ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੇਰੇ ਸ਼ਹਿਰ ਆਈ ਅੰਮ੍ਰਿਤਾ ਪ੍ਰੀਤਮ

ਰਮੇਸ਼ ਕੁਮਾਰ ਇਹ ਗੱਲ 1978 ਦੀ ਹੈ। ਆਈ.ਪੀ.ਐੱਸ. (I.P.S) ਵਾਲਿਆਂ ਨੇ ਯਮੁਨਾਨਗਰ ਵਿੱਚ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਨ ਦਾ ਪ੍ਰੋਗਰਾਮ ਬਣਾਇਆ। ਜਮਨਾ ਆਟੋ ਇੰਡਸਟਰੀ ਵਾਲੇ ਭੁਪਿੰਦਰ ਸਿੰਘ ਜੌਹਰ ਇਸ ਦੇ ਜਨਰਲ ਸਕੱਤਰ ਅਤੇ ਕਰਤਾ ਧਰਤਾ ਸਨ। ਉਨ੍ਹਾਂ ਕਰਕੇ ਹੀ ਇਹ ਕਾਨਫਰੰਸ...
Advertisement

ਰਮੇਸ਼ ਕੁਮਾਰ

ਇਹ ਗੱਲ 1978 ਦੀ ਹੈ। ਆਈ.ਪੀ.ਐੱਸ. (I.P.S) ਵਾਲਿਆਂ ਨੇ ਯਮੁਨਾਨਗਰ ਵਿੱਚ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਨ ਦਾ ਪ੍ਰੋਗਰਾਮ ਬਣਾਇਆ। ਜਮਨਾ ਆਟੋ ਇੰਡਸਟਰੀ ਵਾਲੇ ਭੁਪਿੰਦਰ ਸਿੰਘ ਜੌਹਰ ਇਸ ਦੇ ਜਨਰਲ ਸਕੱਤਰ ਅਤੇ ਕਰਤਾ ਧਰਤਾ ਸਨ। ਉਨ੍ਹਾਂ ਕਰਕੇ ਹੀ ਇਹ ਕਾਨਫਰੰਸ ਯਮੁਨਾਨਗਰ ਵਿਖੇ ਹੋਣੀ ਪ੍ਰਵਾਨ ਹੋਈ ਸੀ।

Advertisement

ਪ੍ਰਬੰਧਕ ਕਮੇਟੀ ਦੇ ਬਾਕੀ ਮੈਂਬਰ- ਕਲੱਬਾਂ ਵਾਲੇ, ਕਾਰਖਾਨੇਦਾਰ ਤੇ ਵਪਾਰੀ ਵਰਗ ਵਿੱਚੋਂ ਸਨ। ਸਾਹਿਤਕ ਰੁਝਾਨ ਕਰਕੇ ਇਕੱਲਾ ਮੈਂ ਹੀ ਇਸ ਦਾ ਸਾਹਿਤਕ ਮੈਂਬਰ ਸਾਂ। ਜਦ ਕਦੇ ਮੀਟਿੰਗ ਹੋਣੀ ਉਹ ਖਾਣ-ਪੀਣ, ਮੈਨਿਊ ਬਾਰੇ ਜ਼ਿਆਦਾ ਚਿੰਤਾ ਕਰਦੇ ਤੇ ਕਾਨਫਰੰਸ ਦੀ ਕਾਰਵਾਈ ਬਾਰੇ ਘੱਟ।

ਇਸ ਵਿੱਚ ਵੀਹ ਕੁ ਦੇਸ਼ਾਂ ਦੇ ਪੰਜਾਬੀਆਂ ਨੇ ਇਕੱਠੇ ਹੋਣਾ ਸੀ। ਸਾਰੇ ਵੱਡੇ ਵੱਡੇ ਸਨਅਤਕਾਰ ਹੀ ਸਨ ਜਾਂ ਕਹੋ ਸਮਾਜਿਕ ਹਸਤੀਆਂ ਸਨ- ਸਾਹਿਤਕ ਕੋਈ ਨਹੀਂ। ਡੈਲੀਗੇਟਸ ਦੇ ਠਹਿਰਨ, ਘੁੰਮਣ, ਰਾਤ ਦੇ ਖਾਣਿਆਂ, ਫਾਰਮ ਹਾਊਸ ਪਾਰਟੀਆਂ ਆਦਿ ਦਾ ਪ੍ਰਬੰਧ ਕੀਤਾ ਗਿਆ।

ਪ੍ਰਮੁੱਖ ਪੰਜਾਬੀਆਂ ਨੂੰ ਸਨਮਾਨਿਤ ਕਰਨ ਲਈ ਸੂਚੀ ਬਣੀ। ਹਰ ਤਬਕੇ ਨੂੰ ਪ੍ਰਤੀਨਿਧਤਾ ਦੇਣ ਅਤੇ ਕਾਨਫਰੰਸ ਦੀ ਸ਼ਾਨ ਵਧਾਉਣ ਦਾ ਧਿਆਨ ਰੱਖਿਆ ਗਿਆ। ਮੈਂ ਅੰਮ੍ਰਿਤਾ (ਪ੍ਰੀਤਮ) ਜੀ ਦਾ ਨਾਮ ਲਿਖਵਾਇਆ। ਮੇਰੇ ਲਈ ਉਨ੍ਹਾਂ ਤੋਂ ਵੱਡਾ ਨਾਮ ਹੋ ਹੀ ਨਹੀਂ ਸੀ ਸਕਦਾ। ਸਨਮਾਨਿਤ ਹੋਣ ਵਾਲੇ ਵਿਅਕਤੀਆਂ ਵਿੱਚ ਟ੍ਰਿਬਿਊਨ ਗਰੁੱਪ ਦੇ ਤਤਕਾਲੀ ਚੀਫ ਐਡੀਟਰ ਸ੍ਰੀ ਪ੍ਰੇਮ ਭਾਟੀਆ, ਪੰਜਾਬ ਕੇਸਰੀ ਅਖ਼ਬਾਰ ਸਮੂਹ ਦੇ ਚੀਫ ਐਡੀਟਰ ਲਾਲਾ ਜਗਤ ਨਰਾਇਣ, ਜਨਰਲ ਜੇ.ਜੇ. ਅਰੋੜਾ, ਸਰਦਾਰ ਇਕਬਾਲ ਸਿੰਘ ਐੱਮ.ਪੀ. ਜਲੰਧਰ ਅਤੇ ਅੰਮ੍ਰਿਤਾ ਪ੍ਰੀਤਮ ਸ਼ਾਮਿਲ ਸਨ।

ਸਮਾਗਮ ਵੱਡੇ ਪੱਧਰ ’ਤੇ ਹੋਣਾ ਸੀ। ਸਾਰਾ ਸ਼ਹਿਰ ਝੰਡੀਆਂ ਅਤੇ ਝਾਲਰਾਂ ਨਾਲ ਸਜਾਇਆ ਗਿਆ ਅਤੇ ਮੁੱਖ ਸਨਮਾਨ ਸਮਾਗਮ ਸ਼ਹਿਰ ਦੇ ਵੱਡੇ ਸਿਨੇਮਾ ਘਰ ਮਧੂ ਥੀਏਟਰ ਵਿੱਚ ਰੱਖਿਆ ਗਿਆ।

ਹਰਿਆਣਾ ਦੇ ਤਤਕਾਲੀ ਰਾਜਪਾਲ ਹਰਚਰਨ ਸਿੰਘ ਬਰਾੜ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਵੱਡੀ ਸਟੇਜ ਸਜਾਈ ਗਈ। ਮਧੂ ਸਿਨੇਮਾ ਦੀ ਸਕਰੀਨ ਅੱਗੇ ਲੱਕੜ ਦੀਆਂ ਸ਼ਤੀਰੀਆਂ ਗੇਲੀਆਂ ਨਾਲ, 30X80 ਫੁੱਟ ਦੀ ਵਿਸ਼ਾਲ ਸਟੇਜ। ਮਧੂ ਸਿਨੇਮਾ ਦੁਲਹਨ ਵਾਂਗ ਸਜਿਆ ਹੋਇਆ।

ਮੇਰੀਆਂ ਨਜ਼ਮਾਂ ‘ਨਾਗਮਣੀ’ ਵਿੱਚ ਛਪਦੀਆਂ ਸਨ। ਅੰਮ੍ਰਿਤਾ ਪ੍ਰੀਤਮ ਹੋਰਾਂ ਪ੍ਰਤੀ ਮੇਰੀ ਵਿਸ਼ੇਸ਼ ਸ਼ਰਧਾ ਅਤੇ ਸਨੇਹ ਸੀ, ਸਹਿਚਾਰ ਸੀ। ਇਸ ਲਈ ਮੈਂ ਸਾਹਿਤਕ ਰੁਚੀਆਂ ਵਾਲੇ ਆਪਣੇ 20-25 ਦੋਸਤਾਂ-ਸਾਥੀਆਂ ਅਤੇ ਸਹਿਯੋਗੀ ਅਧਿਆਪਕਾਂ ਨੂੰ ਸਮੇਤ ਪਰਿਵਾਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਅਸੀਂ ਸਾਰੇ ਉਸ ਦਿਨ ਦਾ ਇੰਤਜ਼ਾਰ ਕਰਨ ਲੱਗੇ ਅਤੇ ਹਰ ਰੋਜ਼ ਅੰਮ੍ਰਿਤਾ ਪ੍ਰੀਤਮ ਦੀਆਂ ਬਾਤਾਂ ਪਾਉਂਦੇ।

ਸਮਾਗਮ ਦਾ ਦਿਨ ਆ ਗਿਆ। ਯਮੁਨਾਨਗਰ ਵਰਗੇ ਛੋਟੇ ਸ਼ਹਿਰ ਵਿੱਚ ਅੰਮ੍ਰਿਤਾ ਪ੍ਰੀਤਮ ਦੇ ਕੱਦ ਦੀ ਸਾਹਿਤਕਾਰ ਨੂੰ ਸਟੇਜ ਤੋਂ ਸੁਣਨ ਜਿਹੇ ਇਤਿਹਾਸਕ ਅਤੇ ਸਾਹਿਤਕ ਪਲ ਨੂੰ ਮਾਣਨ ਲਈ ਅਸੀਂ ਸਭ ਸਾਥੀਆਂ ਨੇ ਸਮੇਂ ਤੋਂ ਪਹਿਲਾਂ ਹੀ ਜਾ ਕੇ ਇੱਕ ਦੂਜੇ ਦੇ ਨੇੜੇ ਵਾਲੀਆਂ ਕਤਾਰਾਂ ਵਿੱਚ ਆਪੋ ਆਪਣੀਆਂ ਸੀਟਾਂ ਮੱਲ ਲਈਆਂ।

ਮਹਿਮਾਨ ਆ ਕੇ ਸਟੇਜ ’ਤੇ ਸਜਣ ਲੱਗੇ। ਸਭ ਨੂੰ ਦੋ ਦੋ ਕੁੜੀਆਂ ਲਿਜਾ ਕੇ ਨਿਸ਼ਚਤ ਜਗ੍ਹਾ ’ਤੇ ਬਿਠਾ ਰਹੀਆਂ ਸਨ- ਅੰਮ੍ਰਿਤਾ ਜੀ ਨੂੰ ਸੀਟ ਵਿਚਕਾਰ ਮਿਲੀ। ਮੁੱਖ ਮਹਿਮਾਨ ਗਵਰਨਰ ਬਰਾੜ ਦੇ ਸਟੇਜ ਉੱਤੇ ਪਹੁੰਚਣ ’ਤੇ ਸਾਰਾ ਹਾਲ ਉੱਠ ਕੇ ਖੜ੍ਹਾ ਹੋਇਆ ਅਤੇ ਤਾੜੀਆਂ ਨਾਲ ਗੂੰਜ ਉੱਠਿਆ।

ਸਰਦਾਰ ਤਰਲੋਚਨ ਸਿੰਘ (ਐੱਮ.ਪੀ.) ਸਟੇਜ ਸਕੱਤਰ ਸਨ। ਸਵਾਗਤੀ ਸ਼ਬਦਾਂ ਤੋਂ ਬਾਅਦ ਸ਼ਬਦ ਗਾਇਨ ਹੋਇਆ। ਜਨਰਲ ਸਕੱਤਰ ਭੁਪਿੰਦਰ ਸਿੰਘ ਜੌਹਰ ਨੇ ਆਪਣੀ ਰਿਪੋਰਟ ਪੜ੍ਹੀ ਅਤੇ ਪੰਜਾਬੀਆਂ ਦੇ ਦੇਸ਼, ਸਮਾਜ ਅਤੇ ਸੰਸਾਰ ਵਿੱਚ ਯੋਗਦਾਨ ਤੇ ਸਥਾਨ ਦੀ ਗੱਲ ਕੀਤੀ।

ਸਨਮਾਨਾਂ ਦੀ ਗੱਲ ਸ਼ੁਰੂ ਹੋਈ ਕਿਉਂਕਿ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਅੰਮ੍ਰਿਤਾ ਪ੍ਰੀਤਮ ਹੀ ਇਕੱਲੀ ਔਰਤ ਸੀ ਅਤੇ ਉਹ ਪੰਜਾਬੀ ਦੀ ਪ੍ਰਮੁੱਖ ਸ਼ਾਇਰਾ ਵੀ ਸੀ। ਅਸੀਂ ਸੋਚਿਆ ਅੰਮ੍ਰਿਤਾ ਦਾ ਨਾਮ ਸਭ ਤੋਂ ਪਹਿਲਾਂ ਆਵੇਗਾ ਪਰ ਪ੍ਰਬੰਧਕਾਂ ਦਾ ਆਪਣਾ ਕ੍ਰਮ ਸੀ, ਅੰਮ੍ਰਿਤਾ ਦਾ ਨਾਮ ਸਭ ਤੋਂ ਅਖੀਰ ਵਿੱਚ ਆਇਆ।

ਅਸੀਂ ਸੋਚਿਆ ਪ੍ਰਬੰਧਕ ਸਿਆਣੇ ਹਨ। ਉਹ ਅੰਮ੍ਰਿਤਾ ਹੋਰਾਂ ਨੂੰ ਇਸ ਲਈ ਅਖੀਰ ਵਿੱਚ ਸਨਮਾਨ ਦੇ ਰਹੇ ਹਨ ਕਿ ਸ਼ਾਇਦ ਉਸ ਤੋਂ ਬਾਅਦ ਉਨ੍ਹਾਂ ਨੂੰ ਬੋਲਣ ਅਤੇ ਨਜ਼ਮਾਂ ਸੁਣਾਉਣ ਲਈ ਕਹਿਣਗੇ, ਪਰ ਅਜਿਹਾ ਨਹੀਂ ਹੋਇਆ।

ਉਨ੍ਹਾਂ ਨੇ ਸਨਮਾਨ ਤੋਂ ਬਾਅਦ ਬੋਲਣ ਦਾ ਕ੍ਰਮ ਸ਼ੁਰੂ ਕੀਤਾ। ਲਾਲਾ ਜਗਤ ਨਰਾਇਣ ਨੂੰ ਬੁਲਾਇਆ ਗਿਆ, ਸ੍ਰੀ ਪ੍ਰੇਮ ਭਾਟੀਆ ਨੂੰ ਫਿਰ ਜਗਜੀਤ ਸਿੰਘ ਅਰੋੜਾ ਨੂੰ। ਅਸੀਂ ਫਿਰ ਸੋਚਿਆ ਕਿ ਅੰਮ੍ਰਿਤਾ ਨੂੰ ਸਭ ਤੋਂ ਅਖੀਰ ’ਤੇ ਹੀ ਬੁਲਾਉਣਗੇ- ਸਮਾਗਮ ਨੂੰ ਸਿਖਰ ’ਤੇ ਪਹੁੰਚਾ ਕੇ। ਅਜਿਹਾ ਵੀ ਨਹੀਂ ਹੋਇਆ।

ਇਸ ਮਗਰੋਂ ਉਨ੍ਹਾਂ ਨੇ ਰਾਜਪਾਲ ਸਾਹਿਬ ਨੂੰ ਸਨਮਾਨ ਅਤੇ ਬੋਲਣ ਲਈ ਬੇਨਤੀ ਕਰ ਦਿੱਤੀ। ਅਸੀਂ ਸਭ ਹੱਕੇ ਬੱਕੇ ਰਹਿ ਗਏ ਅਤੇ ਹੇਠੀ ਮਹਿਸੂਸ ਕਰ ਰਹੇ ਸਾਂ।

ਇਹ ਪਹਿਲੀ ਥਾਂ ਅਤੇ ਸ਼ਾਇਦ ਪਹਿਲਾ ਹੀ ਮੌਕਾ ਹੋਵੇਗਾ ਕਿ ਪੰਜਾਬੀਆਂ ਦਾ ਇਕੱਠ ਹੋਵੇ, ਅੰਮ੍ਰਿਤਾ ਪ੍ਰੀਤਮ ਸਟੇਜ ’ਤੇ ਹਾਜ਼ਰ ਹੋਵੇ ਅਤੇ ਉਸ ਨੂੰ ਬੋਲਣ ਤੇ ਕਵਿਤਾ ਸੁਣਾਉਣ ਲਈ ਕਿਹਾ ਹੀ ਨਾ ਜਾਵੇ। ਕਵਿਤਾ ਹੀ ਤਾਂ ਉਸ ਦਾ ਵਜੂਦ, ਉਸ ਦੀ ਪਛਾਣ ਹੈ। ਇਹ ਕਿਹੋ ਜਿਹਾ ਪ੍ਰਬੰਧ ਅਤੇ ਕਿਹੋ ਜਿਹੀ ਸੋਚ ਸੀ!

ਮੈਂ ਆਪਣੇ ਸਾਥੀਆਂ ਨੂੰ ਕਿਹਾ ਕਿ ਰਾਜਪਾਲ ਦੇ ਭਾਸ਼ਣ ਤੋਂ ਪਹਿਲਾਂ ਹੀ ਮੂਕ ਵਿਰੋਧ ਵਜੋਂ ਅੰਮ੍ਰਿਤਾ ਜੀ ਨੂੰ ਉੱਠ ਜਾਣਾ ਚਾਹੀਦਾ ਹੈ।

ਮੈਂ ਹੈਰਾਨ ਸਾਂ ਕਿ ਮੇਰੇ ਕਹਿੰਦਿਆਂ ਕਹਿੰਦਿਆਂ ਅੰਮ੍ਰਿਤਾ ਪ੍ਰੀਤਮ ਆਪਣੀ ਸੀਟ ਤੋਂ ਉੱਠ ਗਏ। ਹੌਲੀ ਹੌਲੀ ਬਿਨਾਂ ਕਿਸੇ ਨੂੰ ਕੁਝ ਕਿਹਾਂ ਸਟੇਜ ਦੀਆਂ ਪੌੜੀਆਂ ਉੱਤਰ ਆਏ। ਸੁਰਮਈ ਰੰਗ ਦਾ ਸਿਲਕ ਦਾ ਸੂਟ, ਮੋਢੇ ’ਤੇ ਇੱਕ ਪਾਸੇ ਲਟਕਦੀ ਸ਼ਾਲ- ਸਿਨੇਮਾ ਦੀਆਂ ਕੁਰਸੀਆਂ ਦੇ ਵਿਚਕਾਰੋਂ ਹੌਲੀ ਹੌਲੀ ਲੰਘਦੀ ਮਟਕ ਮਟਕ ਪੱਬ ਧਰਦੀ ਅੰਮ੍ਰਿਤਾ- ਜਿਵੇਂ ਸਮਾਗਮ ਦੀ ਆਤਮਾ ਕਲਬੂਤ ਛੱਡ ਕੇ ਜਾ ਰਹੀ ਹੋਵੇ।

ਅੰਮ੍ਰਿਤਾ ਹੋਰੀਂ ਮੇਰੀ ਕਤਾਰ ਦੇ ਕੋਲੋਂ ਨਿਕਲੇ ਤਾਂ ਮੈਂ ਆਪ ਮੁਹਾਰੇ ਉੱਠ ਕੇ ਉਨ੍ਹਾਂ ਦੇ ਪਿੱਛੇ ਪਿੱਛੇ ਤੁਰ ਪਿਆ। ਹਾਲ ਦੇ ਬਾਹਰ ਪੋਰਚ ਵਿੱਚ ਸਨਮਾਨ ਵਾਲੀ ਸ਼ਾਲ ਦਾ ਭਾਰ ਚੁੱਕੀ ਖੜ੍ਹੀ ਸੀ ਅੰਮ੍ਰਿਤਾ ਪ੍ਰੀਤਮ।

ਮੈਂ ਅਦਬ ਨਾਲ ਨਮਸਕਾਰ ਕੀਤੀ। ਕੋਈ ਜਵਾਬ ਨਹੀਂ। ਫਿਰ ਮੈਂ ਝੁਕ ਕੇ ਨਮਸਕਾਰ ਕੀਤੀ। ਫਿਰ ਕੋਈ ਜਵਾਬ ਨਹੀਂ। ਪੌਣੇ ਪੰਜ ਫੁੱਟ ਦੀ ਅੰਮ੍ਰਿਤਾ-ਛੇ ਫੁੱਟ ਦਾ ਰਮੇਸ਼ ਕੁਮਾਰ। ਮੈਨੂੰ ਲੱਗ ਰਿਹਾ ਸੀ ਕਿ ਉਹ ਬਹੁਤ ਵੱਡੀ ਉੱਚੀ ਦੂਰ ਨਿਗਾਹ ਘੁਮਾਉਂਦੀ ਕੁਝ ਲੱਭ ਰਹੀ ਹੈ ਅਤੇ ਮੈਂ, ਛੋਟਾ ਜਿਹਾ ਬੱਚਾ, ਉਸ ਦੇ ਕੋਲ ਖੜ੍ਹਾ ਵਾਰ ਵਾਰ ਉਸ ਦਾ ਧਿਆਨ ਖਿੱਚ ਰਿਹਾ ਹਾਂ, ਪਰ ਵਿਅਰਥ।

ਤੀਜੀ ਵਾਰ ਮੈਂ ਉਸ ਨੂੰ ਕਿਹਾ, ‘‘ਅੰਮ੍ਰਿਤਾ ਜੀ, ਤੁਸੀਂ ਸਟੇਜ ’ਤੇ ਬੈਠੇ ਪਤੈ ਕੀ ਲੱਗ ਰਹੇ ਸੋ- ਸਿਰਫ਼ ਇੱਕ ਹੌਜ਼ਰੀ ਦੀ ਗੰਢ, ਮਾਲ ਵਾਲੇ ਜਹਾਜ਼ ਵਿੱਚ ਲੱਦੀ- ਜੋ ਤੁਸੀਂ ਰਸੀਦੀ ਟਿਕਟ ਵਿੱਚ ਲਿਖਿਆ ਸੀ।’’

ਅੰਮ੍ਰਿਤਾ ਜੀ ਨੇ ਮੇਰਾ ਹੱਥ ਦੋਵੇਂ ਹੱਥਾਂ ਵਿੱਚ ਫੜ ਲਿਆ, ‘‘ਸ਼ੁਕਰ ਐ ਕੋਈ ਪੜ੍ਹਨ ਲਿਖਣ ਵਾਲਾ ਤਾਂ ਮਿਲਿਆ! ਤੂੰ ਕੌਣ ਐਂ? ਇੱਥੇ ਕਿਵੇਂ?’’ ਉਹ ਆਪ ਮੁਹਾਰੇ ਇੱਕੋ ਸਾਹ ਸਭ ਕੁਝ ਕਹਿ ਗਏ। ਫਿਰ ਮੇਰੇ ਬੋਲਣ ਤੋਂ ਪਹਿਲਾਂ ਹੀ ਬੋਲੀ, ‘‘ਓ... ਤੂੰ ਤਾਂ ਆਪਣਾ ਰਮੇਸ਼ ਕੁਮਾਰ ਐਂ ‘ਪੰਜਵੀਂ ਕੰਧ’ ਵਾਲਾ।’’ ਉਨ੍ਹਾਂ ਨੂੰ 1971 ’ਚ ‘ਨਾਗਮਣੀ’ ਵਿੱਚ ਛਪੀ ਮੇਰੀ ਪਲੇਠੀ ਕਵਿਤਾ ਯਾਦ ਸੀ। ‘‘ਸ਼ੁਕਰ ਐ ਕੋਈ ਤਾਂ ਆਪਣਾ ਮਿਲਿਆ- ਤੂੰ ਇਮਰੋਜ਼ ਨੂੰ ਦੇਖਿਆ ਕਿਤੇ?’’

ਮੈਨੂੰ ਸਮਝ ਆਈ ਕਿ ਉਹ ਪੋਰਚ ਵਿੱਚ ਖੜ ਕੇ, ਇਮਰੋਜ਼ ਨੂੰ ਲੱਭ ਰਹੇ ਸਨ। ਮੈਂ ਦੂਰ ਤੱਕ ਨਿਗਾਹ ਮਾਰੀ। ਇਮਰੋਜ਼ ਹੋਰੀਂ ਮੈਨੂੰ ਕਿਤੇ ਨਹੀਂ ਦਿਸੇ। ਅੰਮ੍ਰਿਤਾ ਜੀ ਸ਼ਾਇਦ ਜਾਣ ਲਈ ਕਾਹਲੇ ਅਤੇ ਵਿਆਕੁਲ ਸਨ। ਉਧਰ ਇਮਰੋਜ਼ ਹੋਰੀਂ ਕਿਤੇ ਨਜ਼ਰ ਨਹੀਂ ਸੀ ਆ ਰਹੇ।

ਮੈਂ ਅੰਦਾਜ਼ਾ ਲਗਾਇਆ ਤੇ ਕਿਹਾ, ‘‘ਆਓ ਗੇਟ ਵੱਲ ਚੱਲਦੇ ਹਾਂ, ਸ਼ਾਇਦ ਕਿਤੇ ਬਾਹਰ ... ਨਾ ਹੋਣ।’’ ਅਤੇ ਅਸੀਂ ਹੌਲੀ ਹੌਲੀ ਸਮਾਗਮ ਬਾਰੇ ਗੱਲਾਂ ਕਰਦੇ, ਪ੍ਰਬੰਧਕਾਂ ਦੀ ਕੁਤਾਹੀ ਬਾਰੇ ਬੁੜਬੁੜ ਕਰਦੇ ਗੇਟ ਵੱਲ ਤੁਰ ਪਏ।

ਗੇਟ ’ਤੇ ਪੁੱਜੇ ਤਾਂ ਇਮਰੋਜ਼ ਸੱਚਮੁੱਚ ਹੀ ਸੜਕ ਦੇ ਪਾਰ ਸੀ- ਸਾਡੇ ਸਾਹ ਵਿੱਚ ਸਾਹ ਆਇਆ। ਇਮਰੋਜ਼ ਸਾਨੂੰ ਦੇਖ ਕੇ ਹੈਰਾਨ ਤੇ ਪੁੱਛਿਆ, ‘‘ਸਮਾਗਮ ਮੁੱਕ ਗਿਆ?’’

‘‘ਤੂੰ ਚੱਲ ਕਾਰ ’ਚ ਬੈਠ। ਬੈਠ ਕੇ ਦੱਸਾਂਗੀ।’’ ਅਤੇ ਉਹ ਦੋਵੇਂ ਕੋਲ ਖੜ੍ਹੀ ਕਾਰ ਵਿੱਚ ਬੈਠ ਗਏ। ਮੈਂ ਨਮਸਤੇ ਕਰਦੇ ਕਰਦੇ ਨੇ ਸੋਚਿਆ ਅਤੇ ਕਿਹਾ, ‘‘ਤੁਸੀਂ ਮੇਰੇ ਸ਼ਹਿਰੋਂ ਬੇਸੁਆਦਾ, ਕੁਸੈਲਾ ਸੁਆਦ ਲੈ ਕੇ ਜਾਉਗੇ, ਅੱਛਾ ਨਹੀਂ ਲੱਗੇਗਾ- ਇੱਕ ਕੱਪ ਕੌਫ਼ੀ ਦਾ ਪੀਣਾ ਮੰਨ ਲਵੋ ਤਾਂ ਧੰਨਵਾਦੀ ਹੋਵਾਂਗਾ।’’

ਅੰਮ੍ਰਿਤਾ ਪ੍ਰੀਤਮ ਨੇ ਕਿਹਾ ਕਿ ਗੱਡੀ ਵਿੱਚ ਬੈਠ ਜਾ। ਮੈਂ ਗੱਡੀ ਵਿੱਚ ਬੈਠ ਕੇ ਸੋਚਿਆ, ‘ਮਨਾਂ ਤੂੰ ਤਾਂ ਫਸ ਗਿਆ- ਬੀਵੀ ਮੇਰੀ ਤਾਂ ਸਿਨੇਮਾ ਹਾਲ ਵਿੱਚ ਬੈਠੀ ਹੈ। ਘਰ ਨੂੰ ਤਾਲਾ ਵੱਜਿਆ ਹੋਇਐ। ਹੁਣ ਕਾਰ ਕਿਧਰ ਮੁੜਵਾਵਾਂ। ਸ਼ਹਿਰ ਵਿੱਚ ਛੋਟੇ ਜਿਹੇ ਪੰਜ-ਦਸ ਢਾਬੇ ਹੀ ਹਨ, ਹੋਟਲ ਕੋਈ ਨਹੀਂ। ਕੋਈ ਅਜਿਹੀ ਥਾਂ ਨਹੀਂ, ਜਿੱਥੇ ਬਿਠਾ ਕੇ ਅੰਮ੍ਰਿਤਾ ਜੀ ਨੂੰ ਕੌਫ਼ੀ ਪਿਲਾਈ ਜਾ ਸਕੇ।’

ਇੱਕ ਮਿੰਟ ਵਿੱਚ ਮੇਰੇ ਦਿਮਾਗ਼ ਵਿੱਚ ਖ਼ਿਆਲ ਆਇਆ ਤੇ ਮੈਂ ਪੁੱਛਿਆ, ‘‘ਅੰਮ੍ਰਿਤਾ ਜੀ, ਤੁਹਾਡਾ ਸਾਮਾਨ ਕਿੱਥੇ ਪਿਐ?’’ ‘‘ਸਰਦਾਰ ਜੌਹਰ ਸਾਹਿਬ ਦੇ ਘਰ।’’ ਉਨ੍ਹਾਂ ਨੇ ਕਿਹਾ।

ਬਸ ਕੰਮ ਬਣ ਗਿਆ। ਗੱਡੀ ਨੂੰ ਰਾਹ ਦੱਸਦਾ ਮੋੜ ਘੋੜ ਕੱਟਦਾ ਮੈਂ ਉਨ੍ਹਾਂ ਨੂੰ ਇੰਡਸਟਰੀਅਲ ਏਰੀਆ ’ਚ ਸਰਦਾਰ ਜੀ ਦੀ ਕੋਠੀ, ਜਮਨਾ ਆਟੋ ਇੰਡਸਟਰੀ ਲੈ ਵੜਿਆ।

ਸ਼ਾਮ ਦਾ ਸਮਾਂ। ਖਾਲੀ ਕੋਠੀ। ਮਾਲਕ ਸਭ ਸਮਾਗਮ ਵਿੱਚ ਗਏ ਹੋਏ। ਲਾਅਨ ਵਿੱਚ ਕੁਰਸੀਆਂ ’ਤੇ ਬੈਠਦਿਆਂ ਮੈਂ ਪੁੱਛਿਆ, ‘‘ਕੀ ਲਉਗੇ? ਕੀ ਖਾਉਗੇ?’’।

‘‘ਜ਼ੋਰ ਦੀ ਭੁੱਖ ਲੱਗੀ ਐ, ਜੋ ਮਰਜ਼ੀ ਖੁਆ ਦਿਉ। ਮੈਂ ਕੱਪੜੇ ਬਦਲ ਕੇ ਆਈ।’’ ਅਤੇ ਉਹ ਉੱਪਰ ਆਪਣੇ ਕਮਰੇ ਵੱਲ ਚਲੀ ਗਈ ਅਤੇ ਮੈਂ ਰਸੋਈ ਵੱਲ। ਰਸੋਈਏ ਮੈਨੂੰ ਜਾਣਦੇ ਸਨ। ਫਰਿੱਜ ਵਿੱਚੋਂ ਕਾਫ਼ੀ ਨਿੱਕ ਸੁੱਕ ਆ ਗਿਆ।

ਜਦ ਨੂੰ ਮੇਜ ਸਜਿਆ, ਅੰਮ੍ਰਿਤਾ ਪ੍ਰੀਤਮ ਉੱਪਰੋਂ ਉੱਤਰ ਆਏ। ਉਨ੍ਹਾਂ ਚੌਂਕੜੀ ਮਾਰ ਕੇ ਬੈਠ, ਨਿੱਠ ਕੇ ਖਾਧਾ- ਕੌਫ਼ੀ ਪੀਤੀ। ਅਸੀਂ ਇੱਕ ਘੰਟਾ ਬੈਠ ਕੇ ਗੱਲਾਂ ਕੀਤੀਆਂ, ਦੋ ਕਵਿਤਾਵਾਂ ਸੁਣਾਈਆਂ ਅਤੇ ਅਸੀਂ ਦੋਵਾਂ ਨੇ ਇਮਰੋਜ਼ ਨੂੰ ਸਮਾਗਮ ਦੀ ਗੱਲ ਦੱਸੀ। ਉਨ੍ਹਾਂ ਨੇ ਮੈਨੂੰ ਕਵਿਤਾ ਸੁਣਾਉਣ ਲਈ ਕਿਹਾ। ਮੈਂ ਨਜ਼ਮ ‘ਸੰਵਾਦ’ ਸੁਣਾਈ:

ਕਿਤਨਾ

ਅੱਛਾ ਲਗਦਾ ਹੈ

ਬੱਦਲ ਕਿਸੇ ਦਾ

ਵੱਡਾ ਜਿਹਾ ਬਣ ਕੇ

ਖੁੱਲ੍ਹੇ ਨੀਲੇ ਆਕਾਸ਼ ਵਿੱਚ

ਸਥਿਤ ਹੋ ਜਾਣਾ

ਅਤੇ ਫਿਰ

ਪਤਾ ਨਹੀਂ ਕਦੋਂ

ਵਾਸ਼ਪ ਬਣ ਕੇ ਘੁਲ ਜਾਣਾ ਵਾਯੂਮੰਡਲ ਵਿੱਚ।

ਕਿਤਨਾ

ਅੱਛਾ ਲਗਦਾ ਹੈ

ਚੜ੍ਹ ਚੜ੍ਹ ਆਉਂਦੀਆਂ

ਕਾਲੀਆਂ ਘਟਾਵਾਂ ਵਿੱਚ

ਚਿੱਟੇ ਬਗਲਿਆਂ ਵਾਂਗ

ਉੱਡਦੇ ਜਾਣਾ, ਉੱਡਦੇ ਜਾਣਾ

ਉਡਾਰੀਆਂ ਲਾਉਣਾ

ਅਤੇ

ਆਕਾਸ਼ ਵਿੱਚ ਤਸਵੀਰਾਂ ਬਣਾਉਣਾ।

ਕਿਤਨਾ

ਅੱਛਾ ਲਗਦਾ ਹੈ

ਚੰਨ ਚਾਨਣੀ ਰਾਤ ਵਿੱਚ

ਚੰਨ ਦੇ ਨਾਲ ਨਾਲ ਤੁਰਨਾ

ਅਤੇ

ਦੁੱਧ ਧੋਤੀ ਕਾਇਨਾਤ ਨਾਲ

ਚੁੱਪ ਦਾ ਸੰਵਾਦ ਬਣਾਉਣਾ।

ਅਤੇ

ਮੈਨੂੰ ਬਹੁਤ ਅੱਛਾ ਲਗਦਾ ਹੈ

ਕਿਸੇ ਨਜ਼ਮ ਵਰਗੀ ਕੁੜੀ ਨਾਲ ਗੱਲਾਂ ਕਰਨਾ

ਅਤੇ

ਗੱਲਾਂ ਕਰਦੇ ਕਰਦੇ

ਖ਼ੁਦ ਨਜ਼ਮ ਹੋ ਜਾਣਾ।

ਵੱਖ ਵੱਖ ਸੰਦਰਭ ਵਿੱਚ ਕਲਪਨਾ ਅਤੇ ਤਸ਼ਬੀਹਾਂ ਲਈ ਦੋਹਾਂ ਤੋਂ ਸ਼ਾਬਾਸ਼ ਮਿਲੀ। ਇਮਰੋਜ਼ ਨੇ ਕਿਹਾ, ‘‘ਕਵਿਤਾ ਥੋੜ੍ਹੇ ਹੈ, ਪੇਂਟਿੰਗਜ਼ ਨੇ ਛੋਟੀਆਂ ਛੋਟੀਆਂ ਦੂਰ ਤੱਕ ਫੈਲੀਆਂ ਹੋਈਆਂ।’’ ਅਤੇ ਹਲਕੇ ਫੁੱਲ ਹੋ ਕੇ ਉਹ ਦੋਵੇਂ ਕਾਰ ਵਿੱਚ ਬੈਠ ਗਏ। ਮੈਂ ਉਨ੍ਹਾਂ ਨਾਲ ਕਾਰ ਵਿੱਚ ਬੈਠਾ ਤੇ ਕਿਹਾ, ‘‘ਮੈਂ ਤੁਹਾਨੂੰ ਆਪਣੇ ਪਿੰਡ ਦੀ ਜੂਹ ਤੱਕ ਨਾਲ ਛੱਡ ਕੇ ਆਵਾਂਗਾ। ਦਿੱਲੀ ਦੇ ਰਾਹ ਪਾ ਕੇ ਵਾਪਸ ਆ ਜਾਵਾਂਗਾ।’’

ਅੰਮ੍ਰਿਤਾ ਪ੍ਰੀਤਮ ਬਹੁਤ ਖ਼ੁਸ਼ ਹੋਏ। ਯਮੁਨਾਨਗਰ ਦੀ ਹੱਦ ਤੱਕ ਮੈਂ ਨਾਲ ਗਿਆ। ਕਾਰ ਵਿੱਚੋਂ ਉੱਤਰ ਕੇ ਜਦ ਮੈਂ ਅਦਬ ਨਾਲ ਨਮਸਕਾਰ ਕੀਤੀ, ਧੰਨਵਾਦ ਕੀਤਾ ਤਾਂ

ਮੇਰੇ ਹੱਥ ਫੜ ਕੇ ਕਹਿਣ ਲੱਗੇ, ‘‘ਅਸੀਂ ਦਿੱਲੀ ਚੱਲੇ

ਹਾਂ। ਕੋਈ ਪੁੱਛੇਗਾ ਕਿੱਥੇ ਗਏ ਸੋ ਤਾਂ ਕਹਾਂਗੇ- ਰਮੇਸ਼ ਨੂੰ ਮਿਲਣ ਗਏ ਸੀ।’’

ਅੱਜ ਇਹ ਲਿਖਦਿਆਂ ਅੰਮ੍ਰਿਤਾ ਹੋਰਾਂ ਦੇ ਹੱਥ ਦੀ ਛੋਹ ਆਪਣੇ ਹੱਥ ਵਿੱਚ ਮਹਿਸੂਸ ਕਰ ਰਿਹਾਂ ਹਾਂ।

ਈ-ਮੇਲ: kumar.rameshdr@gmail.com

Advertisement