DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤ ਤੇ ਗੁਰਮਤਿ ਦਾ ਸੁਮੇਲ ਗਿਆਨੀ ਗੁਰਦਿੱਤ ਸਿੰਘ

ਰੂਪਿੰਦਰ ਸਿੰਘ * ਪੁਸਤਕ ‘ਮੇਰਾ ਪਿੰਡ’ ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਪੁੱਤਰ ਹੋਣਾ ਮੇਰੀ ਇੱਕ ਅਜਿਹੀ ਪਛਾਣ ਹੈ ਜੋ ਮੈਨੂੰ ਮਾਣ ਨਾਲ ਭਰ ਦਿੰਦੀ ਹੈ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਅਸੀਂ ਪਿੰਡ ਢਾਹਾਂ ਕਲੇਰਾਂ ਵਿੱਚ ਬੈਠੇ ਸੀ, ਉੱਥੋਂ...
  • fb
  • twitter
  • whatsapp
  • whatsapp
featured-img featured-img
ਆਪਣੀ ਪਤਨੀ ਇੰਦਰਜੀਤ ਕੌਰ ਨਾਲ ਗਿਆਨੀ ਗੁਰਦਿੱਤ ਸਿੰਘ।
Advertisement

ਰੂਪਿੰਦਰ ਸਿੰਘ *

ਪੁਸਤਕ ‘ਮੇਰਾ ਪਿੰਡ’ ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਪੁੱਤਰ ਹੋਣਾ ਮੇਰੀ ਇੱਕ ਅਜਿਹੀ ਪਛਾਣ ਹੈ ਜੋ ਮੈਨੂੰ ਮਾਣ ਨਾਲ ਭਰ ਦਿੰਦੀ ਹੈ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਅਸੀਂ ਪਿੰਡ ਢਾਹਾਂ ਕਲੇਰਾਂ ਵਿੱਚ ਬੈਠੇ ਸੀ, ਉੱਥੋਂ ਦੇ ਨਰਸਿੰਗ ਸਕੂਲ ਦਾ ਸਮਾਗਮ ਸੀ, ਜਦੋਂ ਮੇਰੇ ਦੋਸਤ ਬਰਜ ਢਾਹਾਂ ਨੇ ਕਿਹਾ ਕਿ ਰੂਪਿੰਦਰ ਸਿੰਘ ਲਿਖਾਰੀ ਹੈ, ਪੱਤਰਕਾਰ ਹੈ ਅਤੇ ਗਿਆਨੀ ਗੁਰਦਿੱਤ ਸਿੰਘ ਦਾ ਬੇਟਾ ਹੈ। ਅਖੀਰਲਾ ਸ਼ਬਦ ਕਹਿਣ ਦੀ ਦੇਰ ਸੀ ਕਿ ਸਾਰਿਆਂ ਦਾ ਮੇਰੇ ਬਾਰੇ ਨਜ਼ਰੀਆ ਹੀ ਬਦਲ ਗਿਆ।

1923 ਵਿੱਚ ਜਨਮੇ ਗਿਆਨੀ ਗੁਰਦਿੱਤ ਸਿੰਘ ਦਾ 24 ਫਰਵਰੀ ਨੂੰ 102ਵਾਂ ਜਨਮ ਦਿਨ ਹੈ। ਉਨ੍ਹਾਂ ਦੀ ਜ਼ਿੰਦਗੀ ਵੱਲ ਦੇਖ ਕੇ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਉਨ੍ਹਾਂ ਨੇ ਸਾਹਿਤਕ, ਧਾਰਮਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਸਿਖ਼ਰਾਂ ਛੋਹੀਆਂ। ਕੀ ਕੋਈ ਸੋਚ ਸਕਦਾ ਸੀ ਕਿ ਉਸ ਵੇਲੇ ਸਕੂਲ ਤੋਂ ਵਾਂਝੇ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪੜ੍ਹ ਕੇ ਇੱਕ ਬੱਚਾ ਅਜਿਹਾ ਨਿਕਲੇਗਾ, ਜਿਸ ਦਾ ਨਾਂ ਪੰਜਾਬੀ ਸਾਹਿਤ ਵਿੱਚ ਧਰੂ ਤਾਰੇ ਵਾਂਗ ਚਮਕੇਗਾ?

Advertisement

ਗਿਆਨੀ ਗੁਰਦਿੱਤ ਸਿੰਘ ਦਾ ਜਨਮ ਪਿੰਡ ਮਿੱਠੇਵਾਲ (ਜ਼‌ਿਲ੍ਹਾ ਮਾਲੇਰਕੋਟਲਾ) ਵਿੱਚ ਹੋਇਆ। ਉਹ ਉੱਥੇ ਹੀ ਪਲੇ ਤੇ ਪਿੰਡ ਦੇ ਗੁਰਦੁਆਰੇ ਵਿੱਚ ਧਾਰਮਿਕ ਸਿੱਖਿਆ ਲਈ, ਪਰ ਦੁਨੀਆ ਬਾਰੇ ਜਾਣਨ ਦੇ ਅਥਾਹ ਸ਼ੌਕ ਕਾਰਨ ਉਹ ਹਰ ਐਤਵਾਰ ਸਾਈਕਲ ਚਲਾ ਕੇ ਮਿੱਠੇਵਾਲ ਤੋਂ ਅਹਿਮਦਗੜ੍ਹ ਮੰਡੀ ’ਚ ਇੱਕ ਮਾਸਟਰ ਜੀ ਦੇ ਘਰ ਜਾਂਦੇ ਅਤੇ ਪਿਛਲੇ ਹਫ਼ਤੇ ਦੇ ਅਖ਼ਬਾਰ ਪੜ੍ਹਦੇ। ਗਿਆਨੀ ਜੀ ਦੇ ਪਿਤਾ ਸ. ਹੀਰਾ ਸਿੰਘ ਜੀ ਨੇ ਹੁਣ ਦੇ ਪਾਕਿਸਤਾਨੀ ਪੰਜਾਬ ਵਿੱਚ ਨਹਿਰਾਂ ਬਣਾਉਣ ਦੀ ਠੇਕੇਦਾਰੀ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਮਿੱਠੇਵਾਲ ਆ ਕੇ ਘਰ ਬਣਾਇਆ। ਜਦੋਂ ਛੋਟੇ ਹੁੰਦਿਆਂ ਅਸੀਂ ਪਿੰਡ ਜਾਣਾ ਤਾਂ ਬਾਹਰਲੇ ਘਰ ਵਿੱਚ ਬਹੁਤ ਵੱਡਾ ਗੇਟ ਦੇਖ ਕੇ ਖ਼ੁਸ਼ੀ ਹੋਣੀ। ਦੱਸਦੇ ਸਨ ਕਿ ਇਸ ਗੇਟ ਵਿਚਦੀ ਸਾਡੇ ਰਥ ਲੰਘਦੇ ਸੀ। ਅੰਦਰਲੇ ਘਰ ਵਿੱਚ ਦਾਦੀ ਜੀ ਨੂੰ ਮਿਲਣਾ, ਜਿਨ੍ਹਾਂ ਨੇ ਸਾਨੂੰ ਪਿਆਰ ਭਰੀ ਜੱਫੀ ਪਾ ਲੈਣੀ। ਉਹ ਮੋਹ ਭਰੇ ਪਲ ਯਾਦ ਕਰਕੇ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਹਨ।

ਗਿਆਨੀ ਜੀ ਦੇ ਬਚਪਨ ਸਮੇਂ ਸਾਡੇ ਪਿੰਡ ਦੇ ਆਲੇ-ਦੁਆਲੇ ਪਹਾੜਾਂ ਜਿੱਡੇ ਉੱਚੇ ਟਿੱਬੇ ਹੁੰਦੇ ਸਨ, ਜੋ ਅਸੀਂ ਵੀ ਆਪਣੇ ਬਚਪਨ ਵਿੱਚ ਦੇਖੇ। ਮੇਰਾ ਛੋਟਾ ਭਰਾ ਰਵਿੰਦਰ ਇੱਕ ਦਿਨ ਕਹਿੰਦਾ: ‘‘ਦੇਖੋ ਪਾਪਾ, ਰੇਤੇ ਦੇ ਪਹਾੜ।’’

ਛੋਟੀ ਉਮਰ ਵਿੱਚ ਪਿਤਾ ਜੀ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਸਰਪ੍ਰਸਤੀ ਮਿਲੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਦੀ ਅਜਿਹੀ ਉਤਸੁਕਤਾ ਜਾਗੀ ਜੋ ਅਖੀਰ ਤੱਕ ਉਨ੍ਹਾਂ ਦੇ ਰੋਮ ਰੋਮ ਵਿੱਚ ਵਸੀ ਰਹੀ। ਜਦੋਂ ਵੀ ਉਨ੍ਹਾਂ ਨੂੰ ਇਹ ਸੂਹ ਮਿਲਣੀ ਕਿ ਉੱਥੇ ਕੋਈ ਪੁਰਾਤਨ ਦਸਤਾਵੇਜ਼ ਜਾਂ ਬੀੜ ਸਾਹਿਬ ਹੈ ਤਾਂ ਉਨ੍ਹਾਂ ਨੇ ਉੱਥੇ ਪੁੱਜ ਕੇ ਉਸ ਨੂੰ ਦੇਖਣ-ਘੋਖਣ ਦਾ ਉਪਰਾਲਾ ਕਰਨਾ। ਇਸ ਤਰ੍ਹਾਂ ਉਨ੍ਹਾਂ ਨੇ ਬਹੁਤ ਥਾਵਾਂ ’ਤੇ ਜਾ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ।

ਛੋਟੀ ਉਮਰੇ ਹੀ ਉਨ੍ਹਾਂ ਦੇ ਸਿਰ ਤੋਂ ਪਿਤਾ ਸਾਇਆ ਉੱਠ ਗਿਆ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਆ ਪਈ ਕਿਉਂਕਿ ਉਨ੍ਹਾਂ ਦੀਆਂ ਪੰਜ ਭੈਣਾਂ ਵਾਲਾ ਵੱਡਾ ਪਰਿਵਾਰ ਸੀ। ਉਨ੍ਹਾਂ ਖੇਤੀਬਾੜੀ ਵਿੱਚ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ, ਪਰ ਪੜ੍ਹਾਈ-ਲਿਖਾਈ ਵੱਲ ਉਨ੍ਹਾਂ ਦੀ ਜ਼‌ਿਆਦਾ ਰੁਚੀ ਹੋਣ ਕਰਕੇ ਖੇਤੀਬਾੜੀ ਵਿੱਚ ਕਾਮਯਾਬੀ ਕਿਵੇਂ ਮਿਲਣੀ ਸੀ?

ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੰਦਾਵਣੀ ਦੇ ਮਸਲੇ ਉੱਤੇ ਸਰਬੱਤ ਖ਼ਾਲਸਾ

ਬੁਲਾਇਆ ਗਿਆ ਤਾਂ ਗਿਆਨੀ ਜੀ ਸਿਰਫ਼ 23 ਸਾਲ ਦੇ ਸਨ। ਇਸ ਵਿੱਚ ਦੋਵੇਂ ਧਿਰਾਂ ਦੇ ਵੱਡੇ-ਵੱਡੇ ਵਿਦਵਾਨ ਅਤੇ ਧਾਰਮਿਕ ਆਗੂ ਸਨ। ਗਿਆਨੀ ਜੀ ਦੀ ਰਾਏ ਉਨ੍ਹਾਂ ਨਾਲ ਮਿਲਦੀ ਸੀ ਜੋ ਇਹ ਸਮਝਦੇ ਸਨ ਕਿ ਮੁੰਦਾਵਣੀ ਗੁਰਬਾਣੀ ਨਹੀਂ ਹੈ। ਇਨ੍ਹਾਂ ਦਾ ਇਹ ਵਿਚਾਰ ਕਾਫ਼ੀ ਖੋਜ ’ਤੇ ਆਧਾਰਿਤ ਸੀ। ਜਦੋਂ ਜਥੇਦਾਰ ਊਧਮ ਸਿੰਘ ਨਾਗੋਕੇ ਨੇ ਉਨ੍ਹਾਂ ਨੂੰ ਕਿਹਾ ਕਿ ਹੁਣ ਤੁਸੀਂ ਬੋਲੋ ਤਾਂ ਉਹ ਐਸਾ ਬੋਲਣ ਲੱਗੇ ਕਿ ਫਿਰ ਰੋਕਣਾ ਔਖਾ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਸਾਰੇ ਸਰੂਪ, ਜੋ ਦੇਖੇ ਸਨ, ਜਿਨ੍ਹਾਂ ਦੀ ਟਰੇਸਿੰਗ ਲੈ ਰੱਖੀ ਸੀ, ਸਭ ਦੇ ਸਾਹਮਣੇ ਸਨ। ਇਸੇ ਆਧਾਰ ’ਤੇ ਉਨ੍ਹਾਂ ਦੀ ਗੱਲ ਠੋਸ ਸਮਝੀ ਗਈ।

ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਰਿਸਰਚ ਸਕਾਲਰ ਵਜੋਂ ਨੌਕਰੀ ਦੇਣ ਦਾ ਸੱਦਾ ਦਿੱਤਾ। ਖ਼ੁਸ਼ ਹੋਏ ਗਿਆਨੀ ਜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲ ਗਏ। ‘‘ਨੌਕਰੀ ਨੌ ਕੜੀ’’ ਕਹਿ ਕੇ ਉਨ੍ਹਾਂ ਇਹ ਪੇਸ਼ਕਸ਼ ਰੱਦ ਕੀਤੀ ਤੇ ਕਿਹਾ ਕਿ ਗੁਰੂ ਤੁਹਾਡੇ ’ਤੇ ਮਿਹਰ ਕਰੇਗਾ। ਆਪਣੀ ਆਜ਼ਾਦ ਸ਼ਖ਼ਸੀਅਤ ਹੀ ਰੱਖੋ। ਗਿਆਨੀ ਜੀ ਨੇ 1945 ਵਿੱਚ ‘ਰਾਗ ਮਾਲਾ ਦੀ ਅਸਲੀਅਤ’ ਬਾਰੇ ਇੱਕ ਕਿਤਾਬ ਛਾਪੀ।

1947 ਵਿੱਚ ਉਨ੍ਹਾਂ ਨੇ ਰੋਜ਼ਾਨਾ ‘ਪ੍ਰਕਾਸ਼’ ਅਖ਼ਬਾਰ ਸ਼ੁਰੂ ਕੀਤਾ ਅਤੇ ਦਫ਼ਤਰ ਵਿੱਚ ਵੱਡੇ-ਵੱਡੇ ਵਿਦਵਾਨਾਂ ਦੇ ਬੈਠਣ ਲਈ ਇੱਕ ਅਜਿਹੀ ਖ਼ਾਸ ਜਗ੍ਹਾ ਬਣਾਈ, ਜਿੱਥੇ ਉਹ ਇੱਕ ਦੂਜੇ ਨੂੰ ਮਿਲਦੇ ਤੇ ਆਪਣੇ ਵਿਚਾਰ ਸਾਂਝੇ ਕਰਦੇ। ਇਨ੍ਹਾਂ ਵਿੱਚੋਂ ਪ੍ਰੋਫੈਸਰ ਗੰਡਾ ਸਿੰਘ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਵਰਣਨਯੋਗ ਹਨ। ਉਨ੍ਹਾਂ ਦੋ ਕਿਤਾਬਾਂ ‘ਭਾਵਾਂ ਦੇ ਦੇਸ਼’ 1950 ਵਿੱਚ ਅਤੇ ‘ਅਛੋਹ ਸਿਖ਼ਰਾਂ’ 1955 ਵਿੱਚ ਪ੍ਰਕਾਸ਼ਿਤ ਕੀਤੀਆਂ। 1948 ਵਿੱਚ ਉਹ ਪਟਿਆਲੇ ਧਰਮ ਅਰਥ ਬੋਰਡ ਪੈਪਸੂ ਦੇ ਸੈਕਟਰੀ ਬਣੇ ਅਤੇ ਇੱਕ ਮਾਸਿਕ ਸਾਹਿਤਕ ਰਸਾਲਾ ‘ਜੀਵਨ ਸੰਦੇਸ਼’ 1953 ਵਿੱਚ ਕੱਢਿਆ।

ਗਿਆਨੀ ਜੀ ਇਸ ਉਪਰੰਤ ਚੰਡੀਗੜ੍ਹ ਆ

ਗਏ, ਜਦੋਂ ਇਹ ਨਵਾਂ ਸ਼ਹਿਰ ਉਸਰ ਰਿਹਾ ਸੀ। ਪਟਿਆਲਾ ਛੱਡਣਾ ਤਾਂ ਔਖਾ ਸੀ, ਪਰ ਚੰਡੀਗੜ੍ਹ ਵਿੱਚ ਉਨ੍ਹਾਂ ਨੇ ਕਈ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਪੰਜਾਬ ਵਿਧਾਨ ਪ੍ਰੀਸ਼ਦ ਦਾ 1956 ਤੋਂ 1962 ਤੱਕ ਮੈਂਬਰ ਅਤੇ 1956 ਵਿੱਚ ਸਾਹਿਤ ਸਭਾ ਚੰਡੀਗੜ੍ਹ ਦੇ ਪਹਿਲੇ ਪ੍ਰਧਾਨ ਬਣਨਾ ਅਹਿਮ ਸਨ।

ਵਿਧਾਇਕ ਵਜੋਂ ਕੀਤੇ ਉਨ੍ਹਾਂ ਦੇ ਅਹਿਮ ਕੰਮਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਲਈ ਮਤਾ ਪੇਸ਼ ਕਰਨਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਬਾਰੇ ਰਿਪੋਰਟ ਪੇਸ਼ ਕਰਨੀ ਸ਼ੁਮਾਰ ਹਨ।

ਜਦੋਂ ਗਿਆਨੀ ਜੀ ਨੇ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰ ਲਈਆਂ ਤਾਂ ਉਨ੍ਹਾਂ ਦੇ ਜੀਵਨ ਵਿੱਚ ਲਾਹੌਰੋਂ ਪੜ੍ਹੀ ਬੀਬੀ ਇੰਦਰਜੀਤ ਕੌਰ (ਮੇਰੇ ਮਾਤਾ ਜੀ) ਆ ਚੁੱਕੀ ਸੀ ਤੇ ਦੋਵਾਂ ਨੇ ਚੰਡੀਗੜ੍ਹ ਆਪਣਾ ਘਰ ਬਣਾਇਆ। 1960 ਵਿੱਚ ਮੇਰਾ ਜਨਮ ਹੋਇਆ। ਉਸ ਉਪਰੰਤ 1961 ਵਿੱਚ ਮੇਰੇ ਛੋਟੇ ਭਰਾ ਰਵਿੰਦਰ ਸਿੰਘ ਦਾ ਜਨਮ ਹੋਇਆ।

ਮੇਰੇ ਮਾਤਾ-ਪਿਤਾ ਦੀ ਇੱਕ ਦੂਜੇ ਨਾਲ ਬਹੁਤ ਗੂੜ੍ਹੀ ਸਾਂਝ ਸੀ। ਇਨ੍ਹਾਂ ਦਾ ਘਰ ਅਦਬੀ ਕੇਂਦਰ ਬਣ ਗਿਆ। ਜ਼ਿਕਰਯੋਗ ਹੈ ਕਿ ਮੇਰੇ ਪਿਤਾ ਦੀ ਸ਼ਾਹਕਾਰ ਰਚਨਾ ‘ਮੇਰਾ ਪਿੰਡ’ ਦਾ ਸੰਪਾਦਨ ਮਾਂ ਨੇ ਹੀ ਕੀਤਾ ਸੀ। ਸਾਡੇ ਕੋਲ ਤਸਵੀਰ ਹੈ, ਜਿਸ ਵਿੱਚ ਬਲਰਾਜ ਸਾਹਨੀ, ਹਜ਼ਾਰੀ ਪ੍ਰਸ਼ਾਦ ਦਿਵੇਦੀ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਸਾਰੇ ਬੈਠੇ ਹਨ। ਉਸ ਤਸਵੀਰ ਵਿੱਚ ਮੈਨੂੰ ਮੇਰੀ ਭੂਆ ਤੇਜਿੰਦਰ ਕੌਰ ਨੇ ਗੋਦੀ ਚੁੱਕਿਆ ਹੋਇਆ ਹੈ।

ਗਿਆਨੀ ਜੀ ਸਾਹਿਤਕ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਸਨ ਅਤੇ ਨਾਲ ਹੀ ਉਨ੍ਹਾਂ ਦੀ ਅੱਖ ਚੰਗੇ ਪਲਾਟਾਂ ’ਤੇ ਵੀ ਰਹਿੰਦੀ ਸੀ। ਉਸ ਜ਼ਮਾਨੇ ਵਿੱਚ ਇਹ ਚੀਜ਼ਾਂ ਚੰਡੀਗੜ੍ਹ ਵਿੱਚ ਸਸਤੀਆਂ ਮਿਲ ਜਾਂਦੀਆਂ ਸਨ। ਉਨ੍ਹਾਂ ਨੇ ਪਹਿਲਾਂ ਆਪਣਾ ਘਰ ਬਣਾਇਆ। ਇੱਕ ਵਾਰ ਰੌਲਾ ਪੈ ਗਿਆ ਸੀ ਕਿ ਪੰਜਾਬ ਨੈਸ਼ਨਲ ਬੈਂਕ ਟੁੱਟਣ ਵਾਲੀ ਹੈ। ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੇ ਪੈਸੇ ਕਢਾ ਕੇ ਲਿਆ ਦਿਓ ਤਾਂ ਪਾਪਾ ਪੈਸੇ ਲੈ ਆਏ ਤੇ ਦੇਖਿਆ ਕਿ ਮਾਂ ਹਾਲੇ ਵੀ ਖ਼ੁਸ਼ ਨਹੀਂ ਸੀ। ‘‘ਮੈਨੂੰ ਪਤੈ ਤੁਸੀਂ ਸਾਰੇ ਇੱਟਾਂ-ਵੱਟਿਆਂ ’ਤੇ ਲਾ ਦੇਣੇ ਨੇ,’’ ਉਨ੍ਹਾਂ ਨੇ ਕਿਹਾ। ਇਹੀ ਹੋਇਆ ਅਤੇ ਮਾਤਾ ਜੀ ਦੀ ਇੱਕ ਐਸੀ ਕੋਠੀ ਬਣੀ, ਜਿਸ ਦਾ ਪਾਪਾ ਦੇ ਕਹਿਣ ਮੁਤਾਬਿਕ ‘‘ਤਨਖ਼ਾਹ ਨਾਲੋਂ ਜ਼ਿਆਦਾ ਕ‌ਿਰਾਇਆ’’ ਆਉਂਦਾ ਰਿਹਾ।

‘ਪ੍ਰਕਾਸ਼’ ਅਖ਼ਬਾਰ ਤੋਂ ਜ਼ਿਆਦਾ ਕਮਾਈ ਨਹੀਂ ਹੁੰਦੀ ਸੀ, ਪਰ ਪ੍ਰੈੱਸ ਵਿੱਚ ਕਿਤਾਬਾਂ ਛਪਣ ਕਾਰਨ ਗੱਡੀ ਚਲਦੀ ਸੀ। ਜਦੋਂ ਪਾਪਾ ਨੇ ਚੰਡੀਗੜ੍ਹ ਆਉਣਾ ਸੀ ਤਾਂ ਮਾਂ ਨੇ ਪੂਰਾ ਸਾਥ ਦਿੱਤਾ ਅਤੇ ਜਦੋਂ ਮਾਂ ਦੀ ਬਤੌਰ ਪ੍ਰਿੰਸੀਪਲ ਪਟਿਆਲੇ ਪੋਸਟਿੰਗ ਹੋਈ ਤਾਂ ਪਾਪਾ ਨੇ ਥੋੜ੍ਹੀ ਦੇਰ ਬਾਅਦ ਅਖ਼ਬਾਰ ਸਮੇਤ ਪਟਿਆਲੇ ਕੂਚ ਕਰ ਲਿਆ।

ਦਰਅਸਲ, 1973 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਸਿੰਘ ਸਭਾ ਸ਼ਤਾਬਦੀ ਕਮੇਟੀ ਬਣਾਈ ਗਈ। ਲੋਕ ਸਭਾ ਦੇ ਸਾਬਕਾ ਸਪੀਕਰ ਸ. ਹੁਕਮ ਸਿੰਘ ਇਸ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਅਤੇ ਪਾਪਾ ਜਨਰਲ ਸਕੱਤਰ ਬਣੇ। ਮਾਂ ਦਾ ਤਬਾਦਲਾ ਅੰਮ੍ਰਿਤਸਰ ਹੋਇਆ ਅਤੇ ਉਹ ਗੌਰਮਿੰਟ ਕਾਲਜ ਫਾਰ ਵਿਮੈਨ ਦੇ ਪ੍ਰਿੰਸੀਪਲ ਬਣੇ। ਸਿੰਘ ਸਭਾ ਸ਼ਤਾਬਦੀ ਕਮੇਟੀ ਦੀਆਂ ਸਰਗਰਮੀਆਂ ਨੇ ਪਾਪਾ ਨੂੰ ਬਹੁਤ ਰੁੱਝੇ ਰੱਖਿਆ। ਉਨ੍ਹਾਂ ਨੇ ਸਿੰਘ ਸਭਾ ਪੱਤਰਕਾਰ ਰਸਾਲਾ ਕੱਢਿਆ, ਜਿਸ ਨੇ ਧਾਰਮਿਕ ਵਿਚਾਰਧਾਰਾ ਵਿੱਚ ਆਪਣਾ ਨਾਂ ਬਣਾ ਲਿਆ। ਅੰਮ੍ਰਿਤਸਰ ਤੋਂ ਅਸੀਂ ਪਟਿਆਲੇ ਆਏ ਜਦੋਂ ਮੇਰੇ ਮਾਤਾ ਜੀ ਪ੍ਰੋਫੈਸਰ ਇੰਦਰਜੀਤ ਕੌਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਬਣੇ। ਉੱਤਰੀ ਭਾਰਤ ਦੇ ਉਹ ਪਹਿਲੇ ਮਹਿਲਾ ਉਪ-ਕੁਲਪਤੀ ਸਨ ਅਤੇ ਉਸ ਸਮੇਂ ਦੁਨੀਆ ਵਿੱਚ ਸਿਰਫ਼ ਤਿੰਨ ਔਰਤਾਂ ਨੂੰ ਹੀ ਇਹ ਮਾਣ ਪ੍ਰਾਪਤ ਸੀ। ਪਟਿਆਲੇ ਤਿੰਨ ਸਾਲ ਸਾਡੇ ਲਈ ਬੜੇ ਖ਼ੁਸ਼ੀਆਂ ਭਰੇ ਸਨ। ਅਸੀਂ ਵਾਈਪੀਐੱਸ ਸਕੂਲ ਵਿੱਚ ਪੜ੍ਹਦੇ ਸੀ। ਪਾਪਾ ਦੀ ਪ੍ਰੈੱਸ ਵਿੱਚ ਜਾ ਕੇ ਮਦਦ ਕਰਦੇ ਸੀ। ਅਖ਼ਬਾਰ ਨੂੰ ਦੋ-ਦੋ ਪੈਸੇ ਦੀਆਂ ਟਿਕਟਾਂ ਲਾ ਕੇ ਡਾਕਖਾਨੇ ਪਹੁੰਚਾਉਣਾ ਵੀ ਸਾਡਾ ਕੰਮ ਹੁੰਦਾ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪਾਪਾ ਤੇ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਨੂੰ ਤਾ-ਉਮਰ ਲਈ ਆਨਰੇਰੀ ਸਕਾਲਰਸ਼ਿਪ ਦਿੱਤੀ ਗਈ। ਜਦੋਂ ਮੇਰੇ ਮਾਤਾ ਜੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ, ਉਦੋਂ ਪਾਪਾ ਨੇ ਇਹ ਸਕਾਲਰਸ਼ਿਪ ਲੈਣੀ ਬੰਦ ਕਰ ਦਿੱਤੀ। ਇਸ ਦੌਰਾਨ ਪਾਪਾ ਮੇਰੇ ਮਾਤਾ ਜੀ ਨਾਲ ਅਮਰੀਕਾ ਗਏ ਤੇ ਯੂਨੀਵਰਸਿਟੀ ਆਫ਼ ਹਲ ਇੰਗਲੈਂਡ ਗਏ। ਉੱਥੇ ਮਾਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਬਾਰੇ ਬੋਲਿਆ।

ਵਿਸਾਖੀ ਦੇ ਦਿਹਾੜੇ ’ਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਬੜਾ ਵੱਡਾ ਸਮਾਗਮ ਕਰਵਾਇਆ ਜਾਂਦਾ ਸੀ, ਜਿਸ ਵਿੱਚ ਉਹ ਵਿਦਵਾਨ ਬੁਲਾਏ ਜਾਂਦੇ ਸੀ, ਜਿਨ੍ਹਾਂ ਨੂੰ ਪੰਥ ਵੱਲੋਂ ਸਨਮਾਨਿਤ ਕਰਨਾ ਜ਼ਰੂਰੀ ਸੀ, ਜਿਵੇਂ ਸ‌ਿਰਦਾਰ ਕਪੂਰ ਸਿੰਘ ਆਈ.ਸੀ.ਐੱਸ. ਅਤੇ ਇਤਿਹਾਸਕਾਰ ਪ੍ਰੋ. ਹਰੀ ਰਾਮ ਗੁਪਤਾ। ਕੁਝ ਸਾਲਾਂ ਬਾਅਦ ਸਿੰਘ ਸਭਾ ਸ਼ਤਾਬਦੀ ਕਮੇਟੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਣ ਗਈ। ਇਸ ਦੌਰਾਨ ਪਾਪਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ ਕੰਮ ਕਰਦੇ ਰਹੇ। ਅਖੰਡ ਕੀਰਤਨੀ ਜਥੇ ਦੇ ਸਿੰਘ ਤੇ ਸਿੰਘਣੀਆਂ ਖ਼ਾਸ ਤੌਰ ’ਤੇ ਉਨ੍ਹਾਂ ਦੇ ਸਮਰਥਕ ਸਨ ਜਿਨ੍ਹਾਂ ਨਾਲ ਉਹ ਅਲੱਗ-ਅਲੱਗ ਥਾਵਾਂ ’ਤੇ ਕੀਰਤਨ ਸਮਾਗਮ ਕਰਦੇ ਸਨ। ਜਦੋਂ ਅਸੀਂ 1980 ਵਿੱਚ ਦਿੱਲੀ ਚਲੇ ਗਏ ਤੇ ਮਾਤਾ ਜੀ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਚੇਅਰਪਰਸਨ ਬਣੇ, ਉਦੋਂ ਵੀ ਸਿੰਘ ਸਭਾ ਦੀਆਂ ਸਰਗਰਮੀਆਂ ਜਾਰੀ ਰਹੀਆਂ।

ਦਿੱਲੀ ਦੇ ਇੱਕ ਸੱਜਣ, ਸਰਦਾਰ ਫ਼ਕੀਰ ਸਿੰਘ ਹੋਰਾਂ ਨੇ ਅੰਧੇਰੀਆ ਮੋੜ ਮਹਿਰੌਲੀ ਵਿੱਚ ਪੰਜ ਏਕੜ ਜਗ੍ਹਾ ਦਿੱਤੀ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਸਥਾਪਿਤ ਕੀਤਾ ਗਿਆ ਤਾਂ ਕਿ ਜੋ ਕੰਮ ਪਾਠ ਬੋਧ ਸਮਾਗਮਾਂ ਨਾਲ ਸ਼ੁਰੂ ਕੀਤਾ ਹੈ, ਉਹ ਅੱਗੇ ਚਲਦਾ ਰਹੇ ਅਤੇ ਨੌਜਵਾਨ ਬੱਚਿਆਂ ਨੂੰ ਸਿਖਲਾਈ ਤੇ ਸੇਧ ਦਿੱਤੀ ਜਾ ਸਕੇ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਸਥਾਪਿਤ ਕੀਤਾ ਗਿਆ।

1986 ਵਿੱਚ ਮੇਰੇ ਮਾਪੇ ਚੰਡੀਗੜ੍ਹ ਆ ਗਏ। ਇੱਥੇ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਭਾਗ 1990 ਵਿੱਚ ਪ੍ਰਕਾਸ਼ਿਤ ਕੀਤਾ। ਉਸ ਉਪਰੰਤ 2003 ਵਿੱਚ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੰਦਾਵਣੀ ਲਿਖੀ।

2006 ਵਿੱਚ ਉਨ੍ਹਾਂ ਨੂੰ ਫਿਰ ਦਿਲ ਦਾ ਦੌਰਾ ਪਿਆ, ਜਿਸ ਦਾ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਹੋਇਆ। ਉਸੇ ਸਾਲ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਉਨ੍ਹਾਂ ਨੂੰ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਦਿੱਤਾ ਗਿਆ। ਪਾਪਾ ਕੰਮ ਕਰਦੇ ਰਹੇ, ਪਰ ਹੁਣ ਉਨ੍ਹਾਂ ਵਿੱਚ ਉਹ ਤਾਕਤ ਨਹੀਂ ਸੀ ਰਹੀ। ਉਹ ਫਿਰ ਵੀ ਜੋ ਆਵੇ ਉਸ ਨੂੰ ਮਿਲਦੇ, ਉਨ੍ਹਾਂ ਨਾਲ ਗੱਲਾਂ ਕਰਦੇ ਤੇ ਅਖੀਰ ਤੱਕ ਲਿਖਦੇ ਰਹੇ, 17 ਜਨਵਰੀ 2007 ਤੱਕ।

ਜਦੋਂ ਮੈਂ ਗਿਆਨੀ ਗੁਰਦਿੱਤ ਸਿੰਘ ਜੀ ਬਾਰੇ ਸੋਚਦਾ ਹਾਂ ਤਾਂ ਮੇਰੇ ਮਨ ਵਿੱਚ ਆਪਣੇ ਪਿਤਾ ਦਾ ਹਸਮੁਖ ਚਿਹਰਾ ਆਉਂਦਾ ਹੈ, ਜਿਹੜਾ ਆਪਣੇ ਬੱਚਿਆਂ ਨੂੰ ‘ਯਾਰਾ’ ਕਹਿ ਕੇ ਬੁਲਾਉਂਦਾ ਸੀ। ਅੱਜ ਤੱਕ ਮੈਨੂੰ ਤੇ ਮੇਰੇ ਭਰਾ ਨੂੰ ਇਹ ਯਾਦ ਨਹੀਂ ਕਿ ਉਨ੍ਹਾਂ ਨੇ ਕਦੇ ਸਾਡੇ ਥੱਪੜ ਮਾਰਿਆ ਹੋਵੇ। ਉਹ ਪਿਆਰ ਨਾਲ ਸਹਿਜੇ-ਸਹਿਜੇ ਸਭ ਕੁਝ ਕਰਵਾ ਲੈਂਦੇ।

* ਲੇਖਕ ‘ਦਿ ਟ੍ਰਿਬਿਊਨ’ ਦੇ ਸੀਨੀਅਰ ਐਸੋਸੀਏਟ

ਐਡੀਟਰ ਸਨ।

ਸੰਪਰਕ: 98141-35938

Advertisement
×