ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੇਅੰਤ ਸਿੰਘ ਕਤਲ ਕੇਸ: ਨਵੇਂ ਖੁਲਾਸੇ

  ਕੁਝ ਦਿਨ ਪਹਿਲਾਂ ਹੀ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ’ਤੇ ‘ਬਲਿਊ ਸਟਾਰ ਅਪਰੇਸ਼ਨ’ ਇੱਕ ਗ਼ਲਤੀ ਸੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਨੇ ਆਪਣੀ ਜਾਨ ਦੇ ਕੇ ਉਸ ਦੀ ਕੀਮਤ ਚੁਕਾਈ। ਚਿਦੰਬਰਮ ਅਨੁਸਾਰ ਸਾਰਾ...
Advertisement

 

Advertisement

ਕੁਝ ਦਿਨ ਪਹਿਲਾਂ ਹੀ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ’ਤੇ ‘ਬਲਿਊ ਸਟਾਰ ਅਪਰੇਸ਼ਨ’ ਇੱਕ ਗ਼ਲਤੀ ਸੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਨੇ ਆਪਣੀ ਜਾਨ ਦੇ ਕੇ ਉਸ ਦੀ ਕੀਮਤ ਚੁਕਾਈ। ਚਿਦੰਬਰਮ ਅਨੁਸਾਰ ਸਾਰਾ ਦੋਸ਼ ਇੰਦਰਾ ਸਿਰ ਨਹੀਂ ਮੜ੍ਹਿਆ ਜਾਣਾ ਚਾਹੀਦਾ ਕਿਉਂਕਿ ਉਸ ਫ਼ੈਸਲੇ ’ਚ ਕਈ ਹੋਰ ਸਰਕਾਰੀ ਧਿਰਾਂ ਵੀ ਸ਼ਾਮਿਲ ਸਨ। ਇਸ ਬਿਆਨ ਨੇ ਸਿੱਖ ਸਿਆਸਤ ’ਚ ਇੱਕ ਉਬਾਲ਼ ਦਾ ਕੰਮ ਕੀਤਾ। ਇਹ ਮਹਿਜ਼ ਸਬੱਬ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਬਾਰੇ ਹਾਲ ’ਚ ਹੀ ਇੱਕ ਕਿਤਾਬ ‘ਬੇਅੰਤ ਸਿੰਘ ਕਤਲ ਦਾ ਅਸਲ ਸੱਚ’ ਵੀ ਛਪ ਕੇ ਆਈ ਹੈ।

ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ 31 ਅਗਸਤ 1995 ਨੂੰ ਪੰਜਾਬ ਸਕੱਤਰੇਤ ਦੇ ਵੀਆਈਪੀ ਗੇਟ ’ਤੇ ਹੋਇਆ ਸੀ। ਉਹ ਜਿਉਂ ਹੀ ਕਾਰ ਵਿੱਚ ਬੈਠਣ ਲੱਗੇ ਤਾਂ ਮਾਹੌਲ ਧਮਾਕਿਆਂ ਨਾਲ ਦਹਿਲ ਗਿਆ। ਮੁੱਖ ਮੰਤਰੀ ਤੇ ਇੱਕ ਵਿਧਾਇਕ ਸਮੇਤ 17 ਮੌਤਾਂ ਹੋਈਆਂ ਸਨ। ਇਸ ਕਤਲ ਦੀ ਜਾਂਚ ਬਾਰੇ ਹਾਲੇ ਤੱਕ ਵੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ।

ਬੇਅੰਤ ਸਿੰਘ ਨਾਲ ਸੇਵਾ ਨਿਭਾਅ ਚੁੱਕੇ ਪੰਜਾਬ ਦੇ ਸਾਬਕਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ 33 ਵਰ੍ਹਿਆਂ ਮਗਰੋਂ ਪ੍ਰਕਾਸ਼ਿਤ ਇਸ ਪੁਸਤਕ ’ਚ ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜੋ ਸਮੁੱਚੇ ਵਰਤਾਰੇ ਬਾਰੇ ਨਵੇਂ ਖੁਲਾਸੇ ਕਰਦੇ ਹਨ। ਲੇਖਕ ਭਾਵੇਂ ਬੇਅੰਤ ਸਿੰਘ ਦੇ ਕਾਫ਼ੀ ਨੇੜੇ ਸੀ, ਪਰ ਉਸ ਮੁਤਾਬਿਕ ਮੁੱਖ ਮੰਤਰੀ ਸੁਣਦੇ ਸਭ ਦੀ ਸਨ ਪਰ ਮੰਨਦੇ ਕਦੇ ਕਿਸੇ ਦੀ ਵੀ ਨਹੀਂ ਸਨ।

ਲੇਖਕ ਦਾ ਦਾਅਵਾ ਹੈ ਕਿ ਇਹ ਕਤਲ ਇੱਕ ਸਾਜ਼ਿਸ਼ ਸੀ, ਜਿਸ ਲਈ ਉਹ ਕਈ ਨੁਕਤੇ ਉਠਾਉਂਦਾ ਹੈ: ‘‘ਜਦੋਂ ਮੁੱਖ ਮੰਤਰੀ ਦੀ ਕਾਰ ਕਿਸੇ ਥਾਂ ਖੜ੍ਹੀ ਹੋਵੇ ਤਾਂ ਹਮੇਸ਼ਾ ਪੁਲੀਸ ਦਾ ਪਹਿਰਾ ਰਹਿੰਦਾ ਹੈ। ਦੁਰਘਟਨਾ ਸਮੇਂ ਕੋਈ ਵੀ ਸੀਨੀਅਰ ਅਧਿਕਾਰੀ ਗੱਡੀ ਦੇ ਨੇੜੇ-ਤੇੜੇ ਵੀ ਨਹੀਂ ਸੀ।’’ ਹੋਰ ਵੀ ਕਈ ਸਵਾਲ ਹਨ: ਬੁੜੈਲ ਜੇਲ੍ਹ ’ਚ ਸੁਰੰਗ ਪੁੱਟੇ ਜਾਣਾ, ਸਾਜ਼ਿਸ਼ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦਾ ਜੇਲ੍ਹ ’ਚੋਂ ਫਰਾਰ ਹੋਣਾ ਤੇ ਫਿਰ ਫੜਿਆ ਜਾਣਾ, ਮੌਤ ਦੀ ਸਜ਼ਾਯਾਫ਼ਤਾ ਤੇ ਪੰਜਾਬ ਪੁਲੀਸ ਦੇ ਸਾਬਕਾ ਕਰਮੀ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਕਤਲ ਦੀ ਸਾਜ਼ਿਸ਼ ਲਈ ਜ਼ਿੰਮੇਵਾਰੀ ਕਬੂਲਣਾ।

ਕਿਤਾਬ ’ਚ ਦਾਅਵਾ ਕੀਤਾ ਗਿਆ ਹੈ ਕਿ ਬੇਅੰਤ ਸਿੰਘ ਦਾ ਕਤਲ ਕਿਸੇ ‘ਮਨੁੱਖੀ ਬੰਬ’ ਨਾਲ ਨਹੀਂ ਸਗੋਂ ਕਾਰ ਵਿੱਚ ਫਿੱਟ ਕੀਤੇ ਬੰਬਾਂ ਨਾਲ ਹੋਇਆ ਸੀ। ਲੇਖਕ ਅਨੁਸਾਰ ਸਥਿਤੀਆਂ ਗਵਾਹ ਹਨ: ‘ਮੁੱਖ ਮੰਤਰੀ ਕਾਰ ਦੀ ਸਰਵਿਸ ਸਰਕਾਰੀ ਵਰਕਸ਼ਾਪ ’ਚ ਹੁੰਦੀ ਹੈ ਪ੍ਰੰਤੂ ਇਸ ਕਾਰ ਦੀ ਸਰਵਿਸ ਪਟਿਆਲ਼ੇ ਵਿਖੇ ਪ੍ਰਾਈਵੇਟ ਵਰਕਸ਼ਾਪ ਵਿੱਚ ਹੋਈ ਸੀ। ਬਾਹਰੋਂ ਸਰਵਿਸ ਕਿਉਂ ਕਰਾਈ ਗਈ? ਘਟਨਾ ਵਾਲੇ ਦਿਨ ਇਹ ਕਾਰ ਮੁੱਖ ਮੰਤਰੀ ਦੇ ਕਾਫ਼ਲੇ ਵਿੱਚ ਨਹੀਂ ਸੀ, ਐਨ ਮੌਕੇ ’ਤੇ ਲਿਆਂਦੀ ਗਈ ਸੀ। ਇਸ ਕਾਰ ਨੂੰ ਕੌਣ ਲੈ ਕੇ ਆਇਆ? ਇਹ ਵੀ ਇੱਕ ਬੁਝਾਰਤ ਹੈ। ਐੱਸਪੀ, ਸੀਐੱਮ ਸਿਕਿਓਰਿਟੀ ਉਸ ਦਿਨ ਸਰਕਾਰੀ ਰਿਕਾਰਡ ਮੁਤਾਬਿਕ ਛੁੱਟੀ ’ਤੇ ਸਨ ਪਰ ਉਹ ਧਮਾਕੇ ਵਾਲ਼ੀ ਥਾਂ ’ਤੇ ਮੌਜੂਦ ਸਨ।

ਖਾੜਕੂ ਲਹਿਰ ਸਮੇਂ ਪੰਜਾਬ ਦੇ ਨੌਜਵਾਨਾਂ, ਖ਼ਾਸਕਰ ਸਿੱਖ ਗੱਭਰੂਆਂ ਨੂੰ ਕਥਿਤ ਪੁਲੀਸ ਮੁਕਾਬਲਿਆਂ ’ਚ ਮਾਰਨ ਕਰਕੇ ਸਿੱਖਾਂ ਵਿੱਚ ਬਹੁਤ ਹੀ ਰੋਹ ਸੀ। ਕੀ

ਇਸ ਰੋਹ ਨੂੰ ‘ਬਾਰੂਦ’ ਦੇ ਕੇ ਕਿਸੇ ਨੇ ਆਪਣਾ ਮਕਸਦ ਪੂਰਾ ਕੀਤਾ?

ਇਹ ਕਿਤਾਬ ਸੁਝਾਉਂਦੀ ਹੈ ਕਿ ਕੇਂਦਰੀ ‘ਗੁਪਤਚਰ ਏਜੰਸੀਆਂ’ ਨੇ ਆਪਣੇ ‘ਬੰਦੇ’ ਖਾੜਕੂਆਂ, ਰਾਜਸੀ ਪਾਰਟੀਆਂ, ਸਰਕਾਰੀ ਦਫ਼ਤਰਾਂ, ਮੀਡੀਆ, ਪੁਲੀਸ, ਧਾਰਮਿਕ ਸਥਾਨਾਂ, ਵਿਦਿਅਕ ਅਦਾਰਿਆਂ, ਪੰਚਾਇਤਾਂ ਆਦਿ ’ਚ ਫਿੱਟ ਕੀਤੇ ਹੋਏ ਸਨ। ਲੇਖਕ ਦਾ ਕਹਿਣਾ ਹੈ ਕਿ ਪੰਜਾਬ ’ਚੋਂ ਅਤਿਵਾਦ ਨੂੰ ਖ਼ਤਮ ਕਰਨ ਕਰਕੇ ਪੀਐੱਮ ਨਰਸਿਮਹਾ ਰਾਓ, ਬੇਅੰਤ ਸਿੰਘ ’ਤੇ ਬਹੁਤ ਖ਼ੁਸ਼ ਸਨ ਤੇ ਉਨ੍ਹਾਂ ਨੂੰ ਕੇਂਦਰ ’ਚ ਗ੍ਰਹਿ ਮੰਤਰੀ ਲਾਉਣ ਦਾ ਫ਼ੈਸਲਾ ਕਰ ਚੁੱਕੇ ਸਨ। ਪੀਐੱਮ ਚਾਹੁੰਦੇ ਸਨ ਕਿ ਬੇਅੰਤ ਸਿੰਘ ਪੰਜਾਬ ਵਾਂਗ ਜੰਮੂ-ਕਸ਼ਮੀਰ ’ਚ ਵੀ ਸ਼ਾਂਤੀ ਕਰਵਾਉਣ। ਯੂਟੀ ਗੈਸਟ ਹਾਊਸ, ਚੰਡੀਗੜ੍ਹ ’ਚ ਲੇਖਕ ਨਾਲ ਹੋਈ ਆਖ਼ਰੀ ਮੁਲਾਕਾਤ ’ਚ ਬੇਅੰਤ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਪੰਜਾਬ ’ਚ ਹਿਊਮਨ ਬੰਬ ਆ ਗਿਆ ਹੈ ਤੇ ਉਸ ਬੰਬ ਦੇ ਨਿਸ਼ਾਨੇ ’ਤੇ ਚੌਧਰੀ ਭਜਨ ਲਾਲ, ਕੇ ਪੀ ਐੱਸ ਗਿੱਲ ਤੇ ਉਹ ਖ਼ੁਦ ਸਨ। ਪੁਲੀਸ ਨੇ ਮੁੱਖ ਮੰਤਰੀ ਨੂੰ ਇਹੋ ਕਹਾਣੀ ਦੱਸੀ ਸੀ।

ਬੇਅੰਤ ਸਿੰਘ ਦੇ ਹਲਕੇ ਪਾਇਲ ਦਾ ਹੋਣ ਕਰਕੇ ਲੇਖਕ ਉਨ੍ਹਾਂ ਦਾ ਰਾਜ਼ਦਾਰ ਸੀ। ਉਸ ਵੇਲੇ ਪੰਜਾਬ ’ਚ ਪੁਲੀਸ ਦੀਆਂ ‘ਕਾਰਵਾਈਆਂ’ ਕਰਕੇ ਕੌਮਾਂਤਰੀ ਪੱਧਰ ’ਤੇ ਪੰਜਾਬ ਸਰਕਾਰ ਤੇ ਖ਼ਾਸਕਰ ਬੇਅੰਤ ਸਿੰਘ ਦੇ ਅਕਸ ’ਤੇ ਧੱਬਾ ਲੱਗ ਰਿਹਾ ਸੀ। ਲੇਖਕ ਮੁਤਾਬਿਕ ਮੁੱਖ ਮੰਤਰੀ, ਕੇ ਪੀ ਐੱਸ ਗਿੱਲ ਦੇ ਵਤੀਰੇ ਤੋਂ ਦੁਖੀ ਸਨ। ਇੱਕ ਵਾਰ ਬੇਅੰਤ ਸਿੰਘ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਰਾਜੇਸ਼ ਪਾਇਲਟ ਦੇ ਘਰ ਬੈਠ ਕੇ ਇੱਕ ਚਿੱਠੀ ਪਾਇਲਟ ਨੂੰ ਲਿਖੀ ਕਿ ਪੰਜਾਬ ’ਚ ਸ਼ਾਂਤੀ ਸਥਾਪਿਤ ਕਰਨ ਵਿੱਚ ਕੀਤੇ ਵਧੀਆ ਕੰਮਾਂ ਦੇ ਆਧਾਰ ’ਤੇ ਗੁਪਤਚਰ ਵਿਭਾਗ ਦੇ ਮੁਖੀ ਓ ਪੀ ਸ਼ਰਮਾ ਨੂੰ ਪੰਜਾਬ ਦਾ ਡੀਜੀਪੀ ਲਾਇਆ ਜਾਵੇ ਤੇ ਗਿੱਲ ਨੂੰ ਪੰਜਾਬ ਤੋਂ ਬਾਹਰ ਕਿਸੇ ਮਹੱਤਵਪੂਰਨ ਅਹੁਦੇ ’ਤੇ ਭੇਜ ਦਿੱਤਾ ਜਾਵੇ।

ਉਪਰੋਕਤ ਚਿੱਠੀ ਦਾ ਮੁੱਖ ਮੰਤਰੀ ਦੇ ਦਫ਼ਤਰ ’ਚ ਕੋਈ ਰਿਕਾਰਡ ਨਹੀਂ ਮਿਲਦਾ ਪਰ ਉਜਾਗਰ ਸਿੰਘ ਦਾਅਵਾ ਕਰਦੇ ਹਨ ਕਿ ਉਹ ਉਸ ਚਿੱਠੀ ਬਾਰੇ ਸਭ ਕੁਝ ਜਾਣਦੇ ਹਨ। ਉਸ ਚਿੱਠੀ ਦੇ ਉਹ ਗਵਾਹ ਹਨ। ਉਹ ਚਿੱਠੀ ਕੇਂਦਰੀ ਮੰਤਰੀ ਦੇ ਦਫ਼ਤਰ ’ਚੋਂ ਲੀਕ ਹੋਈ ਸੀ, ਜਿਸ ਦਾ ਪਤਾ ਗਿੱਲ ਨੂੰ ਵੀ ਲੱਗ ਗਿਆ ਹੋਵੇਗਾ। ਇਸੇ ਕਰਕੇ ਪੁਲੀਸ ਨੇ ਬੇਅੰਤ ਸਿੰਘ ਨੂੰ ਅਣਡਿੱਠ ਕਰਨਾ ਸ਼ੁਰੂ ਕਰ ਦਿੱਤਾ ਸੀ। ਕੇ ਪੀ ਐੱਸ ਗਿੱਲ ਬਾਰੇ ਲੇਖਕ ਸਵਾਲ ਕਰਦਾ ਹੈ ਕਿ ਪੰਜਾਬ ਅੰਦਰ ਉਸ ਵਕਤ ਪੁਲੀਸ ਦੇ ਕਈ ਉੱਚ ਅਧਿਕਾਰੀ ਮਾਰੇ ਗਏ, ਤਤਕਾਲੀ ਡੀਜੀਪੀ ਜੇ ਐੱਫ਼ ਰਿਬੈਰੋ ’ਤੇ ਅਕਤੂਬਰ 1986 ’ਚ ਹਮਲਾ ਕੀਤਾ ਗਿਆ ਪਰ ਕੇ ਪੀ ਐੱਸ ਗਿੱਲ ’ਤੇ ਕਦੇ ਵੀ ਕੋਈ ਹਮਲਾ ਕਿਉਂ ਨਹੀਂ ਹੋਇਆ?

ਮੁੱਖ ਮੰਤਰੀ ਦੇ ਕਤਲ ਦੀ ਜਾਂਚ ਲਈ ਕਤਲ ਵਾਲੇ ਦਿਨ ਹੀ ਕੇਂਦਰ ਸਰਕਾਰ ਨੇ ਸੀਬੀਆਈ ਦੀ ਜ਼ਿੰਮੇਵਾਰੀ ਲਾ ਦਿੱਤੀ ਸੀ ਪਰ ਤਾਂ ਵੀ ਗਿੱਲ ਨੇ ਕਤਲ ਤੋਂ 50 ਮਿੰਟ ਬਾਅਦ ਹੀ 31 ਅਗਸਤ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਐਲਾਨ ਕਰ ਦਿੱਤਾ ਕਿ ਬੇਅੰਤ ਸਿੰਘ ਦਾ ਕਤਲ ‘ਮਨੁੱਖੀ ਬੰਬ’ ਨੇ ਕੀਤਾ ਸੀ। ਬੇਅੰਤ ਸਿੰਘ ਦੇ ਕਤਲ ਬਾਰੇ ‘ਦਿ ਟ੍ਰਿਬਿਊਨ’ ਵਿੱਚ ਇੱਕ ਸੀਨੀਅਰ ਪੱਤਰਕਾਰ ਦੀ ਖ਼ਬਰ ‘ਮਨੁੱਖੀ ਬੰਬ ਗਿੱਲ ਦੇ ਦਿਮਾਗ ਦੀ ਕਾਢ’ ਬਾਰੇ ਗਿੱਲ ਨੇ ਅਖ਼ਬਾਰ ਦੇ ਮੁੱਖ ਸੰਪਾਦਕ ਨੂੰ ਫੋਨ ਕਰ ਕੇ ਕਿਹਾ ਕਿ ‘ਇਹ ਸਨਸਨੀਖੇਜ਼ ਤੇ ਮਨਘੜਤ ਰਿਪੋਰਟ ਹੈ।’ ਇਸ ਮਗਰੋਂ ‘ਦਿ ਟ੍ਰਿਬਿਊਨ’ ਨੇ ਗਿੱਲ ਨੂੰ ਇਸ ਗੱਲ ਦਾ ਜਵਾਬ ਸੰਪਾਦਕੀ ’ਚ ਦਿੱਤਾ: ‘‘ਕੇਂਦਰੀ ਮੰਤਰੀ ਰਾਜੇਸ਼ ਪਾਇਲਟ ਵੱਲੋਂ ‘ਮਨੁੱਖੀ ਬੰਬ’ ਵਾਲੀ ਕਹਾਣੀ ’ਤੇ ਗਿੱਲ ਨੂੰ ਚੰਗੀ ਝਾੜ ਪਾਈ ਗਈ ਸੀ।’’ ਸੰਪਾਦਕੀ ਅਨੁਸਾਰ ਪਾਇਲਟ ਨੇ ਗਿੱਲ ਨੂੰ ਸਖ਼ਤ ਸ਼ਬਦਾਂ ’ਚ ਪੁੱਛਿਆ, ‘‘ਪਿਛਲੇ ਅੱਠ ਮਹੀਨਿਆਂ ’ਚ ਇਨ੍ਹਾਂ ਗਰੋਹਾਂ ਦੇ ਉਭਰਨ ਬਾਰੇ 20 ਰਿਪੋਰਟਾਂ ਮਿਲੀਆਂ ਹਨ ਤੇ ਕਈਆਂ ਵਿੱਚ ਰਿਮੋਟ ਕੰਟਰੋਲ ਅਤੇ ਮਨੁੱਖੀ ਬੰਬ ਦੀ ਵਰਤੋਂ ਕਰਨ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ, ਦੱਸੋ ਇਸ ਬਾਰੇ ਕੀ ਕੀਤਾ ਗਿਆ ਹੈ।’’

ਕਿਤਾਬ ’ਚ ਕੁਝ ਹੋਰ ਦਿਲਚਸਪ ਗੱਲਾਂ ਵੀ ਹਨ: ਇੱਕ ਵਾਰ ਇੰਦਰਾ ਗਾਂਧੀ ਦੀ ਹਾਜ਼ਰੀ ’ਚ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਬੇਅੰਤ ਸਿੰਘ ਦੀ ਵੱਖੀ ’ਚ ਬੜੀ ਜ਼ੋਰ ਦੀ ਕੂਹਣੀ ਮਾਰੀ, ਜਿਸ ਨਾਲ ਬੇਅੰਤ ਸਿੰਘ ਦੂਹਰੇ ਹੋ ਗਏ ਪਰ ਪਤਾ ਨਹੀਂ ਲੱਗਣ ਦਿੱਤਾ। ਅਲਾਹਾਬਾਦ ’ਚ ਬੇਅੰਤ ਸਿੰਘ ਦੀਆਂ ਅਸਥੀਆਂ ਜਲ-ਪ੍ਰਵਾਹ ਸਮੇਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਤਾਇਨਾਤ ਮੋਟਰਬੋਟ ਦਾ ਚੱਲਣ ਸਾਰ ਹੀ ਤੇਲ ਖ਼ਤਮ ਹੋ ਗਿਆ। ਉਸ ਕਤਲ ਲਈ ਜ਼ਿੰਮੇਵਾਰ ਕਿਸੇ ਇੱਕ ਅਧਿਕਾਰੀ ਜਾਂ ਸਿਪਾਹੀ ਨੂੰ ਵੀ ਬਰਖਾਸਤ ਨਹੀਂ ਕੀਤਾ ਗਿਆ। ਬੇਅੰਤ ਸਿੰਘ ਦੀ ਵਿਧਵਾ ਸ੍ਰੀਮਤੀ ਜਸਵੰਤ ਕੌਰ ਨੇ ਗਿੱਲ ਉੱਪਰ ਸ਼ੱਕ ਪ੍ਰਗਟਾਉਂਦਿਆਂ ਜਾਂਚ ਕਰਵਾਉਣ ਲਈ ਕਿਹਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

ਬੇਅੰਤ ਸਿੰਘ ਸਮੇਂ ਹਾਲਾਤ ਇਸ ਕਦਰ ਖ਼ਰਾਬ ਹੋ ਗਏ ਸਨ ਕਿ ਕਈ ਉਦਯੋਗਪਤੀਆਂ ਨੇ ਖਾੜਕੂਆਂ ਤੋਂ ਡਰਦਿਆਂ ਦਾੜ੍ਹੀਆਂ ਹੀ ਵਧਾ ਲਈਆਂ ਸਨ ਤਾਂ ਕਿ ਪਛਾਣੇ ਨਾ ਜਾ ਸਕਣ। ਕਈ ਅਕਾਲੀ ਤੇ ਹੋਰ ਲੀਡਰ ਬੇਅੰਤ ਸਿੰਘ ਨੂੰ ਭੇਸ ਬਦਲ ਕੇ ਵੀ ਮਿਲਦੇ ਰਹੇ। ਅਕਾਲੀ ਅਤਿਵਾਦ ਤਾਂ ਖ਼ਤਮ ਕਰਨਾ ਚਾਹੁੰਦੇ ਸਨ ਪਰ ਸਾਹਮਣੇ ਆ ਕੇ ਇਹ ਕਹਿਣ ਤੋਂ ਉਨ੍ਹਾਂ ਗੁਰੇਜ਼ ਕੀਤਾ।

ਕਾਂਗਰਸ ਵਿਚਲੀ ਧੜੇਬੰਦੀ ਦੇ ਬੜੇ ਕਿੱਸੇ ਹਨ: ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਦਰਮਿਆਨ ਧੜੇਬੰਦੀ, ਕੈਪਟਨ ਅਮਰਿੰਦਰ ਸਿੰਘ ਤੇ ਲਾਲ ਸਿੰਘ ਦਰਮਿਆਨ ਗੁੱਟਬੰਦੀ। ਮਾਰਕ ਟੱਲੀ ਤੇ ਸਤੀਸ਼ ਜੈਕਬ ਦੀ ਕਿਤਾਬ ‘ਅੰਮ੍ਰਿਤਸਰ: ਮਿਸਿਜ਼ ਗਾਂਧੀਜ਼ ਲਾਸਟ ਬੈਟਲ’ ਸਪੱਸ਼ਟ ਕਰਦੀ ਹੈ ਕਿ ਪੰਜਾਬ ਨੂੰ ਕਾਲ਼ੇ ਦੌਰ ’ਚ ਧੱਕਣ ਲਈ ਕਾਂਗਰਸੀਆਂ ਦੀ ਧੜੇਬੰਦੀ ਤੇ ਅਕਾਲੀਆਂ ਦੀ ਦੋਗਲ਼ੀ ਨੀਤੀ ਜ਼ਿੰਮੇਵਾਰ ਹੈ।

ਬੇਅੰਤ ਸਿੰਘ ਨੂੰ ਗਰਮ-ਖ਼ਿਆਲੀ ਧੜਿਆਂ ਵੱਲੋਂ ਕਈ ਲਕਬਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਖਾੜਕੂ ਇਹ ਮੰਨ ਚੁੱਕੇ ਸਨ ਕਿ ਬੇਅੰਤ ਸਿੰਘ ਦੇ ਸਮੇਂ ’ਚ ਕਥਿਤ ਪੁਲੀਸ ਮੁਕਾਬਲਿਆਂ ’ਚ ਪੰਜਾਬੀ ਗੱਭਰੂਆਂ ਦੇ ਕਤਲਾਂ ਲਈ ਮੁੱਖ ਮੰਤਰੀ ਹੀ ਜ਼ਿੰਮੇਵਾਰ ਸੀ। ਪੁਲੀਸ ਮੁਕਾਬਲਿਆਂ ’ਚ ਮਾਰੇ ਗਏ ਅਣਪਛਾਤੇ ਨੌਜਵਾਨਾਂ ਦੀਆਂ 25000 ਲਾਸ਼ਾਂ ਦਾ ਰਿਕਾਰਡ ਇਕੱਠਾ ਕਰਕੇ ਪੁਲੀਸ ਨੂੰ ਗੰਭੀਰ ਚੁਣੌਤੀ ਦੇਣ ਵਾਲੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਅਚਾਨਕ ਗਾਇਬ ਹੋ ਜਾਣਾ ਤੇ ਅੱਜ ਤੱਕ ਵੀ ਉਸ ਦੀ ਲਾਸ਼ ਦੀ ਕੋਈ ਉੱਘ-ਸੁੱਘ ਨਾ ਨਿਕਲਣ ਦਾ ਦੋਸ਼ ਵੀ ਪੰਜਾਬ ਪੁਲੀਸ ’ਤੇ ਹੀ ਲਗਦਾ ਆ ਰਿਹਾ ਹੈ ਜੋ ਪੁਲੀਸ ਦੀਆਂ ਆਪਹੁਦਰੀਆਂ ਦੀ ਇੱਕ ਵੱਡੀ ਮਿਸਾਲ ਹੈ। ਜਦੋਂ ਖਾਲੜਾ ਸੱਤ ਸਤੰਬਰ 1995 ਨੂੰ ‘ਗਾਇਬ’ ਹੋਇਆ ਉਸ ਵਕਤ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਸਨ। ਖਾਲੜਾ ਨੂੰ ਬੇਅੰਤ ਸਿੰਘ ਦੇ ਕਤਲ ਤੋਂ ਮਹਿਜ਼ ਛੇ ਦਿਨਾਂ ਮਗਰੋਂ ਹੀ ਪੁਲੀਸ ਨੇ ਕਥਿਤ ਤੌਰ ’ਤੇ ਅਗਵਾ ਕਰਕੇ ‘ਗਾਇਬ’ ਕਰ ਦਿੱਤਾ ਸੀ। ਬਾਅਦ ’ਚ ਇਹ ਖ਼ਬਰਾਂ ਵੀ ਆਈਆਂ ਕਿ ਖਾਲੜਾ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਤੇ ਉਸ ਦੀ ਲਾਸ਼ ਨੂੰ ਹਰੀਕੇ ਪੱਤਣ ’ਚ ਵਹਾਅ ਦਿੱਤਾ ਗਿਆ।

ਪੁਸਤਕ ਵਿਚਲਾ ਅਧਿਆਏ ‘ਮਨੁੱਖੀ ਹੱਕਾਂ ਦਾ ਰਖਵਾਲਾ’ ਲੇਖਕ ਦੀ ਉਸ ਕੋਸ਼ਿਸ਼ ਦਾ ਹਿੱਸਾ ਲਗਦਾ ਹੈ ਜਿਸ ’ਚ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਲੋਕਾਂ ’ਚ ਬੇਅੰਤ ਸਿੰਘ ਬਾਰੇ ਭੁਲੇਖਿਆਂ ਦੀ ਧੂੜ ਜ਼ਿਆਦਾ ਉਡਾਈ ਗਈ ਹੈ। ਲੇਖਕ ਅਨੁਸਾਰ ਬੇਅੰਤ ਸਿੰਘ ਸਾਦਾ ਖਾਣਾ ਖਾਣ ਦੇ ਸ਼ੌਕੀਨ ਸਨ ਤੇ ਰੋਜ਼ ਸਵੇਰੇ ਇਸ਼ਨਾਨ ਕਰਨ ਮਗਰੋਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਦੇ ਸਨ। ਉਨ੍ਹਾਂ ਸਰਕਾਰੀ ਕੋਠੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਣ ਬਣਾਇਆ ਹੋਇਆ ਸੀ। ਉਹ ਹਰ ਵੇਲੇ ਆਪਣੇ ਨਾਲ ਸ੍ਰੀ ਜਪੁਜੀ ਸਾਹਿਬ ਦਾ ਗੁਟਕਾ ਰੱਖਦੇ ਸਨ। ਉਹ ਸ਼ਾਇਰੀ ਦੇ ਵੀ ਸ਼ੌਕੀਨ ਸਨ। ਲੇਖਕ ਅਨੁਸਾਰ ਪੰਜਾਬ ’ਚ ਹੁੰਦੀ ਕਤਲੋ-ਗ਼ਾਰਤ ਕਾਰਨ ਮੁੱਖ ਮੰਤਰੀ ਬੇਚੈਨ ਹੋ ਜਾਂਦੇ ਸਨ ਤੇ ਉਨ੍ਹਾਂ ਨੂੰ ਰਾਤੀਂ ਨੀਂਦ ਨਹੀਂ ਸੀ ਆਉਂਦੀ।

ਹੁਣ ਇਹ ਪਾਠਕਾਂ ਉੱਪਰ ਨਿਰਭਰ ਹੈ ਕਿ ਉਹ ਇਸ ਕਿਤਾਬ ਵਿਚਲੇ ਬਿਰਤਾਂਤ ਨੂੰ ਕਿਸ ਕਸਵੱਟੀ ’ਤੇ ਪਰਖ ਕੇ ਬੇਅੰਤ ਸਿੰਘ ਬਾਰੇ ਉਜਾਗਰ ਸਿੰਘ ਵੱਲੋਂ ਲਿਖੇ ‘ਅਸਲ ਸੱਚ’ ਦਾ ਨਿਪਟਾਰਾ ਕਰਦੇ ਹਨ। ਫਿਰ ਵੀ ਇਹ ਕਿਤਾਬ ਖਾੜਕੂਵਾਦ ਦੇ ਉਸ ਕਾਲ਼ੇ ਦੌਰ ਦਾ ਅਜਿਹਾ ਦਸਤਾਵੇਜ਼ ਹੈ, ਜਿਸ ’ਚ ਬਹੁਤ ਸਾਰੇ ਤੱਥ ਭਵਿੱਖ ਦੀਆਂ ਪੀੜ੍ਹੀਆਂ ਲਈ ਇਤਿਹਾਸ ਨੂੰ ਸਮਝਣ ਦਾ ਸਰੋਤ ਬਣਨਗੇ।

* ਸਾਬਕਾ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ।

ਸੰਪਰਕ: 94178-01988

Advertisement
Show comments