DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਰਜਣ ਵੈਲੀ ਦਾ ਉਲਾਂਭਾ

ਸੁਖਦੇਵ ਸਿੰਘ ਸਿਰਸਾ ਤੁਸੀਂ ਖ਼ਾਮੋਸ਼ ਰਹੇ ਜਦੋਂ ਮੇਰੀ ਮਾਂ ਦੀ ਗੋਦ ਦਾ ਜੇਠਾ ਫੁੱਲ ਡਾਢਿਆਂ ਮਸਲ ਦਿੱਤਾ ਮਾਂ ਨੇ ਹਿੱਕ ’ਚ ਦੱਬ ਲਈ ਚੀਕ ਪਿਉ ਦਾ ਤੁਰਲਾ ਡਿੱਗ ਪਿਆ ਮਿੱਟੀ ਨੇ ਸਾਂਭ ਲਈ ਲਹੂ ਵਿਚਲੀ ਅੱਗ ਗੁੰਮ ਗਿਆ ਕਿਧਰੇ ਪਿੰਡ...
  • fb
  • twitter
  • whatsapp
  • whatsapp
Advertisement

ਸੁਖਦੇਵ ਸਿੰਘ ਸਿਰਸਾ

ਤੁਸੀਂ ਖ਼ਾਮੋਸ਼ ਰਹੇ

Advertisement

ਜਦੋਂ ਮੇਰੀ ਮਾਂ ਦੀ ਗੋਦ ਦਾ

ਜੇਠਾ ਫੁੱਲ ਡਾਢਿਆਂ ਮਸਲ ਦਿੱਤਾ

ਮਾਂ ਨੇ ਹਿੱਕ ’ਚ ਦੱਬ ਲਈ ਚੀਕ

ਪਿਉ ਦਾ ਤੁਰਲਾ ਡਿੱਗ ਪਿਆ

ਮਿੱਟੀ ਨੇ ਸਾਂਭ ਲਈ

ਲਹੂ ਵਿਚਲੀ ਅੱਗ

ਗੁੰਮ ਗਿਆ ਕਿਧਰੇ

ਪਿੰਡ ਦੀ ਸਿਆਣੀ ਅੱਖ ਦਾ

ਲਾਲ ਡੋਰਾ

ਮਾਂ ਦੀਆਂ ਅੱਖਾਂ ’ਚ

ਠਹਿਰ ਗਿਆ ਲਹੂ ਚੋਂਦਾ ਚਿਹਰਾ

ਟੁੱਕ ਦੀ ਬੁਰਕੀ ਹਰਾਮ ਹੋ ਗਈ

ਮੱਚਦਾ ਰਿਹਾ ਸਿਵਾ

ਬਾਪ ਦੀ ਛਾਤੀ ’ਚ

ਚੋਬਰਾਂ ਦੀ ਢਾਣੀ ’ਚ

ਅੱਗ ਤੁਰਦੀ ਰਹੀ

ਹਾਅੜ ਬੋਲਦਾ ਰਾਤ-ਬਰਾਤੇ

ਲਹੂ ਲਿਬੜੀਆਂ ਪੈੜਾਂ

ਟਿਕੀ ਰਾਤ ਕੁੰਡਾ ਖੜਕਾਉਂਦੀਆਂ

ਧਾਰ ਪਰਖਣ ਲਈ

ਟਕੂਏ ਗੰਡਾਸੇ ਬੋਲ ਮਾਰਦੇ

ਬਦਲੇ ਦੀ ਅੱਗ

ਰੋਹੀਏ ਲੈ ਚੜ੍ਹੀ

ਗੂੰਗੇ ਪਿੰਡ ਦੀ ਹਿੱਕ ’ਤੇ

ਪੁਲੀਸ ਦੀ ਧਾੜ ਆ ਬੈਠੀ

ਤੁਸੀਂ ਉਦੋਂ ਵੀ ਚੁੱਪ ਧਾਰ ਲਈ

ਤੇ ਪਿੰਡ ਲਈ ਅਸੀਂ

ਪੁੱਤਰਾਂ ਦੀ ਥਾਂ ਵੈਲੀ ਹੋ ਗਏ

ਪਿੰਡ ਦੇ ਸਾਊ ਪੱਲੇ ’ਚ

ਧਾੜਵੀ, ਡਾਕੂ, ਵੈਲੀ ਕਿੱਥੇ ਸਮਾਉਂਦੇ ਨੇ

ਬੱਸ ਫਿਰ ਅੱਗ ਨੇ

ਅੱਗ ਨਾਲ ਭਿੜਨਾ ਸੀ

ਅੰਨ੍ਹੀ ਅੱਗ ਦੀ ਖੇਡ ’ਚ

ਸਾਡੇ ਸਿਰਾਂ ’ਤੇ ਸ਼ਮਲੇ

ਸੂਹੇ ਹੋ ਗਏ

ਤੇ ਅਸੀਂ ਵੈਲੀ

ਬਦਲਾ ਤਾਂ ਜਿੱਤ ਗਿਆ

ਪਰ ਮਾਂ ਹਾਰ ਗਈ

ਆਂਦਰ ਦੇ ਦੋ ਹੋਰ ਟੋਟੇ

ਅੱਗ ਭਸਮ ਕਰ ਗਈ

ਵਰਦੀਆਂ ਵਾਲੀ ਧਾੜ

ਸਾਡੀਆਂ ਲੋਥਾਂ ’ਤੇ ਨੱਚੀ

ਪਿੰਡ ਉਦੋਂ ਵੀ ਦੜ ਵੱਟ ਗਿਆ

ਮੇਰੀ ਧਰਤੀ ਤੇ ਲੋਕ ਵੀ

ਬੜੀ ਸ਼ੈਅ ਹਨ

ਮਿੱਟੀ ਡੁੱਲ੍ਹਦੇ ਲਹੂ ਨੂੰ

ਅੱਗ ਦੀ ਆਹੂਤੀ ’ਚ ਬਦਲ ਦਿੰਦੀ ਹੈ

ਤੇ ਦੁਖਿਆਰੇ ਲੋਕ

ਅੱਗ ਦੀਆਂ ਦਾਸਤਾਨਾਂ ਨੂੰ

ਸੀਨਿਆਂ ’ਚ ਸਮੋਅ ਲੈਂਦੇ ਨੇ

ਧੁਖ਼ਦੀਆਂ ਦੇਹਾਂ ਪਲਟ ਕੇ

ਅਸੀਂ ਲੋਕਾਂ ਦੇ ਚੇਤਿਆਂ

ਤੇ ਗੀਤਾਂ ’ਚ ਆ ਬੈਠੇ

ਅਸੀਂ ਜਗਰਾਵਾਂ ਦੀ ਰੋਸ਼ਨੀ ਦੇ ਮੇਲੇ ਦੇ

ਚਿਰਾਗਾਂ ਦਾ ਚਾਨਣ ਹੋ ਗਏ

ਹੁਣ ਇਕ ਗਵੱਈਏ ਨੇ

ਸਾਡੀ ਕਥਾ ਛੇੜੀ

ਤਾਂ ਪਿੰਡ ਨੂੰ ਅਸੀਂ ਯਾਦ ਆਏ।

ਸੰਪਰਕ: 98156-36565

Advertisement
×