DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਾ ਦੀ ਗਾਇਬ ਹੋਈ ਨਜ਼ਮ

ਜਸਬੀਰ ਭੁੱਲਰ ਕਾਰਜਕਾਰਨੀ ਦੀ ਇੱਕ ਮੀਟਿੰਗ ਵਿੱਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਕੁਝ ਮਹੱਤਵਪੂਰਨ ਕਿਤਾਬਾਂ ਲਿਖਵਾਉਣ ਦਾ ਨਿਰਣਾ ਲਿਆ। ਉਨ੍ਹਾਂ ਵਿੱਚੋਂ ਇੱਕ ਕਿਤਾਬ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਗਈ। ਡਾਕਟਰ ਦਲੀਪ ਕੌਰ ਟਿਵਾਣਾ ਦੀ ਸ਼ਖ਼ਸੀਅਤ ਦੇ ਪੱਖ ਉਜਾਗਰ...
  • fb
  • twitter
  • whatsapp
  • whatsapp
featured-img featured-img
ਅੰਮ੍ਰਿਤਾ ਪ੍ਰੀਤਮ ਅਤੇ ਡਾਕਟਰ ਦਲੀਪ ਕੌਰ ਟਿਵਾਣਾ ਦੀ ਯਾਦਗਾਰੀ ਤਸਵੀਰ।
Advertisement

ਜਸਬੀਰ ਭੁੱਲਰ

ਕਾਰਜਕਾਰਨੀ ਦੀ ਇੱਕ ਮੀਟਿੰਗ ਵਿੱਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਕੁਝ ਮਹੱਤਵਪੂਰਨ ਕਿਤਾਬਾਂ ਲਿਖਵਾਉਣ ਦਾ ਨਿਰਣਾ ਲਿਆ। ਉਨ੍ਹਾਂ ਵਿੱਚੋਂ ਇੱਕ ਕਿਤਾਬ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਗਈ। ਡਾਕਟਰ ਦਲੀਪ ਕੌਰ ਟਿਵਾਣਾ ਦੀ ਸ਼ਖ਼ਸੀਅਤ ਦੇ ਪੱਖ ਉਜਾਗਰ ਕਰਨ ਵਾਲੀ ਉਸ ਕਿਤਾਬ ਦਾ ਨਾਂ ਮੈਂ ‘ਨਮ ਸ਼ਬਦਾਂ ਦੀ ਆਬਸ਼ਾਰ’ ਧਰ ਦਿੱਤਾ।

Advertisement

ਮੈਂ ਡਾਕਟਰ ਟਿਵਾਣਾ ਦੇ ਕਰੀਬੀਆਂ ਦੀ ਫਹਿਰਿਸਤ ਬਣਾਈ ਤੇ ਮਜ਼ਮੂਨ ਲਿਖਣ ਲਈ ਉਨ੍ਹਾਂ ਤੱਕ ਪਹੁੰਚ ਕੀਤੀ। ਮੋਹਵੰਤਿਆਂ ਦਾ ਹੁੰਗਾਰਾ ਉਤਸ਼ਾਹ ਭਰਿਆ ਸੀ। ਇੱਕ ਇੱਕ ਕਰ ਕੇ ਮਜ਼ਮੂਨ ਆਉਣੇ ਸ਼ੁਰੂ ਹੋ ਗਏ।

ਇਮਰੋਜ਼

ਉਨ੍ਹਾਂ ਰਚਨਾਵਾਂ ਵਿੱਚ ਹਰ ਇੱਕ ਦੇ ਆਪੋ ਆਪਣੇ ਹਿੱਸੇ ਦੀ ਦਲੀਪ ਕੌਰ ਟਿਵਾਣਾ ਸੀ ਪਰ ਅੰਮ੍ਰਿਤਾ ਪ੍ਰੀਤਮ ਦੇ ਹਿੱਸੇ ਦੀ ਟਿਵਾਣਾ ਉਨ੍ਹਾਂ ਲੇਖਾਂ ਵਿੱਚ ਨਹੀਂ ਸੀ।

ਅੰਮ੍ਰਿਤਾ ਡਾਕਟਰ ਟਿਵਾਣਾ ਦੇ ਮੋਹ-ਪਿਆਰ ਵਾਲਿਆਂ ਵਿੱਚੋਂ ਸੀ। ਦੋਵੇਂ ਸਹੇਲੀਆਂ ਵਾਂਗੂੰ ਸਨ। ਕਿਤਾਬ ਵਿੱਚ ਅੰਮ੍ਰਿਤਾ ਦੇ ਮਜ਼ਮੂਨ ਦੀ ਸ਼ਮੂਲੀਅਤ ਮੈਨੂੰ ਲਾਜ਼ਮੀ ਜਾਪੀ ਸੀ। ਮੈਂ ਅੰਮ੍ਰਿਤਾ ਨੂੰ ਤਾਬੜਤੋੜ ਫ਼ੋਨ ਕਰ ਦਿੱਤਾ, ‘‘ਦੀਦੀ! ਇਹ ਆਪਣਿਆਂ ਦਾ ਡਾਕਟਰ ਟਿਵਾਣਾ ਪ੍ਰਤੀ ਮੋਹ ਦਾ ਇਜ਼ਹਾਰ ਹੈ। ਪਲੀਜ਼, ਇਸ ਕਿਤਾਬ ਲਈ ਤੁਸੀਂ ਜ਼ਰੂਰ ਲਿਖਣਾ ਹੈ।’’

ਉਨ੍ਹੀਂ ਦਿਨੀਂ ਅੰਮ੍ਰਿਤਾ ਪ੍ਰੀਤਮ ਦੀ ਸਿਹਤ ਠੀਕ ਨਹੀਂ ਸੀ। ਥੋੜ੍ਹੀ ਜਿਹੀ ਮੁਸ਼ੱਕਤ ਵੀ ਉਹਨੂੰ ਬੇਹਾਲ ਕਰ ਦਿੰਦੀ ਸੀ। ਕਿਤਾਬ ਲਈ ਉਹਦਾ ਕੁਝ ਲਿਖ ਸਕਣਾ ਨਾਮੁਮਕਿਨ ਜਾਪਦਾ ਸੀ।

ਮੈਂ ਨਿਰਾਸ਼ ਸਾਂ ਤੇ ਫੇਰ ਇੱਕ ਦਿਨ ਅੰਮ੍ਰਿਤਾ ਦਾ ਲਿਖਿਆ ਮਜ਼ਮੂਨ ਡਾਕ ਰਾਹੀਂ ਮੇਰੇ ਕੋਲ ਪਹੁੰਚ ਗਿਆ। ਉਹਨੇ ਮੇਰੇ ਕਹੇ ਦਾ ਮਾਣ ਰੱਖ ਲਿਆ ਸੀ।

‘ਘੁੱਟ ਕੇ ਮਾਰੀ ਹੋਈ ਬੁੱਕਲ’ ਉਸ ਮਜ਼ਮੂਨ ਦਾ ਨਾਂ ਸੀ। ਇੱਕ ਲੰਮੀ ਨਜ਼ਮ ਉਸ ਮਜ਼ਮੂਨ ਵਿੱਚ ਸ਼ਾਮਿਲ ਸੀ। ਮੈਂ ਉਸ ਨਜ਼ਮ ਦਾ ਵੀ ਇਹੋ ਨਾਂ ਮਿਥ ਲਿਆ।

ਇਮਰੋਜ਼ ਨੇ ਫ਼ੋਨ ਉੱਤੇ ਮੈਥੋਂ ਕਿਤਾਬ ਦਾ ਨਾਂ ਪੁੱਛਿਆ ਤੇ ਫਿਰ ਕੁਝ ਦਿਨਾਂ ਪਿੱਛੋਂ ਉਹਦਾ ਬਣਾਇਆ ਹੋਇਆ ‘ਨਮ ਸ਼ਬਦਾਂ ਦੀ ਆਬਸ਼ਾਰ’ ਦਾ ਸਰਵਰਕ ਵੀ ਮੇਰੇ ਕੋਲ ਪਹੁੰਚ ਗਿਆ।

ਕਿਤਾਬ ਛਪਣ ਲਈ ਤਿਆਰ ਹੋ ਗਈ। ਉਸ ਸਮੇਂ ਡਾਕਟਰ ਦਲੀਪ ਕੌਰ ਟਿਵਾਣਾ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਸੀ। ਉਹਨੇ ਕਿਤਾਬ ਦਾ ਖਰੜਾ ਵੇਖਿਆ, ਘੋਖਿਆ ਤੇ ਮੇਰੇ ਲਈ ਸ਼ਾਬਾਸ਼ ਦੇ ਕੁਝ ਸ਼ਬਦ ਕਹੇ। ਪ੍ਰਧਾਨ ਵਜੋਂ ਉਹਨੇ ਕਿਤਾਬ ਦੀ ਭੂਮਿਕਾ ਵੀ ਲਿਖੀ।

ਛਪਣ ਲਈ ਕਿਤਾਬ ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਕੋਲ ਪਹੁੰਚ ਗਈ।

ਉਸ ਪ੍ਰਕਾਸ਼ਨ ਦੇ ਮਾਲਕ ਕੁਲਵੰਤ ਸਿੰਘ ਸੂਰੀ ਨੇ ਉਹ ਕਿਤਾਬ ਰੂਹ ਨਾਲ ਛਾਪੀ ਸੀ। ਉਸ ਦੀ ਟਿਵਾਣਾ ਪ੍ਰਤੀ ਸ਼ਰਧਾ ਤੇ ਸਤਿਕਾਰ ਵੀ ਕਿਤਾਬ ਵਿੱਚ ਸ਼ਾਮਿਲ ਸੀ।

ਛਪ ਕੇ ਆਈ ਕਿਤਾਬ ਦੇ ਪੰਨੇ ਮੈਂ ਚਾਅ ਨਾਲ ਫਰੋਲੇ ਤਾਂ ਹੈਰਾਨ ਰਹਿ ਗਿਆ। ਕਿਤਾਬ ਵਿੱਚ ਅੰਮ੍ਰਿਤਾ ਦਾ ਮਜ਼ਮੂਨ ਤਾਂ ਛਪਿਆ ਹੋਇਆ ਸੀ, ਪਰ ਉਸ ਮਜ਼ਮੂਨ ਵਿਚਲੀ ਲੰਮੀ ਨਜ਼ਮ ਉਸ ਵਿੱਚੋਂ ਮਨਫ਼ੀ ਸੀ।

ਅੰਮ੍ਰਿਤਾ ਦੀ ਉਹ ਨਜ਼ਮ ਕਿੱਧਰ ਗਈ?

ਅਕਾਦਮੀ ਨੂੰ ਵੀ ਉਸ ਨਜ਼ਮ ਬਾਰੇ ਕੁਝ ਪਤਾ ਨਹੀਂ ਸੀ ਤੇ ਪ੍ਰਕਾਸ਼ਕ ਵੀ ਬੇਖ਼ਬਰ ਸੀ।

ਮੈਨੂੰ ਉਸ ਨਜ਼ਮ ਦਾ ਸੁਰਾਗ ਨਹੀਂ ਸੀ ਮਿਲਿਆ। ਸ਼ਰਮਸਾਰ ਹੋਏ ਨੇ ਉਹ ਕਿਤਾਬ ਅੰਮ੍ਰਿਤਾ ਨੂੰ ਨਹੀਂ ਸੀ ਭੇਜੀ। ਬੱਸ, ਚੁੱਪ ਵੱਟ ਲਈ ਸੀ। ਉਸ ਨਜ਼ਮ ਦੇ ਹਸ਼ਰ ਬਾਰੇ ਕੀ ਦੱਸਦਾ?

ਕਿਤਾਬ ਦੀ ਪ੍ਰਕਾਸ਼ਨਾ ਦੇ ਕੁਝ ਮਹੀਨੇ ਪਿੱਛੋਂ ਮੈਂ ਅਕਾਦਮੀ ਦੇ ਦਫ਼ਤਰ ਵਿੱਚ ਬੈਠਾ ਹੋਇਆ ਸਾਂ। ਪੰਜਾਬ ਕਲਾ ਪ੍ਰੀਸ਼ਦ ਦੇ ਇੱਕ ਕਲਰਕ ਨੇ ਕੁਝ ਕਾਗਜ਼ ਮੈਨੂੰ ਲਿਆ ਕੇ ਫੜਾਏ ਤੇ ਦੱਸਿਆ ਕਿ ਉਹ ਕਾਗਜ਼ ਉਹਨੂੰ ਦਫ਼ਤਰ ਦੀ ਇੱਕ ਫਾਈਲ ਵਿੱਚੋਂ ਮਿਲੇ ਸਨ।

ਅੰਮ੍ਰਿਤਾ ਦੀ ਲਿਖਾਈ ਮੈਂ ਝੱਟ ਪਛਾਣ ਲਈ।

ਉਹ ਕਾਗਜ਼ ਅੰਮ੍ਰਿਤਾ ਦੇ ਮਜ਼ਮੂਨ ਦੀ ਮਨਫ਼ੀ ਹੋਈ ਨਜ਼ਮ ਸੀ।

ਗੁੰਮ ਗਈ ਨਜ਼ਮ ਦਾ ਰਹੱਸ ਨਜ਼ਮ ਦੇ ਲੱਭ ਪੈਣ ਪਿੱਛੋਂ ਵੀ ਰਹੱਸ ਹੀ ਰਿਹਾ।

ਆਪਣੇ ਧਰਵਾਸ ਲਈ ਉਸ ਵੇਲੇ ਮੈਂ ਬੱਸ ਏਨਾ ਕੁ ਸੋਚਿਆ, ਸ਼ੁਕਰ ਹੈ ਇਹ ਨਜ਼ਮ ਵਕਤ ਦੇ ਦਰਿਆ ਵਿੱਚ ਹਮੇਸ਼ਾ ਲਈ ਨਹੀਂ ਡੁੱਬੀ।

ਉਨ੍ਹਾਂ ਕਾਗਜ਼ਾਂ ਉੱਤੇ ਨਜ਼ਮ ਤੋਂ ਪਹਿਲਾਂ ‘ਘੁੱਟ ਕੇ ਮਾਰੀ ਹੋਈ ਬੁੱਕਲ’ ਮਜ਼ਮੂਨ ਦੀ ਇੱਕ ਸਤਰ ਵੀ ਸੀ। ਉਸ ਸਤਰ ਸਮੇਤ ਅੰਮ੍ਰਿਤਾ ਦੀ ਉਹ ਨਜ਼ਮ ਇੰਨ-ਬਿੰਨ ਪੇਸ਼ ਹੈ:

ਅੱਜ ਸੱਚੀ ਗੱਲ ਕੀਤੀ ਹੈ ਤਾਂ ਉਹ ਅੱਖਰ ਵੀ ਸਾਹਮਣੇ ਰੱਖਣੇ ਪੈਣਗੇ-

ਉਹ ਰੁਮਕਦੀ ਪੌਣ ਵਰਗੀ ਸੀ

ਇਕ ਦਿਨ ਖੰਡਰਾਂ ’ਚੋਂ ਲੰਘੀ

ਤਾਂ ਵਾਜ ਆਈ- ‘ਏਥੋਂ ਦੇ ਰਾਹੀ

ਏਥੋਂ ਦੇ ਦਿਓ ਦੀ ਹਾਜ਼ਰੀ ਭਰਦੇ

ਤੇ ਸੁਣ! ਦਿਓ ਦੀਆਂ ਕਰਾਮਾਤਾਂ

ਉਹ ਲੋਕਾਂ ਦੇ ਘਰ ਅੱਡਦਾ ਏ

ਤੇ ਉਡਦੀਆਂ ਵਾਵਾਂ ਦੀ ਜੜ੍ਹ ਲਾਂਦਾ ਏ’

ਉਸ ਇਸ਼ਤਿਆਕ ਦੀ ਕਰੀ ਨੇ-

ਦਿਓ ਦੀ ਹਾਜ਼ਰੀ ਦਿੱਤੀ

ਤਾਂ ਵਾਜ ਆਈ ‘ਬਸ ਥੋੜ੍ਹੀ ਜਹੀ ਬਲੀ ਦੇ ਜਾ

ਫੇਰ ਵੇਖ: ਤੇਰਾ ਘਰ ਕਿਵੇਂ ਵਸਦਾ ਏ!’

ਤੇ ਜਿੰਨੇ ਵੀ ਜੀਊਣ ਜੋਗੇ ਵਰ੍ਹੇ ਸੀ

ਉਨ੍ਹਾਂ ਦੀ ਬਲੀ ਦੇ ਕੇ

ਹੁਣ ਵਿੰਗੀ ਮੰਜੀ ’ਤੇ ਪਈ

ਉਹ ਸਾਹਵਾਂ ਲਈ ਪੌਣ ਲੱਭਦੀ ਹੈ

ਦੱਸਦੇ ਨੇ ਕਿ ਇਕ ਤਬੀਬ ਸੀ

ਜਿਹਨੇ ਉਹਦੀ ਡੁਸਦੀ ਨਾੜ ਟੋਹੀ ਸੀ

ਤੇ ਕਹਿਣ ਲੱਗਾ-

ਨੀ ਰੁਮਕਦੀ ਪੌਣ ਜਹੀਏ!

ਇਹ ਆਪਣਾ ਹਾਲ ਕੀ ਕੀਤਾ ਈ?

ਤਾਂ ਡੁਸਦੀ ਨਾੜ ਜਹੀ ਉਹ ਬੋਲੀ-

‘ਉਹ ਕੌਣ ਸੀ, ਜਿਸ ਬਲੀ ਮੰਗੀ ਸੀ?’

ਤਬੀਬ ਨੇ ਕਿਹਾ-

‘ਉਹੀਉ ਜੋ ਸਮਾਜ ਸਿਰਜਦਾ

ਤੇ ਫੇਰ ਆਪਣੇ ਹੁਕਮ ਵਿਚ ਤੋਰਦਾ’

ਉਹ ਰਤਾ ਕੁ ਸੰਭਲੀ

ਕਹਿਣ ਲੱਗੀ- ‘ਤੇ ਉਹ ਖੰਡਰ?’

ਤਬੀਬ ਨੇ ਕਿਹਾ-

‘ਉਹੀਉ ਤਾਂ ਉਹਦੇ ਵਸਾਏ ਘਰ ਹੁੰਦੇ

ਜਿੰਨਾਂ ਦੀ ਆਤਮਾ ਖੰਡਰ ਜਹੀ ਤੂੰ ਵੇਖੀ ਸੀ’

ਤਬੀਬ ਨੇ ਉਹਦੇ ਮੋਢੇ ਹੱਥ ਧਰਿਆ

ਬੋਲਿਆ-

‘ਝੱਲੀਏ! ਉਡਦੀਆਂ ਪੌਣਾਂ ਦੀ ਜੜ੍ਹ

ਮਿੱਟੀ ਵਿਚ ਨਹੀਂ ਲਗਦੀ

ਉਹ ਤਾਂ ਆਪਣੀ ਰੂਹ ਵਿਚ ਹੁੰਦੀ…’

ਉਹ ਤਬੀਬ ਦੇ ਹੱਥਾਂ ਨੂੰ ਵੇਂਹਦੀ ਰਹੀ

ਫੇਰ ਕਹਿਣ ਲੱਗੀ-

‘ਹੁਣ ਕੋਈ ਦਵਾ ਦਾਰੂ?’

ਤਬੀਬ ਨੇ ਕਿਹਾ-

‘ਹੁਣ ਦਵਾ ਦਾਰੂ ਪ੍ਰਾਣਾਂ ’ਚੋਂ ਲੱਭ ਲੈ

ਉਹ ਰੱਬ ਦਾ ਦਿੱਤਾ,

ਤੇਰਾ ਪ੍ਰਾਣਾਂ ਦੀ ਅਮਾਨਤ ਹੈ…’

ਬੜਾ ਅਜੀਬ ਲਗਦਾ ਹੈ ਅੰਮ੍ਰਿਤਾ ਦੀ ਨਜ਼ਮ ਦਾ ਕਿਤਾਬ ਦੇ ਮਜ਼ਮੂਨ ਵਿਚੋਂ ਗਾਇਬ ਹੋ ਜਾਣਾ।

ਮੈਂ ਅੰਮ੍ਰਿਤਾ ਦਾ ਮੁਜਰਿਮ ਸਾਂ। ਮਨ ਦੇ ਬੋਝ ਤੋਂ ਮੁਕਤ ਹੋਣ ਦੇ ਯਤਨ ਵਿੱਚ ਸਾਂ, ਤਾਂ ਹੀ ਨਜ਼ਮ ਹੁਣ ਸਭ ਦੇ ਸਾਹਵੇਂ ਹੈ।

ਹੁਣ ਅੰਮ੍ਰਿਤਾ ਨਹੀਂ ਹੈ। ਕਦੀ ਤਾਂ ਉਹ ਮੈਨੂੰ ਮਿਲੂਗੀ ਜ਼ਰੂਰ, ਸ਼ਾਇਦ ਕਹੂਗੀ, ‘‘ਜਸਬੀਰ, ਬੜਾ ਗ਼ੈਰਜ਼ਿੰਮੇਵਾਰ ਸੰਪਾਦਕ ਏਂ ਤੂੰ!’’

ਮੈਂ ਕੀ ਕਹੂੰਗਾ ਉਸਨੂੰ?

Advertisement
×