DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੱਕ ਖ਼ੂਬਸੂਰਤ ਇਮਤਿਹਾਨ....

ਯਾਦਾਂ ਦੇ ਵਰਕੇ
  • fb
  • twitter
  • whatsapp
  • whatsapp
Advertisement

ਤ੍ਰੈਲੋਚਨ ਲੋਚੀ

Advertisement

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕਾਲਜ ਪੜ੍ਹਦਿਆਂ ਬੀਤਿਆ ਸਮਾਂ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਤੇ ਬਿਹਤਰੀਨ ਸਮਾਂ ਹੁੰਦਾ ਹੈ। ਉਸ ਸਮੇਂ ਦੀਆਂ ਕਈ ਖ਼ੂਬਸੂਰਤ ਤੇ ਪਿਆਰੀਆਂ ਯਾਦਾਂ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੀਆਂ ਹਨ। ਮੈਂ, ਗੌਰਮਿੰਟ ਕਾਲਜ ਮੁਕਤਸਰ ਦਾ ਵਿਦਿਆਰਥੀ ਰਿਹਾ ਹਾਂ ਤੇ ਅੱਜ ਤੀਕ ਉਨ੍ਹਾਂ ਪਿਆਰੇ ਪਲਾਂ ਦੀਆਂ ਬਹੁਤ ਹੀ ਮਿੱਠੀਆਂ ਮਿੱਠੀਆਂ ਯਾਦਾਂ ਮੇਰੇ ਮਨ ’ਤੇ ਖੁਣੀਆਂ ਹੋਈਆਂ ਨੇ।

ਬਚਪਨ ਤੋਂ ਹੀ ਮੈਨੂੰ ਗਾਉਣ ਦਾ ਸ਼ੌਕ ਸੀ। ਸਕੂਲ ਵਿੱਚ ਪਹੁੰਚਿਆ ਤਾਂ ਹਾਕੀ ਦਾ ਖਿਡਾਰੀ ਵੀ ਰਿਹਾ। ਹਾਕੀ ਦੀ ਕਮੈਂਟਰੀ ਵੀ ਬੋਲਦਾ ਤੇ ਸਕੂਲ ਦੇ ਸਮਾਗਮਾਂ ਵਿੱਚ ਗੀਤਾਂ ਨਾਲ ਆਪਣੀ ਹਾਜ਼ਰੀ ਲੁਆਉਂਦਾ।

ਕਾਲਜ ਵਿੱਚ ਪਹੁੰਚਿਆ ਤਾਂ ਮੇਰੀ ਇਹ ਖੁਸ਼ਕਿਸਮਤੀ ਸੀ ਕਿ ਮੈਨੂੰ ਅਧਿਆਪਕ ਵੀ ਉਹ ਮਿਲੇ ਜੋ ਖ਼ੁਦ ਵੀ ਸਾਹਿਤ ਨਾਲ ਬਹੁਤ ਹੀ ਗਹਿਰੇ ਜੁੜੇ ਹੋਏ ਸਨ। ਪ੍ਰੋ. ਲੋਕ ਨਾਥ ਹੋਰਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ ਦੁਨੀਆ ਦੀਆਂ ਸ਼ਾਹਕਾਰ ਕਿਤਾਬਾਂ ਦਾ ਜ਼ਖ਼ੀਰਾ ਹੁੰਦਾ ਸੀ। ਕਈ ਵਾਰ ਅਸੀਂ ਦੋਸਤਾਂ ਨੇ ਕਿਤਾਬਾਂ ਪੜ੍ਹਦਿਆਂ ਪੜ੍ਹਦਿਆਂ ਪੂਰਾ ਪੂਰਾ ਦਿਨ ਪ੍ਰੋ. ਲੋਕ ਨਾਥ ਹੋਰਾਂ ਦੇ ਕਮਰੇ ਵਿੱਚ ਹੀ ਲੰਘਾ ਦੇਣਾ। ਪ੍ਰੋ. ਜਗੀਰ ਸਿੰਘ ਕਾਹਲੋਂ ਸਾਨੂੰ ਕਿਸੇ ਹੋਰ ਨਵੀਂ ਕਿਤਾਬ ਤੇ ਕਿਸੇ ਮੈਗਜ਼ੀਨ ਬਾਰੇ ਕਨਸੋਅ ਦਿੰਦੇ। ਕਈ ਵਾਰ ਉਹ ਕੋਈ ਨਵਾਂ ਮੈਗਜ਼ੀਨ ਲੈ ਕੇ ਆਉਂਦੇ ਤਾਂ ਅਸੀਂ ਸਾਰੇ ਦੋਸਤਾਂ ਨੇ ਵਾਰੋ ਵਾਰੀ ਉਸ ਮੈਗਜ਼ੀਨ ਨੂੰ ਬਹੁਤ ਹੀ ਚਾਅ ਨਾਲ ਪੜ੍ਹਨਾ। ਮੈਡਮ ਕੁਲਵੰਤ ਕੌਰ ਸੰਧੂ ਹੋਰੀਂ ਸਾਨੂੰ ਖੇਡਾਂ ਬਾਰੇ ਸਟੀਕ ਜਾਣਕਾਰੀ ਦਿੰਦੇ ਕਿਉਂਕਿ ਉਹ ਖ਼ੁਦ ਹਾਕੀ ਦੇ ਕੌਮਾਂਤਰੀ ਪੱਧਰ ਦੇ ਖਿਡਾਰੀ ਸਨ। ਮੈਡਮ ਰਾਜਬੀਰ ਕੌਰ ਕਲਾਸ ਵਿੱਚ ਸਾਥੋਂ ਬਹੁਤ ਹੀ ਪਿਆਰ ਨਾਲ ਕਵਿਤਾਵਾਂ ਸੁਣਦੇ ਤੇ ਹੋਰ ਚੰਗਾ ਲਿਖਣ ਲਈ ਉਤਸ਼ਾਹਿਤ ਕਰਦੇ। ਮੈਂ ਸਮਝਦਾ ਹਾਂ ਕਿ ਅਧਿਆਪਕ ਹੀ ਕਿਸੇ ਵੀ ਵਿਦਿਆਰਥੀ ਨੂੰ ਅਸਲ ਮਨੁੱਖ ਬਣਾਉਣ ਵਿੱਚ ਇੱਕ ਵੱਡੀ ਭੂਮਿਕਾ ਅਦਾ ਕਰਦਾ ਹੈ। ਇੱਕ ਆਦਰਸ਼ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਸਗੋਂ ਉਹ ਆਪਣੇ ਵਿਦਿਆਰਥੀਆਂ ਵਿੱਚ ਹਰ ਸਮੱਸਿਆ, ਹਰ ਔਕੜ ਨੂੰ ਹੱਲ ਕਰਨ ਦਾ ਆਤਮ-ਵਿਸ਼ਵਾਸ ਵੀ ਭਰਦਾ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਅਧਿਆਪਕਾਂ ਨੇ ਸਾਨੂੰ ਉਹ ਸਿੱਖਿਆ ਦਿੱਤੀ, ਉਹ ਸਬਕ ਪੜ੍ਹਾਏ ਜੋ ਜ਼ਿੰਦਗੀ ਦੇ ਕਦਮ ਕਦਮ ’ਤੇ ਸਾਡੇ ਰਾਹ ਦਸੇਰੇ ਬਣੇ। ਉਨ੍ਹਾਂ ਸਮਿਆਂ ਵਿੱਚ ਹੀ ਮੈਂ ਵਿਸ਼ਵ ਦੀਆਂ ਬਿਹਤਰੀਨ ਕਿਤਾਬਾਂ ਤੇ ਸ਼ਾਹਕਾਰ ਰਚਨਾਵਾਂ ਨੂੰ ਮਾਣਿਆ ਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।

ਕਾਲਜ ਪੜ੍ਹਨ ਵੇਲੇ ਦੀਆਂ ਪਿਆਰੀਆਂ ਯਾਦਾਂ ਅਕਸਰ ਮੇਰੇ ਜ਼ਿਹਨ ਵਿੱਚ ਆ ਜਾਂਦੀਆਂ ਨੇ। ਅੱਜ ਫਿਰ ਇੱਕ ਪਿਆਰੀ ਯਾਦ ਨੇ ਮੇਰੇ ਮਨ ਦਾ ਕੁੰਡਾ ਖੜਕਾਇਆ ਹੈ। ਹੋਇਆ ਇਹ ਕਿ ਇੱਕ ਵਾਰ ਕਾਲਜ ਮੈਗਜ਼ੀਨ ਲਈ ਵਿਦਿਆਰਥੀਆਂ ਤੋਂ ਰਚਨਾਵਾਂ ਮੰਗੀਆਂ ਗਈਆਂ। ਅਸੀਂ ਕੁਝ ਮੁੰਡੇ ਕੁੜੀਆਂ ਨੇ ਆਪੋ ਆਪਣੀਆਂ ਰਚਨਾਵਾਂ ਮੈਡਮ ਰਾਜਬੀਰ ਹੋਰਾਂ ਨੂੰ ਦੇ ਦਿੱਤੀਆਂ। ਦੂਜੇ ਤੀਜੇ ਦਿਨ ਮੈਡਮ ਰਾਜਬੀਰ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਮੇਰੇ ਪਹੁੰਚਦੇ ਸਾਰ ਹੀ ਮੇਰੀ ਕਵਿਤਾ ਵਾਲਾ ਵਰਕਾ ਮੇਰੇ ਸਾਹਮਣੇ ਰੱਖ ਕੇ ਮੈਨੂੰ ਕਹਿਣ ਲੱਗੇ, ‘‘ਲੋਚੀ, ਸੱਚੋ ਸੱਚ ਦੱਸੀਂ ਕਿ ਇਹ ਕਵਿਤਾ ਤੂੰ ਆਪ ਲਿਖੀ ਹੈ?’’

‘‘ਜੀ ਮੈਡਮ ਜੀ, ਸੱਚੀਂ ਇਹ ਕਵਿਤਾ ਮੈਂ ਆਪ ਹੀ ਲਿਖੀ ਹੈ!’’ ਮੈਂ ਡਰਦਿਆਂ ਡਰਦਿਆਂ ਜਵਾਬ ਦਿੱਤਾ।

‘‘ਮੈਨੂੰ ਲੱਗਦਾ ਨਹੀਂ ਕਿ ਇਹ ਕਵਿਤਾ ਤੂੰ ਖ਼ੁਦ ਲਿਖੀ ਹੈ। ਕਾਕਾ, ਤੂੰ ਅਜੇ ਬੀ.ਏ. ਭਾਗ ਪਹਿਲਾ ਦਾ ਵਿਦਿਆਰਥੀ ਏਂ ਤੇ ਉਮਰ ਦੇ ਹਿਸਾਬ ਨਾਲ ਤੂੰ ਏਨੀ ਡੂੰਘੀ ਗੱਲ ਕਰ ਨਹੀਂ ਸਕਦਾ। ਅਜੇ ਵੀ ਸੱਚ ਬੋਲ ਦੇ, ਨਹੀਂ ਤਾਂ ਤੈਨੂੰ ਮੇਰਾ ਪਤਾ ਈ ਐ!’’ ਮੈਡਮ ਹੋਰਾਂ ਦੇ ਇਹ ਬੋਲ ਸੁਣ ਕੇ ਅੰਦਰੋਂ ਤਾਂ ਮੈਂ ਕੰਬ ਗਿਆ ਸਾਂ, ਪਰ ਫਿਰ ਹੌਸਲਾ ਕਰਕੇ ਕਿਹਾ, ‘‘ਮੈਡਮ, ਮੈਂ ਬਿਲਕੁਲ ਸੱਚ ਆਖ ਰਿਹਾ ਹਾਂ ਕਿ ਇਹ ਕਵਿਤਾ ਮੈਂ ਖ਼ੁਦ ਹੀ ਲਿਖੀ ਹੈ।’’

ਮੈਡਮ ਮੇਰੇ ਵੱਲ ਦੇਖਦੇ ਦੋ ਤਿੰਨ ਮਿੰਟ ਕੁਝ ਸੋਚਦੇ ਰਹੇ ਤੇ ਫਿਰ ਕਹਿਣ ਲੱਗੇ, ‘‘ਅੱਛਾ ਫਿਰ ਇਹ ਗੱਲ ਐ! ਜੇ ਤੂੰ ਨਹੀਂ ਮੰਨਦਾ ਤਾਂ ਇਉਂ ਕਰ, ਮੈਂ ਤੈਨੂੰ ਇੱਕ ਵਿਸ਼ਾ ਦਿੰਦੀ ਹਾਂ ਤੇ ਤੈਨੂੰ ਇੱਕ ਘੰਟਾ ਇਸੇ ਕਮਰੇ ਵਿੱਚ ਬੈਠਣਾ ਪਵੇਗਾ ਤੇ ਮੇਰੇ ਵੱਲੋਂ ਦਿੱਤੇ ਵਿਸ਼ੇ ’ਤੇ ਤੈਨੂੰ ਕਵਿਤਾ ਲਿਖਣੀ ਪਵੇਗੀ। ਮੈਂ ਫੇਰ ਨਿਤਾਰਾ ਕਰੂੰਗੀ ਕਿ ਪਹਿਲੀ ਕਵਿਤਾ ਤੂੰ ਖ਼ੁਦ ਲਿਖੀ ਹੈ ਜਾਂ ਨਹੀਂ!’’ ਮੈਡਮ ਹੋਰਾਂ ਦੇ ਬੋਲ ਸੁਣ ਕੇ ਅੰਦਰੋਂ ਤਾਂ ਮੈਂ ਸੁੰਨ ਹੋ ਗਿਆ ਸਾਂ, ਪਰ ਫਿਰ ਵੀ ਆਪਣੇ ਆਪ ’ਤੇ ਮੈਨੂੰ ਵਿਸ਼ਵਾਸ ਸੀ।

ਮੈਡਮ ਹੋਰੀਂ ਖ਼ੁਦ ਪੰਜਾਬੀ ਦੇ ਪ੍ਰੋਫੈਸਰ ਸਨ ਤੇ ਮੈਨੂੰ ਕਹਿਣ ਲੱਗੇ, ‘‘ਚੱਲ ਤੂੰ ਆਪਣੀ ਮਾਂ ਬੋਲੀ ’ਤੇ ਕੋਈ ਕਵਿਤਾ ਲਿਖ ਤੇ ਤੇਰੇ ਕੋਲ ਕਵਿਤਾ ਲਿਖਣ ਲਈ ਪੂਰਾ ਇੱਕ ਘੰਟਾ ਹੈ।’’ ਏਨਾ ਆਖ ਕੇ ਉਹ ਕੋਈ ਕਿਤਾਬ ਪੜ੍ਹਨ ਲੱਗੇ ਤੇ ਮੈਂ ਇੱਕ ਪਾਸੇ ਬੈਠ ਕੇ ਕਵਿਤਾ ਬਾਰੇ ਸੋਚਣ ਲੱਗਿਆ। ਹੌਲੀ ਹੌਲੀ ਆਪਣੇ ਮਨ ਦੀ ਗੱਲ ਵਰਕੇ ’ਤੇ ਉਤਾਰਦਾ ਗਿਆ। ਪੂਰੇ ਇੱਕ ਘੰਟੇ ਬਾਅਦ ਮੈਂ ਮੌਕੇ ’ਤੇ ਲਿਖੀ ਕਵਿਤਾ ਮੈਡਮ ਹੋਰਾਂ ਦੇ ਸਾਹਮਣੇ ਰੱਖ ਦਿੱਤੀ। ਉਸ ਕਵਿਤਾ ਨੂੰ ਉਹ ਬਹੁਤ ਹੀ ਗਹੁ ਨਾਲ ਪੜ੍ਹਨ ਲੱਗੇ। ਕਵਿਤਾ ਪੜ੍ਹਦਿਆਂ ਪੜ੍ਹਦਿਆਂ ਉਹ ਮੇਰੇ ਵੱਲ ਵੀ ਦੇਖਦੇ, ਮੁਸਕਰਾਉਂਦੇ ਤੇ ਫਿਰ ਕਵਿਤਾ ਪੜ੍ਹਨ ਲੱਗਦੇ। ਉਨ੍ਹਾਂ ਦੇ ਚਿਹਰੇ ਦੀ ਮੁਸਕੁਰਾਹਟ ਦੇਖ ਕੇ ਮੈਂ ਵੀ ਥੋੜ੍ਹਾ ਥੋੜ੍ਹਾ ਹੌਸਲੇ ਵਿੱਚ ਆ ਰਿਹਾ ਸਾਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਕਵਿਤਾ ਦੇ ਮੈਂ ਪੰਜ ਛੇ ਸ਼ਿਅਰ ਲਿਖੇ ਸਨ, ਉਨ੍ਹਾਂ ’ਚੋਂ ਅੱਜ ਵੀ ਇੱਕ ਸ਼ਿਅਰ ਮੇਰੇ ਚੇਤਿਆਂ ਵਿੱਚ ਹੈ:

ਮਾਂ ਬੋਲੀ ਨੂੰ ਜੇਕਰ ਮਨੋਂ ਵਿਸਾਰੇਂਗਾ,

ਆਪਣੇ ਹੱਥੀਂ ਆਪਣੇ ਬਾਗ਼ ਉਜਾੜੇਂਗਾ!

ਨਾਨਕ ਦੀ ਹੀ ਬੋਲੀ ਜੇਕਰ ਭੁੱਲ ਗਿਓਂ‌,

ਦੇਖ ਲਵੀਂ ਤੂੰ ਪੈਰ ਪੈਰ ’ਤੇ ਹਾਰੇਂਗਾ!

ਪੂਰੀ ਕਵਿਤਾ ਪੜ੍ਹ ਕੇ ਮੈਡਮ ਯਕਦਮ ਆਪਣੀ ਕੁਰਸੀ ਤੋਂ ਉੱਠੇ‌ ਤੇ ਉਨ੍ਹਾਂ ਨੇ ਮੈਨੂੰ ਆਪਣੀ ਗਲਵੱਕੜੀ ਵਿੱਚ ਭਰ ਲਿਆ ਤੇ ਬਹੁਤ ਹੀ ਪਿਆਰੇ ਪਿਆਰੇ ਬੋਲਾਂ ਨਾਲ ਕਹਿਣ ਲੱਗੇ, ‘‘ਹੁਣ ਮੈਗਜ਼ੀਨ ਵਿੱਚ ਇੱਕ ਨਹੀਂ, ਤੇਰੀਆਂ ਇਹ ਦੋਵੇਂ ਰਚਨਾਵਾਂ ਛਪਣਗੀਆਂ!’’ ਉਸ ਵੇਲੇ ਉਨ੍ਹਾਂ ਦੇ ਇਹ ਬੋਲ ਸੁਣ ਕੇ ਮੈਂ ਆਪਣੇ ਆਪ ਨੂੰ ਕਿਸੇ ਵੱਖਰੇ ਹੀ ਜਹਾਨ ਵਿੱਚ ਮਹਿਸੂਸ ਕਰ ਰਿਹਾ ਸਾਂ।

ਅੱਜ ਮੈਡਮ ਰਾਜਬੀਰ ਭਾਵੇਂ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਵੱਲੋਂ ਲਿਆ ਇਮਤਿਹਾਨ ਜ਼ਿੰਦਗੀ ਵਿੱਚ ਮੇਰੇ ਬਹੁਤ ਹੀ ਕੰਮ ਆਇਆ ਕਿ ਇਕਾਗਰ ਚਿੱਤ ਹੋ ਕੇ ਕੋਈ ਰਚਨਾ ਕਿਵੇਂ ਰਚਨੀ ਹੈ। ਇਸ ਇਮਤਿਹਾਨ ਨਾਲ ਕਿਤਾਬਾਂ, ਸ਼ਬਦ ਤੇ ਕਵਿਤਾ ਨਾਲ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਗਿਆ।

ਉਸ ਪਿਆਰੀ ਰੂਹ ਨੂੰ ਯਾਦ ਕਰਦਿਆਂ, ਭਰੇ ਮਨ ਨਾਲ ਆਪਣੇ ਹੀ ਸ਼ਿਅਰ ਨਾਲ ਆਪਣੀ ਗੱਲ ਸਮੇਟਾਂਗਾ:

ਮੁੱਠੀ ਵਿੱਚੋਂ ਰੇਤਾ ਵਾਂਗੂੰ ਕਿਰ ਜਾਂਦੇ!

ਪਤਾ ਨਈਂ ਕਿੱਥੇ ਲੋਕ ਪਿਆਰੇ ਫਿਰ ਜਾਂਦੇ!

ਸੰਪਰਕ: 98142-53315

Advertisement
×