪਤਾ ਨਹੀਂ ਨਾਵਲ ਛਪਣ ਵਿੱਚ ਦੇਰ ਹੋ ਗਈ ਜਾਂ ਵਕਤ ਨੇ ਹੀ ਉਨ੍ਹਾਂ ਨੂੰ ਇੱਥੇ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ। ਬਹੁਤ ਸਾਰੀਆਂ ਗੱਲਾਂ ਅਤੇ ਉਨ੍ਹਾਂ ਪਿੱਛੇ ਲੁਕੇ ਵਰਤਾਰੇ ਸਾਡੀ ਸਮਝ ਤੋਂ ਪਰ੍ਹੇ ਹੁੰਦੇ ਹਨ। ਇਸ ਤੋਂ ਇਸ ਸਚਾਈ ਦਾ ਵੀ ਪਤਾ ਲੱਗਦਾ ਹੈ ਕਿ ਮਨੁੱਖ ਆਪਣੇ ਵੱਲੋਂ ਜੋ ਮਰਜ਼ੀ ਕਹਿੰਦਾ ਰਹੇ, ਵਾਅਦੇ ਕਰਦਾ ਰਹੇ। ਉਨ੍ਹਾਂ ਨੂੰ ਤੋੜ ਚੜ੍ਹਾਉਣ ਦਾ ਵੱਲ ਬੰਦੇ ਕੋਲ ਨਹੀਂ!
ਚੰਦਨ ਨੇਗੀ ਪੰਜਾਬੀ ਸਾਹਿਤ ਦਾ ਵੱਡਾ ਨਾਂ ਹੈ। ਉਨ੍ਹਾਂ ਨੇ ਛੇ ਨਾਵਲ ਤੇ ਅੱਠ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਵੀਹ ਤੋਂ ਵੱਧ ਪੁਸਤਕਾਂ ਦਾ ਉਰਦੂ, ਅੰਗਰੇਜ਼ੀ, ਹਿੰਦੀ ਤੇ ਡੋਗਰੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ। ਉਨ੍ਹਾਂ ਦਾ ਸਾਹਿਤਕ ਸਫ਼ਰ ਵਿਆਹ ਤੋਂ ਬਾਅਦ ਸ਼ੁਰੂ ਹੋਇਆ। ਰੇਡੀਓ ਪ੍ਰੋਗਰਾਮ ਕਰਦੇ-ਕਰਦੇ ਉਹ ਕਹਾਣੀ ਰਚਨਾ ਵੱਲ ਆ ਗਏ। ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਕਹਾਣੀ ਦਾ ਪਾਠ ਕੀਤਾ ਤਾਂ ਉਨ੍ਹਾਂ ਨੂੰ ਖ਼ੁਦ ਵੀ ਪਤਾ ਨਹੀਂ ਸੀ ਕਿ ਉਸ ਆਯੋਜਨ ਵਿੱਚ ਪੰਜਾਬੀ ਦੇ ਕਿੰਨੇ ਸਿਰਮੌਰ ਸਾਹਿਤਕਾਰ ਹਾਜ਼ਰ ਸਨ। ਸਭ ਵੱਲੋਂ ਮਿਲੇ ਵਧੀਆ ਹੁੰਗਾਰੇ ਮਗਰੋਂ ਉਨ੍ਹਾਂ ਨੇ ਲਿਖਣਾ ਸ਼ੁਰੂ ਕੀਤਾ ਅਤੇ ਫਿਰ ਉਨ੍ਹਾਂ ਦੀ ਕਲਮ ਰੁਕੀ ਨਹੀਂ।ਲਗਭਗ ਸਾਰੇ ਵੱਡੇ ਸਾਹਿਤਕ ਇਨਾਮ ਤੇ ਸਨਮਾਨ ਵੀ ਉਨ੍ਹਾਂ ਨੂੰ ਪ੍ਰਾਪਤ ਹੋਏ।
ਬਹੁਤ ਵਾਰ ਦੇਖਿਆ ਹੈ ਕਿ ਲੇਖਕ, ਕਲਾਕਾਰ ਦੂਹਰੀ ਜ਼ਿੰਦਗੀ ਜਿਊਂਦੇ ਹਨ। ਉਨ੍ਹਾਂ ਦੀ ਲਿਖਤ, ਸੋਚ, ਉਨ੍ਹਾਂ ਦੇ ਪਾਤਰ ਤੇ ਬੋਲੀ ਕਿਸੇ ਕਹਾਣੀ ਜਾਂ ਨਾਵਲ ਪਾਠਕਾਂ ਨੂੰ ਜਿੰਨਾ ਪ੍ਰਭਾਵਿਤ ਕਰਦੇ ਹਨ, ਅਸਲ ਵਿੱਚ ਉਨ੍ਹਾਂ ਨੂੰ ਮਿਲਣ ’ਤੇ ਕਈ ਵਾਰ ਉਹ ਪ੍ਰਭਾਵ ਘੱਟ ਵੀ ਹੋ ਜਾਂਦਾ ਹੈ ਪਰ ਚੰਦਨ ਨੇਗੀ ਨੂੰ ਘੱਟੋ-ਘੱਟ 20-22 ਸਾਲਾਂ ਤੋਂ ਜਾਣਨ ਕਰਕੇ ਮੈਨੂੰ ਕਦੇ ਇਹ ਨਹੀਂ ਲੱਗਾ ਕਿ ਇਹ ਔਰਤ ਬਨਾਵਟੀ ਹੈ, ਇਹ ਅੰਦਰੋਂ ਕੁਝ ਤੇ ਬਾਹਰੋਂ ਕੁਝ ਹੋਰ ਹੈ। ਦਰਅਸਲ, ਉਨ੍ਹਾਂ ਦੇ ਚਿਹਰੇ ਦੀ ਮੁਸਕਾਨ ਉਨ੍ਹਾਂ ਦੇ ਸੁਹੱਪਣ ਵਰਗੀ ਹੀ ਮੋਹਕ ਤੇ ਦਿਲਕਸ਼ ਸੀ। ਉਨ੍ਹਾਂ ਦੀਆਂ ਕਹਾਣੀਆਂ ਤੇ ਨਾਵਲ ਜੀਵਨ ਦੇ ਅਨੁਭਵਾਂ ਵਿੱਚੋਂ ਨਿਕਲੇ, ਜਿਸ ਨੂੰ ਉਨ੍ਹਾਂ ਆਪਣੀ ਕਲਪਨਾ ਨਾਲ ਸਿਰਜਣਾਤਮਕ ਰੰਗ ਵਿੱਚ ਢਾਲਿਆ। ਉਨ੍ਹਾਂ ਦੇ ਪਾਤਰ ਤੇ ਬਿਰਤਾਂਤ ਸੁਭਾਵਿਕ ਤੇ ਯਥਾਰਥ ਭਰੇ ਸਨ। ਪ੍ਰਕਿਰਤੀ ਦਾ ਸੋਹਣਾ ਚਿਤਰਣ, ਮਨੁੱਖੀ ਸੁਭਾਅ ਦਾ ਲੰਮਾ ਵਰਣਨ ਕਰਨਾ ਉਨ੍ਹਾਂ ਦੀ ਲੇਖਣੀ ਦੀ ਖ਼ਾਸੀਅਤ ਸੀ। ਉਨ੍ਹਾਂ ਦੇ ਸਾਰੇ ਹੀ ਨਾਵਲ ‘ਜਲੁ ਬਿਨੁ ਕੁੰਭ’, ‘ਕਲਰ ਕੇਰੀ ਛਪੜੀ’,‘ਮਨ ਕੀ ਬਿਰਥਾ’,‘ਸੂਕੇ ਕਾਸਟ’ ਤੇ ‘ਅੰਧਕੂਪ’ ਆਪਣੇ ਸਮੇਂ ਦੇ ਬਿਰਤਾਂਤ ਨੂੰ ਬਿਆਨ ਕਰਦੇ ਹਨ। ਇਹੀ ਗੱਲ ਕਹਾਣੀਆਂ ਬਾਰੇ ਵੀ ਆਖੀ ਜਾ ਸਕਦੀ ਹੈ।
ਦੇਹੀ ਰੂਪ ਵਿੱਚ ਭਾਵੇਂ ਚੰਦਨ ਨੇਗੀ ਹੋਰੀਂ ਸਾਡੇ ਕੋਲੋਂ ਵਿਛੜ ਗਏ ਹਨ, ਪਰ ਆਪਣੀਆਂ ਰਚਨਾਵਾਂ ਤੇ ਲਿਖੇ ਸ਼ਬਦਾਂ ਰਾਹੀਂ ਉਹ ਪੰਜਾਬੀ ਪਾਠਕਾਂ ਦੇ ਮਨਾਂ ਵਿੱਚ ਹਮੇਸ਼ਾ ਵਸੇ ਰਹਿਣਗੇ।
ਅਲਵਿਦਾ ਚੰਦਨ ਨੇਗੀ! ਤੁਹਾਡੀ ਚੰਦਨ ਜਿਹੀ ਖ਼ੁਸ਼ਬੂ ਦੇ ਰੂਪ ਵਿੱਚ ਤੁਹਾਡੀਆਂ ਲਿਖਤਾਂ ਸਾਡੇ ਕੋਲ ਮੌਜੂਦ ਹਨ!
ਸੰਪਰਕ: 98681-82835
