DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਕਾਵਿਕ ਬਿਆਨ

  ਦਿਲਜੀਤ ਸਿੰਘ ਬੇਦੀ ਅੱਲ੍ਹਾ ਯਾਰ ਖਾਂ ਜੋਗੀ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੋ ਲੰਮੀਆਂ ਨਜ਼ਮਾਂ ‘ਸ਼ਹੀਦਾਨਿ ਵਫ਼ਾ’ ਅਤੇ ‘ਗੰਜਿ ਸ਼ਹੀਦਾਂ’ ਲਿਖੀਆਂ ਹਨ, ਜਿਨ੍ਹਾਂ ਵਿੱਚ ਫ਼ਾਰਸੀ, ਅਰਬੀ ਅਤੇ ਹਿੰਦੀ ਦੇ ਰਲਵੇਂ ਮਿਲਵੇਂ ਸ਼ਬਦ ਵਰਤੇ ਗਏ ਹਨ...
  • fb
  • twitter
  • whatsapp
  • whatsapp
Advertisement

ਦਿਲਜੀਤ ਸਿੰਘ ਬੇਦੀ

Advertisement

ਅੱਲ੍ਹਾ ਯਾਰ ਖਾਂ ਜੋਗੀ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੋ ਲੰਮੀਆਂ ਨਜ਼ਮਾਂ ‘ਸ਼ਹੀਦਾਨਿ ਵਫ਼ਾ’ ਅਤੇ ‘ਗੰਜਿ ਸ਼ਹੀਦਾਂ’ ਲਿਖੀਆਂ ਹਨ, ਜਿਨ੍ਹਾਂ ਵਿੱਚ ਫ਼ਾਰਸੀ, ਅਰਬੀ ਅਤੇ ਹਿੰਦੀ ਦੇ ਰਲਵੇਂ ਮਿਲਵੇਂ ਸ਼ਬਦ ਵਰਤੇ ਗਏ ਹਨ ਅਤੇ ਲਿੱਪੀ ਸ਼ਾਹਮੁਖੀ ਹੈ। ਅਨੁਵਾਦਕ ਨੇ ਨਾਮਵਰ ਸ਼ਾਇਰ ਮਿਰਜ਼ਾ ਗ਼ਾਲਿਬ, ਅਲਤਾਫ ਹੁਸੈਨ ਹਾਲੀ, ਅਕਬਰ ਅਲਾਹਾਬਾਦੀ, ਲੱਭ ਰਾਮ ਜੋਸ਼ ਮਲਸਿਆਨੀ, ਸਾਹਿਰ ਲੁਧਿਆਣਵੀ, ਚਕਬਸਤ ਅਤੇ ਹੋਰ ਉਰਦੂ ਸ਼ਾਇਰਾਂ ਦੀਆਂ ਕ੍ਰਿਤਾਂ ਨੂੰ ਪੜ੍ਹਿਆ ਹੈ। ਅੱਲ੍ਹਾ ਯਾਰ ਖਾਂ ਜੋਗੀ ਦੀਆਂ ਨਜ਼ਮਾਂ ਜੋ ਮਰਸੀਆ ਦੇ ਰੂਪ ਵਿੱਚ ਹਨ, ਨੂੰ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਲਿਪੀਅੰਤਰ ਅਤੇ ਅਨੁਵਾਦ ਕਿਰਪਾਲ ਸਿੰਘ ਦਰਦੀ ਨੇ ਕੀਤਾ ਹੈ।

ਦਰਦੀ ਹੋਰਾਂ ਨੇ ਉਸ ਵੇਲੇ ਦੇ ਹਾਲਾਤ ਦਾ ਸੰਖੇਪ ਵੇਰਵਾ ਵੀ ਦਿੱਤਾ ਹੈ ਤਾਂ ਜੋ ਪਾਠਕ ਇਹ ਜਾਣ ਸਕਣ ਕਿ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਨੰਦਪੁਰ ਛੱਡਣਾ ਪਿਆ ਅਤੇ ਸਾਹਿਬਜ਼ਾਦੇ ਸ਼ਹੀਦ ਹੋਏ। ਸਰਹਿੰਦ ਦਾ ਸੰਖੇਪ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਨੂੰ ਫ਼ਤਹਿ ਕਰਨ ਦਾ ਵਰਣਨ ਵੀ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਸੁਪਤਨੀਆਂ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਦਿੱਲੀ ਕਿਉਂ ਗਈਆਂ ਜਦੋਂਕਿ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਵੱਲ ਮਾਲਵੇ ’ਚ ਚਲੇ ਗਏ ਸਨ ਅਤੇ ਮੁਗ਼ਲ ਫ਼ੌਜਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਉਨ੍ਹਾਂ ਦਾ ਦਿੱਲੀ ਮੌਤ ਦੇ ਮੂੰਹ ਵਿੱਚ ਜਾਣ ਦੇ ਕਾਰਨਾਂ ਬਾਰੇ ਵੀ ਲਿਖਿਆ ਗਿਆ ਹੈ।

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ

ਸਿੱਖੀ ਕੀ ਨੀਂਵ ਹਮ ਹੈ ਸਰੋਂ ਪਰ ਉਠਾ ਚਲੇ

ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ

ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ

ਗੱਦੀ ਸੇ ਤਾਜੋ-ਤਖ਼ਤ ਬਸ ਅਬ ਕੌਮ ਪਾਏਗੀ।

ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ

ਕਟਾਏ ਬਾਪ ਨੇ ਬੱਚੇ ਜਹਾ ਖ਼ੁਦਾ ਕੇ ਲੀਏ।

ਗੁਰੂ ਗੋਬਿੰਦ ਕੇ ਲਖ਼ਤਿ-ਜਿਗਰ ਅਜੀਤੋ ਜੁਝਾਰ

ਫ਼ਲਕ ਪਿ ਇਕ ਯਹਾਂ ਦੋ ਚਾਂਦ ਹੈਂ ਜ਼ਿਬਾ ਕੇ ਲੀਏ।

ਸਤਿਗੁਰ ਕੇ ਲਾਲ ਬੋਲੇ ‘ਨ ਛੂਨਾ ਹਮਾਰੇ ਹਾਥ

ਗੜਨੇ ਹਮ ਆਜ ਜ਼ਿੰਦਾ ਚਲੇਂਗੇ ਖ਼ੁਸ਼ੀ ਕੇ ਸਾਥ।

ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹੁ ਨੌਨਿਹਾਲ

ਕਹਤੇ ਹੁਏ ਜ਼ੁਬਾਂ ਸੇ ਬੜ੍ਹੇ ‘ਸਤਿ ਸ੍ਰੀ ਅਕਾਲ’।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 27 ਦਸੰਬਰ 1704 ਨੂੰ ਹੋਈ। ਇਸ ਤੋਂ ਪਿੱਛੋਂ ਸਿੱਖ ਪੰਥ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਨੇ ਸੂਬੇਦਾਰ ਸਰਹਿੰਦ ਨੂੰ ਮਾਰ ਕੇ ਸਰਹਿੰਦ ਨੂੰ ਫ਼ਤਿਹ ਕੀਤਾ ਅਤੇ ਸਿੱਖ ਫ਼ੌਜਾਂ 24 ਮਈ 1710 ਨੂੰ ਸਰਹਿੰਦ ਵਿੱਚ ਦਾਖ਼ਲ ਹੋਈਆਂ ਅਤੇ ਸਰਹਿੰਦ ਨੂੰ ਤਬਾਹ ਕਰਕੇ ਪੰਜਾਬ ਵਿੱਚ ਪਹਿਲਾ ਸਿੱਖ ਰਾਜ ਸਥਾਪਤ ਕੀਤਾ। ਇਹ ਸਿੱਖ ਰਾਜ ਭਾਵੇਂ ਬਹੁਤ ਘੱਟ ਸਮਾਂ ਸਥਾਪਤ ਰਿਹਾ ਅਤੇ ਬੰਦਾ ਬਹਾਦਰ ਨੂੰ 10 ਜੂਨ 1716 ਨੂੰ ਸ਼ਹੀਦ ਕਰ ਦਿੱਤਾ ਗਿਆ, ਪਰ ਇਹ ਰਾਜ ਸਿੱਖ ਮਨਾਂ ’ਤੇ ਅਮਿੱਟ ਛਾਪ ਛੱਡ ਗਿਆ। ਇਸ ਤੋਂ ਪਿੱਛੋਂ 1753 ਤੱਕ ਦਾ ਸਮਾਂ ਸਿੱਖਾਂ ਲਈ ਬੜਾ ਹੀ ਨਾਜ਼ੁਕ ਸਮਾਂ ਸੀ। ਲਾਹੌਰ ਦੇ ਗਵਰਨਰਾਂ ਨੇ ਸਿੱਖਾਂ ’ਤੇ ਅਸਹਿ ਤੇ ਅਕਹਿ ਜ਼ੁਲਮ ਕੀਤੇ। ਕਦੇ ਇਰਾਨੀ ਹੁਕਮਰਾਨ ਨਾਦਰ ਸ਼ਾਹ ਅਤੇ ਕਦੇ ਅਫ਼ਗ਼ਾਨ ਹੁਕਮਰਾਨ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਨਾਲ ਮੁਗ਼ਲਾਂ ਦੇ ਜ਼ੁਲਮ ਵੀ ਸਹਿਣੇ ਪਏ। ਅਹਿਮਦ ਸ਼ਾਹ ਅਬਦਾਲੀ ਨੇ ਮੁਗ਼ਲਾਂ ਕੋਲੋਂ 1761 ਵਿੱਚ ਸਰਹਿੰਦ ਫ਼ਤਿਹ ਕਰਕੇ ਆਪਣਾ ਗਵਰਨਰ ਜੈਨ ਖਾਂ ਨੂੰ ਮੁਕੱਰਰ ਕੀਤਾ। ਸੰਨ 1761 ਵਿੱਚ ਖਾਲਸਾ ਪੰਥ ਨੇ ਜੈਨ ਖਾਂ ਨੂੰ ਮਾਰ ਕੇ ਸਰਹਿੰਦ ਨੂੰ ਦੁਬਾਰਾ ਫ਼ਤਿਹ ਕੀਤਾ ਅਤੇ ਪੰਜਾਬ ਦੇ ਇੱਕ ਵੱਡੇ ਖੇਤਰ ਨੂੰ ਅਫ਼ਗ਼ਾਨਿਸਤਾਨ ਦੀ ਪ੍ਰਭੂਤਾ ਤੋਂ ਸੁਤੰਤਰ ਕਰਾਕੇ, ਸਰਹਿੰਦ ਨੂੰ ਤਬਾਹ ਤੇ ਬਰਬਾਦ ਕੀਤਾ ਅਤੇ ਸਿੱਖ ਰਾਜ ਦੁਬਾਰਾ ਸਥਾਪਤ ਕਰ ਲਿਆ। ਘਟਨਾਵਾਂ ਨੂੰ ਮੁਖ਼ਤਸਰ ਤੌਰ ’ਤੇ ਲਿਖਿਆ ਹੈ।

ਅੱਲ੍ਹਾ ਯਾਰ ਖਾਂ ਜੋਗੀ ‘ਗੰਜਿ ਸ਼ਹੀਦਾਂ’ ਵਿੱਚ ਲਿਖਦੇ ਹਨ ਕਿ ਕਿਵੇਂ ਗੁਰੂ ਤੇਗ਼ ਬਹਾਦਰ ਜੀ ਨੇ ਰਾਜਾ ਰਾਮ ਸਿੰਘ ਅੰਬੇਰ (ਜੈਪੁਰ) ਜਿਹੜਾ ਔਰੰਗਜ਼ੇਬ ਵੱਲੋਂ ਥਾਪਿਆ ਆਸਾਮ ਦਾ ਗਵਰਨਰ ਸੀ, ਦੀ ਆਸਾਮ ਨੂੰ ਫ਼ਤਿਹ ਕਰਨ ਵਿੱਚ ਸਹਾਇਤਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਹਿੰਦੂ ਰਾਜਪੂਤ ਰਾਜਿਆਂ, ਜੋ ਆਪਸ ਵਿੱਚ ਲੜਦੇ ਭਿੜਦੇ ਰਹਿੰਦੇ ਸਨ, ਦੀ ਸੁਲਾਹ ਵੀ ਕਰਵਾਉਣੀ ਚਾਹੀ ਅਤੇ ਰਿਵਾਲਸਰ (ਹਿਮਾਚਲ) ਵਿੱਚ ਇੱਕ ਸੰਮੇਲਨ ਬੁਲਾ ਕੇ ਇਨ੍ਹਾਂ ਵਿੱਚ ਕੌਮੀਵਾਦ (Nationalism) ਦੀ ਭਾਵਨਾ ਭਰਨ ਲਈ ਆਯੋਜਨ ਕੀਤਾ, ਬਾਰੇ ਵੀ ਇਸ ਵਿੱਚ ਥੋੜ੍ਹਾ ਬਹੁਤ ਜ਼ਿਕਰ ਕੀਤਾ ਗਿਆ ਹੈ।

ਆਦਿਕਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਹਾਲਤ, ਗੁਰੂ ਜੀ ਦਾ ਪਾਉਂਟੇ ਜਾਣਾ, ਗੁਰੂ ਸਾਹਿਬ ਫਿਰ ਆਨੰਦਪੁਰ ਵਿੱਚ, ਨਦੌਣ ਦੀ ਜੰਗ, ਖਾਨਜ਼ਾਦਾ ਦੀ ਮੁਹਿੰਮ, ਹੁਸੈਨ ਖਾਂ ਦੀ ਆਨੰਦਪੁਰ ’ਤੇ ਚੜ੍ਹਾਈ (1695 ਈ.), ਸ਼ਹਿਜ਼ਾਦਾ ਮੁਅੱਜ਼ਮ ਦਾ ਆਉਣਾ, ਖਾਲਸੇ ਦੀ ਸਿਰਜਣਾ, ਰਿਵਾਲਸਰ ਵਿਖੇ ਪਹਾੜੀ ਰਾਜਿਆਂ ਦੇ ਮਨਾਂ ਵਿੱਚ ਆਜ਼ਾਦੀ ਦੀ ਚਿਣਗ ਬਾਲਣੀ ਚਾਹੀ, ਗੁਰੂ ਜੀ ਇੱਕ ਅਨੁਭਵੀ ਨੇਤਾ ਸਨ, ਖਾਲਸਾ ਸਿਰਜਣਾ ਤੋਂ ਚਮਕੌਰ ਤੱਕ, ਗੁਰੂ ਜੀ ਦਾ ਨਿਰਮੋਹ ਜਾਣਾ, ਗੁਰੂ ਜੀ ਬਸੌਲੀ ਵਿਖੇ, ਗੁਰੂ ਜੀ ਫਿਰ ਆਨੰਦਪੁਰ ਵਿੱਚ, ਦੁਸ਼ਮਣ ਸੈਨਾ ਦੀ ਆਨੰਦਪੁਰ ’ਤੇ ਆਖ਼ਰੀ ਚੜ੍ਹਾਈ, ਗੁਰੂ ਸਾਹਿਬ ਚਮਕੌਰ ਵਿਖੇ, ਸਰਹਿੰਦ ਦਾ ਪੁਰਾਣਾ ਇਤਿਹਾਸ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਹਿੰਦ, ਬੰਦਾ ਬਹਾਦਰ ਨਾਲ ਗੁਰੂ ਜੀ ਦੀ ਮਿਲਣੀ, ਬੰਦਾ ਬਹਾਦਰ ਦੀ ਸਰਹਿੰਦ ’ਤੇ ਚੜ੍ਹਾਈ, ਸਰਹਿੰਦ ਨੂੰ ਫਿਰ ਫ਼ਤਹਿ ਕਰਨਾ, ਮਾਤਾ ਸੁੰਦਰੀ ਤੇ ਸਾਹਿਬ ਕੌਰ ਦਿੱਲੀ ਕਿਉਂ ਗਈਆਂ?, ਅੱਲ੍ਹਾ ਯਾਰ ਖਾਂ ਜੋਗੀ, ਗੰਜਿ ਸ਼ਹੀਦਾਂ (ਮੂਲ ਪਾਠ ਤੇ ਅਰਥ), ਸ਼ਹੀਦਾਨਿ-ਵਫ਼ਾ (ਮੂਲ ਪਾਠ ਤੇ ਅਰਥ), ਹਾਲਾਤਿ ਚਮਕੌਰ ਅਤੇ ਪੁਸਤਕ ਸੂਚੀ ਅੰਕਿਤ ਹੈ।

ਸ਼ਹੀਦਾਨਿ ਵਫ਼ਾ ਦੇ 110 ਬੰਦ ਅਤੇ ਗੰਜਿ ਸ਼ਹੀਦਾਂ ਕਵਿਤਾ ਦੇ 117 ਬੰਦ ਹਨ। ਕੁੱਲ 227 ਬੰਦਾਂ ਵਾਲੀਆਂ ਇਹ ਅੱਲਾ ਯਾਰ ਖਾਂ ਜੋਗੀ ਦੀਆਂ ਦੋ ਰਚਨਾਵਾਂ ਇੱਕ ਅਨੂਠਾ ਮਰਸੀਆ ਹਨ, ਜੋ ਸਿੱਖ ਇਤਿਹਾਸ ਵਿੱਚ ਸਦਾ ਕਾਇਮ ਰਹੇਗਾ। ਜਾਪਦਾ ਹੈ ਕਿ ਅੱਲ੍ਹਾ ਯਾਰ ਖਾਂ ਜੋਗੀ ਦੀ ਕ੍ਰਿਤ ‘ਸ਼ਹੀਦਾਨਿ ਵਫ਼ਾ’ ਅਤੇ ‘ਗੰਜਿ ਸ਼ਹੀਦਾਂ’ ਦਾ ਅਨੁਵਾਦ ਕਿਰਪਾਲ ਸਿੰਘ ਦਰਦੀ ਵੱਲੋਂ ਕੀਤਾ ਗਿਆ ਹੈ।

ਇਉਂ ਹੀ ਮਲਕੀਤ ਸਿੰਘ ਸੰਧੂ ਅਲਕੜਾ ਨੇ ਸ਼ਹੀਦਾਂ-ਏ-ਵਫ਼ਾ ਦਾ ਅਨੁਵਾਦ ਕੀਤਾ ਹੈ। ਸ਼ਹੀਦਾਂ-ਏ-ਵਫ਼ਾ ਵਿੱਚ ਹਕੀਮ ਅੱਲਾ ਖਾਂ ਜੋਗੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵੱਲੋਂ ਸਰਹਿੰਦ ਵਿਖੇ ਦਿੱਤੀ ਗਈ ਸ਼ਹਾਦਤ ਦੀ ਦਾਸਤਾਨ ਕਾਵਿਕ ਰੂਪ ਵਿੱਚ ਅੰਕਿਤ ਕੀਤੀ ਹੈ। ਬੀਤੇ ਇਤਿਹਾਸ ’ਤੇ ਨਜ਼ਰ ਮਾਰਿਆਂ ਸਾਫ਼ ਪਤਾ ਲੱਗਦਾ ਹੈ ਕਿ ਸਾਕਾ ਗੜ੍ਹੀ ਚਮਕੌਰ ਅਤੇ ਸਾਕਾ ਸਰਹਿੰਦ 1705 ਈਸਵੀ ਨੂੰ ਜ਼ਾਲਮ ਤੇ ਜਰਵਾਣਿਆਂ ਵਰਤਾਇਆ। ਇਹ ਸਾਕੇ ਜਾਬਰਾਂ ਵੱਲੋਂ ਨਾਬਰ ਹੋਏ ਲੋਕਾਂ ਨੂੰ ਦਬਾਉਣ, ਡਰਾਉਣ ਵਾਸਤੇ ਅਤੇ ਆਪਣੀ ਰਾਜਸ਼ਾਹੀ ਹੀ ਉਮਰ ਵਧਾਉਣ ਵਾਸਤੇ ਵਰਤਾਏ ਗਏ ਸਨ। ਨਾਬਰ ਤੋਂ ਹਮੇਸ਼ਾ ਜਾਬਰ ਡਰਦਾ ਹੁੰਦਾ ਹੈ। ਇਸੇ ਕਾਰਨ ਜਾਬਰ ਨਾਬਰ ਨੂੰ ਜ਼ੁਲਮਾਂ ਰਾਹੀਂ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਸਰਹਿੰਦ ਦੇ ਸਾਕੇ ਦੀ ਗੱਲ ਕਰੀਏ ਤਾਂ ਬੱਚਿਆਂ ਦੀ ਉਮਰ ਖੇਡਣ ਦੀ ਸੀ, ਪਰ ਜ਼ਾਲਮ ਆਖਦੇ ਸਨ, “ਕੁੰਢਲੀਏ ਸੱਪਾਂ ਦੇ ਬੱਚਿਆਂ ਦੀ ਸਿਰੀਆਂ ਜੰਮਦਿਆਂ ਦੀਆਂ ਹੀ ਮਿੱਧ ਦੇਣੀਆਂ ਚਾਹੀਦੀਆਂ ਹਨ।’’ ਉਹ ਭੁੱਲ ਗਏ ਕਿ ਜਾਬਰ ਤੋਂ ਨਾਬਰ ਹੋਏ ਮਨੁੱਖ, ਲੋਕ ਨਾਇਕ ਮੰਨੇ ਜਾਂਦੇ ਹਨ ਅਤੇ ਕਤਲ ਕੀਤੇ ਜਾਣ ’ਤੇ ਉਹ ਸ਼ਹੀਦ ਦਾ ਰੁਤਬਾ ਪਾ ਜਾਂਦੇ ਹਨ। ਆਉਣ ਵਾਲੇ ਲੋਕਾਂ ਲਈ ਉਨ੍ਹਾਂ ਦੀ ਸ਼ਹਾਦਤ ਡਰਨ ਦੀ ਥਾਵੇਂ ਰਾਹ ਦਸੇਰਾ ਬਣ ਜਾਂਦੀ ਹੈ। ਤਿੰਨ ਸੌ ਸਾਲ ਤੋਂ ਵੱਧ ਅਰਸਾ ਹੋ ਗਿਆ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਛੋਟੇ ਲਾਲਾਂ ਦੀ ਸ਼ਹਾਦਤ ਦੀ ਚੀਸ ਅਜੇ ਲੋਕ ਮਨਾਂ ਵਿੱਚੋਂ ਨਹੀਂ ਗਈ। ਬਜੀਦੇ ਅਤੇ ਸੁੱਚਾ ਨੰਦ ਨੂੰ ਲੋਕ ਅੱਜ ਵੀ ਫਿਟਕਾਰ ਪਾਉਂਦੇ ਵੇਖੇ ਜਾ ਸਕਦੇ ਹਨ। ਅੱਲਾ ਯਾਰ ਖਾਂ ਜੋਗੀ ਦੇ ਮਨ ਅੰਦਰੋਂ ਚੀਸ ਨਿਕਲੀ ਤਾਂ ਉਸ ਦੀ ਕਲਮ ਰੋ ਉੱਠੀ। ਉਸ ਨੇ ਉਹ ਵੈਣ ਪਾਏ ਕਿ ਜੋਗੀ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਦੇ ਨੈਣਾਂ ਵਿੱਚੋਂ ਹੰਝੂ ਡਿੱਗਣ ਲਾ ਦਿੱਤੇ। ਜੋਗੀ ਦੇ ਦੋਵੇਂ ਮਰਸੀਏ ਮਨੁੱਖ ਮਨ ਅੰਦਰ ਦਰਦ ਗ਼ਮ, ਦੁੱਖ ਹੀ ਨਹੀਂ ਭਰਦੇ ਸਗੋਂ ਇਸ ਦੀ ਵੇਦਨਾ ਅੰਦਰੋਂ ਨਫ਼ਰਤ, ਰੋਸ ਤੇ ਜੋਸ਼ ਵੀ ਉਪਜਾ ਦਿੰਦੇ ਹਨ। ਉਹ ਕਾਵਿਕ ਸ਼ਿਅਰਾਂ ਰਾਹੀਂ ਸਮੇਂ ਦੀ ਤਸਵੀਰ ਹੀ ਨਹੀਂ ਖਿੱਚਦੇ ਸਗੋਂ ਮਹਾਨ ਰੂਹਾਂ ਦੇ ਰੂਬਰੂ ਦਰਸ਼ਨ ਵੀ ਕਰਵਾ ਦਿੰਦੇ ਜਾਪਦੇ ਹਨ।

ਅੱਲਾ ਯਾਰ ਖਾਂ ਜੋਗੀ ਨੇ ਪਹਿਲਾਂ 110 ਸ਼ਿਅਰਾਂ ਦੀ ਰਚਨਾ ਸ਼ਹੀਦਾਨਿ-ਵਫ਼ਾ ਸੰਨ 1913 ਵਿੱਚ ਕੀਤੀ ਅਤੇ ਸੰਨ 1915 ਨੂੰ ਗੰਜਿ-ਸ਼ਹੀਦਾਂ ਵੀ ਤਿਆਰ ਕਰ ਲਈ ਜਿਸ ਅੰਦਰ 117 ਸ਼ਿਅਰ ’ਚ ਸਾਕੇ ਦਾ ਜ਼ਿਕਰ ਕੀਤਾ ਹੈ। ਦੋਹਾਂ ਮਰਸੀਆਂ ਦੀ ਭਾਸ਼ਾ ਮੂਲ ਉਰਦੂ ਹੈ, ਪਰ ਉਰਦੂ ਅੰਦਰ ਉਸ ਨੇ ਫ਼ਾਰਸੀ ਦੀ ਵਰਤੋਂ ਭਰਪੂਰ ਰੂਪ ਵਿੱਚ ਕੀਤੀ ਹੈ ਕਿਉਂਕਿ ਉਹ ਫ਼ਾਰਸੀ ਦਾ ਆਲਮ-ਫਾਜ਼ਲ ਸੀ। ਉਰਦੂ ਉਸ ਦੀ ਮਾਤ-ਭਾਸ਼ਾ ਸੀ। ਉਸ ਨੂੰ ਲਾਹੌਰ ਸ਼ਹਿਰ ਵਿੱਚ ਰਹਿਣ ਕਰਕੇ ਪੰਜਾਬੀ ਸੱਭਿਆਚਾਰ, ਲੋਕਧਾਰਾ, ਇਤਿਹਾਸ, ਮਿਥਿਹਾਥ ਦਾ ਵੀ ਪੂਰਾ ਗਿਆਨ ਸੀ ਜਿਹੜਾ ਉਸ ਦੀ ਰਚਨਾ ਅੰਦਰੋਂ ਡੁੱਲ੍ਹ ਡੁੱਲ੍ਹ ਪੈਂਦਾ ਹੈ।

ਪੁਸਤਕ ਸੰਪਾਦਕ ਲਿਖਦਾ ਹੈ: “ਕੁਝ ਰਚਨਾਵਾਂ ਸ਼ਾਹਕਾਰ ਹੁੰਦੀਆਂ ਹੋਈਆਂ ਵੀ ਅਲੋਪ ਹੀ ਰਹਿੰਦੀਆਂ ਹਨ ਜਾਂ ਉਨ੍ਹਾਂ ਦੇ ਘੇਰਾ ਸੀਮਤ ਹੋ ਜਾਂਦਾ ਹੈ। ਇਹੀ ਭਾਣਾ ਵਰਤਿਆ ਸੀ ਜੋਗੀ ਨਾਲ। ਕਿਉਂਕਿ ਇਹ ਦੋਵੇਂ ਰਚਨਾਵਾਂ ਉਰਦੂ ਵਿੱਚ ਸਨ ਤਾਂ ਹੀ ਇਹ ਪੰਜਾਬੀ ਅੱਖਾਂ ਤੋਂ ਪਰ੍ਹੇ ਰਹੀਆਂ। ਸ਼ਾਇਦ ਇਹ ਵੀ ਹੋ ਜਾਂਦਾ ਕਿ ਇਨ੍ਹਾਂ ਸ਼ਾਹਕਾਰ ਰਚਨਾਵਾਂ ਨੂੰ ਸਿਉਂਕ ਹੀ ਖਾ ਜਾਂਦੀ ਜੇਕਰ ਵੀਹਵੀਂ ਸਦੀ ਦੇ ਮੁੱਢ ਵਿੱਚ ਚਮਕੌਰ ਸਾਹਿਬ ਦੇ ਵਾਸੀ ਬਾਬਾ ਵੀਰ ਜੀ ਇਸ ਦਾ ਨੋਟਿਸ ਨਾ ਲੈਂਦੇ। ਬਾਬਾ ਵੀਰ ਸਿੰਘ ਜੀ ਨੇ ਇੱਕ ਕਮੇਟੀ ਬਣਾਈ। ਆਪਣੇ ਸਮੇਂ ਦਾ ਸ਼ਾਇਰ ਅੱਲਾ ਯਾਰ ਖਾਂ ਜੋਗੀ ਜੀ ਦੇ ਦੀਵਾਨ ਉਰਦੂ ਵਿੱਚ ਤਰਜਮਾਏ।’’

ਹਕੀਮ ਅੱਲਾ ਯਾਰ ਖਾਂ ਜੋਗੀ ਦੇ ਵਡੇਰੇ ਦੱਖਣ ਵੱਲੋਂ ਆ ਕੇ ਲਾਹੌਰ ਵੱਸ ਗਏ, ਪਰ ਜੋਗੀ ਦਾ ਸਬੰਧ ਲਾਹੌਰ ਨਾਲ ਹੀ ਹੈ। ਦੱਸਦੇ ਹਨ ਕਿ ਆਪ ਰਈਸਾਨਾ ਪੌਸ਼ਾਕ ਸ਼ੇਰਵਾਨੀ ਪਹਿਨਦੇ ਸਨ। ਆਪ ਮਸ਼ਹੂਰ ਹਕੀਮ ਸਨ ਤੇ ਨਾਲ ਨਾਲ ਕਲਮ ਵੀ ਚਲਾਉਂਦੇ ਸਨ। ਆਪ ਜੀ ਦੀ ਤਬੀਅਤ ਸੂਫ਼ੀਆਨਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਨਾਲ ਆਪਦਾ ਸਿਦਕ ਇਸ਼ਕ-ਹਕੀਕੀ ਦੇ ਮੁਕਾਮ ਵਾਲਾ ਸੀ। ਮਾਸਟਰ ਮਲਕੀਤ ਸਿੰਘ ਸੰਧੂ ਅਲਕੜਾ ਨੇ ਜੋਗੀ ਜੀ ਦੇ ਸ਼ਿਅਰਾਂ ਦਾ ਪੰਜਾਬੀ ਵਿੱਚ ਤਰਜਮਾ ਕਰਨ ਦੇ ਨਾਲ ਹੀ ਉਨ੍ਹਾਂ ਦੀ ਵਿਆਖਿਆ ਵੀ ਕੀਤੀ ਹੈ। ਉਨ੍ਹਾਂ ਉਰਦੂ, ਫ਼ਾਰਸੀ, ਅਰਬੀ ਦੇ ਔਖੇ ਅਲਫ਼ਾਜ਼ਾਂ ਦੇ ਸੌਖੇ ਅਤੇ ਆਮ ਸਮਝ ਵਿੱਚ ਆਉਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ ਵੀ ਇਸ ਪੁਸਤਕ ਵਿੱਚ ਲਿਖੇ ਹਨ। ਇਸ ਤਰ੍ਹਾਂ ਸੰਧੂ ਨੇ ਕਈ ਕਾਰਜ ਇਕੱਠੇ ਕਰਨ ਦਾ ਮਾਰਅਕਾ ਮਾਰਿਆ ਹੈ।

‘ਚਾਰ ਸਾਹਿਬਜ਼ਾਦੇ’ ਲੇਖਕ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਕਿਤਾਬ ਹੈ। ਦੇਸ਼, ਕੌਮ ਤੇ ਧਰਮ ਲਈ ਕੁਰਬਾਨ ਹੋਏ ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ, ਅਨੋਖੀ, ਲਾਸਾਨੀ ਤੇ ਦਿਲ ਚੀਰਵੀਂ ਸ਼ਹਾਦਤ ਦੀ ਗਾਥਾ ਹੈ। ਇਸ ਕਿਤਾਬ ਦਾ ਸਮਰਪਣ ਵੀ ਉਨ੍ਹਾਂ ਸਾਰੇ ਸ਼ਹੀਦ ਸਿੰਘ ਸਿੰਘਣੀਆਂ ਨੂੰ ਕੀਤਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਕੌਮ ਤੇ ਧਰਮ ਖ਼ਾਤਰ ਆਪਣੀਆਂ ਅਨਮੋਲ ਜਿੰਦੜੀਆਂ ਕੁਰਬਾਨ ਕਰ ਦਿੱਤੀਆਂ। ਲੇਖਕਾ ਨੇ ਕਿਤਾਬ ਨੂੰ ਚੌਦਾਂ ਅਧਿਆਇਆਂ ਵਿੱਚ ਵੰਡਿਆ ਹੈ। ਪਹਿਲੇ ਅਧਿਆਇ ਵਿੱਚ ਸਾਹਿਬਜ਼ਾਦਿਆਂ ਦਾ ਜਨਮ ਤੇ ਬਚਪਨ, ਦੂਜੇ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਤੇ ਸਾਹਿਬਜ਼ਾਦਿਆਂ ਦਾ ਅੰਮ੍ਰਿਤ ਛਕਣਾ, ਅਧਿਆਇ ਤੀਜੇ ਵਿੱਚ ਪਹਾੜੀ ਰਾਜਿਆਂ ਵੱਲੋਂ ਵਿਰੋਧ, ਚੌਥੇ ਵਿੱਚ ਪਹਾੜੀ ਰਾਜਿਆਂ ਨਾਲ ਜੰਗਾਂ, ਪੰਜਵਾਂ ਆਨੰਦਪੁਰ ਦੀ ਆਖ਼ਰੀ ਜੰਗ, ਛੇਵੇਂ ਵਿੱਚ ਪਰਿਵਾਰ ਵਿਛੋੜਾ, ਸੱਤਵਾਂ ਵੱਡੇ ਸਾਹਿਬਜ਼ਾਦੇ (ਚਮਕੌਰ ਦੀ ਜੰਗ), ਅੱਠਵਾਂ ਛੋਟੇ ਸਾਹਿਬਜ਼ਾਦੇ ਤੇ ਕੁੰਮਾ ਮਾਛੀ, ਨੌਵਾਂ ਗੰਗੂ ਬ੍ਰਾਹਮਣ ਨਾਲ ਮੇਲ, ਦਸਵੇਂ ਵਿੱਚ ਕਚਹਿਰੀ ਵਿੱਚ ਪਹਿਲਾ ਦਿਨ, ਗਿਆਰ੍ਹਵਾਂ ਕਚਹਿਰੀ ਵਿੱਚ ਦੂਜਾ ਦਿਨ, ਬਾਰ੍ਹਵਾਂ ਨੀਂਹਾਂ ਵਿੱਚ ਚਿਣਨਾ, ਤੇਰ੍ਹਵਾਂ ਕਲਗੀਧਰ ਪਿਤਾ ਦੀ ਭਵਿੱਖਬਾਣੀ, ਚੌਦਵੇਂ ਵਿੱਚ ਸਾਹਿਬਜ਼ਾਦਿਆਂ ਦੀ ਮੌਤ ਦਾ ਬਦਲਾ ਭਾਵਪੂਰਤ ਤਰੀਕੇ ਨਾਲ ਦਰਜ ਕੀਤਾ ਹੈ।

ਸੰਸਾਰ ਵਿੱਚ ਅਲੱਗ-ਅਲੱਗ ਕਲਾ ਨਾਲ ਨਾਤਾ ਰੱਖਣ ਵਾਲੇ ਕੁਝ ਵਿਰਲੇ ਵਿਅਕਤੀ ਹੁੰਦੇ ਹਨ। ਇਹ ਵਿਅਕਤੀ ਬਹੁਤ ਨਾਜ਼ੁਕ, ਭਾਵੁਕ ਤੇ ਸੋਹਲ ਹੁੰਦੇ ਹਨ। ਸਮਾਜ ਅੰਦਰ ਵਾਪਰੀਆਂ ਹਿਰਦੇ-ਵੇਦਕ ਘਟਨਾਵਾਂ ਨਾਲ ਇਨ੍ਹਾਂ ਦੀ ਆਤਮਾ ਝੰਜੋੜੀ ਜਾਂਦੀ ਹੈ। ਅਜਿਹੀਆਂ ਘਟਨਾਵਾਂ ਇਨ੍ਹਾਂ ਦੇ ਮਨ ਉੱਤੇ ਅਮਿੱਟ ਛਾਪ ਛੱਡ ਜਾਂਦੀਆਂ ਹਨ। ਇਸ ਤੋਂ ਕਿਸੇ ਨਾ ਕਿਸੇ ਪ੍ਰਕਾਰ ਦੀ ਕਲਾ ਦਾ ਜਨਮ ਹੁੰਦਾ ਹੈ। ਲਿਖਣਾ ਵੀ ਇੱਕ ਕਲਾ ਹੈ। ਇਨਸਾਨ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੀ ਕਲਮ ਦਾ ਇਸਤੇਮਾਲ ਬਹੁਤ ਸੋਚ ਸਮਝ ਕੇ ਕਰੇ ਜਿਸ ਨਾਲ ਸਮਾਜ ਦੇ ਲੋਕਾਂ ਦਾ ਭਲਾ ਹੋ ਸਕੇ। ਸਮਾਜ ਅੰਦਰ ਫੈਲ ਚੁੱਕੀਆਂ ਬੁਰਾਈਆਂ ਤੇ ਉਨ੍ਹਾਂ ਦੇ ਹੱਲ, ਕਿਸੇ ਰਾਸ਼ਟਰੀ ਜਾਂ ਅੰਤਰ-ਰਾਸ਼ਟਰੀ ਸਮੱਸਿਆ; ਗੁਰੂਆਂ, ਪੀਰਾਂ, ਪੈਗੰਬਰਾਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਸ਼ਹੀਦਾਂ ਬਾਰੇ ਭਰਪੂਰ ਖੋਜ ਨਾਲ ਲਿਖੇ ਜਿਨ੍ਹਾਂ ਨੇ ਦੇਸ਼ ਕੌਮ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।

ਸਾਹਿਤ ਸੱਚ ਦੀ ਆਵਾਜ਼ ਤੇ ਉਤਸ਼ਾਹ ਦਾ ਸ੍ਰੋਤ ਹੋਣਾ ਹੁੰਦਾ ਹੈ। ਸਾਹਿਤ ਸਤਿ-ਮਈ ਵਿਚਾਰਾਂ ਤੇ ਹਿਰਦੇ-ਸਪਰਸ਼ੀ ਭਾਵਾਂ-ਭਾਵਨਾਵਾਂ ਦਾ ਪ੍ਰਵਾਹ ਹੁੰਦਾ ਹੈ। ਉਰਦੂ ਤੇ ਫ਼ਾਰਸੀ ਵਿੱਚ ਸਾਹਿਤ ਨੂੰ ਅਦਬ ਆਖਿਆ ਗਿਆ ਹੈ। ਸਾਹਿਤ ਦੀ ਕਿਸੇ ਵੀ ਵੰਨਗੀ ਵਿੱਚ ਪੇਸ਼ ਕੀਤੇ ਜਾਣ ਵਾਲੇ ਵਿਚਾਰ ਗਹਿਰ ਗੰਭੀਰ ਤੇ ਗੁਣੀ ਗਹੀਰ ਹੋਣੇ ਚਾਹੀਦੇ ਹਨ। ਸਾਹਿਬਜ਼ਾਦਿਆਂ ਬਾਰੇ ਹੋਰ ਵੀ ਕਈ ਲੇਖਕਾਂ ਨੇ ਬਹੁਤ ਕੁਝ ਲਿਖਿਆ ਹੈ, ਪਰ ਸ਼ੈਲੀ ਹਰ ਇੱਕ ਦੀ ਆਪਣੀ ਹੁੰਦੀ ਹੈ। ਆਪਣੀ ਪੁਸਤਕ ਵਿੱਚ ਡਾ. ਕੁਲਵਿੰਦਰ ਕੌਰ ਨੇ ਸਾਹਿਬਜ਼ਾਦਿਆਂ ਬਾਰੇ ਆਪਣੇ ਅਨੁਭਵ ਪੇਸ਼ ਕੀਤੇ ਹਨ ਜੋ ਲੇਖਕ ਦੀ ਵਿਲੱਖਣਤਾ ਹਨ।

ਸਿੱਖ ਇਤਿਹਾਸ ਵਿੱਚ ‘ਨਿੱਕੀਆਂ ਜਿੰਦਾਂ ਵੱਡੇ ਫ਼ੈਸਲੇ’ ਲੇਖਕ ਨਿਰਮਲ ਸਿੰਘ ਟਪਿਆਲਾ ਦੀ ਕਿਤਾਬ ਹੈ। ਭਾਵੇਂ ਅਸੀਂ ਸਾਰੇ ਇਤਿਹਾਸ ਤੋਂ ਜਾਣੂ ਹਾਂ, ਪਰ ਹਰ ਕਵੀ ਦੀ ਕਲਮ ਤੇ ਸੋਚ ਉਡਾਰੀ ਅਲੱਗ-ਅਲੱਗ ਹੁੰਦੀ ਹੈ। ਇਸ ਕਿਤਾਬ ਅੰਦਰ ਲੇਖਕ ਨੇ ਬੈਂਤ ਰੂਪ ’ਚ ਬੜੇ ਸੁਚੱਜੇ ਢੰਗ ਅਤੇ ਉੱਚੀ ਪਰਵਾਜ਼ ਨਾਲ, ਹਰ ਪਾਠਕ ਦੇ ਸਮਝ ਆਉਣ ਵਾਲੀ ਸ਼ਬਦਾਵਾਲੀ ਦੀ ਵਰਤੋਂ ਕਰਦਿਆਂ ਸ਼ਹਾਦਤ ਦੇ ਹਰ ਪੜਾਅ ਨੂੰ ਸ਼ਿਅਰਾਂ ਵਿੱਚ ਗੁੰਦਿਆ ਹੈ। ਕਾਵਿ-ਸੰਗ੍ਰਹਿ ‘ਨਿੱਕੀਆਂ ਜਿੰਦਾਂ ਵੱਡੇ ਫ਼ੈਸਲੇ’ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਤੇ ਮਿਸਾਲੀ ਸ਼ਹਾਦਤ ਦੇ ਸਫ਼ਰ ਨੂੰ ‘ਸਾਕਾ ਸਰਹਿੰਦ’ ਸਿਰਲੇਖ ਹੇਠ ਘਟਨਾਵਾਂ ਦੀ ਤਰਤੀਬ ਅਨੁਸਾਰ ਬਹੁਤ ਖ਼ੂਬਸੂਰਤੀ ਨਾਲ ਕਲਮਬੱਧ ਕੀਤਾ ਗਿਆ ਹੈ। ਵਿਸ਼ਾ ਪੱਖ ਤੋਂ ਉਸ ਨੇ ਇਤਿਹਾਸਕ ਤੱਥਾਂ ਦਾ ਡੂੰਘਾ ਅਧਿਐਨ ਕੀਤਾ ਹੈ ਤੇ ਇਨ੍ਹਾਂ ਦੀ ਰੋਸ਼ਨੀ ਵਿੱਚ ਹੀ ਉਹ ਸਾਰੇ ਸਾਕੇ ਨੂੰ ਚਿਤਰਦਾ ਹੈ। ਇਸ ਵਿਚਲੇ ਸਾਰੇ ਇਤਿਹਾਸਕ ਪਾਤਰਾਂ ਦੀ ਬੜੀ ਸੂਝ-ਬੂਝ ਨਾਲ ਤਸਵੀਰਕਸ਼ੀ ਕੀਤੀ ਹੈ; ਜਿਵੇਂ ਸਾਕਾ ਸਰਹਿੰਦ, ਗੰਗੂ ਪਾਪੀ ਨੇ ਮਾਤਾ ਜੀ ਦੇ ਸਮਾਨ ਦੀ ਫੋਲਾ-ਫਲਾਈ ਕਰਨੀ, ਗੰਗੂ ਪਾਪੀ ਦਾ ਮੋਰਿੰਡੇ ਥਾਣੇ ਪਹੁੰਚਣਾ, ਸਾਹਿਬਜ਼ਾਦਿਆਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਹੋਣਾ, ਸੂਬੇ ਵੱਲੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਹਿਣਾ, ਕਚਹਿਰੀ ਵਿੱਚ ਦੂਜੀ ਪੇਸ਼ੀ, ਵਜ਼ੀਰ ਖਾਨ ਦੀ ਬੇਗਮ ਨੇ ਵੀ ਸੂਬੇ ਨੂੰ ਸਮਝਾਉਣਾ, ਦੂਸਰੇ ਦਿਨ ਸਿਪਾਹੀਆਂ ਨੇ ਸਾਹਿਬਜ਼ਾਦਿਆਂ ਨੂੰ ਲੈਣ ਆਉਣਾ, ਦੂਜੇ ਦਿਨ ਕਚਹਿਰੀ ਦਾ ਦ੍ਰਿਸ਼, ਪੰਮੇ ਲੰਙੇ ਨੇ ਸੂਬੇ ਕੋਲ ਚੁਗਲੀ ਲਾਉਣੀ, ਸਿੱਖ ਕੌਮ ਲਈ ਕੁਝ ਖ਼ਾਸ ਅਤੇ ਸ਼ਹੀਦੀ ਕਿਵੇਂ ਹੋਈ?। ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਦਾ ਇਤਿਹਾਸਕ ਹਵਾਲਿਆਂ ਨਾਲ ਵੀ ਜ਼ਿਕਰ ਕਰਦਾ ਹੈ। ਕਲਾ ਪੱਖ ਤੋਂ ਉਸ ਦੀ ਰਚਨਾ ਸੰਜਮ, ਲੈਅ, ਪੁਖ਼ਤਗੀ ਤੇ ਰਵਾਨੀ ਨਾਲ ਭਰਪੂਰ ਹੈ। ਕਵੀ ਕਾਵਿ ਉਡਾਰੀਆਂ ਤੇ ਸ਼ਰਧਾ ਦੀਆਂ ਚੁੱਭੀਆਂ ਲਾਉਂਦਾ ਹੋਇਆ ਲਿਖਦਾ ਹੈ:

ਡਰਾਵੇ ਮੌਤ ਦੇ ਸੂਬਾ ਭਾਵੇਂ ਦਏ ਮਾਤਾ

ਫਿਰ ਵੀ ਉਸ ਨੂੰ ਅਕਲ ਸਿਖਾ ਦਿਆਂਗੇ।

ਕਚਹਿਰੀ ਖਾਮੋਸ਼ ਹੋਜੂ ਜਦੋਂ ਅਸਾਂ ਬੋਲਣਾ ਏ

ਅੱਜ ਨਵਾਂ ਇਤਿਹਾਸ ਰਚਾ ਦਿਆਂਗੇ।

ਬੰਦਸ਼ਾਂ ਤੋਂ ਉੱਪਰ ਜਾ ਕੇ ਆਪਣੇ ਫੁਰਨਿਆਂ ਨੂੰ ਕਾਵਿ ਦਾ ਰੂਪ ਪ੍ਰਦਾਨ ਕਰਦਿਆਂ ਟਪਿਆਲਾ ਨੇ ਇਤਿਹਾਸਿਕ ਸਾਕੇ ਨੂੰ ਕਾਵਿ ਉਡਾਰੀ ਵਿੱਚ ਪਰੋਣ ਦਾ ਸਾਰਥਿਕ ਯਤਨ ਕੀਤਾ ਹੈ। ਸਾਨੂੰ ਇਨ੍ਹਾਂ ਦੀ ਲਿਖਤ ਵਿੱਚ ਇਤਿਹਾਸ ਦੇ ਪੱਖ ਵੇਖਣ ਨੂੰ ਮਿਲਦੇ ਹਨ। ਇਹ ਹੀ ਨਹੀਂ, ਅਗਾਂਹ ਵੀ ਵੱਖ ਵੱਖ ਸਾਹਿਤਕਾਰਾਂ ਇਨ੍ਹਾਂ ਸਾਕਿਆਂ ਨੂੰ ਆਪਣੀ ਕਲਮ ਨਾਲ ਲੋਕਾਂ ਤੱਕ ਪਹੁੰਚਾਉਂਦੇ ਰਹਿਣਾ ਹੈ।

Advertisement
×