DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ

ਨਰਿੰਦਰ ਪਾਲ ਸਿੰਘ ਵਿਸ਼ਵ-ਵਿਆਪੀ ਪੱਧਰ ’ਤੇ ਲੋਕਾਂ ਨੂੰ ਕੈਂਸਰ ਵਿਰੁੱਧ ਲੜਨ ਲਈ ਇੱਕਜੁਟ ਕਰਨ ਖ਼ਾਤਰ ਹਰ ਸਾਲ ਚਾਰ ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਕੈਂਸਰ ਪ੍ਰਤੀ ਜਾਗਰੂਕਤਾ ਤੇ ਸਿੱਖਿਆ ਵਧਾਉਣਾ ਅਤੇ ਵਿਸ਼ਵ ਭਰ ਦੀਆਂ...
  • fb
  • twitter
  • whatsapp
  • whatsapp
Advertisement

ਨਰਿੰਦਰ ਪਾਲ ਸਿੰਘ

ਵਿਸ਼ਵ-ਵਿਆਪੀ ਪੱਧਰ ’ਤੇ ਲੋਕਾਂ ਨੂੰ ਕੈਂਸਰ ਵਿਰੁੱਧ ਲੜਨ ਲਈ ਇੱਕਜੁਟ ਕਰਨ ਖ਼ਾਤਰ ਹਰ ਸਾਲ ਚਾਰ ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਕੈਂਸਰ ਪ੍ਰਤੀ ਜਾਗਰੂਕਤਾ ਤੇ ਸਿੱਖਿਆ ਵਧਾਉਣਾ ਅਤੇ ਵਿਸ਼ਵ ਭਰ ਦੀਆਂ ਸਰਕਾਰਾਂ ਤੇ ਲੋਕਾਂ ਨੂੰ ਕਾਰਵਾਈ ਕਰਨ ਲਈ ਸੰਵੇਦਨਸ਼ੀਲ ਬਣਾਉਣਾ ਹੈ। ਪੈਰਿਸ ਚਾਰਟਰ ਰਾਹੀਂ 4 ਫਰਵਰੀ 2000 ਨੂੰ ਪੈਰਿਸ ਵਿੱਚ ਕੈਂਸਰ ਵਿਰੁੱਧ ਵਿਸ਼ਵ ਸੰਮੇਲਨ ਦੌਰਾਨ ਵਿਸ਼ਵ ਕੈਂਸਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ।

Advertisement

ਅੰਕੜੇ

ਵਿਸ਼ਵ ਪੱਧਰ ’ਤੇ ਹਰ ਸਾਲ ਤਕਰੀਬਨ 96 ਲੱਖ ਲੋਕ ਕੈਂਸਰ ਨਾਲ ਮਰਦੇ ਹਨ। ਇਹ ਗਿਣਤੀ 2030 ਤੱਕ ਲਗਭਗ ਦੁੱਗਣੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਘੱਟੋ-ਘੱਟ ਇੱਕ ਤਿਹਾਈ ਆਮ ਕੈਂਸਰ ਰੋਕਣ ਯੋਗ ਹਨ। ਕੈਂਸਰ ਦਾ ਰੋਗ ਦੁਨੀਆ ਭਰ ਵਿੱਚ ਮੌਤਾਂ ਦਾ ਦੂਜਾ ਪ੍ਰਮੁੱਖ ਕਾਰਨ ਹੈ। ਫੇਫੜਿਆਂ ਦੇ ਕੈਂਸਰ ਦੀਆਂ ਤਕਰੀਬਨ 71 ਫ਼ੀਸਦੀ ਮੌਤਾਂ ਲਈ ਤੰਬਾਕੂ ਦੀ ਵਰਤੋਂ ਜ਼ਿੰਮੇਵਾਰ ਹੈ ਜੋ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਤਕਰੀਬਨ 22 ਫ਼ੀਸਦੀ ਹੈ। ਭਾਰਤ ਦਾ ਅਜਿਹੀਆਂ ਮੌਤਾਂ ਦੇ ਮਾਮਲੇ ਵਿੱਚ ਦੁਨੀਆ ਅੰਦਰ ਤੀਜਾ ਸਥਾਨ ਹੈ। ਹਰ ਸਾਲ 10 ਲੱਖ ਤੋਂ ਵਧੇਰੇ ਕੇਸ ਸਾਹਮਣੇ ਆ ਰਹੇ ਹਨ। ਇੱਕ ਰਿਪੋਰਟ ਅਨਸੁਾਰ ਹਰ ਅੱਠ ਮਿੰਟ ਬਾਅਦ ਭਾਰਤ ਅੰਦਰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਕਾਰਨ ਇੱਕ ਔਰਤ ਦੀ ਮੌਤ ਹੋ ਰਹੀ ਹੈ। ਫੇਫੜਿਆਂ, ਪ੍ਰੋਸਟੇਟ, ਕੋਲੋਰੇਕਟਲ, ਪੇਟ ਅਤੇ ਜਿਗਰ ਦਾ ਕੈਂਸਰ ਮਰਦਾਂ ਵਿੱਚ ਸਭ ਤੋਂ ਆਮ ਕਿਸਮਾਂ ਹਨ ਜਦੋਂਕਿ ਛਾਤੀ, ਕੋਲੋਰੇਟਲ, ਫੇਫੜੇ, ਬੱਚੇਦਾਨੀ ਅਤੇ ਥਾਇਰਾਇਡ ਦਾ ਕੈਂਸਰ ਔਰਤਾਂ ਵਿੱਚ ਸਭ ਤੋਂ ਆਮ ਹੈ। ਭਾਰਤ ਵਿੱਚ ਛਾਤੀ ਦਾ ਕੈਂਸਰ, ਸਰਵਾਈਕਲ ਕੈਂਸਰ, ਓਰਲ ਕੈਂਸਰ, ਫੇਫੜੇ ਅਤੇ ਕੋਲੋਰੇਟਲ ਕੈਂਸਰ ਸਭ ਤੋਂ ਵੱਧ ਹੁੰਦੇ ਹਨ।

ਥੀਮ: ‘ਕਲੋਜ਼ ਦਿ ਕੇਅਰ ਗੈਪ’

ਸਾਲ 2022 ਤੋਂ ਤਿੰਨ ਸਾਲਾ ‘ਕਲੋਜ਼ ਦਿ ਕੇਅਰ ਗੈਪ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਵਿਸ਼ਵ ਭਰ ਵਿੱਚ ਇਸ ਰੋਗ ਦੀ ਦੇਖਭਾਲ ਵਿੱਚ ਅਸਮਾਨਤਾਵਾਂ ਨੂੰ ਸਮਝਣ ਅਤੇ ਪਛਾਣਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਖੁੱਲ੍ਹੇ ਦਿਮਾਗ਼ ਨਾਲ ਚੁਣੌਤੀਪੂਰਨ ਧਾਰਨਾਵਾਂ ਅਤੇ ਤੱਥਾਂ ਨੂੰ ਦੇਖਣ ਬਾਰੇ ਹੈ। ਇਸ ਬਿਮਾਰੀ ਨਾਲ ਜੂਝ ਰਹੇ ਅਤੇ ਦੇਖਭਾਲ ਦੀ ਜ਼ਰੂਰਤ ਵਾਲੇ ਵਿਅਕਤੀ ਹਰ ਮੋੜ ’ਤੇ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ। ਆਮਦਨ, ਸਿੱਖਿਆ, ਸਥਾਨ, ਲਿੰਗ, ਉਮਰ, ਅਪਾਹਜਤਾ ਅਤੇ ਜੀਵਨਸ਼ੈਲੀ ਦੇ ਆਧਾਰ ’ਤੇ ਵਿਤਕਰਾ ਕੁਝ ਅਜਿਹੇ ਕਾਰਕ ਹਨ ਜੋ ਦੇਖਭਾਲ ਨੂੰ ਨਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰਦੇ ਹਨ। ਇਸ ਮੁਹਿੰਮ ਦਾ ਮਕਸਦ ਇਨ੍ਹਾਂ ਰੁਕਾਵਟਾਂ ਨੂੰ ਹਟਾਉਣ ਵਿੱਚ ਮੱਦਦ ਕਰਨਾ ਹੈ। ਇਹ ਮੁਹਿੰਮ ਜਨਤਕ ਸ਼ਮੂਲੀਅਤ ਨੂੰ ਵਧਾ ਕੇ ਵਿਸ਼ਵ ਪੱਧਰ ’ਤੇ ਜਾਗਰੂਕਤਾ ਪੈਦਾ ਕਰਨ ਦੇ ਵਧੇਰੇ ਮੌਕੇ ਅਤੇ ਪ੍ਰਭਾਵਸ਼ਾਲੀ ਕਿਰਿਆ ਦੁਆਰਾ ਲੰਬੇ ਸਮੇਂ ਦੇ ਪ੍ਰਭਾਵ ਬਣਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਕਿਸੇ ਵੀ ਤਰੀਕੇ ਨਾਲ ਸ਼ਾਮਲ ਹੋਵੋ, ਇਸ ਵਿੱਚ ਭਾਗੀਦਾਰ ਬਣੋ ਕਿਉਂਕਿ ਮਿਲ ਕੇ ਅਸੀਂ ਤਬਦੀਲੀ ਲਿਆ ਸਕਦੇ ਹਾਂ।

ਕੈਂਸਰ ਕੀ ਹੈ:

ਇਹ ਰੋਗਾਂ ਦੇ ਸਮੂਹ ਦਾ ਇੱਕ ਆਮ ਨਾਮ ਹੈ ਜਿਸ ਵਿੱਚ ਸਰੀਰ ਅੰਦਰਲੇ ਸੈੱਲਾਂ ਵਿੱਚੋਂ ਕੁਝ ਸੈੱਲ ਬੇਕਾਬੂ ਹੋ ਜਾਂਦੇ ਹਨ। ਇਲਾਜ ਨਾ ਕੀਤੇ ਜਾਣ ਵਾਲੇ ਕੈਂਸਰ ਆਲੇ-ਦੁਆਲੇ ਦੇ ਆਮ ਟਿਸ਼ੂਆਂ ਜਾਂ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਸਕਦੇ ਹਨ ਅਤੇ ਗੰਭੀਰ ਬਿਮਾਰੀ, ਅਪੰਗਤਾ ਤੇ ਮੌਤ ਦਾ ਕਾਰਨ ਬਣ ਸਕਦੇ ਹਨ।

ਕਾਰਨ:

ਕੈਂਸਰ ਇੱਕ ਬਹੁਪੱਖੀ ਬਿਮਾਰੀ ਹੈ। ਕਿਸੇ ਵੀ ਕਿਸਮ ਦੇ ਕੈਂਸਰ ਦਾ ਕੋਈ ਇਕੋ ਕਾਰਨ ਨਹੀਂ ਹੈ। ਮੁੱਖ ਰੂਪ ਵਿੱਚ ਤੰਬਾਕੂ, ਦੂਸ਼ਿਤ ਪੀਣ ਵਾਲਾ ਪਾਣੀ, ਗ਼ੈਰ-ਸਿਹਤਮੰਦ ਭੋਜਨ, ਵਾਇਰਸ, ਬੈਕਟੀਰੀਆ ਜਾਂ ਪਰਜੀਵ ਜਿਵੇਂ ਹੈਪੇਟਾਈਟਸ ਬੀ ਅਤੇ ਸੀ ਵਿਸ਼ਾਣੂ ਤੋਂ ਲਾਗ,

ਉਮਰ ਵਧਣਾ ਆਦਿ ਇਸ ਦੇ ਵਿਕਾਸ ਲਈ ਮਹੱਤਵਪੂਰਨ ਕਾਰਕ ਹਨ। ਤੰਬਾਕੂ ਦੀ ਵਰਤੋਂ, ਸ਼ਰਾਬ ਦੀ ਵਰਤੋਂ, ਗ਼ੈਰ-ਸਿਹਤਮੰਦ ਖੁਰਾਕ, ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਸਰੀਰਕ ਅਯੋਗਤਾ ਵੀ ਇਸ ਦੇ ਮੁੱਖ ਕਾਰਨ ਹਨ।

ਚਿਤਾਵਨੀ ਦੇ ਚਿੰਨ੍ਹ:

  • ਛਾਤੀ ਵਿੱਚ ਗਿਲਟੀ ਜਾਂ ਤਬਦੀਲੀਆਂ
  • ਮਲ ਤਿਆਗ ਦੀਆਂ ਆਦਤਾਂ ਵਿੱਚ ਤਬਦੀਲੀ
  • ਜ਼ਖ਼ਮ ਜੋ ਠੀਕ ਨਾ ਹੁੰਦਾ ਹੋਵੇ।
  • ਅਸਾਧਾਰਨ ਖ਼ੂਨ ਵਗਣਾ
  • ਬਿਨਾ ਕਾਰਨ ਭਾਰ ਘਟਣਾ ਅਤੇ ਭੁੱਖ ਦੀ ਕਮੀ
  • ਭੋਜਨ ਨਿਗਲਣ ਵਿੱਚ ਮੁਸ਼ਕਿਲ
  • ਲਗਾਤਾਰ ਖੰਘ ਜਾਂ ਆਵਾਜ਼ ਦੀ ਤਬਦੀਲੀ

ਰੋਕਥਾਮ:

ਕੈਂਸਰ ਨੂੰ ਰੋਕਣ ਲਈ ਸਬਜ਼ੀਆਂ, ਫਲ ਅਤੇ ਅਨਾਜ ਖਾਣਾ ਚਾਹੀਦਾ ਹੈ। ਨਿਯਮਤ ਰੂਪ ਵਿੱਚ ਸਰੀਰਕ ਗਤੀਵਿਧੀਆਂ ਕੀਤੀਆਂ ਜਾਣ। ਜ਼ਿਆਦਾ ਮੋਟਾਪੇ

ਤੋਂ ਬਚੋ। ਸਿਗਰਟ ਅਤੇ ਤੰਬਾਕੂ ਦੀ ਵਰਤੋਂ ਤੋਂ

ਪਰਹੇਜ਼ ਕਰੋ। ਸ਼ਰਾਬ ਜਾਂ ਹੋਰ ਨਸ਼ਿਆਂ ਦੀ ਵਰਤੋਂ ਨਾ ਕੀਤੀ ਜਾਵੇ। ਸਿਹਤ ਦੀ ਨਿਯਮਤ ਜਾਂਚ ਅਤੇ ਕੈਂਸਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਸਟਰੋਕ (ਐਨਪੀਸੀਡੀਸੀਐੱਸ) ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ ਦੀ ਸ਼ੁਰੂਆਤ ਸਾਲ 2010 ਵਿੱਚ ਵੱਡੇ ਗ਼ੈਰ-ਸੰਚਾਰੀ ਰੋਗਾਂ (ਐਨਸੀਡੀਜ਼) ਦੀ ਰੋਕਥਾਮ ਅਤੇ ਨਿਯੰਤਰਣ ਲਈ ਕੀਤੀ ਗਈ ਸੀ। ਆਮ ਗ਼ੈਰ-ਸੰਚਾਰੀ ਰੋਗਾਂ ਜਿਵੇਂ ਕਿ ਸ਼ੂਗਰ, ਹਾਈਪਰਟੈਨਸ਼ਨ ਅਤੇ ਆਮ ਕੈਂਸਰਾਂ ਦੀ ਆਬਾਦੀ ਆਧਾਰਿਤ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਪਰਿਵਾਰਾਂ ਵਿੱਚ ਇਹ ਬਿਮਾਰੀ ਕਿਸੇ ਮੈਂਬਰ ਨੂੰ ਸੀ ਉਨ੍ਹਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਕੈਂਸਰ ਦਾ ਖ਼ਤਰਾ ਘਟਾਉਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸ਼ੁਰੂਆਤੀ ਪੜਾਅ ’ਤੇ ਇਸ ਬਾਰੇ ਪਤਾ ਲੱਗਣਾ ਅਤੇ ਸਮੇਂ ਸਿਰ ਦੇਖਭਾਲ ਕਰਨਾ ਜ਼ਿੰਦਗੀ ਨੂੰ ਬਚਾ ਸਕਦਾ ਹੈ। ਕੈਂਸਰ ਨਾਲ ਜ਼ਿੰਦਗੀ ਬਤੀਤ ਕਰ ਰਹੇ ਲੋਕ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲੇ ਲੋਕ ਸਹੀ ਜਾਗਰੂਕਤਾ ਸਦਕਾ ਇਸ ਨਾਲ ਸਿੱਝਣ ਵਿੱਚ ਸਫਲ ਹੋ ਸਕਦੇ ਹਨ।

ਔਰਤਾਂ ਵਿੱਚ ਛਾਤੀ ਦਾ ਕੈਂਸਰ ਆਮ ਪਾਇਆ ਜਾਣ ਵਾਲਾ ਰੋਗ ਹੈ। ਇਸ ਦੀ ਸਮੇਂ ਸਿਰ ਪਛਾਣ ਹੋਣ ’ਤੇ ਇਸਦਾ ਇਲਾਜ ਸੰਭਵ ਹੈ। ਇਸ ਤੋਂ ਬਚਾਅ ਲਈ ਔਰਤਾਂ ਨੂੰ ਆਪਣੀ ਸਵੈ-ਜਾਂਚ ਹਰ ਮਹੀਨੇ ਕਰਦੇ ਰਹਿਣਾ ਚਾਹੀਦਾ ਹੈ। ਸਰਕਾਰੀ ਸਿਹਤ ਕੇਂਦਰਾਂ ’ਤੇ ਕੰਮ ਕਰਦੀਆਂ ਏ.ਐੱਨ.ਐੱਮਜ. ਅਤੇ ਆਸ਼ਾ ਇਸ ਲਈ ਸਿੱਖਿਅਤ ਹਨ। ਇਸ ਲਈ ਉਨ੍ਹਾਂ ਨਾਲ ਤਾਲਮੇਲ ਕਰਕੇ ਸਮੂਹ ਔਰਤਾਂ ਨੂੰ ਇਸ ਦੀ ਸਵੈ ਜਾਂਚ ਸਿੱਖਣੀ ਚਾਹੀਦੀ ਹੈ ਤਾਂ ਜੋ ਮੁੱਢਲੇ ਪੱਧਰ ‘ਤੇ ਬਿਮਾਰੀ ਦੀ ਪਛਾਣ ਹੋਣ ਨਾਲ ਇਲਾਜ ਸੰਭਵ ਹੋ ਸਕੇ।

ਇਲਾਜ ਲਈ ਸਹਾਇਤਾ:

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਕੈਂਸਰ ਪੀੜਤ ਮਰੀਜ਼ਾਂ ਦਾ 1.5 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਦੀ ਸਹੂਲਤ ਹੈ। ਇਸ ਸਕੀਮ ਅਧੀਨ ਕੈਂਸਰ ਪੀੜਤ ਨੂੰ ਸਿੱਧੀ ਮਾਲੀ ਮੱਦਦ ਨਹੀਂ ਦਿੱਤੀ ਜਾਂਦੀ ਸਗੋਂ ਰਜਿਸਟਰਡ ਹਸਪਤਾਲਾਂ ਵਿੱਚ ਮਰੀਜ਼ ਦਾ 1.5 ਲੱਖ ਰੁਪਏ ਤੱਕ ਇਲਾਜ ਦਾ ਖਰਚਾ ਸਿੱਧਾ ਹਸਪਤਾਲ ਨੂੰ ਦਿੱਤਾ ਜਾਂਦਾ ਹੈ।

ਸੰਪਰਕ: 98768-05158

Advertisement
×