DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਿੱਤਰਕਾਰਾਂ ਦੇ ਤਸੱਵਰ ਵਿੱਚ ਬਾਬਾ ਨਾਨਕ

  ਡਾ. ਜਸਵਿੰਦਰ ਸਿੰਘ ਭੁੱਲਰ ਚਿੱਤਰਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਮੁਹਾਂਦਰੇ/ਬਿੰਬ ਨੂੰ ਆਪਣੇ ਤਸੱਵਰ ਅਨੁਸਾਰ ਵੱਖੋ-ਵੱਖਰਾ ਚਿਤਰਿਆ ਹੈ। ਮੁਸਲਿਮ ਚਿੱਤਰਕਾਰ ਉਨ੍ਹਾਂ ਦਾ ਮੁਸਲਿਮ ਫ਼ਕੀਰ ਦੇ ਰੂਪ ਵਿੱਚ ਚਿਤਰਣ ਕਰਦੇ ਰਹੇ ਹਨ ਕਿਉਂ ਜੁ ਗੁਰੂ ਸਾਹਿਬ ਉਨ੍ਹਾਂ ਦੇ ਪੀਰ...
  • fb
  • twitter
  • whatsapp
  • whatsapp
featured-img featured-img
(ਘੜੀ ਦੀਆਂ ਸੂਈਆਂ ਰੁਖ਼) ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ (ਬੀ-40)।
Advertisement

ਡਾ. ਜਸਵਿੰਦਰ ਸਿੰਘ ਭੁੱਲਰ

Advertisement

ਚਿੱਤਰਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਮੁਹਾਂਦਰੇ/ਬਿੰਬ ਨੂੰ ਆਪਣੇ ਤਸੱਵਰ ਅਨੁਸਾਰ ਵੱਖੋ-ਵੱਖਰਾ ਚਿਤਰਿਆ ਹੈ। ਮੁਸਲਿਮ ਚਿੱਤਰਕਾਰ ਉਨ੍ਹਾਂ ਦਾ ਮੁਸਲਿਮ ਫ਼ਕੀਰ ਦੇ ਰੂਪ ਵਿੱਚ ਚਿਤਰਣ ਕਰਦੇ ਰਹੇ ਹਨ ਕਿਉਂ ਜੁ ਗੁਰੂ ਸਾਹਿਬ ਉਨ੍ਹਾਂ ਦੇ ਪੀਰ ਦੇ ਤੌਰ ’ਤੇ ਜਾਣੇ ਜਾਂਦੇ ਹਨ। ਸਨਾਤਨੀ ਚਿੱਤਰਕਾਰਾਂ ਨੇ ਉਨ੍ਹਾਂ ਦਾ ਚਿਤਰਣ ਕਰਦਿਆਂ ਮੱਥੇ ਉੱਪਰ ਲੰਮਾ ਤਿਲਕ ਅਤੇ ਜਨੇਊ ਪਹਿਨੇ ਚਿੱਤਰਿਆ ਹੈ। 292 ਸਾਲ ਪੁਰਾਣੀ ਲੰਡਨ ਦੀ ‘ਬੀ-40’ ਪੁਸਤਕ ਦੇ ਚਿੱਤਰ ਸਪਸ਼ਟ ਉਦਾਹਰਣ ਹਨ। ਸਦੀ ਕੁ ਪਹਿਲਾਂ ਦੇ ਸਿੱਖ ਚਿੱਤਰਕਾਰਾਂ ਨੇ ਗੁਰੂ ਸਾਹਿਬ ਨੂੰ ਤਿਲਕ ਅਤੇ ਜਨੇਊ ਤੋਂ ਬਿਨਾਂ, ਦਗਦਗ ਕਰਦੇ ਚਿਹਰੇ ਤੇ ਸਫ਼ੈਦ ਭਰਵੀਂ ਦਾੜ੍ਹੀ ਵਾਲੇ ਬਜ਼ੁਰਗ ਦੇ ਰੂਪ ਵਿੱਚ ਚਿਤਰਿਆ ਹੈ। ਸਫ਼ੈਦ ਭਰਵਾਂ ਦਾੜ੍ਹਾ ਗੁਰੂ ਸਾਹਿਬ ਨੂੰ ਆਤਮਿਕ ਤੌਰ ’ਤੇ ਪ੍ਰੋਢ ਪੇਸ਼ ਕਰਦਾ ਹੈ। ਇਹ ਸ਼ਾਇਦ ਉਨ੍ਹਾਂ ਦੇ ਨਾਂ ਨਾਲ ਜੁੜਿਆ ‘ਬਾਬਾ’ ਸ਼ਬਦ ਕਰਕੇ ਹੈ।

ਗੁਰੂ ਸਾਹਿਬ ਨੂੰ ਕਿਤੇ ਪੱਗੜੀ, ਕਿਤੇ ਸਿਰ ’ਤੇ ਟੋਪੀ ਉੱਪਰ ਸੇਲ੍ਹੀ ਬੰਨ੍ਹੀ ਜਾਂ ਕਲੰਦਰੀ ਟੋਪੀ ਪਹਿਨੇ ਚਿੱਤਰਿਆ ਹੈ। ਸੇਲ੍ਹੀ ਨਾਲ ਚਿੱਤਰਕਾਰਾਂ ਨੇ ਉਨ੍ਹਾਂ ਦਾ ਬਿੰਬ ਮੁਸਲਿਮ ਫ਼ਕੀਰਾਂ ਦੇ ਰੂਪ ਵਿੱਚ ਸਿਰਜਿਆ ਹੈ। ਸਾਧੂ ਬਿਰਤੀ ਵਾਲੇ ਮਹਾਤਮਾ ਹੀ ਪੱਗੜੀ, ਟੋਪੀ ਉੱਪਰ ਸੇਲ੍ਹੀ ਰੱਖਦੇ ਜਾਂ ਬੰਨ੍ਹਦੇ ਸਨ। ਦਰਅਸਲ, ਸੇਲ੍ਹੀ ਕਾਲ਼ੇ ਰੰਗ ਦੀ ਗੁੰਦਵੀਂ ਰੱਸੀ ਹੈ ਜਿਸ ਨੂੰ ਸੰਤ, ਫ਼ਕੀਰ ਸਿਰ ਉੱਪਰ ਸਾਫ਼ੇ ਅਥਵਾ ਟੋਪੀ ’ਤੇ ਬੰਨ੍ਹਦੇ ਹਨ ਜਾਂ ਜਨੇਊ ਦੀ ਤਰ੍ਹਾਂ ਗਲ਼ ਵਿੱਚ ਪਹਿਨਦੇ ਹਨ। ਸੇਲ੍ਹੀ ਪਹਿਨਣ ਦੀ ਰੀਤ ਗੁਰੂ ਨਾਨਕ ਦੇਵ ਜੀ ਤੋਂ ਪੰਜਵੀਂ ਪਾਤਸ਼ਾਹੀ ਤੱਕ ਜਾਰੀ ਰਹੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਨੇ ਸੇਲ੍ਹੀ ਦੀ ਜਗ੍ਹਾ ਮੀਰੀ-ਪੀਰੀ ਦੀਆਂ ਤਲਵਾਰਾਂ ਧਾਰਨ ਕਰ ਲਈਆਂ।

ਫ਼ਰੀਦਕੋਟ ਕਿਲੇ ਅੰਦਰ ਸ਼ੀਸ਼ ਮਹੱਲ ਵਿਚਲਾ ਇੱਕ ਕੰਧ ਚਿੱਤਰ।

ਚਿੱਤਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੱਗੜੀ ਦਾ ਰੰਗ ਜ਼ਿਆਦਾਤਰ ਕੇਸਰੀ ਹੈ, ਪਰ ਕਈ ਜਗ੍ਹਾ ਉਨ੍ਹਾਂ ਦੀ ਪੱਗ ਚਿੱਟੇ ਰੰਗ ਦੀ ਵੀ ਚਿੱਤਰੀ ਹੈ। ਚੋਲੇ ਦਾ ਰੰਗ ਕੇਸਰੀ ਤੇ ਕਿਤੇ ਉਨ੍ਹਾਬੀ ਵੀ ਦਿਖਾਇਆ ਗਿਆ ਹੈ। ਚਿੱਤਰਕਾਰਾਂ ਨੇ ਚਿੱਟੇ ਪਹਿਰਾਵੇ ਦੀ ਚਿੰਨ੍ਹਵਾਦੀ ਵਰਤੋਂ ਕਰਕੇ ਗੁਰੂ ਜੀ ਦੀ ਆਤਮਿਕ ਸਮਰੂਪਤਾ ਦਾ ਪ੍ਰਗਟਾਵਾ ਕੀਤਾ ਹੈ। ਗੁਰੂ ਸਾਹਿਬ ਦੇ ਚਿਹਰੇ ਦੀ ਦਮਕੀਲੀ ਛੱਬ ਸਾਰੇ ਪ੍ਰਸ਼ਨਾਂ ਦੇ ਉੱਤਰ ਖ਼ੁਦ ਦੇ ਦਿੰਦੀ ਹੈ। ਪੁਰਾਤਨ ਹੱਥ ਲਿਖਤਾਂ ਦੇ ਚਿੱਤਰਾਂ ਜਾਂ ਵਿਰਾਸਤੀ ਕੰਧ ਚਿੱਤਰਾਂ ਨੂੰ ਵਾਚੀਏ ਤਾਂ ਗੁਰੂ ਸਾਹਿਬ ਦੇ ਪਹਿਨੇ ਵਸਤਰਾਂ ਅਤੇ ਗਹਿਣਿਆਂ ਦੀ ਅਮੀਰੀ ਦੂਜਿਆਂ ਦੇ ਮੁਕਾਬਲੇ ਵਧੇਰੇ ਮਾਲੂਮ ਹੁੰਦੀ ਹੈ। ਚਿੱਤਰਾਂ ਵਿਚਲੇ ਦੂਜੇ ਪਾਤਰਾਂ ਦੇ ਵਸਤਰਾਂ ਤੋਂ ਉਨ੍ਹਾਂ ਦੀ ਸਮਾਜ ਵਿੱਚ ਹੈਸੀਅਤ ਅਤੇ ਰੁਤਬੇ ਬਾਰੇ ਪਤਾ ਲੱਗਦਾ ਹੈ। ਚਿੱਤਰਕਾਰ ਨੇ ਗੁਰੂ ਸਾਹਿਬ ਦੀਆਂ ਵੱਖ-ਵੱਖ ਮੁਦਰਾਵਾਂ ਨਾਲ ਵੀ ਕਈ ਕੁਝ ਕਹਿਣ ਦਾ ਯਤਨ ਕੀਤਾ ਹੈ।

ਚਿੱਤਰਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੀ ਆਤਮਿਕ ਸਰਬ-ਸ਼ਕਤੀਮਾਨਤਾ ਸਥਾਪਿਤ ਕਰਨ ਲਈ ਚਿਤਰਣ ਸਮੱਗਰੀ ਬੜੇ ਧਿਆਨ ਨਾਲ ਸੰਦਰਭ ਅਤੇ ਗੁਰਮਤਿ ਸਿਧਾਤਾਂ ਅਨੁਸਾਰ ਵਰਤੀ ਹੈ। ਚਿੱਤਰਾਂ ਵਿੱਚ ਗੁਰੂ ਨਾਨਕ ਦੇ ਅਕਸ ਨੂੰ ਦੈਵੀ ਹਸਤੀ ਦੇ ਤੁਲ ਪੇਸ਼ ਕੀਤਾ ਹੈ। ਉਨ੍ਹਾਂ ਦੀ ਆਤਮਿਕ ਸਰਬ-ਸ਼ਕਤੀਮਾਨਤਾ ਅਤੇ ਦੈਵੀ ਪ੍ਰਭਾਵ ਨੂੰ ਚਿੱਤਰਣ ਲਈ ਉਨ੍ਹਾਂ ਦੇ ਚਿਹਰੇ ਦਾ ਤਿੰਨ-ਚੌਥਾਈ ਚਿਤਰਣ ਕੀਤਾ ਗਿਆ ਹੈ ਜਦੋਂਕਿ ਬਾਕੀ ਪਾਤਰ ਅਮੂਮਨ ਇੱਕ ਚਸ਼ਮ ਚਿੱਤਰੇ ਹਨ। ਗੁਰੂ ਸਾਹਿਬ ਦੇ ਚਿਹਰੇ ਦੇ ਹਾਵ-ਭਾਵ, ਸਰੀਰਕ ਬਣਤਰ ਅਤੇ ਪੁਸ਼ਾਕ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਚਿੱਤਰਕਾਰਾਂ ਨੇ ਗੁਰੂ ਸਾਹਿਬ ਦੇ ਮੁਹਾਂਦਰੇ ਨੂੰ ਇਕਸਾਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਿੱਥੇ ਗੁਰੂ ਸਾਹਿਬ ਦੀ ਵੱਖ-ਵੱਖ ਦੇਸ਼ਾਂ ਵਿੱਚ ਪੁਸ਼ਾਕ ਸਥਾਨਕ ਹੋ ਜਾਂਦੀ ਹੈ, ਉੱਥੇ ਮੁਹਾਂਦਰੇ ਦਾ ਫ਼ਰਕ ਪ੍ਰਤੱਖ ਨਜ਼ਰ ਆਉਂਦਾ ਹੈ।

ਬਾਬਾ ਨਾਨਕ (ਬੀ-40)। ਫੋਟੋਆਂ: ਲੇਖਕ

ਚਿੱਤਰਾਂ ਵਿੱਚ ਗੁਰੂ ਸਾਹਿਬ ਦੇ ਸਿਰ ਉੱਪਰ ਭਰਵੇਂ ਬਿਰਛ ਦਾ ਛਤਰ ਨਜ਼ਰ ਆਉਂਦਾ ਹੈ। ਚਿੱਤਰਕਾਰਾਂ ਨੇ ਉਨ੍ਹਾਂ ਦੇ ਸਿਰ ਉੱਤੇ ਤਾਣਿਆ ਚੰਦੋਆ ਜਾਂ ਸ਼ਾਹੀ ਛਤਰ ਨਾ ਝੁਲਾ ਕੇ ਭਰਵੇਂ ਦਰਖ਼ਤ ਦੀਆਂ ਖਿੱਲਰੀਆਂ ਟਾਹਣੀਆਂ, ਪੱਤਿਆਂ ਅਤੇ ਫਲਾਂ ਨਾਲ ਉਸ ਸ਼ਾਹੀ ਛਤਰ ਦਾ ਆਭਾਸ ਕਰਾਇਆ ਹੈ। ਬਿਰਛ ਦਾ ਛਤਰ ਉਨ੍ਹਾਂ ਦੇ ਸਿਰ ਉੱਤੇ ਉਦੋਂ ਨਹੀਂ ਹੁੰਦਾ, ਜਦੋਂ ਚਿੱਤਰ ਸੰਯੋਜਨ ਅਨੁਸਾਰ ਮੰਗ ਨਹੀਂ ਕਰਦਾ। ਬਿਰਛ ਦਾ ਛਤਰ ਅਤੇ ਫੁੱਲ, ਫਲ ਉਨ੍ਹਾਂ ਦੀ ਆਤਮਿਕ ਬਹੁਲਤਾ ਵੱਲ ਸੰਕੇਤ ਕਰਦੇ ਹਨ। ਚਿੱਤਰਾਂ ਦੇ ਪਿੱਠ-ਵਰਤੀ ਦ੍ਰਿਸ਼ ਵਿੱਚ ਵਿਸ਼ਾਲ ਅੰਬਰ ’ਚ ਪੰਛੀਆਂ ਦੀ ਉਡਾਰੀ ਦੀ ਦਿਸ਼ਾ, ਕਾਰਜ ਅਤੇ ਸੋਚ ਦੀ ਤੀਬਰਤਾ ਨੂੰ ਹੋਰ ਉਘਾੜਦੀ ਹੈ।

ਚਿਤੇਰਿਆਂ ਨੇ ਚਿੱਤਰਾਂ ਵਿੱਚ ਬਾਕੀ ਸਭ ਪਾਤਰ ਨੀਵੇਂ ਸਮਤਲ ਅਤੇ ਗੁਰੂ ਨਾਨਕ ਦੇਵ ਜੀ ਨਾਲੋਂ ਛੋਟੇ ਚਿਤਰੇ ਹਨ। ਗੁਰੂ ਸਾਹਿਬ ਨੂੰ ਦੂਜਿਆਂ ਮੁਕਾਬਲੇ ਹਮੇਸ਼ਾ ਉੱਚਾ ਬੈਠਿਆਂ ਚਿਤਰਿਆ ਗਿਆ ਹੈ। ਸਭ ਚਿੱਤਰਾਂ ਵਿੱਚ ਉਨ੍ਹਾਂ ਨੂੰ ਇੱਕ ਵੱਡ-ਆਕਾਰੀ ਸਿਰਹਾਣੇ ਨਾਲ ਢਾਸਣਾ ਲਗਾਈ ਇੱਕ ਕਾਲੀਨ ਉੱਪਰ ਬਿਰਾਜਮਾਨ ਚਿਤਰਿਆ ਹੈ। ਗੋਲ ਵੱਡਾ ਸਿਰਹਾਣਾ ਅਤੇ ਕਾਲੀਨ ਚਿੱਤਰਾਂ ਵਿੱਚ ਗੁਰੂ ਸਾਹਿਬ ਦੇ ਉੱਚ ਰੁਤਬੇ ਤੇ ਹੈਸੀਅਤ ਨੂੰ ਵਡਿਆਉਣ ਲਈ ਚਿਤਰੇ ਜਾਂਦੇ ਸਨ। ਉਦਾਸੀਆਂ ਦੌਰਾਨ ਇਹ ਸਭ ਅਸੰਭਵ ਲੱਗਦਾ ਹੈ। ਕਿਤੇ ਵਿਸ਼ੇਸ਼ ਪ੍ਰਸਥਿਤੀਆਂ ਵਿੱਚ ਭਾਵੇਂ ਕਿਤੇ ਸੰਭਵ ਹੋਵੇ।

ਚਿੱਤਰਕਾਰਾਂ ਨੇ ਕਈ ਵਾਰ ਉਨ੍ਹਾਂ ਦੀ ਨਜ਼ਰ ਉਪਰਾਮਤਾ ਵਾਲੀ ਬਣਾਈ ਹੁੰਦੀ ਹੈ। ਚਿੱਤਰ ਵਿੱਚ ਗੁਰੂ ਜੀ ਕੇਂਦਰ ਬਿੰਦੂ ਹੁੰਦੇ ਹਨ, ਇਸੇ ਕਰਕੇ ਚਿੱਤਰ ਵਿਚਲੀਆਂ ਹੋਰ ਆਕ੍ਰਿਤੀਆਂ/ਪਾਤਰ ਗੁਰੂ ਸਾਹਿਬ ਵੱਲ ਨਜ਼ਰ ਟਿਕਾਈ ਰੱਖਦੇ ਹਨ। ਗੁਰੂ ਸਾਹਿਬ ਦੂਸਰੇ ਪਾਤਰਾਂ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਨੂੰ ਉਪਦੇਸ਼ ਦੇ ਰਹੇ ਹੁੰਦੇ ਹਨ। ਅਨੇਕਾਂ ਚਿੱਤਰਾਂ ਵਿੱਚ ਚਿੱਤਰਕਾਰਾਂ ਨੇ ਗੁਰੂ ਸਾਹਿਬ ਦੇ ਸੱਜੇ ਹੱਥ ਵਿੱਚ ਸਿਮਰਨਾ ਫੜੀ ਚਿਤਰਿਆ ਹੈ। ਇੱਥੋਂ ਉਨ੍ਹਾਂ ਦਾ ਨਾਮ ਦੇ ਰਸੀਏ ਹੋਣ ਦਾ ਬਿੰਬ ਸਿਰਜਿਆ ਜਾਂਦਾ ਹੈ। ‘ਨਾਮ ਜਪਣਾ’ ਗੁਰਮਤਿ ਦੇ ਤਿੰਨ ਮੁੱਖ ਅਸੂਲਾਂ ਵਿੱਚੋਂ ਇੱਕ ਹੈ। ਸਿਮਰਨੇ ਦੇ ਮਣਕਿਆਂ ਨੂੰ ਫੇਰਨ ਦਾ ਸਿੱਧਾ ਅਰਥ ਇਹ ਹੈ ਕਿ ਗੁਰੂ ਸਾਹਿਬ ਨਾਮ ਜਪਦੇ ਹੋਏ ਆਪਣੀ ਬਿਰਤੀ ਉਸ ਨਿਰੰਕਾਰ ਨਾਲ ਜੋੜਦਿਆਂ ਅੰਤਰ ਧਿਆਨ ਹੋ ਕੇ ਸਮਾਧੀ ਦੀ ਅਵਸਥਾ ਵਿੱਚ ਹਨ, ਪਰ ਇਸ ਸਮਾਧੀ ਦਾ ਅਰਥ ਉਨ੍ਹਾਂ ਦੀ ਕਿਸੇ ਨਿੱਜੀ ਗ਼ਰਜ਼ ਤੋਂ ਨਹੀਂ ਸਗੋਂ ਮਨੁੱਖਤਾ ਦੇ ਕਲਿਆਣ ਤੋਂ ਹੈ। ਗੁਰੂ ਸਾਹਿਬ ਦੀਆਂ ਨਾਮ ਸਿਮਰਨ ਵਿੱਚ ਅਰਧ ਮੀਟੀਆਂ ਜਾਂ ਕਈ ਵਾਰ ਚਿਤਰੀਆਂ ਬੰਦ ਅੱਖਾਂ ਨਾਲ ਉਨ੍ਹਾਂ ਦਾ ਬਿੰਬ ਅਜਿਹਾ ਸਿਰਜਿਆ ਹੈ ਕਿ ਉਹ ਦਿਸ ਤਾਂ ਮਾਤ-ਲੋਕ ਵਿੱਚ ਰਹੇ ਹਨ, ਪਰ ਉਨ੍ਹਾਂ ਦੀ ਦ੍ਰਿਸ਼ਟੀ ਦੂਰ ਪ੍ਰਲੋਕ ਤੱਕ ਅੱਪੜ ਗਈ ਹੈ ਤੇ ਪ੍ਰਭੂ-ਮਿਲਾਪ ਦੇ ਸਰੂਰ ਨੂੰ ਉਹ ਅੱਖਾਂ ਮੀਟ ਕੇ ਮਾਣ ਰਹੇ ਹਨ।

ਚਿੱਤਰਾਂ ਵਿੱਚ ਰੂਹਾਨੀਅਤ ਨੂੰ ਪ੍ਰਗਟ ਕਰਨ ਲਈ ਗੁਰੂ ਸਾਹਿਬ ਦੇ ਸਿਰ ਦੁਆਲੇ ਗੋਲ ਦਾਇਰਾ ਲਗਾ ਕੇ ਤੇਜ-ਪੁੰਜ ਚਿੱਤਰਿਆ ਗਿਆ ਹੈ। ਤੇਜ-ਪੁੰਜ ਸਿਰਜਣ ਦੀ ਇਹ ਰਵਾਇਤ ਕੈਥੋਲਿਕ (ਇਸਾਈ) ਦੇਵ ਮੂਰਤੀ ਕਲਾ ਦੇ ਅਸਰ ਹੇਠ ਭਾਰਤੀ ਚਿੱਤਰਕਲਾ ਵਿੱਚ ਆਈ। ਪੱਛਮੀ ਦੇਸ਼ਾਂ ਦੇ ਗਿਰਜਾਘਰਾਂ ਦੀਆਂ ਕੰਧਾਂ ਉੱਤੇ ਚਿਤਰੇ ਗਏ ਈਸਾ ਮਸੀਹ ਦੇ ਚਿੱਤਰਾਂ ਵਿੱਚ ਇਹ ਰਵਾਇਤ ਪਹਿਲਾਂ ਤੋਂ ਹੀ ਪ੍ਰਚਲਿਤ ਰਹੀ ਹੈ।

ਹਰੇਕ ਚਿੱਤਰਕਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਚਿਤਰਣ ਲੱਗਿਆਂ ਇੱਕ ਗੱਲ ਕਦੇ ਨਹੀਂ ਭੁੱਲੀ, ਉਹ ਹੈ: ਉਨ੍ਹਾਂ ਦੇ ਨਾਲ ਭਾਈ ਮਰਦਾਨਾ ਜੀ ਦਾ ਰਬਾਬ ਦੇ ਨਾਲ ਚਿਤਰਣ। ਗੁਰੂ ਨਾਨਕ ਹਨ ਤਾਂ ਚਿੱਤਰ ਵਿੱਚ ਮਰਦਾਨਾ ਅਵੱਸ਼ ਹਨ। ਮਰਦਾਨੇ ਬਿਨਾਂ ਗੁਰੂ ਨਾਨਕ ਦੇਵ ਜੀ ਦੇ ਚਿੱਤਰ ਦਾ ਤਸੱਵਰ ਅਧੂਰਾ ਹੈ। ਗੁਰੂ ਸਾਹਿਬ ਦੇ ਰੱਬੀ ਰੁਤਬੇ ਨੂੰ ਦ੍ਰਿਸ਼ਟਮਾਨ ਲਈ ਚਿੱਤਰਕਾਰਾਂ ਨੇ ਟਹਿਲੀਆ ਚਉਰ ਕਰਦਾ ਚਿਤਰਿਆ ਹੈ, ਜਿਸ ਨੂੰ ਭਾਈ ਬਾਲੇ ਦਾ ਨਾਮ ਦੇ ਦਿੱਤਾ ਗਿਆ। ਚਿੱਤਰਾਂ ਰਾਹੀਂ ਬਾਲੇ ਨਾਮੀ ਕਲਪਿਤ ਪਾਤਰ ਨੂੰ ਲੋਕਪ੍ਰਿਯ ਤੇ ਰੂੜ੍ਹ ਬਣਾਉਣ ਵਿੱਚ ਚਿੱਤਰਕਾਰਾਂ ਦਾ ਪੂਰਾ-ਪੂਰਾ ਯੋਗਦਾਨ ਹੈ।

ਪੁਰਾਤਨ ਹੱਥ ਲਿਖਤਾਂ ਦੇ ਚਿੱਤਰ, ਕੰਧ ਚਿੱਤਰ ਅਤੇ ਉਸ ਤੋਂ ਬਾਅਦ ਛਪ ਕੇ ਆਉਣ ਵਾਲੇ ਚਿੱਤਰਾਂ ਦੇ ਅਧਿਐਨ ਤੋਂ ਇਹ ਗੱਲ ਸਾਫ਼ ਹੈ ਕਿ ਅੱਜ ਗੁਰੂ ਨਾਨਕ ਦੇਵ ਜੀ ਦਾ ਬਿੰਬ ਬਦਲ ਗਿਆ ਹੈ। ਸਾਡੇ ਸਾਹਮਣੇ ਬਾਬਾ ਨਾਨਕ ਦਾ ਉਹ ਬਿੰਬ ਨਹੀਂ, ਜਿਸ ਨੇ ਕਈ ਦਹਾਕੇ ਪੂਰੇ ਵਿਸ਼ਵ ਦੀਆਂ ਉਦਾਸੀਆਂ ਕਰਕੇ ਲੋਕਾਈ ਦੀ ਮਾਨਸਿਕਤਾ ਬਦਲ ਦਿੱਤੀ ਸੀ। ਪਿਛਲੀ ਸਦੀ ਦੇ 60ਵਿਆਂ ਵਿੱਚ ਗੁਰੂ ਸਾਹਿਬ ਨੂੰ ਟਾਕੀਆਂ ਵਾਲਾ ਉਦਾਸੀ ਦੁਸ਼ਾਲਾ ਮੋਢਿਆਂ ਉੱਤੇ ਲਈ ਚਿਤਰਿਆ ਜਾਂਦਾ ਸੀ। ਚਿੱਤਰਾਂ ਦੀ ਇਹ ਰਵਾਇਤ ਬਿਲਕੁਲ ਖ਼ਤਮ ਹੋ ਚੁੱਕੀ ਹੈ। ਇਸ ਤੋਂ ਬਾਅਦ ਸੋਭਾ ਸਿੰਘ ਦੇ ਰੰਗੀਨ ਚਿੱਤਰ ਬਾਜ਼ਾਰ ਵਿੱਚ ਆਉਣ ਕਰਕੇ ਗੁਰੂ ਨਾਨਕ ਦਾ ਬਿੰਬ ਅਰਧ ਮੀਟੀਆਂ ਅੱਖਾਂ, ਸਾਫ਼ ਸੁਥਰੇ ਝੁਰੜੀਆਂ ਰਹਿਤ ਮੂੰਹ ਉੱਤੇ ਲਾਲੀ ਅਤੇ ਭਰਵੀਆਂ ਸਫ਼ੈਦ ਮੁੱਛਾਂ ਤੇ ਦਾੜ੍ਹੀ, ਹੱਥ ਉਠਾ ਕੇ ਆਸ਼ੀਰਵਾਦ ਦੇਣ ਦੀ ਮੁਦਰਾ ਵਾਲਾ ਬਿੰਬ ਰੂੜ੍ਹ ਹੋ ਗਿਆ ਹੈ। ਚਿੱਤਰ ਵਾਂਗ ਉਨ੍ਹਾਂ ਦਾ ਮੁਹਾਂਦਰਾ ਅਜਿਹਾ ਕਦੇ ਨਹੀਂ ਰਿਹਾ ਹੋਵੇਗਾ ਕਿਉਂਕਿ ਲਗਭਗ ਤਿੰਨ ਦਹਾਕੇ ਉਨ੍ਹਾਂ ਘਰੋਂ ਬਾਹਰ ਰਹਿ ਕੇ ਸੂਰਜ, ਤਾਰਿਆਂ ਦੀ ਲੋਅ ਹੇਠ ਪ੍ਰਕਿਰਤੀ ਦੀ ਗੋਦ ਵਿੱਚ ਰਹਿ ਕੇ ਗੁਜ਼ਾਰੇ ਸਨ। ਪ੍ਰਕਿਰਤੀ ਦੀ ਚੰਗੀ ਮਾੜੀ ਮਾਰ ਵੀ ਉਨ੍ਹਾਂ ਨੂੰ ਸਹਿਣੀ ਪਈ ਹੋਵੇਗੀ। ਸੰਘਣੇ ਜੰਗਲਾਂ ਵਿੱਚੋਂ ਨਿਕਲਦਿਆਂ ਤਰ੍ਹਾਂ-ਤਰ੍ਹਾਂ ਦੇ ਖੂੰਖਾਰ ਜਾਨਵਰਾਂ, ਕੀੜੇ-ਮਕੌੜਿਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਝਾੜੀਆਂ ਵਿੱਚੋਂ ਨਿਕਲਦਿਆਂ ਸਰੀਰ ’ਤੇ ਝਰੀਟਾਂ, ਪੈਰਾਂ ਵਿੱਚ ਕੰਡੇ ਚੁਭੇ ਹੋਣਗੇ। ਕਈ ਵਾਰ ਦੋਵੇਂ ਬਿਮਾਰ ਵੀ ਰਹੇ ਹੋਣਗੇ। ਅਲਪ ਆਹਾਰ ਜਾਂ ਕਈ-ਕਈ ਦਿਨ ਭੁੱਖੇ ਪਵਨ ਆਹਾਰੀ ਰਹੇ ਹੋਣਗੇ। ਰੜੇ ਮੈਦਾਨ, ਘਾਹ ਉੱਤੇ ਜਾਂ ਫਿਰ ਕਦੀ ਰੋੜਿਆਂ, ਪੱਥਰਾਂ ’ਤੇ ਵੀ ਸੁੱਤੇ ਹੋਣਗੇ। ਲੱਦਾਖ-ਤਿੱਬਤ ਫੇਰੀ ਦੌਰਾਨ ਪੱਥਰ ਹੀ ਪੱਥਰ ਮਿਲੇ ਹੋਣਗੇ। ਉੱਥੇ ਮੀਲੋ ਮੀਲ ਦਰੱਖ਼ਤ ਨਜ਼ਰ ਨਹੀਂ ਆਉਂਦਾ। ਘਰੋਂ ਨਿਕਲ ਕੇ ਭਾਈ ਮਰਦਾਨਾ ਜੀ ਨਾਲ ਦਹਾਕਿਆਂ ਬੱਧੀ ਅਣਜਾਣ ਰਾਹਾਂ ’ਤੇ ਆਪਣੇ ਮਿਸ਼ਨ ਲਈ ਤੁਰਦੇ ਰਹਿਣਾ ਅਲੋਕਾਰੀ ਇਤਿਹਾਸਕ ਘਟਨਾ ਹੈ, ਪਰ ਇਸ ਘਟਨਾ ਦੀ ਡੂੰਘਿਆਈ ਵਿੱਚ ਉਤਰਦਿਆਂ ਰਸਤੇ ਦੀਆਂ ਔਕੜਾਂ, ਦੁਸ਼ਵਾਰੀਆਂ ਨੂੰ ਮਹਿਸੂਸ ਕਰਦਿਆਂ ਅੱਖਾਂ ਨਮ ਹੋ ਜਾਂਦੀਆਂ ਹਨ। ਲਗਭਗ ਤੀਹ ਵਰ੍ਹੇ ਤੀਹ ਹਜ਼ਾਰ ਕਿਲੋਮੀਟਰ ਚੱਲਣ ਵਾਲੇ ਮਹਾਂਪੁਰਸ਼ ਦਾ ਬਗੈਰ ਝੁਰੜੀਆਂ ਦੇ ਭਖਦੀਆਂ ਲਾਲ ਗੱਲ੍ਹਾਂ ਵਾਲਾ ਗੋਰਾ ਚਿਹਰਾ ਹਰਗਿਜ਼ ਨਹੀਂ ਹੋ ਸਕਦਾ। ਉਹ ਜੁੱਸੇ ਵਿੱਚ ਪਤਲੇ, ਪਰ ਦ੍ਰਿੜ੍ਹ ਇੱਛਾ ਸ਼ਕਤੀ ਦੇ ਮਾਲਿਕ ਹੋਣਗੇ। ਦਿਵਯ ਅਤੇ ਨੂਰੀ ਮੁਹਾਂਦਰਾ ਸਿਰਜਣ ਲਈ ਸ਼ਰਧਾਵੱਸ ਹੋ ਕੇ ਚਿੱਤਰਕਾਰਾਂ ਨੇ ਉਨ੍ਹਾਂ ਨੂੰ ਅਜਿਹਾ ਪੇਸ਼ ਕੀਤਾ, ਜਿਸ ਨੂੰ ਹਰ ਆਮ ਸਿੱਖ ਸੱਚ ਸਮਝੀ ਬੈਠਾ ਹੈ।

ਸੰਪਰਕ: 98106-02915

Advertisement
×