ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਸ਼ਵ ਖੁਸ਼ਹਾਲੀ ਰਿਪੋਰਟ: ਅਸੀਂ ਕਿੱਥੇ ਹਾਂ?

ਜੀ ਕੇ ਸਿੰਘ ਵਿਸ਼ਵ ਵਿਦਿਆਲਿਆਂ ਦੀ ਸਥਾਪਨਾ ਨਵੀਆਂ ਖੋਜਾਂ ਲਈ ਕੀਤੀ ਜਾਂਦੀ ਹੈ। ਦੁਨੀਆ ਦੀਆਂ ਮੂਹਰਲੀਆਂ ਯੂਨੀਵਰਸਟੀਆਂ ਦੇ ਵੱਡੇ ਬਜਟ ਇਸ ਕਾਰਜ ਲਈ ਰੱਖੇ ਜਾਂਦੇ ਹਨ। ਆਕਸਫੋਰਡ ਯੂਨੀਵਰਸਟੀ ਦੀ ਸਾਲ 2025 ਵਾਲੀ ਲੋਕ ਖੁਸ਼ਹਾਲੀ ਰਿਪੋਰਟ 140 ਮੁਲਕਾਂ ਵਿੱਚ ਕੀਤੇ ਸਰਵੇਖਣ...
Advertisement

ਜੀ ਕੇ ਸਿੰਘ

ਵਿਸ਼ਵ ਵਿਦਿਆਲਿਆਂ ਦੀ ਸਥਾਪਨਾ ਨਵੀਆਂ ਖੋਜਾਂ ਲਈ ਕੀਤੀ ਜਾਂਦੀ ਹੈ। ਦੁਨੀਆ ਦੀਆਂ ਮੂਹਰਲੀਆਂ ਯੂਨੀਵਰਸਟੀਆਂ ਦੇ ਵੱਡੇ ਬਜਟ ਇਸ ਕਾਰਜ ਲਈ ਰੱਖੇ ਜਾਂਦੇ ਹਨ। ਆਕਸਫੋਰਡ ਯੂਨੀਵਰਸਟੀ ਦੀ ਸਾਲ 2025 ਵਾਲੀ ਲੋਕ ਖੁਸ਼ਹਾਲੀ ਰਿਪੋਰਟ 140 ਮੁਲਕਾਂ ਵਿੱਚ ਕੀਤੇ ਸਰਵੇਖਣ ’ਤੇ ਆਧਾਰਿਤ ਹੈ। ਆਕਸਫੋਰਡ ਦਾ ਤੰਦਰੁਸਤੀ (wellbeing) ਖੋਜ ਕੇਂਦਰ Gallup ਨਾਲ ਮਿਲ ਕੇ ਅਤੇ ਯੂਐੱਨਓ ਦੇ ਸਹਿਯੋਗ ਨਾਲ 2012 ਤੋਂ ਇਹ ਕਾਰਜ ਲਗਾਤਾਰ ਕਰ ਰਿਹਾ ਹੈ।
Advertisement

ਸਰਵੇਖਣ ਦੇ ਅੰਕੜੇ ਵਸੋਂ ਦੇ ਆਰਥਿਕ, ਸਮਾਜਿਕ ਪਹਿਲੂਆਂ ਨੂੰ ਬੜੀ ਬਰੀਕੀ ਅਤੇ ਬੇਬਾਕੀ ਨਾਲ ਪੇਸ਼ ਕਰਦੇ ਹਨ। ਵੀਹਵੀਂ ਸਦੀ ਵਾਲੇ ਪੱਛਮ ਦੇ ਵਿਕਸਤ ਮੁਲਕਾਂ ਦੇ ਲੋਕ ਹੁਣ ਅਸਲ ਮਾਇਨਿਆਂ ਵਿੱਚ ਖੁਸ਼ਹਾਲ ਜਾਂ ਤੰਦਰੁਸਤ ਨਹੀਂ ਹਨ। ਖੁਸ਼ਹਾਲ (ਖੁਸ਼ ਹਾਲ) ਦਾ ਅਰਥ ਹੈ- ਹਰ ਹਾਲ ਵਿੱਚ ਖੁਸ਼। ਜੀਵਨ ਦੀ ਖੁਸ਼ੀ ਜੇ ਕੇਵਲ ਪਦਾਰਥਾਂ ਅਤੇ ਭੌਤਿਕ ਸੁੱਖਾਂ ਨਾਲ ਜੁੜੀ ਹੁੰਦੀ ਤਾਂ ਸ਼ਰਤੀਆ ਅਮਰੀਕਾ ਅਤੇ ਯੂਰੋਪ ਦੇ ਬਹੁਤੇ ਵਿਕਸਤ ਮੁਲਕ ਹੀ ਖੁਸ਼ਹਾਲ ਹੁੰਦੇ। ਆਰਥਿਕ ਤੌਰ ’ਤੇ ਵਿਕਸਤ ਇਨ੍ਹਾਂ ਦੇਸ਼ਾਂ ਵਿਚਲੀ ਅਫ਼ਰਾ-ਤਫ਼ਰੀ, ਬੇਰੁਜ਼ਗਾਰੀ, ਰਾਜਸੀ ਬੇਚੈਨੀ, ਸਮਾਜਿਕ ਮਾਰ-ਧਾੜ, ਨਸ਼ਿਆਂ ਦਾ ਸੇਵਨ, ਪਰਿਵਾਰਾਂ ਦਾ ਟੁੱਟਣਾ ਆਦਿ ਉੱਥੋਂ ਦੇ ਬਾਸ਼ਿੰਦਿਆਂ ਦਾ ਮਾਨਸਿਕ ਦਰਦ ਅਤੇ ਪੀੜ ਲਗਾਤਾਰ ਵਧਾ ਰਹੇ ਹਨ।

ਅਧਿਐਨ ਮੁਤਾਬਕ ਫਿਨਲੈਂਡ, ਡੈਨਮਾਰਕ, ਆਈਸਲੈਂਡ, ਸਵੀਡਨ ਅਤੇ ਨੀਦਰਲੈਂਡ ਸਭ ਤੋਂ ਖੁਸ਼ਹਾਲ ਹਨ। ਭਾਰਤ 118ਵੇਂ ਨੰਬਰ ’ਤੇ ਹੈ ਅਤੇ ਬਾਕੀ ਦੱਖਣੀ ਏਸ਼ਿਆਈ ਮੁਲਕ ਵੀ ਬਹੁਤ ਪਿੱਛੇ ਹਨ। ਮੁਲਕ ਦੀ ਕੁੱਲ ਅਤੇ ਪ੍ਰਤੀ ਵਿਅਕਤੀ ਆਮਦਨ, ਸਮਾਜਿਕ ਸਹਾਰਾ, ਲੰਮੇਰੀ ਉਮਰ, ਨਾਗਰਿਕਾਂ ਨੂੰ ਮਨਮਰਜ਼ੀ ਜਾਂ ਇੱਛਾ ਅਨੁਸਾਰ ਰਹਿਣ-ਸਹਿਣ ਦੀ ਖੁੱਲ੍ਹ ਅਤੇ ਸਮਾਜਿਕ ਉਦਾਰਤਾ ਵਰਗੇ ਪਹਿਲੂ ਧਿਆਨ ਵਿੱਚ ਰੱਖੇ ਗਏ ਹਨ। ਦੇਖਿਆ ਜਾਵੇ ਤਾਂ ਸਮਾਜ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਹੀ ਸੰਸਾਰ ਸ਼ਾਂਤੀ ਦੀ ਪੱਕੀ ਨੀਂਹ ਸਮਝੀ ਜਾਂਦੀ ਹੈ। ਸਕੈਂਡਿਨੇਵੀਅਨ ਮੁਲਕ ਅੱਜ ਦੇ ਸੰਸਾਰ ਨਕਸ਼ੇ ਵਿੱਚ ਸਭ ਤੋਂ ਵੱਧ ਅਮਨ ਤੇ ਸ਼ਾਂਤੀ ਵਾਲੇ ਹਨ। ਕੁਝ ਸਾਲ ਪਹਿਲਾਂ ਫਿਨਲੈਂਡ ਦੀ ਨੌਜਵਾਨ ਪ੍ਰਧਾਨ ਮੰਤਰੀ ਸਾਨਾ ਮਰੀਨ (2019 ਤੋਂ 2023 ਤੱਕ) ਨੇ ਕਾਮਿਆਂ ਦੀ ਵੀਕੈਂਡ ਛੁੱਟੀ ਤਿੰਨ ਦਿਨ ਦੀ ਕਰ ਦਿੱਤੀ। ਉਹਨੇ ਕਿਹਾ ਸੀ- ਚਾਰ ਦਿਨ ਕੰਮ ਬਹੁਤ ਹੈ, ਕਾਮੇ ਤਿੰਨ ਦਿਨ ਆਪਣੇ ਪਰਿਵਾਰਾਂ ਨਾਲ ਬਿਤਾਉਣ।

ਸਿਹਤ ਤੇ ਸਿੱਖਿਆ ਮਨੁੱਖੀ ਵਿਕਾਸ ਅਤੇ ਖੁਸ਼ੀ ਦੇ ਦੋ ਮੁੱਖ ਥੰਮ੍ਹ ਹਨ। ਥੁੜਾਂ ਅਤੇ ਤੰਗੀਆਂ-ਤੁਰਸ਼ੀਆਂ ਨਾਲ ਜੂਝਦਾ ਅਤੇ ਅਗਿਆਨਤਾ ਦੇ ਪਸਾਰ ਅਧੀਨ ਕੋਈ ਵੀ ਸਮਾਜ ਖੁਸ਼ਹਾਲ ਨਹੀਂ ਹੋ ਸਕਦਾ। ਵਰ੍ਹਿਆਂ ਤੋਂ ਆਪਣੇ ਪਿੰਡ ਜਲਵਾਣਾ ਵਿੱਚ ਸਾਲਾਨਾ ਮੈਡੀਕਲ ਮੁਆਇਨਾ ਕੈਂਪ ਲਗਾਉਣ ਪਿੱਛੋਂ ਜਦ ਇੰਚਾਰਜ ਡਾਕਟਰਾਂ ਨੂੰ ਆਏ ਵਿਅਕਤੀਆਂ ਦੀ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪਿੰਡ ਦੇ 80% ਲੋਕ ਸ਼ੂਗਰ ਤੋਂ ਪੀੜਤ ਹਨ, 50 ਸਾਲ ਤੋਂ ਉਪਰ ਵਾਲੇ 60% ਲੋਕਾਂ ਦੇ ਗੋਡੇ ਖਰਾਬ ਹਨ, 65% ਲੋਕਾਂ ਨੂੰ ਕੋਲੈਸਟਰੌਲ ਦੀ ਸਿ਼ਕਾਇਤ ਹੈ। ਦੰਦਾਂ ਦੀ ਸੰਭਾਲ ਬਾਰੇ ਵੀ ਲੋੜੀਂਦਾ ਗਿਆਨ ਨਹੀਂ। ਕੀ ਅਜਿਹੀ ਸਿਹਤ ਵਾਲੇ ਲੋਕ ਖੁਸ਼ਹਾਲ ਹੋ ਸਕਦੇ ਹਨ? ਇਹ ਦਸ਼ਾ ਪੰਜਾਬ ਦੇ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਪਿੰਡਾਂ ਵਿੱਚ ਵਸਦੇ ਹਨ। ਕੀ ਸਾਡੀ ਖੇਤੀਬਾੜੀ ਅਤੇ ਪਿੰਡਾਂ ਦਾ ਸਾਫ ਵਾਤਾਵਰਨ ਖੁਸ਼ਹਾਲੀ ਵਿੱਚ ਯੋਗਦਾਨ ਨਹੀਂ ਪਾ ਰਿਹਾ? ਮੁਲਕ ਦੇ ਬਾਕੀ ਹਿੱਸਿਆਂ ਦਾ ਹਾਲ ਪੰਜਾਬ ਤੋਂ ਵੀ ਮਾੜਾ ਹੈ।

ਚੰਗੀ ਸਿਹਤ, ਖੁਸ਼ਹਾਲੀ ਅਤੇ ਲੰਮੀ ਉਮਰ ਦੇ ਕਾਰਨਾਂ ਦੀ ਨਿਸ਼ਾਨਦੇਹੀ ਲਈ ਅਮਰੀਕੀ ਲੇਖਕ ਡੈਨ ਬਿਊਟਨਰ ਨੇ ਦੁਨੀਆ ਭਰ ਦੇ ਮੁਲਕਾਂ ਵਿੱਚ ਸਾਈਕਲ ’ਤੇ ਜਾ ਕੇ ਖ਼ੁਦ ਉਨ੍ਹਾਂ ਲੋਕਾਂ ਨੂੰ ਤੱਕਿਆ ਜਿਹੜੇ ਤੰਦਰੁਸਤ ਲੰਮੀ ਉਮਰ ਭੋਗ ਰਹੇ ਹਨ। 2015 ਵਿੱਚ ਉਹਨੇ ‘ਦਿ ਬਲਿਊ ਜ਼ੋਨਜ’ ਕਿਤਾਬ ਲਿਖੀ ਜਿਹੜੀ ਨਿਊਯਾਰਕ ਦੀ ਉੱਤਮ ਲਿਖਤ ਦੇ ਰੂਪ ਵਿੱਚ ਚਰਚਾ ਦਾ ਵਿਸ਼ਾ ਬਣੀ। ਇਸ ਵਿਸ਼ੇ ਨੇ ਲੋਕਾਂ ਦਾ ਇੰਨਾ ਧਿਆਨ ਖਿੱਚਿਆ ਕਿ 2023 ਵਿੱਚ ਇਸ ਅਧਿਐਨ ਦੇ ਆਧਾਰ ’ਤੇ ਨੈਟਫਲਿਕਸ ਨੇ ਫਿਲਮ ਤਿਆਰ ਕਰ ਕੇ ਲੋਕਾਂ ਨੂੰ ਲੰਮੀ ਉਮਰ ਜਿਊਣ ਦੇ ਨੁਸਖੇ ਸਾਂਝੇ ਕੀਤੇ।

ਡੈਨ ਬਿਊਟਨਰ ਆਪਣੇ ਸਾਈਕਲ ਜ਼ਰੀਏ ਜਪਾਨ ਦੇ ਸ਼ਹਿਰ ਓਕੀਨਾਵਾ, ਯੂਨਾਨ ਦੇ ਆਈਕੇਰੀਆ, ਇਟਲੀ ਦੇ ਸਾਰਡੀਨੀਆ, ਕੈਲੀਫੋਰਨੀਆ (ਅਮਰੀਕਾ) ਦੇ ਲੋਮਾ-ਲਿੰਡਾ ਅਤੇ ਕੋਸਟਾ ਰਿਕਾ ਦੇ ਸ਼ਹਿਰ ਨਿਕੋਆ ਵਿੱਚ ਉਨ੍ਹਾਂ ਲੋਕਾਂ ਦੀ ਜੀਵਨ ਜਾਚ ਦੇਖਣ ਗਿਆ ਜਿਹੜੇ ਸਮੂਹਿਕ ਤੌਰ ’ਤੇ ਲੰਮੀ ਜਿ਼ੰਦਗੀ ਜਿਊਂਦੇ ਹਨ।

ਇਟਲੀ ਦੇ ਸਾਰਡੀਨੀਆ ਟਾਪੂ ’ਤੇ ਹੁਣ 16 ਲੱਖ ਵਸੋਂ ਹੈ ਜਿਹਦੀ ਔਸਤ ਉਮਰ 85 ਸਾਲ ਹੈ। 600 ਤੋਂ ਵਧ ਲੋਕ ਸੌ ਸਾਲ ਦੀ ਉਮਰ ਟੱਪ ਚੁੱਕੇ ਹਨ। ਜਪਾਨ ਦੇ ਓਕੀਨਾਵਾ ਵਿੱਚ ਔਸਤ ਉਮਰ 87 ਸਾਲ ਹੈ ਅਤੇ ਵੱਡੀ ਗਿਣਤੀ ਸੌ ਸਾਲ ਤੋਂ ਉਪਰ ਉਮਰ ਵਾਲਿਆਂ ਦੀ ਹੈ। ਯੂਨਾਨ ਦੇ ਇਕਾਰੀਆ ਟਾਪੂ ’ਤੇ ਇਕ ਤਿਹਾਈ ਲੋਕ 90 ਸਾਲ ਤੋਂ ਵਡੇਰੀ ਉਮਰ ਦੇ ਹਨ, ਸਦੀ ਪਾਰ ਵਾਲਿਆਂ ਦੀ ਗਿਣਤੀ ਕਾਫੀ ਹੈ। ਘੱਟ ਵਿਕਸਤ ਕੋਸਟਾ ਰਿਕਾ ਦੇ ਨਿਕੋਆ ਵਾਸੀਆਂ ਦੀ ਔਸਤ ਉਮਰ 87 ਸਾਲ ਹੈ ਜਿਹੜੀ ਅਮਰੀਕੀਆਂ (76 ਸਾਲ) ਨਾਲੋਂ ਵੱਧ ਹੈ। ਉੱਥੇ 65 ਹਜ਼ਾਰ ਦੀ ਵਸੋਂ ਵਿੱਚ ਵੱਡੀ ਗਿਣਤੀ 90 ਸਾਲ ਤੋਂ ਉਪਰ ਵਾਲਿਆਂ ਦੀ ਹੈ। ਕੈਲੀਫੋਰਨੀਆ ਸੂਬੇ ਦੇ ਲੋਮਾ ਲਿੰਡਾ ਕਸਬੇ ਦੀ ਇੱਕ ਖਾਸ ਭਾਈਚਾਰੇ ਦੇ ਲੋਕਾਂ ਦੀ ਲੰਮੀ ਉਮਰ ਮੁਲਕ ਦੇ ਬਾਕੀ ਲੋਕਾਂ ਨਾਲੋਂ ਕਿਤੇ ਵੱਧ ਹੈ।

ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਖੁਸ਼ਹਾਲ ਅਤੇ ਲੰਮੀ ਉਮਰ ਦੇ ਕਾਰਨਾਂ ਦਾ ਅਧਿਐਨ ਕਰਦਿਆ ਡੈਨ ਬਿਊਟਨਰ ਨੇ ਮਾਹਿਰਾਂ ਦੀ ਸਲਾਹ ਨਾਲ ਸਿੱਟਾ ਕੱਢਿਆ ਕਿ ਲੰਮਾ ਜਿਊਣ ਲਈ ਜੀਨਜ਼ ਕੇਵਲ 20% ਰੋਲ ਨਿਭਾਉਂਦੇ ਹਨ; ਵੱਡਾ ਹਿੱਸਾ ਵਾਤਾਵਰਨ, ਖੁਰਾਕ, ਰਹਿਣ-ਸਹਿਣ ਦੇ ਢੰਗ, ਭਾਈਚਾਰੇ ਨਾਲ ਨੇੜਤਾ, ਬਜ਼ੁਰਗਾਂ ਦਾ ਸਾਥ, ਅਕਾਲ ਪੁਰਖ ਵਿੱਚ ਵਿਸ਼ਵਾਸ ਅਤੇ ਤਣਾਅ ਰਹਿਤ ਜੀਵਨ ਨਾਲ ਜੁੜਿਆ ਹੈ। ਬਲਿਊ ਜ਼ੋਨ ਦੇ ਇਨ੍ਹਾਂ ਪੰਜਾਂ ਥਾਵਾਂ ’ਤੇ ਲੋਕਾਂ ਦੀ ਰੋਜ਼ਾਨਾ ਸਵੈ-ਵਰਜਿ਼ਸ਼, ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਬੀਨਜ਼, ਫਲ, ਘਰੇਲੂ ਵਾਈਨ ਅਤੇ ਸਮਾਜਿਕ ਤੇ ਸਾਂਝੇ ਕੰਮਾਂ ਵਿੱਚ ਭਰਪੂਰ ਸਹਿਯੋਗ ਦੇਣ ਦੀ ਬਿਰਤੀ ਹੈ। ਇਨ੍ਹਾਂ ਥਾਵਾਂ ’ਤੇ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਹੋਮ ਵੀ ਨਹੀਂ ਦੇਖੇ ਗਏ ਕਿਉਂਕਿ ਵਡੇਰੀ ਉਮਰ ਜਿਊਣ ਪਿੱਛੇ ਪਰਿਵਾਰਾਂ ਦੇ ਇਕੱਠੇ ਰਹਿਣ ਦਾ ਰੁਝਾਨ ਮੰਨਿਆ ਗਿਆ ਹੈ।

ਸਾਡੇ ਮੁਲਕ ਦੇ ਲੋਕਾਂ ਦੀ ਔਸਤ ਉਮਰ 70 ਸਾਲ ਹੈ। ਸਿਹਤ ਸਹੂਲਤਾਂ ਜੇ ਸ਼ਹਿਰਾਂ ਵਿੱਚ ਵੀ ਹਨ ਤਾਂ ਮਹਿੰਗੀਆਂ ਅਤੇ ਥੋੜ੍ਹੀਆਂ ਹਨ। ਚੰਡੀਗੜ੍ਹ ਵਰਗੇ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਵਿਚਲੀ ਭੀੜ ਇਸ ਗੱਲ ਦਾ ਸਬੂਤ ਹੈ। ਮਾੜੀ ਅਤੇ ਅਸੰਤੁਲਿਤ ਖੁਰਾਕ ਵੀ ਇਸ ਦੀ ਵਜ੍ਹਾ ਹੈ। ਪੰਜਾਬੀਆਂ ਦੀ ਔਸਤ ਉਮਰ ਕੇਵਲ 72 ਸਾਲ ਹੈ। ਆਰਥਿਕ ਹਾਲਤ ਚੰਗੀ ਹੋਣ ਦੇ ਬਾਵਜੂਦ ਪੰਜਾਬੀ ਲੰਮੀ ਜਿ਼ੰਦਗੀ ਨਹੀਂ ਜਿਊਂਦੇ। ਖੁਰਾਕ ਅਤੇ ਸਿਹਤ ਬਾਰੇ ਘੋਰ ਅਗਿਆਨਤਾ ਹੈ। ਜਦ ਖੇਤੀ ਕੰਮਾਂ ਵਿੱਚ ਸਰੀਰਕ ਵਰਜਿ਼ਸ਼ ਸੀ, ਦੁੱਧ ਘਿਓ ਆਦਿ ਤੋਂ ਬਣੀ ਖੁਰਾਕ ਹਜ਼ਮ ਹੋ ਜਾਂਦੀ ਸੀ। ਅਜੇ ਵੀ ਖੁਰਾਕ ਉਹੀ ਹੈ ਪਰ ਮਸ਼ੀਨੀ ਕੰਮਾਂ ਨੇ ਪੰਜਾਬੀਆਂ ਨੂੰ ਹਸਪਤਾਲਾਂ ਦੇ ਵਸ ਪਾ ਦਿੱਤਾ ਹੈ। ਕਿਸੇ ਵੀ ਪਿੰਡ ਚਲੇ ਜਾਓ, ਟਿਊਬਵੈੱਲ ਚਲਾਉਣ ਨੌਜਵਾਨ ਮੋਟਰ ਸਾਈਕਲ ’ਤੇ ਜਾਂਦੇ ਹਨ। ਕੋਲੈਸਟਰੌਲ, ਸ਼ੂਗਰ, ਬਲੱਡ ਪ੍ਰੈੱਸ਼ਰ ਆਦਿ ਸਾਡੇ ਅੰਦਰ ਆਮ ਤੇ ਵਿਆਪਕ ਅਲਾਮਤਾਂ ਹਨ। ਪੰਜਾਬੀ ਜੀਵਨ ਜਾਚ ਆਪਣੇ ਮੂਲ ਸੁਭਾਅ ਨਾਲੋਂ ਟੁੱਟ ਕੇ ਬਿਖਰ ਰਹੀ ਹੈ। ਮੁਰਝਾ ਰਹੀ ਹਰੀ ਕ੍ਰਾਂਤੀ, ਅਤਿਵਾਦ ਅਤੇ ਬੇਗਾਨਗੀ ਨੇ ਨੌਜਵਾਨਾਂ ਨੂੰ ਪਰਵਾਸ ਵੱਲ ਧੱਕ ਦਿੱਤਾ। ਖਾਲੀ ਘਰ ਅਤੇ ਭਾਂ-ਭਾਂ ਕਰਦੀਆਂ ਸਬਾਤਾਂ, ਚੌਕੜੀਆਂ ਤੇ ਬਿਟ-ਬਿਟ ਝਾਕਦੇ ਬਜ਼ੁਰਗ ਉਦਾਸੀ ਦੇ ਆਲਮ ਵਿੱਚ ਵਿਚਰ ਰਹੇ ਹਨ। ਸ਼ਹਿਰਾਂ ਅਤੇ ਪਿੰਡਾਂ ਵਿੱਚ ਕੋਈ ਸੰਸਥਾਈ ਢਾਂਚਾ ਨਹੀਂ ਬਣਿਆ ਜਿਥੇ ਵਡੇਰੀ ਉਮਰ ਦੇ ਲੋਕ ਖੁਸ਼ੀ ਨਾਲ ਵਕਤ ਟਪਾ ਸਕਣ।

ਪਿਛਲੇ ਪੰਜਾਹ ਸਾਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਖੇਤੀ, ਪਾਣੀ, ਵਾਤਾਵਰਨ, ਸਿਹਤ ਅਤੇ ਪਰਿਵਾਰਕ ਢਾਂਚਾ ਵਿਗੜਿਆ ਹੈ। ਆਪਣੀਆਂ ਸਬਜ਼ੀਆਂ, ਦਾਲਾਂ, ਘਰੇਲੂ ਫਲ ਲਾਪਤਾ ਹੋ ਗਏ ਹਨ। ਬੇਰ, ਜੰਡ ਫਲੀਆਂ, ਲਸੂੜੇ, ਅੰਬ ਅਤੇ ਨਹਿਰ ਕਿਨਾਰੇ ਲੱਗੀਆਂ ਜਾਮਣਾਂ ਪੇਂਡੂ ਅਤੇ ਗਰੀਬ ਤਬਕੇ ਲਈ ਮੁਫ਼ਤ ਵਿੱਚ ਮਿਲਦੀਆਂ ਸਨ। ਹਰੀ ਕ੍ਰਾਂਤੀ ਨੇ ਸਭ ਖ਼ਤਮ ਕਰ ਦਿੱਤੇ। ਬਹੁਤੇ ਕਿਸਾਨ ਪਰਿਵਾਰਾਂ ਵਿੱਚ ਦੁੱਧ/ਪਨੀਰ ਨਹੀਂ; ਆਂਡੇ ਅਤੇ ਘਰੇਲੂ ਮੌਸਮੀ ਸਬਜ਼ੀਆਂ ਪੈਦਾ ਕਰਨਾ ਤਾਂ ਦੂਰ ਦੀ ਗੱਲ ਹੈ। ਪਿੰਡਾਂ ਦੀਆਂ ਫਿਰਨੀਆਂ ’ਤੇ ਬਰਗਰ, ਨੂਡਲਜ਼, ਚਿਪਸ, ਸੋਢੇ, ਅਤੇ ਜੰਕ ਫੂਡ ਵਾਲਾ ਹੋਰ ਸਾਮਾਨ ਧੜਾ-ਧੜ ਵਿਕ ਰਿਹੈ। ਸਰਕਾਰ ਜਾਂ ਗ਼ੈਰ-ਸਰਕਾਰੀ ਸੰਸਥਾਵਾਂ ਦਾ ਕੋਈ ਅਜਿਹਾ ਉਪਰਾਲਾ ਨਜ਼ਰ ਨਹੀਂ ਆਇਆ ਜਿਸ ਰਾਹੀਂ ਪੰਜਾਬੀਆਂ ਨੂੰ ਸੰਤੁਲਿਤ ਖੁਰਾਕ ਖਾਣ ਵਾਰੇ ਜਾਗਰੂਕ ਕਰਵਾਇਆ ਹੋਵੇ। ਪੂਰੇ ਪੰਜਾਬ ਵਿੱਚ ਕੇਵਲ ਪੰਜ ਹਜ਼ਾਰ ਵਿਅਕਤੀ ਸੌ ਸਾਲ ਦੀ ਉਮਰ ਤੋਂ ਉਪਰ ਵਾਲੇ ਨਿੱਕਲੇ ਹਨ।

ਡੈਨ ਬਿਊਟਨਰ ਦਾ ਬਲਿਊ ਜ਼ੋਨ ਅਧਿਐਨ ਦਰਸਾਉਂਦਾ ਹੈ ਕਿ ਲੰਮੀ ਅਤੇ ਖੁਸ਼ਹਾਲ ਉਮਰ ਲਈ ਲੋਕਾਂ ਦੀ ਖੁਰਾਕ, ਕੰਮ ਕਰਨ ਦੇ ਢੰਗ, ਤਣਾਅ ਮੁਕਤ ਮਾਹੌਲ ਅਤੇ ਕਮਿਊਨਿਟੀ ਨਾਲ ਨੇੜਤਾ ਬਹੁਤ ਮਹੱਤਵਪੂਰਨ ਹਨ। ਇਸ ਵਿਧੀ ਨੂੰ ਉਹਨੇ ਅਮਰੀਕਾ ਦੇ ਮਿਨੀਸੋਟਾ ਸਟੇਟ ਦੇ ਅਲਬਰਟ ਲੀ ਸ਼ਹਿਰ ਵਿੱਚ ਸਥਾਨਕ ਲੋਕਾਂ ਅਤੇ ਸਰਕਾਰ ਦੀ ਮਦਦ ਨਾਲ ਚਾਲੂ ਵੀ ਕਰਵਾਈ। ਸ਼ਹਿਰ ਦਾ ਮੂੰਹ-ਮੁਹਾਂਦਰਾ ਬਦਲਣ ਦੇ ਨਾਲ-ਨਾਲ ਸ਼ਹਿਰੀਆਂ ਨੂੰ ਸਮਾਜਿਕ ਤੌਰ ’ਤੇ ਆਪਸ ਵਿੱਚ ਜੋੜਿਆ। ਅਲਬਰਟ ਲੀ ਸ਼ਹਿਰੀਆਂ ਦੀ ਔਸਤ ਉਮਰ ਵਿੱਚ ਚਾਰ ਸਾਲ ਦਾ ਵਾਧਾ ਰਿਕਾਰਡ ਹੋਇਆ।

ਬਲਿਊ ਜ਼ੋਨਜ ਵਿਧੀ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਵਰਤੀ ਜਾ ਸਕਦੀ ਹੈ। ਸਿੰਗਾਪੁਰ ਵਿੱਚ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਵੱਖਰੇ ਰਹਿੰਦੇ ਬੱਚਿਆਂ ਨੇੜੇ ਘਰ ਦਿੱਤੇ ਜਾਂਦੇ ਹਨ ਤਾਂ ਜੋ ਸਵੇਰੇ ਸ਼ਾਮ ਉਹ ਇਕ ਦੂਜੇ ਨੂੰ ਮਿਲ ਸਕਣ। ਸਿੰਗਾਪੁਰ ਅੱਜ ਸੰਸਾਰ ਦੇ ਖੁਸ਼ਹਾਲ ਭਾਈਚਾਰਿਆਂ ਵਿੱਚੋਂ ਹੈ। ਅਸੀਂ ਪੰਜਾਬੀ ਵੀ ਆਪਣੇ ਆਪ ਨੂੰ ਬਲਿਊ ਜ਼ੋਨ ਵਿਧੀ ਨਾਲ ਲੰਮੀ, ਅਰੋਗ ਅਤੇ ਆਨੰਦ ਭਰੀ ਜ਼ਿੰਦਗੀ ਦੇ ਸਕਦੇ ਹਾਂ।

ਸੰਪਰਕ: 98140-67632

Advertisement