ਕਵਿਤਾ ਦੇ ਅਨੁਵਾਦ ਦੀਆਂ ਮੂਲ ਸਮੱਸਿਆਵਾਂ
ਡਾ. ਜੱਜ ਸਿੰਘ
ਇਹ ਗੱਲ ਸੱਚ ਹੈ ਕਿ ਕਵਿਤਾ ਵਿੱਚ ਕਥਨ ਦਾ ਅਨੁਵਾਦ ਜਿਉਂ ਦਾ ਤਿਉਂ ਕਰਨਾ ਸੰਭਵ ਨਹੀਂ ਹੈ। ਇੱਥੇ ਇਹ ਗੱਲ ਸਮਝਣਯੋਗ ਹੈ ਕਿ ਮੂਲ ਅਤੇ ਅਨੁਵਾਦ ਦੋਵੇਂ ਇੱਕ ਚੀਜ਼ ਨਹੀਂ ਹਨ। ਇਨ੍ਹਾਂ ਵਿੱਚ ਅੰਤਰ ਹੈ ਅਤੇ ਇਹ ਅੰਤਰ ਹੋਣਾ ਜ਼ਰੂਰੀ ਵੀ ਹੈ। ਜਦੋਂ ਇਹ ਇੱਕ ਸਮਾਨ ਨਹੀਂ ਹਨ ਤਾਂ ਇਹ ਸਵਾਲ ਨਹੀਂ ਉੱਠਣਾ ਚਾਹੀਦਾ ਕਿ ਕਵਿਤਾ ਦਾ ਅਨੁਵਾਦ ਨਹੀਂ ਹੋ ਸਕਦਾ। ਕਾਵਿ ਅਨੁਵਾਦ ਜੇਕਰ ਮੂਲ ਦੇ ਸਮਾਨ ਨਹੀਂ ਹੁੰਦਾ ਤਾਂ ਉਸ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਹੁੰਦਾ ਹੈ। ਵੈਸੇ ਤਾਂ ਸਾਹਿਤ ਦੀ ਕਿਸੇ ਵਿਧਾ ਦਾ ਵੀ ਅਨੁਵਾਦ ਕਰਨਾ ਸੌਖਾ ਕੰਮ ਨਹੀਂ, ਪਰ ਕਵਿਤਾ ਦਾ ਅਨੁਵਾਦ ਦੂਜੀਆਂ ਵਿਧਾਵਾਂ ਦੇ ਮੁਕਾਬਲੇ ਜ਼ਿਆਦਾ ਕਠਿਨ ਹੈ। ਕਵਿਤਾ ਵਿੱਚ ਕੁਝ ਅਜਿਹੇ ਤੱਥ ਹੁੰਦੇ ਹਨ ਜੋ ਦੂਜੀਆਂ ਰਚਨਾਵਾਂ ਵਿੱਚ ਨਹੀਂ ਹੁੰਦੇ। ਇਨ੍ਹਾਂ ਨੂੰ ਅਨੁਵਾਦ ਕਰਨਾ ਕਾਫ਼ੀ ਔਖਾ ਹੁੰਦਾ ਹੈ। ਕਾਵਿ ਅਨੁਵਾਦ ਦੇ ਕੁਝ ਅਜਿਹੇ ਹੀ ਤੱਥਾਂ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ।
ਵਸਤੂ ਅਤੇ ਅਭਿਵਿਅਕਤੀ ਦੋਵੇਂ ਹੀ ਪਾਠਕ ਜਾਂ ਸਰੋਤੇ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹਨ। ਵਸਤੂ ਦੀ ਵਸ਼ਿਸ਼ਟਤਾ ਚੰਗੀ ਵਸਤੂ ਸਮੱਗਰੀ ਉੱਤੇ ਨਿਰਭਰ ਹੁੰਦੀ ਹੈ। ਇੱਕ ਭਾਸ਼ਾ ਵਸਤੂ ਨੂੰ ਦੂਜੀ ਭਾਸ਼ਾ ਵਸਤੂ ਵਿੱਚ ਉਸੇ ਤਾਲਮੇਲ ਵਿੱਚ ਨਹੀਂ ਬਿਠਾਇਆ ਜਾ ਸਕਦਾ ਅਤੇ ਨਾ ਹੀ ਇੱਕ ਭਾਸ਼ਾ ਦੀ ਵਸਤੂ ਸਮੱਗਰੀ ਅਤੇ ਅਭਿਵਿਅਕਤੀ ਦਾ ਦੂਜੀ ਭਾਸ਼ਾ ਵਿੱਚ ਉਹੋ ਜਿਹਾ ਪ੍ਰਭਾਵ ਉਤਪੰਨ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਕਵਿਤਾ ਦੇ ਅਨੁਵਾਦ ਸਮੇਂ ਮੂਲ ਭਾਸ਼ਾ ਦੇ ਕੁਝ ਕਾਵਿ ਤੱਥ ਛੁੱਟ ਜਾਂਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਕਾਵਿ ਅਨੁਵਾਦ ਸਮੇਂ ਕੁਝ ਅਜਿਹੇ ਤੱਥ ਜੁੜ ਵੀ ਜਾਂਦੇ ਹਨ ਜਿਹੜੇ ਮੂਲ ਭਾਸ਼ਾ ਦੇ ਪਾਠ ਵਿੱਚ ਹੁੰਦੇ ਹੀ ਨਹੀਂ। ਕਈ ਵਿਚਾਰਵਾਨ ਇਸ ਨੂੰ ਜ਼ਰੂਰੀ ਵੀ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਹ ਘਾਟ ਪੂਰੀ ਹੋ ਜਾਂਦੀ ਹੈ ਜਿਹੜੀ ਕੁਝ ਛੁੱਟ ਜਾਣ ਜਾਂ ਰਹਿ ਜਾਣ ਕਰਕੇ ਪੈਦਾ ਹੁੰਦੀ ਹੈ। ਅਸਲੀਅਤ ਇਹ ਹੈ ਕਿ ਕਾਵਿ ਅਨੁਵਾਦ ਵਿੱਚ ‘ਕੁਝ’ ਜੋੜਨ ਨਾਲ ਜਾਨ ਤਾਂ ਆ ਜਾਂਦੀ ਹੈ ਪਰ ਅਜਿਹਾ ਅਨੁਵਾਦ ਮੂਲ ਤੋਂ ਹੋਰ ਦੂਰ ਹੋ ਜਾਂਦਾ ਹੈ ਕਿਉਂਕਿ ਜੋ ਤੱਤ ਜੋੜੇ ਜਾਂਦੇ ਹਨ ਉਹ ਉਹੀ ਨਹੀਂ ਹੁੰਦੇ ਜੋ ਛੁੱਟ ਗਏ ਹੁੰਦੇ ਹਨ। ਇਹ ਕਿਸੇ ਨਾ ਕਿਸੇ ਰੂਪ ਵਿੱਚ ਮੂਲ ਤੋਂ ਭਿੰਨ ਹੁੰਦੇ ਹਨ। ਮੰਨ ਲਓ ਕ ਮੂਲ ਕਵਿਤਾ, ਖ ਅਨੁਵਾਦ ਵਿੱਚ ਛੁੱਟ ਗਏ ਤੱਤ, ਗ ਅਨੁਵਾਦ ਦੁਆਰਾ ਜੋੜੇ ਗਏ ਨਵੇਂ ਤੱਤ। ਸਪਸ਼ਟ ਹੈ ਕਿ ਇੱਥੇ ਖ, ਕ ਦੇ ਵਧੇਰੇ ਨੇੜੇ ਅਤੇ ਗ, ਕ ਤੋਂ ਵਧੇਰੇ ਦੂਰ ਚਲਾ ਗਿਆ ਹੈ। ਜੇ ਕੁਝ ਛੁੱਟ ਜਾਣ ਨਾਲ ਅਨੁਵਾਦ ਮੂਲ ਤੋਂ ਦੂਰ ਚਲਾ ਜਾਂਦਾ ਹੈ ਤਾਂ ਕੁਝ ਜੋੜਨ ਨਾਲ ਉਹ ਮੂਲ ਤੋਂ ਹੋਰ ਵੀ ਦੂਰ ਚਲਾ ਜਾਂਦਾ ਹੈ। ਜੋੜਨ ਨਾਲ ਕੀਤਾ ਗਿਆ ਅਨੁਵਾਦ ਅਸਲ ਵਿੱਚ ਇੱਕ ਨਵੀਂ ਰਚਨਾ ਵਰਗਾ ਪ੍ਰਤੀਤ ਹੋਣ ਲੱਗਦਾ ਹੈ।
ਕਵੀ ਕਾਵਿ ਰਚਨਾ ਸਮੇਂ ਬੜੇ ਪ੍ਰਭਾਵਸ਼ੀਲ ਅਤੇ ਚੋਣਵੇਂ ਸ਼ਬਦਾਂ ਦੀ ਰਚਨਾ ਕਰਦਾ ਹੈ। ਕਈ ਵਾਰ ਕਵੀ ਦੇ ਅਜਿਹੇ ਚੋਣਵੇਂ ਸ਼ਬਦਾਂ ਦਾ ਕੋਸ਼ੀ ਅਰਥ ਕੁਝ ਹੋਰ ਅਤੇ ਉਚਾਰਨ ਦੌਰਾਨ ਜਾਂ ਸੰਦਰਭ ਦੌਰਾਨ ਕੁਝ ਹੋਰ ਅਰਥ ਬਣ ਜਾਂਦੇ ਹਨ। ਕੋਸ਼ੀ ਅਤੇ ਉਚਾਰਨ ਅਰਥ ਕਵਿਤਾ ਵਿੱਚ ਖ਼ਾਸ ਤਰ੍ਹਾਂ ਦੀ ਗਤੀਸ਼ੀਲਤਾ ਪੈਦਾ ਕਰਦੇ ਹਨ। ਕਿਸੇ ਮੂਲ ਕਾਵਿ ਦਾ ਅਨੁਵਾਦਕ ਸਿਰਫ਼ ਕੋਸ਼ੀ ਅਰਥ ਹੀ ਦੇ ਸਕਦਾ ਹੁੰਦਾ ਹੈ ਉਚਾਰਨ ਜਾਂ ਸੰਦਰਭ ਪੱਧਰ ਤੱਕ ਅਨੁਵਾਦਕ ਦੀ ਪਹੁੰਚ ਸੰਭਵ ਨਹੀਂ ਹੁੰਦੀ। ਹਰੇਕ ਭਾਸ਼ਾ ਵਿੱਚ ਇਹੋ ਜਿਹੇ ਹਜ਼ਾਰਾਂ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਉਚਾਰਨ ਜਾਂ ਸੰਦਰਭ ਨਾਲ ਸਬੰਧ ਹੁੰਦਾ ਹੈ। ਮੰਨ ਲਓ ਪੰਜਾਬੀ ਦੀ ਕਿਸੇ ਕਵਿਤਾ ਵਿੱਚ ਬਿਜਲੀ ਸ਼ਬਦ ਆਇਆ ਹੈ। ਪੰਜਾਬੀ ਵਿੱਚ ਬਿਜਲੀ ਤੇਜ਼ੀ, ਤਰਲਤਾ ਦੇ ਸੰਦਰਭ ਵਿੱਚ ਉਚਰਿਤ ਹੁੰਦਾ ਹੈ। ਜੇਕਰ ਇਸ ਦੀ ਜਗ੍ਹਾ ਅੰਗਰੇਜ਼ੀ ਦੇ Thunder ਜਾਂ Thunderbolt ਰੱਖੀਏ ਤਾਂ ਇਸ ਦੇ ਅਰਥ ਕ੍ਰਮਵਾਰ ਕੜਕ ਜਾਂ ਲਾਈਨਿੰਗ ਬਣਨਗੇ। ਇਸ ਤਰ੍ਹਾਂ ਇਹ ਕਿਸੇ ਵੀ ਤਰ੍ਹਾਂ ਪੰਜਾਬੀ ਸ਼ਬਦ ਬਿਜਲੀ ਦੇ ਸਮਾਨਾਰਥਕ ਰੂਪ ਨਹੀਂ ਬਣਦੇ। ਇਸ ਦਾ ਸਿੱਟਾ ਇਹ ਨਿਕਲਿਆ ਕਿ ਜੇਕਰ ਅਨੁਵਾਦਕ ਬਿਜਲੀ ਲਈ ਕੜਕ ਜਾਂ ਲਾਇਨਿੰਗ ਸ਼ਬਦ ਵਰਤੇਗਾ ਤਾਂ ਕਵਿਤਾ ਜਾਂ ਸ਼ਬਦ ਦੀ ਭਾਵਨਾ ਮਰ ਜਾਵੇਗੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹਰੇਕ ਭਾਸ਼ਾ ਦੇ ਸ਼ਬਦਾਂ ਦਾ ਆਪਣਾ ਅਰਥ ਬਿੰਬ ਹੁੰਦਾ ਹੈ ਜਿਹੜਾ ਸੱਭਿਆਚਾਰਕ, ਭੂਗੋਲਿਕ, ਸਮਾਜਿਕ ਪਿੱਠਭੂਮੀ ਵਿੱਚ ਖ਼ਾਸ ਤਰ੍ਹਾਂ ਦੇ ਅਰਥ ਗ੍ਰਹਿਣ ਕਰਦਾ ਹੈ। ਇਸ ਲਈ ਦੂਸਰੀ ਭਾਸ਼ਾ ਵਿੱਚ (ਜਿਸ ਵਿੱਚ ਅਨੁਵਾਦ ਕੀਤਾ ਜਾਂਦਾ ਹੈ) ਉਹੀ ਸ਼ਬਦ ਬਰਾਬਰ ਅਰਥ-ਬਿੰਬ ਨਹੀਂ ਚਿੱਤਰ ਸਕਦਾ।
ਕਵਿਤਾ ਦੀ ਭਾਸ਼ਾ ਅਲੰਕਾਰ ਪ੍ਰਧਾਨ ਹੁੰਦੀ ਹੈ। ਇੱਕ ਭਾਸ਼ਾ ਦੇ ਅਲੰਕਾਰਾਂ ਨੂੰ ਦੂਜੀ ਭਾਸ਼ਾ ਵਿੱਚ ਠੀਕ ਠੀਕ ਪੇਸ਼ ਕਰਨਾ ਔਖਾ ਹੁੰਦਾ ਹੈ। ਕਈ ਵਾਰ ਤਾਂ ਇਹ ਅਸੰਭਵ ਵੀ ਬਣ ਜਾਂਦਾ ਹੈ। ਅਰਥ ਅਲੰਕਾਰ ਅਤੇ ਸ਼ਬਦ ਅਲੰਕਾਰ ਨੂੰ ਅਨੁਵਾਦ ਕਰਨ ਦਾ ਕਾਰਜ ਅਨੁਵਾਦਕ ਅੱਗੇ ਵੱਡਾ ਅੜਿੱਕਾ ਬਣ ਜਾਂਦਾ ਹੈ। ਪੰਜਾਬੀ ਵਿੱਚ ਆਮ ਵਰਤਿਆ ਜਾਣ ਵਾਲਾ ਮੁਹਾਵਰਾ ਮੈਂ ਉਸ ਨੂੰ ਉੱਲੂ ਬਣਾਇਆ, ਇੱਥੇ ਉੱਲੂ ਮੂਰਖਤਾ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਇਸ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਸਮੇਂ Owl ਦੇ ਰੂਪ ਵਿੱਚ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਅੰਗਰੇਜ਼ੀ ਵਿੱਚ ਉੱਲੂ ਨੂੰ ਬੁੱਧੀਮਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਅਨੁਪ੍ਰਾਸ ਅਲੰਕਾਰ ਨੂੰ ਦੂਜੀ ਭਾਸ਼ਾ ਵਿੱਚ ਅਨੁਵਾਦਿਤ ਕਰਨਾ ਤਾਂ ਹੋਰ ਵੀ ਕਠਿਨ ਕਾਰਜ ਬਣ ਜਾਂਦਾ ਹੈ।
ਕਵਿਤਾ ਛੰਦਬੱਧ ਵੀ ਹੁੰਦੀ ਹੈ ਅਤੇ ਛੰਦ ਰਹਿਤ ਵੀ। ਛੰਦਬੱਧ ਕਵਿਤਾ ਦੀ ਆਪਣੀ ਗਤੀ ਅਤੇ ਪ੍ਰਭਾਵ ਹੁੰਦਾ ਹੈ। ਭਾਸ਼ਾਵਾਂ ਵਿੱਚ ਛੰਦਾਂ ਦਾ ਵੱਖਰਾ ਵੱਖਰਾ ਵਿਧਾਨ ਹੁੰਦਾ ਹੈ। ਭਾਰਤੀ ਭਾਸ਼ਾਵਾਂ ਵਿੱਚ ਛੰਦ ਵੱਖਰੀ ਤਰ੍ਹਾਂ ਦੇ ਹਨ, ਫ਼ਾਰਸੀ ਵਿੱਚ ਵੱਖਰੀ ਤਰ੍ਹਾਂ ਦੇ ਅਤੇ ਯੂਰਪੀਅਨ ਭਾਸ਼ਾਵਾਂ ਵਿੱਚ ਵੱਖਰੀ ਤਰ੍ਹਾਂ ਦੇ। ਇਸ ਤਰ੍ਹਾਂ ਦੀ ਸਥਿਤੀ ਵਿੱਚ ਅਨੁਵਾਦਕ ਕੋਲ ਦੋ ਹੀ ਰਸਤੇ ਹੁੰਦੇ ਹਨ। ਪਹਿਲਾ ਕਿ ਉਹ ਲਕਸ਼ ਭਾਸ਼ਾ ਦੇ ਛੰਦ ਵਿਧਾਨ ਅਨੁਸਾਰ ਅਨੁਵਾਦ ਕਰੇ, ਪਰ ਅਜਿਹਾ ਕਰਨ ਨਾਲ ਸਰੋਤ ਭਾਸ਼ਾ ਦੇ ਛੰਦ ਦਾ ਸਾਰਾ ਪ੍ਰਭਾਵ ਖ਼ਤਮ ਹੋ ਜਾਵੇਗਾ। ਦੂਜਾ ਕਿ ਉਹ ਸਰੋਤ ਭਾਸ਼ਾ ਦੇ ਛੰਦ ਜਿਉਂ ਦਾ ਤਿਉਂ ਅਨੁਵਾਦ ਕਰ ਲਏ। ਸਮੱਸਿਆ ਇਹ ਹੈ ਕਿ ਸਰੋਤ ਭਾਸ਼ਾ ਦੇ ਛੰਦ ਨੂੰ ਜਿਉਂ ਦਾ ਤਿਉਂ ਅਨੁਵਾਦ ਕਰਨਾ ਵੀ ਆਸਾਨ ਨਹੀਂ। ਫਿਰ ਵੀ ਜੇਕਰ ਅਨੁਵਾਦ ਕਰ ਲਿਆ ਜਾਵੇ ਤਾਂ ਉਸ ਛੰਦ ਦਾ ਜੋ ਪਰੰਪਰਾਗਤ ਪ੍ਰਭਾਵ ਸਰੋਤ ਭਾਸ਼ਾ ਦੇ ਬੁਲਾਰਿਆਂ ’ਤੇ ਪੈਂਦਾ ਆ ਰਿਹਾ ਹੈ, ਉਹ ਲਕਸ਼ ਭਾਸ਼ਾ ਦੇ ਬੁਲਾਰਿਆਂ ’ਤੇ ਨਹੀਂ ਪੈ ਸਕਦਾ।
ਕਾਵਿ ਅਨੁਵਾਦ ਖ਼ਾਸ ਕਰਕੇ ਕਵੀ ਹੀ ਕਰਦੇ ਹਨ ਕਿਉਂਕਿ ਕਵੀ ਹਿਰਦਾ ਹੀ ਕਾਵਿ-ਅਨੁਵਾਦ ਨਾਲ ਨਿਆਂ ਕਰ ਸਕਦਾ ਹੈ। ਦੂਜੇ ਅਨੁਵਾਦਾਂ ਦੇ ਮੁਕਾਬਲੇ ਕਾਵਿ ਅਨੁਵਾਦ ਇਸ ਕਰਕੇ ਵੀ ਭਿੰਨ ਹੁੰਦਾ ਹੈ ਕਿਉਂਕਿ ਕਾਵਿ ਅਨੁਵਾਦ ਇੱਕ ਤਰ੍ਹਾਂ ਦੀ ਪੁਨਰ ਰਚਨਾ ਹੁੰਦੀ ਹੈ। ਕਾਵਿ ਅਨੁਵਾਦ ਮੂਲ ਕਵਿਤਾ ਦਾ ਨਵਾਂ ਸੰਸਕਰਨ ਹੁੰਦਾ ਹੈ। ਜੇਕਰ ਕੁਝ ਅਨੁਵਾਦਕ ਕਹਾਣੀ, ਨਾਟਕ, ਨਾਵਲ, ਵਾਰਤਕ ਦਾ ਅਨੁਵਾਦ ਕਰਨ ਤਾਂ ਉਨ੍ਹਾਂ ਦੇ ਅਨੁਵਾਦ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਫ਼ਰਕ ਹੁੰਦਿਆਂ ਵੀ ਉਨ੍ਹਾਂ ਦਾ ਅਨੁਵਾਦ ਇੱਕ ਕੇਂਦਰ ਦੁਆਲੇ ਹੀ ਕੇਂਦਰਤ ਹੁੰਦਾ ਹੈ, ਪਰ ਕਵਿਤਾ ਵਿੱਚ ਅਜਿਹਾ ਨਹੀਂ ਹੁੰਦਾ। ਇੱਕੋ ਕਵਿਤਾ ਦਾ ਅਨੁਵਾਦ ਵੱਖ ਵੱਖ ਅਨੁਵਾਦਕ ਅਲੱਗ ਅਲੱਗ ਕਰਨਗੇ। ਅਜਿਹਾ ਇਸ ਲਈ ਵਾਪਰਦਾ ਹੈ ਕਿਉਂਕਿ ਕਾਵਿ ਅਨੁਵਾਦ ਪੁਨਰ ਰਚਨਾ ਹੁੰਦੀ ਹੈ। ਕਾਵਿ ਅਨੁਵਾਦਕ ਦੀ ਆਪਣੀ ਸ਼ਖ਼ਸੀਅਤ ਵੀ ਬੜੀ ਪ੍ਰਭਾਵੀ ਹੁੰਦੀ ਹੈ। ਕਾਵਿ ਅਨੁਵਾਦ ਵਿੱਚ ਇਸ ਦੀ ਸਪਸ਼ਟ ਝਲਕ ਦੇਖਣ ਨੂੰ ਮਿਲ ਜਾਂਦੀ ਹੈ। ਇਹੀ ਕਾਰਨ ਹੈ ਕਿ ਕਾਵਿ ਅਨੁਵਾਦ ਇੱਕ ਵਿਅਕਤੀ ਦਾ ਦੂਜੇ ਨਾਲੋਂ ਵੱਖ ਹੁੰਦਾ ਹੈ।
ਕਾਵਿ ਅਨੁਵਾਦ ਦੀਆਂ ਕਠਿਨਾਈਆਂ ਸਾਰੇ ਅਨੁਵਾਦਾਂ ਵਿੱਚ ਇੱਕੋ ਜਿਹੀਆਂ ਨਹੀਂ ਹੁੰਦੀਆਂ। ਉਪਰੋਕਤ ਸਮੱਸਿਆਵਾਂ ਉਦੋਂ ਹੀ ਅਨੁਵਾਦਕ ਨੂੰ ਪੇਸ਼ ਆਉਂਦੀਆਂ ਹਨ ਜਦੋਂ ਸਰੋਤ ਭਾਸ਼ਾ ਅਤੇ ਲਕਸ਼ ਭਾਸ਼ਾ ਵਿੱਚ ਸੱਭਿਆਚਾਰਕ, ਭਾਸ਼ਾ ਪਰਿਵਾਰਕ ਅਤੇ ਕਾਲਿਕ ਅੰਤਰ ਹੋਵੇ। ਜੇਕਰ ਅਜਿਹਾ ਅੰਤਰ ਨਾ ਹੋਵੇ ਤਾਂ ਅਨੁਵਾਦ ਸਮੱਸਿਆਵਾਂ ਬਹੁਤ ਘਟ ਜਾਂਦੀਆਂ ਹਨ। ਕਦੇ ਕਦੇ ਤਾਂ ਅਨੁਵਾਦ ਮੂਲ ਭਾਸ਼ਾ ਦੇ ਬਰਾਬਰ ਹੀ ਪ੍ਰਤੀਤ ਹੋਣ ਲੱਗਦਾ ਹੈ। ਫ਼ਰਾਂਸੀਸੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਵਿੱਚ ਜੋ ਸਮੱਸਿਆ ਹੋਵੇਗੀ ਉਸ ਦੀ ਤੁਲਨਾ ਵਿੱਚ ਅੰਗਰੇਜ਼ੀ ਅਨੁਵਾਦ ਕਰਨ ਵਿੱਚ ਬਹੁਤ ਘੱਟ ਹੋਵੇਗੀ। ਇਸੇ ਤਰ੍ਹਾਂ ਹਿੰਦੀ ਤੋਂ ਪੰਜਾਬੀ ਜਾਂ ਪੰਜਾਬੀ ਤੋਂ ਹਿੰਦੀ ਅਨੁਵਾਦ ਵਿੱਚ ਬਹੁਤ ਘੱਟ ਹੋਵੇਗੀ ਕਿਉਂਕਿ ਇਨ੍ਹਾਂ ਭਾਸ਼ਾਵਾਂ ਵਿੱਚ ਪਰਿਵਾਰਕ ਸਾਂਝ ਹੈ।
ਆਮ ਬੋਲਚਾਲੀ ਭਾਸ਼ਾ ਦਾ ਅਨੁਵਾਦ ਕਰਨਾ ਸੌਖਾ ਹੀ ਹੁੰਦਾ ਹੈ ਪਰ ਕਾਵਿ ਭਾਸ਼ਾ ਆਪਣੀ ਅਰਥ ਸੰਰਚਨਾ ਵਿੱਚ ਬਹੁਤ ਜਟਿਲ ਹੁੰਦੀ ਹੈ। ਇਹ ਜਟਿਲ ਭਾਸ਼ਾ ਹੀ ਕਾਵਿ ਭਾਸ਼ਾ ਦੀ ਸੁੰਦਰਤਾ ਹੁੰਦੀ ਹੈ। ਇਸ ਦੇ ਨਾਲ ਇਹ ਜਟਿਲਤਾ ਹੀ ਕਾਵਿ ਅਨੁਵਾਦ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਜਿਨ੍ਹਾਂ ਕਾਵਿ ਉਕਤੀਆਂ ਦੀ ਅਰਥ ਸੰਰਚਨਾ ਜ਼ਿਆਦਾ ਜਟਿਲ ਹੁੰਦੀ ਹੈ, ਉਨ੍ਹਾਂ ਦਾ ਕਾਵਿ ਅਨੁਵਾਦ ਵੀ ਓਨਾ ਹੀ ਜਟਿਲ ਹੁੰਦਾ ਹੈ। ਬਹੁਤ ਘੱਟ ਅਨੁਵਾਦਕ ਹੁੰਦੇ ਹਨ ਜੋ ਜਟਿਲ ਕਾਵਿ ਪੰਕਤੀਆਂ ਦੇ ਮਾਹਿਰ ਹੁੰਦੇ ਹਨ। ਜਿਨ੍ਹਾਂ ਅਨੁਵਾਦਕਾਂ ਵਿੱਚ ਜਟਿਲ ਅਨੁਵਾਦ ਕਰਨ ਦੀ ਸਮਰੱਥਾ ਹੁੰਦੀ ਹੈ ਉਹ ਵੀ ਇਹੋ ਜਿਹੀਆਂ ਜਟਿਲ ਰਚਨਾਵਾਂ ਦੇ ਅਨੁਵਾਦ ‘ਜਦੋਂ ਚਾਹੋ’ ਨਹੀਂ ਕਰ ਸਕਦੇ। ਮੌਲਿਕ ਰਚਨਾ ਦੇ ਲੇਖਕ ਵਾਂਗ ਇਹ ਅਨੁਵਾਦ ਵੀ ਬਹੁਤ ਕੁਝ ਮੂਡ ਅਤੇ ਮਾਨਸਿਕ ਸਥਿਤੀ ਉੱਤੇ ਨਿਰਭਰ ਕਰਦਾ ਹੈ। ਸਿਰਫ਼ ਇੰਨਾ ਹੀ ਨਹੀਂ ਕਾਵਿ ਅਨੁਵਾਦਕ ‘ਮੂਡ’ ਹੋਣ ਦੇ ਬਾਵਜੂਦ ਕਿਸੇ ਕਵੀ ਦੀਆਂ ਕੁਝ ਰਚਨਾਵਾਂ ਦਾ ਹੀ ਸਫ਼ਲਤਾਪੂਰਵਕ ਅਨੁਵਾਦ ਕਰ ਸਕਦਾ ਹੈ ਸਾਰੀਆਂ ਰਚਨਾਵਾਂ ਦਾ ਨਹੀਂ। ਜਦੋਂ ਇੱਕ ਹੀ ਕਵੀ ਦੀਆਂ ਸਾਰੀਆਂ ਰਚਨਾਵਾਂ ਦਾ ਕੋਈ ਅਨੁਵਾਦਕ ਸਫਲ ਅਨੁਵਾਦ ਨਹੀਂ ਕਰ ਸਕਦਾ ਤਾਂ ਸਾਰੇ ਕਵੀਆਂ ਦੀਆਂ ਸਾਰੀਆਂ ਰਚਨਾਵਾਂ ਦਾ ਇੱਕੋ ਵਿਅਕਤੀ ਦੁਆਰਾ ਅਨੁਵਾਦ ਕੀਤੇ ਜਾਣ ਦਾ ਸਵਾਲ ਹੀ ਨਹੀਂ ਉੱਠਦਾ। ਹੋਰ ਤਰ੍ਹਾਂ ਦੇ ਅਨੁਵਾਦਾਂ ਵਿੱਚ ਕਾਵਿ ਅਨੁਵਾਦ ਵਰਗੀ ਕਠਿਨਾਈ ਨਹੀਂ ਆਉਂਦੀ। ਇਸ ਕਰਕੇ ਵਸ਼ਿਸ਼ਟ ਕਾਵਿ ਅਨੁਵਾਦ ਖ਼ਾਸ ਮੂਡ ’ਤੇ ਨਿਰਭਰ ਹੁੰਦਾ ਹੈ।
ਹਰ ਕਵੀ ਦੀ ਪ੍ਰਸਿੱਧੀ ਉਹਦੀ ਆਪਣੀ ਭਾਸ਼ਾ ਵਿਸ਼ੇਸ਼ ਵਿੱਚ ਹੀ ਹੁੰਦੀ ਹੈ। ਉਹ ਜੋ ਕੁਝ ਕਹਿਣਾ ਚਾਹੁੰਦਾ ਹੈ ਆਪਣੀ ਭਾਸ਼ਾ ਵਿੱਚ ਹੀ ਕਹਿ ਸਕਦਾ ਹੁੰਦਾ ਹੈ। ਉਸ ਦੀ ਮਹਾਨਤਾ ਦੇ ਦਰਸ਼ਨ ਸਾਨੂੰ ਉਸ ਦੀ ਮੂਲ ਭਾਸ਼ਾ ਪੜ੍ਹ ਕੇ ਹੀ ਹੁੰਦੇ ਹਨ। ਅਨੁਵਾਦਿਤ ਕਾਵਿ ਸਮੱਗਰੀ ਤੋਂ ਤਾਂ ਸਾਨੂੰ ਕਵੀ ਦੇ ਪਰਛਾਵੇਂ ਦੇ ਹੀ ਦਰਸ਼ਨ ਹੋ ਸਕਦੇ ਹਨ, ਕਵੀ ਦੇ ਨਹੀਂ। ਕਾਵਿ ਅਨੁਵਾਦ ਦਾ ਕੰਮ ਉਨ੍ਹਾਂ ਲੋਕਾਂ ਨੂੰ ਮੂਲ ਰਚਨਾ ਤੋਂ ਜਾਣੂ ਕਰਵਾਉਣਾ ਹੁੰਦਾ ਹੈ ਜਿਹੜੇ ਭਾਸ਼ਾ ਦੀ ਕਠਿਨਾਈ ਕਰਕੇ ਮੂਲ ਰਚਨਾ ਤੋਂ ਜਾਣੂ ਨਹੀਂ ਹੋ ਸਕਦੇ।
ਇਨ੍ਹਾਂ ਵਿਚਾਰਾਂ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਕਵਿਤਾ ਦਾ ਅਨੁਵਾਦ ਹੋ ਹੀ ਨਹੀਂ ਸਕਦਾ। ਕਵਿਤਾ ਦਾ ਅਨੁਵਾਦ ਕਰਨਾ ਔਖਾ ਜ਼ਰੂਰ ਹੈ, ਪਰ ਅਸੰਭਵ ਨਹੀਂ। ਵਿਸ਼ਵ ਪੱਧਰ ’ਤੇ ਹਜ਼ਾਰਾਂ ਕਵਿਤਾਵਾਂ ਦੇ ਅਨੁਵਾਦ ਹੋਏ ਹਨ ਜਿਨ੍ਹਾਂ ਨੂੰ ਪਾਠਕਾਂ ਨੇ ਮਾਣਿਆ ਵੀ ਹੈ ਅਤੇ ਸਵੀਕਾਰ ਵੀ ਕੀਤਾ ਹੈ। ਸਮਕਾਲੀ ਦੌਰ ਵਿੱਚ ਵੱਡੇ ਪੱਧਰ ’ਤੇ ਪ੍ਰਸਿੱਧ ਕਵਿਤਾਵਾਂ ਦੇ ਅਨੁਵਾਦ ਹੋ ਰਹੇ ਹਨ ਅਤੇ ਭਵਿੱਖ ਵਿੱਚ ਹੁੰਦੇ ਰਹਿਣਗੇ ਪਰ ਅਨੁਵਾਦਕ ਨੂੰ ਕਾਵਿ ਅਨੁਵਾਦ ਕਰਨ ਸਮੇਂ ਦਰਪੇਸ਼ ਸਮੱਸਿਆਵਾਂ ਦੀ ਜ਼ਰੂਰ ਨਜ਼ਰਸਾਨੀ ਕਰ ਲੈਣੀ ਚਾਹੀਦੀ ਹੈ।