ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਨੀਤੀਆਂ ਅਤੇ ਸੰਸਾਰ ਦਾ ਬਦਲਦਾ ਸਮਤੋਲ

ਡੋਨਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਦਿਆਂ ਸਾਰ ਬਹੁਤ ਸਾਰੇ ਦੇਸ਼ਾਂ ਉਪਰ ਟੈਰਿਫ ਹਮਲਾ ਬੋਲ ਦਿੱਤਾ ਅਤੇ ਹੁਣ ਤੱਕ ਟੈਰਿਫ ਦੀ ਮਾਰ ਹੇਠ ਆਏ ਦੇਸ਼ਾਂ ਦੀ ਗਿਣਤੀ 92 ਹੋ ਚੁੱਕੀ ਹੈ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ...
Advertisement

ਡੋਨਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਦਿਆਂ ਸਾਰ ਬਹੁਤ ਸਾਰੇ ਦੇਸ਼ਾਂ ਉਪਰ ਟੈਰਿਫ ਹਮਲਾ ਬੋਲ ਦਿੱਤਾ ਅਤੇ ਹੁਣ ਤੱਕ ਟੈਰਿਫ ਦੀ ਮਾਰ ਹੇਠ ਆਏ ਦੇਸ਼ਾਂ ਦੀ ਗਿਣਤੀ 92 ਹੋ ਚੁੱਕੀ ਹੈ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ ਨੂੰ ਆਪਣਾ ਪੱਕਾ ਦੋਸਤ ਸਮਝਦਾ ਸੀ ਅਤੇ ਉਸ ਨੇ ਟਰੰਪ ਦੀ ਪਹਿਲੀ ਪਾਰੀ ਦੀ ਚੋਣ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਭਾਰਤ ਤੇ ਅਮਰੀਕਾ ਅੰਦਰ ਟਰੰਪ ਦੇ ਪੱਖ ਵਿੱਚ ਵਧ ਚੜ੍ਹ ਕੇ ਪ੍ਰਚਾਰ ਕੀਤਾ ਸੀ; ਇੱਥੋਂ ਤੱਕ ਕਿ ਮੋਦੀ ਨੇ ਟਰੰਪ ਦੇ ਪੱਖ ਵਿੱਚ “ਅਬ ਕੀ ਵਾਰ ਟਰੰਪ ਸਰਕਾਰ” ਦੇ ਨਾਅਰੇ ਲਾਏ ਸਨ, ਪਰ ਮੋਦੀ ਸਰਕਾਰ ਦੀ ਅਹਿਸਾਨਮੰਦੀ ਨੂੰ ਛਿੱਕੇ ਟੰਗ ਕੇ ਉਸ ਨੇ ਭਾਰਤ ਉੱਤੇ ਸਖ਼ਤ ਟੈਰਿਫ ਲਾ ਦਿੱਤੇ। ਇਸ ਤੋਂ ਇਲਾਵਾ ਭਾਰਤ ਉਪਰ ਰੂਸ ਕੋਲੋਂ ਤੇਲ ਖਰੀਦਣ ਦੇ ਜੁਰਮਾਨੇ ਵਜੋਂ 25 ਪ੍ਰਤੀਸ਼ਤ ਵਾਧੂ ਟੈਰਿਫ ਵੀ ਮੜ੍ਹ ਦਿੱਤਾ। ਅਸੀਂ ਦੇਖਦੇ ਹਾਂ ਕਿ ਟਰੰਪ ਨੇ ਮੋਦੀ ਨਾਲ ਦੋਸਤੀ ਦੀ ਕੋਈ ਲਿਹਾਜ਼ ਨਹੀਂ ਕੀਤੀ, ਸਗੋਂ ਭਾਰਤ ਨੂੰ ਅਮਰੀਕਾ ਵੱਲੋਂ ਸਭ ਤੋਂ ਉੱਚੇ ਟੈਰਿਫਾਂ ਵਾਲੇ ਦੇਸ਼ਾਂ ਵਿੱਚ ਸ਼ੁਮਾਰ ਕਰ ਦਿੱਤਾ ਹੈ।

ਅਮਰੀਕਾ 1945 ਤੋਂ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਤੌਰ ’ਤੇ ਉੱਭਰਿਆ ਅਤੇ ਇਸ ਨੇ ਆਪਣਾ ਸਿਆਸੀ ਰਸੂਖ਼ ਕਾਇਮ ਕਰਨ ਲਈ ਦੁਨੀਆ ਦੇ ਦੇਸ਼ਾਂ ਨੂੰ ਵੱਡੀ ਪੱਧਰ ’ਤੇ ਕਰਜ਼ੇ ਦਿੱਤੇ ਪਰ ਹੁਣ ਇਹ ਆਪਣੇ ਸੰਸਾਰ ਵਿਆਪੀ ਚੱਕਰਵਿਊ ’ਚ ਖੁਦ ਹੀ ਫਸ ਗਿਆ ਹੈ। ਹੁਣ ਇਹ ਦੁਨੀਆ ਦਾ ਸਭ ਤੋਂ ਵੱਡਾ ਕਰਜ਼ਈ ਦੇਸ਼ ਬਣ ਚੁੱਕਾ ਹੈ। ਇਸੇ ਕਰ ਕੇ ਦੂਜੇ ਦੇਸ਼ਾਂ ਉਪਰ ਟੈਰਿਫ ਲਾਉਣ ਦਾ ਮਕਸਦ ਵੱਧ ਤੋਂ ਵੱਧ ਮੁਨਾਫ਼ੇ ਕਮਾਉਣੇ, ਅਮਰੀਕੀ ਮਾਲ ਲਈ ਮੰਡੀ ਪੈਦਾ ਕਰਨੀ ਅਤੇ ਵੱਖ-ਵੱਖ ਦੇਸ਼ਾਂ ਉੱਪਰ ਕੂਟਨੀਤਕ ਤੇ ਆਰਥਿਕ-ਸਿਆਸੀ ਗ਼ਲਬਾ ਕਾਇਮ ਕਰਨਾ ਹੈ। ਜਦੋਂ ਪਹਿਲੀ ਸੰਸਾਰ ਜੰਗ ਵੇਲੇ ਦੂਜੇ ਸਾਮਰਾਜੀ ਦੇਸ਼ ਸੰਸਾਰ ਜੰਗ ਵਿੱਚ ਰੁੱਝੇ ਹੋਏ ਸਨ ਤਾਂ ਅਮਰੀਕਾ ਨੇ ਜੰਗ ਵਿੱਚ ਉਲਝੇ ਸਾਮਰਾਜੀ ਦੇਸ਼ਾਂ ਨੂੰ ਜੰਗੀ ਸਾਜ਼ੋ-ਸਮਾਨ ਵੇਚ ਕੇ ਅਤੇ ਉਨ੍ਹਾਂ ਨੂੰ ਕਰਜ਼ੇ ਦੇ ਕੇ ਖੂਬ ਕਮਾਈ ਕੀਤੀ ਸੀ। ਇਸ ਕਰ ਕੇ ਦੂਜੀ ਸੰਸਾਰ ਜੰਗ ਵੇਲੇ ਅਮਰੀਕਾ ਹੋਰ ਸਾਮਰਾਜੀ ਦੇਸ਼ਾਂ ਦੇ ਮੁਕਾਬਲੇ ਵੱਡੀ ਸਾਮਰਾਜੀ ਮਹਾਂ ਸ਼ਕਤੀ ਬਣ ਗਿਆ। ਇਸ ਕੋਲ ਦੁਨੀਆ ਦੇ ਸੋਨੇ ਅਤੇ ਦੌਲਤ ਦੇ ਵੱਡੇ ਭੰਡਾਰ ਜਮ੍ਹਾਂ ਹੋ ਗਏ। ਇਨ੍ਹਾਂ ਭੰਡਾਰਾਂ ਕਾਰਨ ਅਮਰੀਕਾ ਨੇ ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਅਤੇ ਦੁਨੀਆ ਭਰ ਅੰਦਰ ਫ਼ੌਜੀ ਅੱਡਿਆਂ ਦਾ ਵੱਡਾ ਜਾਲ ਵਿਛਾਇਆ। ਦੁਨੀਆ ਦੇ ਦੂਜੇ ਦੇਸ਼ਾਂ ਨੂੰ ਗ਼ੁਲਾਮ ਕਰਨ ਲਈ ਕੁੱਲ ਫ਼ੌਜੀ ਖ਼ਰਚੇ ਦਾ ਅੱਧ ਤੋਂ ਵੱਧ ਇਕੱਲਾ ਅਮਰੀਕਾ ਕਰਦਾ ਆਇਆ ਹੈ ਪਰ ਇਸ ਵੇਲੇ ਅਮਰੀਕਾ ਦੁਨੀਆ ਦੇ ਸਾਰੇ ਦੇਸ਼ਾਂ ਨਾਲੋਂ ਵੱਡਾ ਕਰਜ਼ਈ ਦੇਸ਼ ਹੋਣ ਕਰ ਕੇ ਇਹ ਵਪਾਰਕ ਘਾਟੇ ਅਤੇ ਕੌਮੀ ਐਮਰਜੈਂਸੀ ਦਾ ਬਹਾਨਾ ਬਣਾ ਕੇ, ਦੂਜੇ ਦੇਸ਼ਾਂ ਉਪਰ ਟੈਰਿਫ ਲਾ ਕੇ, ਵੱਧ ਤੋਂ ਵੱਧ ਕਮਾਈ ਕਰਨਾ ਚਾਹੁੰਦਾ ਹੈ।

Advertisement

ਦੂਜੀ ਸੰਸਾਰ ਜੰਗ ਤੋਂ ਬਾਅਦ ਮਹਾਂ ਸ਼ਕਤੀ ਵਜੋਂ ਉੱਭਰੇ ਅਮਰੀਕਾ ਦੀ ਅਗਵਾਈ ਵਾਲੇ ਪੱਛਮੀ ਸਾਮਰਾਜੀ ਗੁੱਟ ਨੂੰ ਪਹਿਲਾਂ ਸਮਾਜਵਾਦੀ ਕੈਂਪ ਅਤੇ ਬਾਅਦ ਵਿੱਚ ਰੂਸ ਅੰਦਰ ਵੱਜੀ ਪਛਾੜ ਦੇ ਸਿੱਟੇ ਵਜੋਂ ਕਾਇਮ ਹੋਏ ਸੋਵੀਅਤ ਸਮਾਜਿਕ ਸਾਮਰਾਜ ਦੀ ਅਗਵਾਈ ’ਚ ਕਾਇਮ ਹੋਏ ਗੁੱਟ ਨੇ ਚੁਣੌਤੀ ਦਿੱਤੀ। 1990ਵਿਆਂ ਦੇ ਸ਼ੁਰੂ ਵਿੱਚ ਸੋਵੀਅਤ ਰੂਸ ਦੇ ਢਹਿ-ਢੇਰੀ ਹੋਣ ਕਾਰਨ ਇਸ ਨੂੰ ਵਕਤੀ ਤੌਰ ’ਤੇ ਚੁਣੌਤੀ ਰਹਿਤ ਲਾਹਾ ਮਿਲਿਆ। ਉਂਝ, ਸੰਕਟਾਂ ਦੇ ਦੌਰੇ ਪੈਂਦੇ ਰਹੇ, ਇਸ ਦੀਆਂ ਕਈ ਧੜਵੈਲ ਬੈਂਕਾਂ ਤਬਾਹ ਹੋ ਗਈਆਂ ਅਤੇ ਇਸ ਸੰਕਟ ਵਿੱਚੋਂ ਉਭਰਨ ਲਈ ਇਸ ਨੂੰ ਚੀਨ ਸਮੇਤ ਜੀ-20 ਦੇਸ਼ਾਂ ਦੀ ਮਦਦ ਲੈਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਇਲਾਵਾ ਇਸ ਦੁਆਰਾ ਵਿਉਂਤੀਆਂ ਫ਼ੌਜੀ ਮੁਹਿੰਮਾਂ ਅਤੇ ਹਮਲਿਆਂ ਨੇ ਇਸ ਨੂੰ ਹੋਰ ਵੀ ਮੁਸੀਬਤਾਂ ਵੱਲ ਧੱਕ ਦਿੱਤਾ।

ਸਮੁੱਚੇ ਤੌਰ ’ਤੇ ਅਮਰੀਕਾ ਭਾਵੇਂ ਅਜੇ ਵੀ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਅਤੇ ਰਸੂਖ਼ ਰੱਖਦਾ ਹੈ ਪਰ ਇਹ ਸ਼ਕਤੀ ਅਤੇ ਰਸੂਖ਼ ਪਹਿਲਾਂ ਦੇ ਮੁਕਾਬਲੇ ਘਟ ਗਿਆ ਹੈ। ਸਾਰੇ ਕੌਮਾਂਤਰੀ ਰੁਝਾਨ ਇਹੀ ਸੰਕੇਤ ਦੇ ਰਹੇ ਹਨ ਕਿ ਤੁਲਨਾਤਮਕ ਤੌਰ ’ਤੇ ਅਮਰੀਕਾ ਦੀ ਸ਼ਕਤੀ ਲਗਾਤਾਰ ਘਟ ਰਹੀ ਹੈ। ਪਹਿਲਾਂ ਵਾਂਗ ਅਮਰੀਕਾ ਦਾ ਇੱਕੋ-ਇੱਕ ਮਹਾਂ ਸ਼ਕਤੀ ਵਾਲਾ ਸਥਾਨ ਖੁਸ ਗਿਆ ਹੈ। ਅਮਰੀਕਾ ਦੀ ਸੰਕਟਮਈ ਸਥਿਤੀ ’ਚ ਟਰੰਪ ਨੂੰ ‘ਮੇਕ ਅਮਰੀਕਾ ਗਰੇਟ ਅਗੇਨ’ (ਮਾਗਾ) ਦਾ ਨਾਅਰਾ ਦੇਣਾ ਪੈ ਰਿਹਾ ਹੈ। ਇਹ ਸੰਕਟ ਸਿਰਫ਼ ਆਰਥਿਕ ਨਹੀਂ, ਭਾਵੇਂ ਇਹ ਮੁੱਖ ਤੌਰ ’ਤੇ ਆਰਥਿਕ ਸੰਕਟ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਇਹ ਸੰਕਟ ਵਿਆਪਕ ਹੈ ਜਿਸ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਅਮਰੀਕਾ ਦੀ ਘਟ ਰਹੀ ਫ਼ੌਜੀ ਸ਼ਕਤੀ ਵਰਗੇ ਪੱਖ ਵੀ ਸ਼ਾਮਿਲ ਸਨ।

ਏਸ਼ੀਆ ਅਤੇ ਚੀਨ ਦੇ ਉਭਾਰ ਨੇ ਵੀ ਅਮਰੀਕੀ ਸ਼ਕਤੀ ਦੇ ਵਜੂਦ ਨੂੰ ਦੁਨੀਆ ਦੀ ਇੱਕੋ-ਇੱਕ ਮਹਾਂ ਸ਼ਕਤੀ ਵਜੋਂ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਬੀਤੇ ਸਾਲਾਂ ਵਿੱਚ ਅਮਲੀ ਤੌਰ ’ਤੇ ਚੀਨ ਦੀ ਆਰਥਿਕਤਾ ਅਮਰੀਕਾ ਨਾਲੋਂ ਅੱਗੇ ਨਿਕਲ ਗਈ ਹੈ। ਚੀਨ ਦੇ ਆਰਥਿਕ ਅਤੇ ਤਕਨੀਕੀ ਵਿਕਾਸ ਨੇ ਅਮਰੀਕਾ ਨੂੰ ਚੁਣੌਤੀਆਂ ਪੇਸ਼ ਕਰ ਦਿੱਤੀਆਂ ਹਨ। ਚੀਨ ਮੈਨੂਫੈਕਚਰਿੰਗ ਦਾ ਧੁਰਾ ਬਣ ਗਿਆ ਹੈ। ਇਉਂ ਇੱਕ ਪਾਸੇ ਅਮਰੀਕਾ ਤੇ ਯੂਰੋਪੀਅਨ ਯੂਨੀਅਨ ਅਤੇ ਦੂਜੇ ਪਾਸੇ ਪੂਰਬੀ ਦੇਸ਼ ਰੂਸ ਤੇ ਚੀਨ ਦੋ ਖੇਮੇ ਬਣ ਰਹੇ ਸਨ। ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਗੈਟ (ਵਿਸ਼ਵ ਵਪਾਰ ਸੰਸਥਾ) ਆਦਿ ਵਿੱਤੀ ਸੰਸਥਾਵਾਂ ਅਮਰੀਕਾ ਦੀ ਸਰਦਾਰੀ ਵਿੱਚ ਬਣਾਈਆਂ ਗਈਆਂ ਪਰ ਪਿਛਲੇ ਆਰਥਿਕ ਸੰਕਟਾਂ ਸਮੇਂ ਇਨ੍ਹਾਂ ਸੰਸਥਾਵਾਂ ਦੀ ਅਮਰੀਕਾ ਮਨਇੱਛਤ ਵਰਤੋਂ ਨਹੀਂ ਕਰ ਸਕਿਆ। ਸੰਕਟਾਂ ਅਤੇ ਬਦਲਦੀਆਂ ਹਾਲਤਾਂ ਅੰਦਰ ਅਮਰੀਕਾ ਇਨ੍ਹਾਂ ਸੰਸਥਾਵਾਂ ਨੂੰ (ਉਸ ਰੂਪ ’ਚ) ਵਰਤੋਂ ਵਿੱਚ ਨਹੀਂ ਲਿਆ ਸਕਿਆ। ਇਸ ਦੇ ਉਲਟ ਚੀਨ ਦੁਨੀਆ ਦਾ ਵੱਡਾ ਸਸਤਾ ਕਰਜ਼ਾ ਦੇਣ ਵਾਲੀ ਵੱਡੀ ਆਰਥਿਕ ਤਾਕਤ ਬਣ ਗਿਆ ਅਤੇ ਇਹ ਏਸ਼ੀਆ ਦੇ ਓਸੀਨੀਅਨ ਦੇਸ਼, ਭਾਰਤੀ ਉਪ ਮਹਾਂਦੀਪ, ਪਾਕਿਸਤਾਨ, ਸ੍ਰੀ ਲੰਕਾ, ਬੰਗਲਾਦੇਸ਼, ਅਫਰੀਕਾ ਮਹਾਂਦੀਪ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਨਵ-ਆਰਥਿਕ ਬਸਤੀਵਾਦੀ ਨੀਤੀਆਂ ਨਾਲ ਆਪਣੇ ਚੁੰਗਲ ਵਿੱਚ ਫਸਾ ਰਿਹਾ ਹੈ। ਇਹ ਬਰਿਕਸ ਦੇਸ਼ਾਂ ਰਾਹੀਂ ਆਪਣੇ ਨਵੇਂ ਡਿਜੀਟਲ ਬੈਂਕ ਅਤੇ ਆਪਣੀ ਯੁਆਨ ਕਰੰਸੀ ਰਾਹੀਂ ਆਪਣੇ ਵਪਾਰ ਨੂੰ ਦੁਨੀਆ ਅੰਦਰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। ਬਰਿਕਸ ਦੇਸ਼ਾਂ ਦਾ ਵਿਸਥਾਰ ਹੋ ਰਿਹਾ ਹੈ ਅਤੇ ਟਰੰਪ ਨਵੇਂ ਟੈਰਿਫ ਲਾ ਕੇ ਆਪਣੀ ਪੁਰਾਣੀ ਸਲਤਨਤ ਨੂੰ ‘ਮਾਗਾ’ ਦੇ ਨਾਂ ਹੇਠ ਵਿਸਥਾਰ ਦੇਣ ਦੀ ਕੋਸ਼ਿਸ਼ ਵਿੱਚ ਹੈ।

ਟੈਰਿਫ ਨੀਤੀ ਨਾਲ ਅਮਰੀਕੀ ਸਾਮਰਾਜ ਵਿਸ਼ਵ ਆਰਥਿਕਤਾ ਦੀ ਘੇਰਾਬੰਦੀ ਕਰ ਕੇ ਪੂਰੇ ਸੰਸਾਰ ਆਰਥਿਕ-ਵਪਾਰਕ ਤਾਣੇ-ਬਾਣੇ ਨੂੰ ਵਿਗਾੜ ਕੇ ਇਸਦਾ ਲਾਹਾ ਲੈਣ ਦੀ ਤਾਕ ’ਚ ਹੈ, ਪਰ ਹਕੀਕਤ ਵਿੱਚ ਉਸ ਦੀਆਂ ਨੀਤੀਆਂ ਸਦਕਾ ਪੂਰਾ ਸਾਮਰਾਜੀ ਪ੍ਰਬੰਧ ਉਥਲ-ਪੁਥਲ ਦੀ ਮਾਰ ਹੇਠ ਆ ਗਿਆ ਹੈ। ਵੱਖ-ਵੱਖ ਮਹਾਂਦੀਪਾਂ ਦੇ ਦੇਸ਼ ਅਮਰੀਕਾ ਤੋਂ ਆਰਥਿਕ ਤੇ ਫ਼ੌਜੀ ਨਿਰਭਰਤਾ ਘਟਾਉਣ ਲਈ ਦੁਵੱਲੇ ਵਪਾਰਕ ਸਬੰਧ ਵਧਾ ਰਹੇ ਹਨ। ਕਈ ਦੇਸ਼ ਆਪਣੀ ਫ਼ੌਜੀ ਸਮਰੱਥਾ ਦੇ ਨਾਲ-ਨਾਲ ਪਰਮਾਣੂ ਸ਼ਕਤੀ ਬਣਨ ਲਈ ਵੀ ਅਹੁਲ ਰਹੇ ਹਨ। ਆਪਣੇ ਰਵਾਇਤੀ ਵਫ਼ਾਦਾਰ ਭਾਈਵਾਲਾਂ ਉੱਤੇ ਵਪਾਰਕ ਹਮਲੇ, ਪੱਛਮੀ ਖੇਮੇ ਵਿਰੋਧੀ ਰੂਸ-ਚੀਨ ਨੂੰ ਆਪਣੀ ਮੰਡੀ ਦੇ ਵਿਸਥਾਰ ਦਾ ਮੌਕਾ ਮੁੱਹਈਆ ਕਰਵਾਉਣਗੇ ਅਤੇ ਅਮਰੀਕਾ ਨੂੰ ਮੰਦੀ ਦੇ ਜੋਖ਼ਿਮ ਵਿੱਚ ਪਾਉਣਗੇ ਜਿਸ ਦੇ ਸਿਰ ਕੁੱਲ ਕਰਜ਼ (36.2 ਖਰਬ ਡਾਲਰ) ਪਹਿਲਾਂ ਹੀ ਉਸ ਦੀ ਕੁੱਲ ਜੀਡੀਪੀ (29 ਖਰਬ ਡਾਲਰ) ਤੋਂ ਵੱਧ ਹੈ।

ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਟਰੰਪ ਦੀਆਂ ਨੀਤੀਆ ਦਾ ਵਿਰੋਧ ਕਰਦਿਆਂ ਅਮਰੀਕਾ ਖਿ਼ਲਾਫ਼ ਮੋੜਵੇਂ ਰੂਪ ’ਚ ਵਾਧੂ ਟੈਕਸ ਲਾਉਣ ਦੇ ਐਲਾਨ ਕੀਤੇ ਜਿਸ ਕਰ ਕੇ ਟਰੰਪ ਨੂੰ ਕੁਝ ਹੱਦ ਤੱਕ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਪਰ ਮੋਦੀ ਸਰਕਾਰ ਨੇ ਟਰੰਪ ਦੀਆਂ ਧੱਕੜ ਨੀਤੀਆਂ ਵਿਰੁੱਧ ਡਟਣ ਦੀ ਬਜਾਏ ਅਮਰੀਕਾ ਨੂੰ ਖੁਸ਼ ਕਰਨ ਅਤੇ ਟੈਰਿਫ ਨੀਤੀ ’ਚ ਕੁਝ ਰਾਹਤ ਹਾਸਲ ਕਰਨ ਦਾ ਰਸਤਾ ਅਪਣਾਇਆ। ਮੋੜਵਾਂ ਟੈਰਿਫ ਲਾਉਣ ਤੋਂ ਟਾਲਾ ਵੱਟਿਆ ਅਤੇ ਲਗਾਤਾਰ ਗੱਲਬਾਤ ਕਰ ਕੇ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਿਖਾਵੇ ਦੇ ਤੌਰ ’ਤੇ ਮੋਦੀ ਸਰਕਾਰ ਕਿਸਾਨਾਂ ਦੀ ਹਿੱਤਾਂ ਲਈ ਫ਼ਿਕਰਮੰਦ ਹੋਣ ਬਾਰੇ ਕਹਿ ਰਹੀ ਹੈ ਅਤੇ ਟਰੰਪ ਸਰਕਾਰ ਅੱਗੇ ਨਾ ਝੁਕਣ ਦੀ ਬਿਆਨਬਾਜ਼ੀ ਕਰ ਰਹੀ ਹੈ ਪਰ ਇਹ ਬਿਆਨਬਾਜ਼ੀ ਥੋਥੀ ਹੈ ਕਿਉਂਕਿ ਪਰਦੇ ਪਿੱਛੇ ਉਹ ਟਰੰਪ ਸਰਕਾਰ ਨਾਲ ਗੱਲਬਾਤ ਜਾਰੀ ਰੱਖ ਕੇ ਝੁਕਣ ਦੇ ਸੰਕੇਤ ਦੇ ਰਹੀ ਹੈ। ਸਾਮਰਾਜੀ ਪ੍ਰਬੰਧ ਦਾ ਨਵ-ਬਸਤੀਆਨਾ ਤੌਰ-ਤਰੀਕਾ ਮੋਦੀ ਸਰਕਾਰ ਨੂੰ ਇੱਕ ਪਾਸੇ ਅਮਰੀਕਾ ਅਤੇ ਦੂਜੇ ਪਾਸੇ ਰੂਸ-ਚੀਨ ਨਾਲ ਸਬੰਧ ਬਣਾ ਕੇ ਰੱਖਣ ਦੀ ਚਾਲਬਾਜ਼ੀ ਕਰਨ ਦਾ ਰਸਤਾ ਦਿੰਦਾ ਹੈ। ਇਹ ਸਾਮਰਾਜੀ ਪ੍ਰਬੰਧ ਉਪਰ ਆਪਣੀ ਨਿਰਭਰਤਾ ਦਾ ਤਿਆਗ ਨਹੀਂ ਕਰ ਸਕਦੀ। ਇਸ ਕਰ ਕੇ ਮੌਜੂਦਾ ਹਾਲਤ ਅੰਦਰ ਮੋਦੀ ਸਰਕਾਰ ਦਾ ਰੂਸ ਤੇ ਚੀਨ ਵੱਲ ਦਿਖਾਇਆ ਜਾ ਰਿਹਾ ਹੇਜ ਅਤੇ ਅਮਰੀਕੀ ‘ਬੌਸ’ ਦਾ ਭਾਰਤ ਸਬੰਧੀ ਟੈਰਿਫ ਨੀਤੀ ਦਾ ਵਿਰੋਧ ਕਰਨ ਦਾ ਖੇਖਣ ਇਹ ਗੁੰਜਾਇਸ਼ ਦਿੰਦਾ ਹੈ ਕਿ ਇਹ ਅਮਰੀਕੀ ਸਾਮਰਾਜ ਨਾਲ ਚੁੱਪ-ਚਪੀਤੇ/ਅੰਦਰ ਖਾਤੇ ਕੋਈ ਸਮਝੌਤਾ ਕਰ ਲਵੇ। ਮੋਦੀ ਸਰਕਾਰ ਦਾ ਟਰੰਪ ਟੈਰਿਫ ਪ੍ਰਤੀ ਧਾਰਨ ਕੀਤਾ ਰਵੱਈਆ, ਇਸੇ ਹਾਲਤ ਦੀ ਉਪਜ ਹੈ। ਇੱਕ ਪਾਸੇ ਭਾਰਤੀ ਲੋਕ, ਖਾਸ ਕਰ ਕੇ ਕਿਸਾਨ, ਇਸ ਦਾ ਡਟਵਾਂ ਵਿਰੋਧ ਕਰ ਰਹੇ ਹਨ ਜਿਸ ਨੂੰ ਖ਼ਾਰਜ ਕਰਨਾ ਮੋਦੀ ਸਰਕਾਰ ਦੀ ਜ਼ਰੂਰਤ ਹੈ; ਦੂਜੇ ਪਾਸੇ ਅਮਰੀਕੀ ਸਾਮਰਾਜ ਨਾਲ ਭਿਆਲੀ ਕਾਇਮ ਰੱਖ ਕੇ ਆਪਣੇ ਆਰਥਿਕ ਸਿਆਸੀ ਹਿੱਤਾਂ ਦੀ ਪੂਰਤੀ ਕਰਨਾ ਹੈ। ਮੋਦੀ ਸਰਕਾਰ ਦਾ ਸਾਮਰਾਜ ਨਾਲ ਇਹ ਰਿਸ਼ਤਾ ਉਸ ਦੇ ਆਜ਼ਾਦ ਸਟੈਂਡ ਦੀ ਤਰਜਮਾਨੀ ਨਹੀਂ ਕਰਦਾ ਬਲਕਿ ਉਸ ਦੀ ਸਾਮਰਾਜਵਾਦ ਨਾਲ ਨਿਰਭਰਤਾ ਦੇ ਰਿਸ਼ਤੇ ’ਚ ਬੱਝੇ ਹੋਣ ਦਾ ਪ੍ਰਮਾਣ ਹੈ।

ਸੰਪਰਕ: 78883-27695

Advertisement
Show comments