ਫਾਲ ਕਲਰਜ਼ ਦਾ ਦੇਸ਼ ਕੈਨੇਡਾ
ਮੈਂ ਆਪਣੀ ਕੈਨੇਡਾ ਫੇਰੀ ਦੌਰਾਨ ਦੇਖਿਆ ਕਿ ਜਦੋਂ ਵੀ ਕਿਸੇ ਨੇ ਕੈਨੇਡਾ ਦੀ ਕੁਦਰਤੀ ਖ਼ੂਬਸੂਰਤੀ ਦੀ ਗੱਲ ਕਰਨੀ ਹੋਵੇ ਤਾਂ ਰੁੱਖਾਂ ਦਾ ਜ਼ਿਕਰ ਆਪਮੁਹਾਰੇ ਹੁੰਦਾ ਹੈ, ਖ਼ਾਸਕਰ ਮੈਪਲ, ਓਕ ਤੇ ਪਾਈਨ ਦੇ ਰੁੱਖਾਂ ਦਾ, ਜਿਹੜੇ ਕੈਨੇਡਾ ਦੀ ਪਛਾਣ ਹਨ। ਇੱਥੋਂ...
ਮੈਂ ਆਪਣੀ ਕੈਨੇਡਾ ਫੇਰੀ ਦੌਰਾਨ ਦੇਖਿਆ ਕਿ ਜਦੋਂ ਵੀ ਕਿਸੇ ਨੇ ਕੈਨੇਡਾ ਦੀ ਕੁਦਰਤੀ ਖ਼ੂਬਸੂਰਤੀ ਦੀ ਗੱਲ ਕਰਨੀ ਹੋਵੇ ਤਾਂ ਰੁੱਖਾਂ ਦਾ ਜ਼ਿਕਰ ਆਪਮੁਹਾਰੇ ਹੁੰਦਾ ਹੈ, ਖ਼ਾਸਕਰ ਮੈਪਲ, ਓਕ ਤੇ ਪਾਈਨ ਦੇ ਰੁੱਖਾਂ ਦਾ, ਜਿਹੜੇ ਕੈਨੇਡਾ ਦੀ ਪਛਾਣ ਹਨ। ਇੱਥੋਂ ਤੱਕ ਕਿ ਕੈਨੇਡਾ ਦੇ ਕੌਮੀ ਝੰਡੇ ’ਤੇ ਵੀ ਮੈਪਲ ਦੇ ਪੱਤੇ ਦਾ ਚਿੰਨ੍ਹ ਹੈ। ਮੈਪਲ, ਓਕ ਅਤੇ ਪਾਈਨ ਦੇ ਰੁੱਖ ਇੱਥੋਂ ਦੀ ਧਰਤੀ ਦੇ ਗਹਿਣੇ ਹਨ, ਜੋ ਹਰ ਮੌਸਮ ਵਿੱਚ ਵੱਖ-ਵੱਖ ਰੰਗਾਂ ਦੀ ਖ਼ੂਬਸੂਰਤੀ ਨਾਲ ਇਨਸਾਨ ਦੇ ਮਨ ਨੂੰ ਛੂੰਹਦੇ ਹਨ। ਬਹਾਰ ਸਮੇਂ ਜਦੋਂ ਨਵੇਂ ਪੱਤੇ ਪੁੰਗਰਦੇ ਹਨ ਤਾਂ ਨਵੀਂ ਉਮੀਦ ਅਤੇ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਗਰਮੀ ਦੇ ਦਿਨਾਂ ਵਿੱਚ ਇਹ ਰੁੱਖ ਲੰਮੇ-ਲੰਮੇ ਛਾਂਦਾਰ ਸਾਥੀ ਬਣ ਜਾਂਦੇ ਹਨ। ਤਪਦੇ ਸੂਰਜ ਹੇਠਾਂ ਟਹਿਲਦਿਆਂ ਇਹ ਰੁੱਖ ਕੁਦਰਤ ਦੇ ਏ.ਸੀ. ਵਾਂਗ ਕੰਮ ਕਰਦੇ ਹਨ। ਪੱਤਝੜ ਦੇ ਮੌਸਮ ਵਿੱਚ ਮੈਪਲ ਅਤੇ ਓਕ ਦੇ ਰੁੱਖ ਤਾਂ ਜਿਵੇਂ ਰੰਗਾਂ ਦਾ ਜਸ਼ਨ ਮਨਾ ਰਹੇ ਹੋਣ। ਸੜਕਾਂ ਕੰਢੇ ਲੰਮੀਆਂ ਪਾਲਾਂ ਵਿੱਚ ਲੱਗੇ ਇਹ ਰੁੱਖ ਲਾਲ, ਸੰਤਰੀ ਅਤੇ ਸੁਨਹਿਰੀ ਪੱਤਿਆਂ ਨਾਲ ਭਰੇ ਹੁੰਦੇ ਹਨ। ਲੱਗਦਾ ਹੈ ਜਿਵੇਂ ਕਿਸੇ ਚਿੱਤਰਕਾਰ ਨੇ ਆਪਣੇ ਰੰਗਾਂ ਨਾਲ ਧਰਤੀ ਨੂੰ ਸਜਾ ਦਿੱਤਾ ਹੋਵੇ। ਇਹ ਉਹ ਨਜ਼ਾਰਾ ਹੈ ਜੋ ਕੈਨੇਡਾ ਨੂੰ ‘ਫਾਲ ਕਲਰਜ਼ ਦਾ ਦੇਸ਼’ ਬਣਾਉਂਦਾ ਹੈ ਅਤੇ ਹਰ ਸਾਲ ਹਜ਼ਾਰਾਂ ਸੈਲਾਨੀ ਇਨ੍ਹਾਂ ਦਰੱਖ਼ਤਾਂ ਦੀ ਰੰਗਤ ਦੇਖਣ ਲਈ ਇੱਥੇ ਖਿੱਚੇ ਆਉਂਦੇ ਹਨ। ਸਰਦੀ ਆਉਂਦਿਆਂ ਹੀ, ਜਦੋਂ ਚਹੁੰ ਪਾਸੇ ਬਰਫ਼ ਦੀ ਚਾਦਰ ਫੈਲ ਜਾਂਦੀ ਹੈ ਤਾਂ ਬਰਫ਼ ਨਾਲ ਢਕੇ ਹੋਏ ਇਹ ਰੁੱਖ ਰੂਹਾਨੀ ਦ੍ਰਿਸ਼ ਸਿਰਜਦੇ ਹਨ। ਗਰਮੀ ਵਿੱਚ ਛਾਂ ਤੇ ਪੱਤਝੜ ਵਿੱਚ ਰੰਗਾਂ ਦੀ ਬਰਸਾਤ ਕਰਨ ਵਾਲੇ ਇਹ ਦਰੱਖ਼ਤ ਸਰਦੀ ਵਿੱਚ ਬਰਫ਼ ਦੀਆਂ ਮੂਰਤੀਆਂ ਬਣ ਕੇ ਦਿਲ ਨੂੰ ਸਹਿਜ ਅਤੇ ਸ਼ਾਂਤੀ ਪ੍ਰਦਾਨ ਕਰਦੇ ਹਨ।
ਬਰਫ਼ ਪੈਣ ਤੋਂ ਪਹਿਲਾਂ ਕੈਨੇਡੀਅਨ ਸਰਕਾਰ ਸ਼ਹਿਰਾਂ ਤੇ ਕਸਬਿਆਂ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਲਈ ਅਗਾਊਂ ਤਿਆਰੀਆਂ ਆਰੰਭ ਦਿੰਦੀ ਹੈ। ਇਹ ਤਿਆਰੀਆਂ ਸਿਰਫ਼ ਬਰਫ਼ ਹਟਾਉਣ ਤੱਕ ਹੀ ਸੀਮਿਤ ਨਹੀਂ ਸਗੋਂ ਵਾਤਾਵਰਨ ਅਤੇ ਹਰਿਆਵਲ ਦੀ ਸੰਭਾਲ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ, ਖ਼ਾਸਕਰ ਸੜਕਾਂ ਤੇ ਗਲੀ-ਮੁਹੱਲਿਆਂ ਆਦਿ ਵਿੱਚ ਬਰਫ਼ ਪੈਣ ਤੋਂ ਪਹਿਲਾਂ ਮੋਟੇ ਨਮਕ ਦਾ ਛਿੜਕਾਅ ਕੀਤਾ ਜਾਂਦਾ ਹੈ ਤਾਂ ਜੋ ਬਰਫ਼ ਆਸਾਨੀ ਨਾਲ ਪਿਘਲ ਜਾਵੇ ਅਤੇ ਆਮ ਜ਼ਿੰਦਗੀ ਬਰਫ਼ੀਲੇ ਮੌਸਮ ਵਿੱਚ ਵੀ ਸੁਚਾਰੂ ਢੰਗ ਨਾਲ ਚੱਲਦੀ ਰਹੇ। ਇਹ ਯੋਜਨਾਬੰਦੀ ਅਤੇ ਸੁਚੇਤ ਤਿਆਰੀ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਂਦੀ ਹੈ।
ਇਸ ਨੂੰ ਦੇਖ ਕੇ ਸਮਝ ਆਉਂਦਾ ਹੈ ਕਿ ਜੇ ਅਸੀਂ ਵੀ ਪੰਜਾਬ ਵਿੱਚ ਬੂਟਿਆਂ ਦੀ ਸੰਭਾਲ ਲਈ ਇਹੋ ਜਿਹੀ ਯੋਜਨਾਬੰਦੀ ਤੇ ਦ੍ਰਿੜ੍ਹ ਸੰਕਲਪ ਅਪਣਾਈਏ ਤਾਂ ਹਰਿਆਵਲ ਨਾਲ ਭਰਪੂਰ ਤੇ ਤੰਦਰੁਸਤ ਵਾਤਾਵਰਨ ਬਣ ਸਕਦਾ ਹੈ। ਕੈਨੇਡਾ ’ਚ ਰੁੱਖਾਂ ਨੂੰ ਦੇਖ ਕੇ ਅਕਸਰ ਮਨ ਆਪਣੇ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ਕੰਢੇ ਲੱਗੇ ਰੁੱਖਾਂ ਨਾਲ ਤੁਲਨਾ ਕਰਨ ਲੱਗਦਾ ਹੈ। ਪੰਜਾਬ ਵਿੱਚ ਬੋਹੜ ਤੇ ਪਿੱਪਲ ਦੇ ਦਰੱਖ਼ਤ ਨਾ ਸਿਰਫ਼ ਛਾਂ ਦਿੰਦੇ ਹਨ ਸਗੋਂ ਪਿੰਡ ਦੀ ਸਭਿਆਚਾਰਕ ਤੇ ਆਧਿਆਤਮਕ ਪਛਾਣ ਵੀ ਹੁੰਦੇ ਹਨ। ਭਾਰਤ ਵਿੱਚ ਰੁੱਖ ਸਿਰਫ਼ ਕੁਦਰਤ ਹੀ ਨਹੀਂ ਸਗੋਂ ਲੋਕ-ਧਰਮ ਤੇ ਆਸਥਾ ਦਾ ਹਿੱਸਾ ਵੀ ਹਨ। ਪਿੱਪਲ ਦੇ ਦਰੱਖ਼ਤ ਨੂੰ ਪਵਿੱਤਰ ਮੰਨ ਕੇ ਪੂਜਿਆ ਜਾਂਦਾ ਹੈ। ਬੋਹੜ ਦੀਆਂ ਜੜ੍ਹਾਂ ਨੂੰ ਅਮਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨਿੰਮ ਦਾ ਦਰੱਖ਼ਤ ਸਿਹਤ ਦਾ ਰਖਵਾਲਾ ਹੈ, ਜਿਸ ਦੀਆਂ ਪੱਤੀਆਂ ਤੇ ਟਾਹਣੀਆਂ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਅੰਬ ਦਾ ਦਰੱਖ਼ਤ ਭਾਰਤੀ ਸਭਿਆਚਾਰ ਵਿੱਚ ਪ੍ਰੇਮ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ।
ਇਸੇ ਤਰ੍ਹਾਂ ਕੈਨੇਡਾ ਦੇ ਮੈਪਲ, ਓਕ ਅਤੇ ਪਾਈਨ ਵੀ ਲੋਕ-ਜੀਵਨ ਨਾਲ ਜੁੜੇ ਹੋਏ ਹਨ। ਮੈਪਲ ਦਾ ਸ਼ਰਬਤ ਦੁਨੀਆ ਭਰ ਵਿੱਚ ਮਸ਼ਹੂਰ ਹੈ ਅਤੇ ਇੱਥੋਂ ਦੇ ਲੋਕਾਂ ਲਈ ਇਹ ਸਿਰਫ਼ ਖੁਰਾਕ ਨਹੀਂ ਸਗੋਂ ਪਰੰਪਰਾ ਹੈ। ਦੋਵੇਂ ਦੇਸ਼ਾਂ ਦੇ ਰੁੱਖ ਆਪੋ-ਆਪਣੇ ਅੰਦਾਜ਼ ਵਿੱਚ ਇਨਸਾਨੀ ਜੀਵਨ ਦਾ ਸਾਥ ਨਿਭਾਉਂਦੇ ਹਨ। ਭਾਰਤ ਦੇ ਰੁੱਖਾਂ ਦੀਆਂ ਛਾਵਾਂ ਵਿੱਚ ਲੋਕ-ਕਥਾਵਾਂ, ਧਾਰਮਿਕ ਰਸਮਾਂ ਤੇ ਆਸਥਾ ਜਿਊਂਦੀ ਹੈ ਜਦੋਂਕਿ ਕੈਨੇਡਾ ਦੇ ਰੁੱਖ ਆਪਣੇ ਰੰਗ-ਰੂਪ ਨਾਲ ਜੀਵਨ ਵਿੱਚ ਸੁੰਦਰਤਾ, ਸ਼ਾਂਤੀ ਤੇ ਆਨੰਦ ਘੋਲ ਦਿੰਦੇ ਹਨ।
ਇਹ ਨਹੀਂ ਕਿ ਸਾਡਾ ਪੰਜਾਬ (ਭਾਰਤ) ਰੁੱਖਾਂ ਪੱਖੋਂ ਕਿਸੇ ਨਾਲੋਂ ਪਿੱਛੇ ਹੈ, ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਚਾਹੇ ਕੈਨੇਡਾ ਦੀ ਧਰਤੀ ’ਤੇ ਮੈਪਲ, ਓਕ ਅਤੇ ਪਾਈਨ ਹੋਣ ਜਾਂ ਭਾਰਤ ਦੀ ਧਰਤੀ ’ਤੇ ਬੋਹੜ, ਪਿੱਪਲ ਤੇ ਨਿੰਮ, ਰੁੱਖ ਮਨੁੱਖ ਲਈ ਸਿਰਫ਼ ਛਾਂ ਅਤੇ ਆਕਸੀਜਨ ਦੇ ਸਰੋਤ ਹੀ ਨਹੀਂ, ਸਗੋਂ ਜੀਵਨ ਦੇ ਅਟੁੱਟ ਸਾਥੀ ਹਨ।
ਅਫ਼ਸੋਸ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਵੱਖ-ਵੱਖ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਹਰ ਸਾਲ ਕਰੋੜਾਂ ਦੀ ਗਿਣਤੀ ਵਿੱਚ ਬੂਟੇ ਲਗਾਉਣ ਦੇ ਬਾਵਜੂਦ ਇੱਥੇ ਰਹਿਆਵਲ ਦਿਨੋ ਦਿਨ ਘਟਦੀ ਜਾ ਰਹੀ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਇਨ੍ਹਾਂ ਸਾਰੇ ਬੂਟਿਆਂ ਦੀ ਅਸੀਂ ਸਮੇਂ ਸਿਰ ਸੰਭਾਲ ਕੀਤੀ ਹੈ? ਕਿਤੇ ਉਹ ਫੋਕੀਆਂ ਸ਼ੋਹਰਤਾਂ ਦੀ ਭੇਟ ਤਾਂ ਨਹੀਂ ਚੜ੍ਹ ਗਏ? ਜੇ ਹੁਣ ਤੱਕ ਲਾਏ ਬੂਟਿਆਂ ’ਤੇ ਧਿਆਨ ਦਿੱਤਾ ਹੁੰਦਾ ਤਾਂ ਪੰਜਾਬ ਦੇ ਹਰ ਕੋਨੇ ਵਿੱਚ ਹਰਿਆਵਲ ਹੁੰਦੀ ਤੇ ਵਾਤਾਵਰਨ ਸਿਰਫ਼ ਸਾਫ਼ ਹੀ ਨਹੀਂ ਸਗੋਂ ਤੰਦਰੁਸਤੀ ਪ੍ਰਦਾਨ ਕਰਨ ਵਾਲਾ ਹੁੰਦਾ।
ਇਸ ਦੇ ਉਲਟ, ਜੇ ਅਸੀਂ ਕੈਨੇਡਾ ਦੀ ਉਦਾਹਰਣ ਲਈਏ ਤਾਂ ਕੈਨੇਡੀਅਨ ਸਰਕਾਰ ਹੀ ਨਹੀਂ ਸਗੋਂ ਉੱਥੋਂ ਦੇ ਲੋਕ ਵੀ ਇਸ ਜ਼ਿੰਮੇਵਾਰੀ ਵਿੱਚ ਸ਼ਾਮਲ ਹੁੰਦੇ ਹਨ। ਰੁੱਖਾਂ ਦੀ ਸੰਭਾਲ ਪ੍ਰਤੀ ਉਨ੍ਹਾਂ ਦੀ ਲਗਨ ਕਾਬਿਲ-ਏ-ਤਾਰੀਫ਼ ਹੈ। ਹਰ ਬਦਲਦੇ ਮੌਸਮ ਵਿੱਚ ਕੈਨੇਡੀਅਨ ਰੁੱਖਾਂ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਂਦੀ ਹੈ। ਸਖ਼ਤ ਬਰਫ਼ੀਲੇ ਮੌਸਮ ਦੌਰਾਨ ਵੀ ਉਹ ਰੁੱਖਾਂ ਦੀ ਸੁਰੱਖਿਆ ਲਈ ਪੂਰੀ ਤਨਦੇਹੀ ਦਿਖਾਉਂਦੇ ਹਨ। ਛੋਟੇ ਰੁੱਖਾਂ ਦੇ ਸਿਰਿਆਂ ’ਤੇ ਪਲਾਸਟਿਕਨੁਮਾ ਪੈਡ ਲਾ ਕੇ ਯਕੀਨੀ ਬਣਾਇਆ ਜਾਂਦਾ ਹੈ ਕਿ ਬਰਫ਼ ਦੇ ਵਜ਼ਨ ਨਾਲ ਰੁੱਖ ਨਾ ਗਲ ਸਕਣ ਤੇ ਨਾ ਟੁੱਟ ਸਕਣ। ਇਹੋ ਜਿਹਾ ਧਿਆਨ, ਮਿਹਨਤ ਅਤੇ ਲਗਨ ਹੀ ਕੈਨੇਡਾ ਨੂੰ ਹਰ ਸਮੇਂ ਹਰੀ-ਭਰੀ ਧਰਤੀ ਵਾਲਾ ਦੇਸ਼ ਬਣਾਉਂਦੀ ਹੈ।
ਪੰਜਾਬ ਵਿੱਚ ਵੀ ਲੋਕ ਅਤੇ ਸੰਸਥਾਵਾਂ ਮਿਲ ਕੇ ਪੌਦਿਆਂ ਨੂੰ ਆਪਣਾ ਸਾਥੀ ਸਮਝ ਕੇ ਸੰਭਾਲਣਗੇ ਤਾਂ ਹਰ ਪਾਸੇ ਹਰੇ-ਭਰੇ ਰੁੱਖ ਦਿਖਾਈ ਦੇਣਗੇ। ਇਸ ਲਈ ਹਰੇਕ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਵਾਤਾਵਰਣ ਦਾ ਸੱਚਾ ਸਾਥੀ ਬਣੇ।
ਸੰਪਰਕ: 94174-27656

