ਅਫ਼ਗਾਨ ਔਰਤਾਂ ਕੀ ਚਾਹੁੰਦੀਆਂ ਹਨ?
“ਤੁਸੀਂ ਕਰਵਾ ਚੌਥ ਰੱਖਦੇ ਹੋ?” ਗ਼ਲਤ ਨਾ ਸਮਝਣਾ, ਇਹ ਕੋਈ ਸਵਾਲ ਨਹੀਂ ਸਗੋਂ ਅਜਿਹੀ ਅੜਾਉਣੀ ਹੈ ਜੋ ਬਹੁਤ ਸਾਲਾਂ ਤੋਂ ਉੱਤਰ ਭਾਰਤੀ ਔਰਤਾਂ ਤੋਂ ਪੁੱਛੀ ਜਾਂਦੀ ਹੈ। ਸਿਰਫ਼ ਇਸ ਲਈ ਨਹੀਂ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਬਦਨਸੀਬ ਹੋ (ਨਾਰੀਵਾਦੀਆਂ ਵਾਲੀ ਟੇਢੀ ਨਿਗ੍ਹਾ ਨਾਲ ਦੇਖੇ ਜਾਣ ’ਤੇ) ਜਾਂ ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਬਦਬਖ਼ਤ ਹੋ (ਮੱਧ ਭਾਰਤ ਦੇ ਵਧਦੇ ਸੰਸਕ੍ਰਿਤਕਰਨ ਕਾਰਨ ਜੋ ਮੰਨਦਾ ਹੈ ਕਿ ਇਹੋ ਜਿਹੀ ਕਿਸੇ ਵੀ ਬੁਝਾਰਤ ਦਾ ਇੱਕੋ ਉੱਤਰ ਹੁੰਦਾ ਹੈ) ਸਗੋਂ ਇਸ ਲਈ ਕਿ ਇਹ ਸਵਾਲ ਹੀ ਆਪਣੇ ਆਪ ਵਿੱਚ ਬੁਝਾਰਤ ਹੈ। ਇਸ ਦਾ ਜਵਾਬ ਨਾ ਦੇਣਾ ਹੀ ਬਿਹਤਰ ਹੈ। ਇਸ ਤੋਂ ਚੰਗਾ ਹੈ ਕਿ ਰੂਹੀ ਤਿਵਾੜੀ ਦੀ ਹਾਲ ’ਚ ਲਿਖੀ ਕਿਤਾਬ ‘ਵਟ ਵਿਮੈੱਨ ਵਾਂਟ’ (ਔਰਤਾਂ ਕੀ ਚਾਹੁੰਦੀਆਂ ਹਨ) ਪੜ੍ਹੀ ਜਾਵੇ।
ਰੂਹੀ ਤਿਵਾੜੀ ਦੀ ਕਿਰਤ ਭਾਰਤ ਵਿੱਚ ਮਹਿਲਾ ਵੋਟਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਪਰ ਇਹ ਸਵਾਲ (ਔਰਤਾਂ ਕੀ ਚਾਹੁੰਦੀਆਂ ਹਨ) ਵਡੇਰਾ ਹੈ। ਜੇ ਤੁਸੀਂ ਕਲਪਨਾ ਕਰ ਸਕਦੇ ਹੋ ਤਾਂ ਤੁਸੀਂ ਇਸ ਦਾ ਕੈਨਵਸ ਵਸੀਹ ਕਰ ਸਕਦੇ ਹੋ ਅਤੇ ਹੋਰ ਥਾਵਾਂ ਜਿਵੇਂ ਅਫ਼ਗਾਨਿਸਤਾਨ ਵਿੱਚ ਵੀ ਇਹ ਸਵਾਲ ਪੁੱਛ ਸਕਦੇ ਹੋ ਜਿੱਥੇ ਤਾਲਿਬਾਨ ਹਕੂਮਤ ਨੇ ਆਪਣੀਆਂ ਹੀ ਔਰਤਾਂ ਖ਼ਿਲਾਫ਼ ਸਭ ਤੋਂ ਵੱਧ ਦਮਨਕਾਰੀ ਕਾਰਵਾਈਆਂ ਵਿੱਢੀਆਂ ਹੋਈਆਂ ਹਨ। ਦਰਅਸਲ, ਦਿੱਲੀ ਤੋਂ ਖ਼ਬਰ ਹੈ ਕਿ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਤੱਕੀ ਜੋ ਭਾਰਤ ਦੇ ਛੇ ਦਿਨਾਂ ਦੌਰੇ ’ਤੇ ਆਏ ਹਨ ਜਿਸ ਦੌਰਾਨ ਉਹ ਮੁਹੱਬਤ ਦੇ ਮਰਕਜ਼ ਤਾਜ ਮਹਿਲ ਅਤੇ ਦਿਓਬੰਦ ਦੇ ਮਦਰੱਸੇ ਵਿੱਚ ਵੀ ਜਾਣਗੇ। ਮੁਤੱਕੀ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਕਿਸੇ ਵੀ ਭਾਰਤੀ ਮਹਿਲਾ ਪੱਤਰਕਾਰ ਨੂੰ ਬੁਲਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ।
ਸ਼ਾਇਦ ਮੁਤੱਕੀ ਨੂੰ ਫ਼ਿਕਰ ਹੋਵੇਗੀ ਕਿ ਜੇ ਉਨ੍ਹਾਂ ਨੂੰ ਭਾਰਤੀ ਮਹਿਲਾਵਾਂ ਨਾਲ ਮਿਲਦੇ-ਗਿਲਦੇ ਦੇਖ ਲਿਆ ਗਿਆ ਤਾਂ ਪਿਛਾਂਹ ਉਨ੍ਹਾਂ ਦੇ ਤਾਲਿਬਾਨ ਭਰਾ ਕੀ ਸੋਚਣਗੇ; ਹਾਲਾਂਕਿ ਪ੍ਰੈੱਸ ਕਾਨਫਰੰਸ ਅਫ਼ਗਾਨ ਦੂਤਾਵਾਸ, ਜੋ ਤਕਨੀਕੀ ਤੌਰ ’ਤੇ ਅਫ਼ਗਾਨ ਜ਼ਮੀਨ ਸਮਝੀ ਜਾਂਦੀ ਹੈ, ਉੱਤੇ ਹੋਈ ਸੀ ਪਰ ਤਾਲਿਬਾਨ ਆਗੂ ਨੇ ਆਪਣੇ ਦੇਸ਼ ਦੀ ਅੱਧੀ ਆਬਾਦੀ ਨੂੰ ਇਹ ਸੰਦੇਸ਼ ਦੇਣ ਦਾ ਵੱਡਾ ਮੌਕਾ ਗੁਆ ਲਿਆ ਕਿ ਕਿਉਂ ਅਫ਼ਗਾਨਿਸਤਾਨ ਦੀ ਇਸਲਾਮੀ ਅਮੀਰਾਤ ਨੂੰ ਸਿਆਹ ਦੌਰ ’ਚੋਂ ਉਭਰਨ ਲਈ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਹੋ ਸਕਦਾ ਹੈ, ਭਾਰਤੀ ਮਹਿਲਾ ਪੱਤਰਕਾਰ ਮੁਤੱਕੀ ਨੂੰ ਅਜਿਹਾ ਸਵਾਲ ਪੁੱਛ ਲੈਂਦੀਆਂ ਜਿਸ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ: ਅਫ਼ਗਾਨ ਔਰਤਾਂ ਕੀ ਚਾਹੁੰਦੀਆਂ ਹਨ? ਤੇ ਜੇ ਉਹ ਸਿਰਫ਼ ਅੱਧਾ ਆਸਮਾਨ ਹੀ ਚਾਹੁੰਦੀਆਂ ਹਨ ਤਾਂ ਕੰਧਾਰ ਦੇ ਮੁੱਲ੍ਹੇ ਉਨ੍ਹਾਂ ਨੂੰ ਇਹ ਦੇ ਕਿਉਂ ਨਹੀਂ ਦਿੰਦੇ? ਸਿਰਫ਼ ਇਸ ਨੂੰ ਛੱਡ ਕੇ, ਉੱਥੇ ਸਾਰੇ ਜਵਾਬ ਉਪਲਬਧ ਹਨ ਬਸ਼ਰਤੇ ਤੁਸੀਂ ਵਾਕਈ ਉਨ੍ਹਾਂ ਨੂੰ ਦੇਖਣਾ ਚਾਹੁੰਦੇ ਹੋਵੋ। ਇਨ੍ਹਾਂ ਸਤਰਾਂ ਦੀ ਲੇਖਕ ਇਹ ਪੱਤਰਕਾਰ ਅਗਸਤ 2022 ਵਿੱਚ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਦੀ ਪਹਿਲੀ ਵਰ੍ਹੇਗੰਢ ਮੌਕੇ ਉੱਥੇ ਮੌਜੂਦ ਸੀ ਅਤੇ ਇੰਦਰਾ ਗਾਂਧੀ ਚਿਲਡਰਨਜ਼ ਹੌਸਪੀਟਲ ਦੇ ਆਈ ਸੀ ਯੂ ਵਿੱਚ ਇਹ ਦੇਖਣ ਗਈ ਸੀ ਕਿ ਮਹਿਲਾ ਨਰਸਾਂ ਤੇ ਡਾਕਟਰ ਸਭ ਤੋਂ ਵੱਧ ਔਖੇ ਕੇਸਾਂ ਨਾਲ ਕਿਵੇਂ ਸਿੱਝਦੀਆਂ ਹਨ। ਆਈ ਸੀ ਯੂ ਸਾਫ਼ ਸੁਥਰਾ ਸੀ। ਮਹਿਲਾ ਡਾਕਟਰ ਤੇ ਨਰਸਾਂ ਨੇ ਵਰਦੀ ਪਹਿਨੀ ਹੋਈ ਸੀ ਪਰ ਚਿਹਰਾ ਨਹੀਂ ਢਕਿਆ ਹੋਇਆ ਸੀ। ਉਹ ਉੱਥੇ ਨਵਜਨਮੀਆਂ ਜ਼ਿੰਦਗੀਆਂ ਬਚਾਉਣ ਲਈ ਮੌਜੂਦ ਸਨ, ਇਸ ਕਰ ਕੇ ਨਹੀਂ ਕਿ ਉਹ ਔਰਤਾਂ ਸਨ ਸਗੋਂ ਇਸ ਲਈ ਕਿ ਉਨ੍ਹਾਂ ਕੋਲ ਅਜਿਹਾ ਕਰਨ ਲਈ ਲੋੜੀਂਦਾ ਹੁਨਰ, ਮੁਹਾਰਤ ਅਤੇ ਨਿਸ਼ਚਾ ਸੀ।
ਯਕੀਨਨ ਭਾਰਤ ਅਤੇ ਅਫ਼ਗਾਨ ਸਰਕਾਰਾਂ ਚਾਹੁੰਦੀਆਂ ਸਨ ਕਿ ਮਹਿਲਾ ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੰਸ ਵਿੱਚ ਨਾ ਸੱਦਣ ਤੋਂ ਪੈਦਾ ਹੋਏ ਇਸ ਟਾਲਣਯੋਗ ਝਮੇਲੇ ਨੂੰ ਬਹੁਤੀ ਤੂਲ ਨਾ ਦਿੱਤੀ ਜਾਵੇ ਅਤੇ ਉਹ ਹਰ ਕਿਸੇ ਨੂੰ ਉਸ ਵਡੇਰੀ ਤਸਵੀਰ ਵੱਲ ਦੇਖਣ ਲਈ ਕਹਿੰਦੀਆਂ ਹਨ ਜੋ ਇਹ ਹੈ ਕਿ ਭਾਰਤ ਨੇ ਤਾਲਿਬਾਨ ਬਾਰੇ ਆਪਣੇ ਪੁਰਾਣੇ ਸ਼ੱਕ ਸ਼ੁਬਹੇ ਤਿਆਗ ਕੇ ਕਾਬੁਲ ਵਿੱਚ ਪੂਰਾ-ਸੂਰਾ ਮਿਸ਼ਨ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਹ ਵਾਕਈ ਵੱਡਾ ਕਦਮ ਹੈ, ਭਾਰਤ ਦੀ ਆਂਢ-ਗੁਆਂਢ ਬਾਰੇ ਨੀਤੀ ਵਿੱਚ ਹੀ ਨਹੀਂ ਸਗੋਂ ਵਿਹਾਰਕਤਾ ਵੱਲ ਪਰਤਣ ਦਾ ਇਹ ਸ਼ੁਭ ਸ਼ਗਨ ਵੀ ਹੈ।
ਅਫ਼ਸੋਸਨਾਕ ਪਹਿਲੂ ਇਹ ਹੈ ਕਿ ਭਾਰਤ ਸਰਕਾਰ ਨੂੰ ਅਫ਼ਗਾਨ ਮਸਲੇ ਬਾਰੇ ਆਪਣੀ ਭੁੱਲ ਸੁਧਾਰਨ ਲਈ ਕਰੀਬ ਦਹਾਕਾ ਲੱਗ ਗਿਆ। ਨਵੀਂ ਦਿੱਲੀ ਉੱਪਰ ਅਮਰੀਕੀਆਂ, ਖ਼ਾਸਕਰ ਕਾਬੁਲ ਵਿੱਚ ਅਫ਼ਗਾਨ ਮੂਲ ਦੇ ਅਮਰੀਕੀ ਰਾਜਦੂਤ ਜ਼ਾਲਮਈ ਖਲੀਲਜ਼ਾਦ ਦਾ ਇੰਨਾ ਜ਼ਿਆਦਾ ਅਸਰ ਸੀ ਕਿ ਉਹ ਭੁੱਲ ਹੀ ਗਈ ਕਿ ਇਹ (ਤਾਲਿਬਾਨ) ਖ਼ਿੱਤੇ ਦੀ ਵੱਡੀ ਤਾਕਤ ਹਨ। ਚਾਹੀਦਾ ਤਾਂ ਇਹ ਸੀ ਕਿ ਅਮਰੀਕੀ ਭਾਰਤ ਦੇ ਇਤਿਹਾਸਕ ਨਜ਼ਰੀਏ ਅਤੇ ਚਲੰਤ ਤਰਜ਼ੀਏ ’ਤੇ ਮੁਨੱਸਰ ਹੁੰਦੇ ਨਾ ਕਿ ਅਸੀਂ ਉਨ੍ਹਾਂ ’ਤੇ।
ਭਾਰਤ ਨੂੰ ਕਾਬੁਲ ਦੇ ਧਰਾਤਲ ’ਤੇ ਸੱਤਾ ਦੀ ਵੰਡ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਸੀ- ਪਹਿਲਾਂ ਹਾਮਿਦ ਕਰਜ਼ਈ ਅਤੇ ਅਬਦੁੱਲ੍ਹਾ ਅਬਦੁੱਲ੍ਹਾ ਵਿਚਕਾਰ ਸੱਤਾ ਦੀ ਕਸ਼ਮਕਸ਼ ਸੁਲਝਾਉਣ ਵਿੱਚ ਮਦਦ ਕਰਨੀ ਚਾਹੀਦੀ ਸੀ; ਫਿਰ ਜਦੋਂ ਅਮਰੀਕੀਆਂ ਨੇ ਅਸ਼ਰਫ਼ ਗਨੀ ਨੂੰ ਪੈਰਾਸ਼ੂਟ ਰਾਹੀਂ ਕਾਬੁਲ ਵਿੱਚ ਉਤਾਰਿਆ ਸੀ ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਸੀ ਕਿ ਇਹ ਬੱਜਰ ਗ਼ਲਤੀ ਹੈ; ਜਦੋਂ ਉਹ ਇਕੇਰਾਂ ਸਥਾਪਤ ਹੋ ਗਏ ਤਾਂ ਦਿੱਲੀ ਉੱਭਰ ਰਹੇ ਤਾਲਿਬਾਨ ਦੇ ਖ਼ਿਲਾਫ਼ ਸਾਂਝਾ ਮੁਹਾਜ਼ ਉਸਾਰਨ ਵਿੱਚ ਮਦਦ ਦੇ ਸਕਦੀ ਸੀ ਹਾਲਾਂਕਿ ਇਸ ਵੱਲੋਂ ਸਾਰੀਆਂ ਧਿਰਾਂ ਦਰਮਿਆਨ ਸਮਝੌਤਾ ਕਰਾਉਣ ਲਈ ਨਰਮਦਲੀਏ ਤਾਲਿਬਾਨ ਨਾਲ ਗੱਲਬਾਤ ਵੀ ਕੀਤੀ ਗਈ ਸੀ।
ਅੱਜ ਦਿੱਲੀ ਦੀ ਕਹਾਣੀ ਇਹ ਹੈ ਕਿ ਦੇਖੋ ਭਾਰਤ ਨੇ ਕਿੰਨੀ ਹੁਸ਼ਿਆਰੀ ਨਾਲ ਤਾਲਿਬਾਨ ਨੂੰ ਆਪਣੇ ਵੱਲ ਮੋੜ ਲਿਆਂਦਾ ਹੈ! ਪਰ ਤਰਾਸਦੀ ਇਹ ਹੈ ਕਿ ਤਾਲਿਬਾਨ ਲੰਮਾ ਸਮਾਂ ਪਹਿਲਾਂ ਹੀ ਵਾਪਸ ਆਉਣ ਲਈ ਤਿਆਰ ਸਨ- ਕਾਬੁਲ ਜਾਂ ਅਫ਼ਗਾਨਿਸਤਾਨ ਵਿੱਚ ਹੋਰ ਕਿਤੇ ਵੀ ਤਾਲਿਬਾਨ ਜਾਂ ਗ਼ੈਰ-ਤਾਲਿਬਾਨ, ਮਰਦ ਜਾਂ ਔਰਤ, ਪਸ਼ਤੂਨ, ਤਾਜਿਕ ਜਾਂ ਹਜ਼ਾਰੇ ਕਿਸੇ ਨਾਲ ਵੀ ਗੱਲ ਕਰ ਕੇ ਦੇਖੋ, ਤੁਹਾਨੂੰ ਪਤਾ ਲੱਗੇਗਾ ਕਿ ਅਫ਼ਗਾਨਾਂ ਦੇ ਮਨ ਵਿੱਚ ਭਾਰਤੀਆਂ ਪ੍ਰਤੀ ਕਿੰਨਾ ਪਿਆਰ ਸਤਿਕਾਰ ਹੈ। ਬਾਲੀਵੁੱਡ ਦੇ ਹੀਰੋ ਤੇ ਹੈਰੋਇਨਾਂ ਪ੍ਰਤੀ ਅੱਜ ਵੀ ਉੱਥੇ ਜਨੂੰਨ ਹੈ।
ਕਦੇ ਵੀ ਨਾ ਭੁੱਲੋ ਕਿ ਤਾਲਿਬਾਨ ਵੀ ਅਫ਼ਗਾਨ ਹਨ। ਹਾਮਿਦ ਕਰਜ਼ਈ ਨਾਲ ਤੁਸੀਂ ਜਦੋਂ ਵੀ ਗੱਲ ਕਰਦੇ ਹੋ ਤਾਂ ਉਹ ਤੁਹਾਨੂੰ ਇਹੀ ਬੁਨਿਆਦੀ ਸਚਾਈ ਚੇਤੇ ਕਰਾਉਂਦੇ ਹਨ। ਇਸ ਦੀ ਅਹਿਮੀਅਤ ਇਹ ਹੈ ਕਿ ਉਹ ਕਦੇ ਵੀ ਅਰਬਾਂ ਨਾਲ ਨੱਥੀ ਨਹੀਂ ਹੋਣਗੇ। ਉਸਾਮਾ ਬਿਨ-ਲਾਦਿਨ ਤੋਰਾ ਬੋਰਾ ਦੀਆਂ ਪਹਾੜੀਆਂ ਛੱਡ ਕੇ ਆਖ਼ਿਰ ਪਾਕਿਸਤਾਨੀ ਫ਼ੌਜੀ ਨਿਜ਼ਾਮ ਦੇ ਨੱਕ ਹੇਠ ਐਬਟਾਬਾਦ ਵਿੱਚ ਰਹਿਣ ਲਈ ਕਿਉਂ ਚਲਿਆ ਗਿਆ? ਇਸ ਸਵਾਲ ਦੇ ਆਪਣੇ ਜਵਾਬ ਹਨ।
ਸਚਾਈ ਇਹ ਹੈ ਕਿ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲਾ ਬਹੁਤ ਸਾਰੇ ਘੋੜ ਮੋੜਾਂ ’ਚੋਂ ਹੋ ਕੇ ਅੱਜ ਇਸ ਪਲ ’ਤੇ ਪਹੁੰਚਿਆ ਹੈ ਕਿ ਦਿੱਲੀ ਅਤੇ ਕਾਬੁਲ ਵਿਚਕਾਰ ਸਦੀਆਂ ਪੁਰਾਣਾ ਖ਼ਾਸ ਰਿਸ਼ਤਾ ਹੈ। ਇਸ ਬਾਰੇ ਇਨ੍ਹਾਂ ਦੋਵਾਂ ਨੂੰ ਛੱਡ ਕੇ ਹਰ ਕੋਈ ਜਾਣਦਾ ਸੀ।
ਦੂਜੀ ਸਚਾਈ ਵੀ ਹੈ: ਭਾਰਤ ਨੇ ਖ਼ੁਦ ਨੂੰ ਆਪਣੇ ਗੁਆਂਢ ਨਾਲੋਂ ਵੱਖ ਕੀਤਾ ਸੀ ਤੇ ਹੋਰ ਖਿਡਾਰੀਆਂ ਨੂੰ ਅਹਿਮੀਅਤ ਹਾਸਲ ਕਰਨ ਦਾ ਮੌਕਾ ਦਿੱਤਾ ਸੀ। ਚੀਨ, ਰੂਸ, ਅਮਰੀਕਾ ਤੇ ਪਾਕਿਸਤਾਨ ਇਨ੍ਹਾਂ ’ਚੋਂ ਹਰ ਕੋਈ ਕਰਾਕੁਰਮ ਦੀ ਪਰਬਤਮਾਲਾ ਤੋਂ ਲੈ ਕੇ ਹਿੰਦ ਮਹਾਸਾਗਰ ਦੇ ਕੌਕਸ ਬਾਜ਼ਾਰ ਤੱਕ ਫੈਲੇ ਭਾਰਤੀ ਉਪ ਮਹਾਦੀਪ ਦਾ ਅਹਿਮ ਖਿਡਾਰੀ ਹੈ ਤੇ ਉਨ੍ਹਾਂ ਦੇ ਖੇਡਣ ਦਾ ਸਵਾਗਤ ਕਰਨਾ ਬਣਦਾ ਹੈ ਪਰ ਭਾਰਤ ਨੂੰ ਇਸ ਖ਼ਿੱਤੇ ’ਚ ਆਪਣੇ ਮੁੱਖ ਮੁਕਾਮ ’ਤੇ ਵਾਪਸ ਆਉਣਾ ਪੈਣਾ ਸੀ।
ਅਮੀਰ ਖ਼ਾਨ ਮੁਤੱਕੀ ਦੀ ਆਓਭਗਤ ਕਰ ਕੇ ਪਹਿਲਾ ਕਦਮ ਪੁੱਟ ਲਿਆ ਗਿਆ ਹੈ। ਦੂਜਾ ਕਦਮ ਹੇਰਾਤ, ਜਲਾਲਾਬਾਦ, ਕੰਧਾਰ ਤੇ ਮਜ਼ਾਰ-ਏ-ਸ਼ਰੀਫ ਵਿੱਚ ਭਾਰਤ ਦੇ ਕੌਂਸਲਖਾਨੇ, ਜੋ ਜ਼ਿਆਦਾਤਰ ਅਮਰੀਕੀ ਦਬਾਅ ਅਤੇ ਬਾਅਦ ਵਿੱਚ 2021 ਵਿੱਚ ਤਾਲਿਬਾਨ ਦੇ ਕਬਜ਼ੇ ਦੇ ਡਰੋਂ ਬੰਦ ਕੀਤੇ ਗਏ ਸਨ, ਮੁੜ ਖੋਲ੍ਹ ਕੇ ਚੁੱਕਿਆ ਜਾਣਾ ਚਾਹੀਦਾ ਹੈ।
ਸ਼ਾਇਦ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੂੰ ਆਪਣੀਆਂ ਕੁਝ ਕਮਾਲ ਦੀਆਂ ਮਹਿਲਾ ਡਿਪਲੋਮੈਟਾਂ ਨੂੰ ਇਨ੍ਹਾਂ ਕੌਂਸਲਖਾਨਿਆਂ ਵਿੱਚ ਭੇਜਣਾ ਚਾਹੀਦਾ ਹੈ, ਠੀਕ ਉਵੇਂ ਹੀ ਜਿਵੇਂ ਇਸ ਨੇ 2001 ਵਿੱਚ ਅਫ਼ਗਾਨਿਸਤਾਨ-ਪਾਕਿਸਤਾਨ ਡੈਸਕ ਉਪਰ ਜ਼ਬਰਦਸਤ ਡਿਪਲੋਮੈਟ ਵਿਜੈ ਠਾਕੁਰ ਸਿੰਘ ਨੂੰ ਗੌਤਮ ਮੁਖੋਪਾਧਿਆਏ, ਰੁਪੇਂਦਰ ਟੰਡਨ ਅਤੇ ਵਿਵੇਕ ਕਾਟਜੂ ਸਹਿਤ ਕਾਬੁਲ ਭੇਜਿਆ ਸੀ ਜਦੋਂ ਅਮਰੀਕਾ ਨੇ 9/11 ਕਾਂਡ ਤੋਂ ਬਾਅਦ ਹਵਾਈ ਹਮਲੇ ਕਰ ਕੇ ਤਾਲਿਬਾਨ ਨੂੰ ਖਦੇਡਿ਼ਆ ਸੀ। ਕਾਟਜੂ ਭਾਰਤ ਦੇ ਰਾਜਦੂਤ ਵਜੋਂ ਦਸੰਬਰ 1999 ਵਿੱਚ ਕੰਧਾਰ ਦੀ ਹਵਾਈ ਪੱਟੀ ’ਤੇ ਪੂਰਾ ਹਫ਼ਤਾ ਤਾਲਿਬਾਨ ਨਾਲ ਗੱਲਬਾਤ ਕਰਨ ਵਾਲੀ ਟੀਮ ਦਾ ਹਿੱਸਾ ਸਨ ਤਾਂ ਕਿ ਆਈ ਸੀ 814 ਉਡਾਣ ਦੇ ਮੁਸਾਫ਼ਿਰਾਂ ਨੂੰ ਵਾਪਸ ਦੇਸ਼ ਲਿਆਂਦਾ ਜਾ ਸਕੇ। ਕੌਣ ਕਹਿੰਦਾ ਹੈ ਕਿ ਭਾਰਤ ਤਾਲਿਬਾਨ ਨੂੰ ਨਹੀਂ ਜਾਣਦਾ?
ਕਾਬੁਲ ਵਿਚ ਭਾਰਤੀ ਰਾਜਦੂਤ ਨੂੰ ਸ਼ਾਇਦ ਹੀ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਘਰ ਵਰਗਾ ਮਾਹੌਲ ਰਹਿੰਦਾ ਹੈ। ਇਹੀ ਗੱਲ ਮੁਤੱਕੀ ਨੂੰ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਸੱਦੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਪੁਰਸ਼ ਤੇ ਮਹਿਲਾ ਪੱਤਰਕਾਰਾਂ ਨੂੰ ਦੱਸਣੀ ਚਾਹੀਦੀ ਸੀ ਅਤੇ ਔਰਤਾਂ ਕੀ ਚਾਹੁੰਦੀਆਂ ਹਨ ਤੇ ਅਜਿਹੇ ਹੋਰ ਸਾਰੇ ਸਵਾਲਾਂ ਦਾ ਧੀਰਜ ਨਾਲ ਜਵਾਬ ਦੇਣਾ ਚਾਹੀਦਾ ਸੀ।
ਦਿੱਲੀ ਵਿਚ ਨਾਸ਼ਤਾ, ਅੰਮ੍ਰਿਤਸਰ ਵਿਚ (ਜੇ ਤੁਸੀਂ ਲਾਹੌਰ ਨਹੀਂ ਜਾ ਸਕਦੇ) ਦੁਪਹਿਰ ਦਾ ਖਾਣਾ ਅਤੇ ਕਾਬੁਲ ਵਿਚ ਰਾਤ ਦਾ ਖਾਣਾ? ਜਦੋਂ ਤੁਸੀਂ ਤਾਣੇ-ਬਾਣੇ ਦੇ ਆਰ-ਪਾਰ ਡਾ. ਮਨਮੋਹਨ ਸਿੰਘ ਦਾ ਇਹ ਮਸ਼ਹੂਰ ਜੁਮਲਾ ਸੁਣਦੇ ਹੋ ਤਾਂ ਕਿਤੇ ਨਾ ਕਿਤੇ ਉਨ੍ਹਾਂ ਦੇ ਅੰਤਲੇ ਹਾਸੇ ਨੂੰ ਮਹਿਸੂਸ ਕਰ ਸਕਦੇ ਹੋ।
*ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।