ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਕਾਲ ਤਖ਼ਤ ਦੀ ਰਾਖੀ ਦਾ ਸਮਾਂ

ਕਿਰਨਜੀਤ ਕੌਰ ਮੀਰੀ-ਪੀਰੀ ਸਿੱਖ ਫਿਲਾਸਫ਼ੀ ਦਾ ਇੱਕ ਕੇਂਦਰੀ ਸਿਧਾਂਤ ਬਣਿਆ ਹੋਇਆ ਹੈ। ਇਸ ਦਾ ਅਰਥ ਹੈ ਕਿ ਨਿੱਤਕਰਮ ਕਰਦੇ ਹੋਇਆਂ ਰੱਬੀ ਚੇਤਨਾ ਨਾਲ ਵਿਚਰਨਾ। ਇਸ ਸਦਕਾ ਕਿਸੇ ਇਨਸਾਨ ਨੂੰ ਹਰੇਕ ਸ਼ੈਅ ਵਿੱਚ ਰੱਬੀ ਜੋਤ ਨਜ਼ਰ ਆਉਂਦੀ ਹੈ ਅਤੇ ਆਪਣਾ ਰੱਬੀ...
Advertisement
ਕਿਰਨਜੀਤ ਕੌਰ

Advertisement

ਮੀਰੀ-ਪੀਰੀ ਸਿੱਖ ਫਿਲਾਸਫ਼ੀ ਦਾ ਇੱਕ ਕੇਂਦਰੀ ਸਿਧਾਂਤ ਬਣਿਆ ਹੋਇਆ ਹੈ। ਇਸ ਦਾ ਅਰਥ ਹੈ ਕਿ ਨਿੱਤਕਰਮ ਕਰਦੇ ਹੋਇਆਂ ਰੱਬੀ ਚੇਤਨਾ ਨਾਲ ਵਿਚਰਨਾ। ਇਸ ਸਦਕਾ ਕਿਸੇ ਇਨਸਾਨ ਨੂੰ ਹਰੇਕ ਸ਼ੈਅ ਵਿੱਚ ਰੱਬੀ ਜੋਤ ਨਜ਼ਰ ਆਉਂਦੀ ਹੈ ਅਤੇ ਆਪਣਾ ਰੱਬੀ ਫ਼ਰਜ਼ ਸਮਝਦੇ ਹੋਏ ਹੀ ਉਹ ਕਿਸੇ ਲੋੜਵੰਦ ਦੀ ਮਦਦ ਕਰਨ ਬਹੁੜਦਾ ਹੈ। ਇਸ ਦਾ ਮੰਨਣਾ ਹੈ ਕਿ ਕੋਈ ਸ਼ਾਸਕ ਆਪਣੇ ਦੁਨਿਆਵੀ ਫ਼ਰਜ਼ਾਂ ਨੂੰ ਰੂਹਾਨੀ ਅਤੇ ਇਖ਼ਲਾਕੀ ਕਦਰਾਂ ਕੀਮਤਾਂ ਮੁਤਾਬਿਕ ਨਿਭਾਉਣ ਦਾ ਪਾਬੰਦ ਹੁੰਦਾ ਹੈ। ਇਹ ਨਿੱਜੀ ਸਿਆਸੀ ਗਰਜ਼ਾਂ ਲਈ ਧਾਰਮਿਕ ਸੰਸਥਾਵਾਂ ਦੀ ਵਰਤੋਂ ਕਰਨ ਦੀ ਖੁੱਲ੍ਹ ਹਰਗਿਜ਼ ਨਹੀਂ ਦਿੰਦਾ।

ਸਿੱਖਾਂ ਦੇ ਇਤਿਹਾਸ ’ਤੇ ਪਿੱਛਲਝਾਤ ਮਾਰਦਿਆਂ ਪਤਾ ਲਗਦਾ ਹੈ ਕਿ ਜਦੋਂ ਆਪੋ ਵਿੱਚ ਵੈਰ-ਵਿਰੋਧ ਪਾਲਣ ਵਾਲੇ ਸਿੱਖਾਂ ਨੂੰ ਕਿਸੇ ਬਾਹਰੀ ਦੁਸ਼ਮਣ ਦਾ ਖ਼ਤਰਾ ਦਰਪੇਸ਼ ਹੁੰਦਾ ਸੀ ਤਾਂ ਉਸ ਵਕਤ ਅਕਾਲ ਤਖ਼ਤ ਉਨ੍ਹਾਂ ਲਈ ਇਕਜੁੱਟਤਾ ਦਾ ਕੇਂਦਰ ਬਣ ਜਾਂਦਾ ਸੀ ਜਿੱਥੇ ਆ ਕੇ ਉਹ ‘ਗੁਰੂ ਖ਼ਾਲਸਾ ਪੰਥ’ ਦੇ ਝੰਡੇ ਹੇਠ ਇੱਕ ਹੋ ਜਾਂਦੇ ਸਨ। ਅਠ੍ਹਾਰਵੀਂ ਸਦੀ ਵਿੱਚ ਸਿੱਖ ਛੋਟੇ-ਛੋਟੇ ਜਥਿਆਂ ਵਿੱਚ ਵੰਡੇ ਹੋਏ ਸਨ, ਜੋ ਆਪੋ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪਣੇ ਰਾਜ ਦੀ ਮਜ਼ਬੂਤੀ ਲਈ ਕਈ ਛੋਟੇ ਸਰਦਾਰਾਂ ਨਾਲ ਲੜਾਈਆਂ ਲੜਨੀਆਂ ਪਈਆਂ ਸਨ। ਪਰ ਕੋਈ ਵੀ ਸਿੱਖ ਸਰਦਾਰ ਆਪਣੇ ਮਤਭੇਦ ਸੁਲਝਾਉਣ ਲਈ ਅਕਾਲ ਤਖ਼ਤ ਦੇ ਦਖ਼ਲ ਦੀ ਅਪੀਲ ਕਰਨ ਲਈ ਨਹੀਂ ਜਾਂਦਾ ਸੀ। ਸਗੋਂ ਉਹ ਸਮੁੱਚੇ ਸਿੱਖ ਭਾਈਚਾਰੇ ਨੂੰ ਅਸਰਅੰਦਾਜ਼ ਕਰਨ ਵਾਲੇ ਮੁੱਦਿਆਂ ’ਤੇ ਸਰਬੱਤ ਖਾਲਸਾ ਸੱਦਦੇ ਸਨ ਅਤੇ ਅਕਾਲ ਤਖ਼ਤ ’ਤੇ ਹੋਣ ਵਾਲੀ ਇਕੱਤਰਤਾ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਨਿੱਜੀ ਝਗੜੇ ਨਿਬੇੜ ਲੈਂਦੇ ਸਨ।

ਵੱਖ-ਵੱਖ ਵਿਰੋਧੀ ਵਿਚਾਰਾਂ ਵਾਲੀਆਂ ਪਾਰਟੀਆਂ ਵਿਚਕਾਰ ਮਤਭੇਦ ਸੁਲਝਾਉਣ ਅਤੇ ਸੁਲ੍ਹਾ ਕਰਾਉਣ ਲਈ ਅਕਾਲ ਤਖ਼ਤ ਦੇ ਦਖ਼ਲ ਦੀ ਮੰਗ ਦਾ ਵਰਤਾਰਾ 1970ਵਿਆਂ ਦੇ ਅਖ਼ੀਰ ਤੋਂ ਸ਼ੁਰੂ ਹੋਇਆ ਸੀ। ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਲਈ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ 10 ਅਕਤੂਬਰ, 1979 ਨੂੰ ਵੱਖੋ-ਵੱਖਰੀਆਂ ਮੀਟਿੰਗਾਂ ਬੁਲਾਈਆਂ ਗਈਆਂ ਸਨ। ਉਨ੍ਹਾਂ ਦੋਵਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਏਕਤਾ ਕਰਾਉਣ ਲਈ ਦਖ਼ਲ ਦੇਣ ਵਾਸਤੇ ਆਪਣੇ ਅਸਤੀਫ਼ੇ ਸੌਂਪ ਦਿੱਤੇ ਸਨ। ਉਸ ਵੇਲੇ ਉਨ੍ਹਾਂ ਦੇ ਅਸਤੀਫ਼ੇ ਵਾਪਸ ਭੇਜ ਦਿੱਤੇ ਗਏ ਸਨ। ‘ਪੰਥਕ ਟਿਕਟ’ ’ਤੇ ਚੋਣ ਲੜਨ ਵਾਲੇ ਵਿਧਾਇਕਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਮਾਇਤ ਕਰਨ ਲਈ ਆਖਿਆ ਗਿਆ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠਲੀ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੂੰ ਦੂਜੀਆਂ ਸਿਆਸੀ ਪਾਰਟੀਆਂ ਨਾਲ ਲੈ-ਦੇ ਕਰਨ ਅਤੇ ਪਾਰਟੀ ਉਮੀਦਵਾਰਾਂ ਦੀ ਚੋਣ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ। ਪਰ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਜੀਵਨ ਸਿੰਘ ਉਮਰਾਨੰਗਲ ਨੇ ਅਜਨਾਲਾ ਵਿੱਚ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਦਾ ਐਲਾਨ ਕਰ ਦਿੱਤਾ। ਅਕਾਲ ਤਖ਼ਤ ਵੱਲੋਂ ਉਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਅਤੇ ਉਸ ਨੇ ਨਵੰਬਰ 1979 ਵਿੱਚ ਤਖ਼ਤ ਅੱਗੇ ਪੇਸ਼ ਹੋ ਕੇ ਮੁਆਫ਼ੀ ਮੰਗੀ ਸੀ।

ਇਸ ਤੋਂ ਬਾਅਦ ਅਕਾਲ ਤਖ਼ਤ ’ਤੇ ਸਿਆਸੀ ਤੌਰ ’ਤੇ ਰਸੂਖ਼ਵਾਨ ਲੋਕਾਂ ਮੁਤੱਲਕ ਸ਼ਿਕਾਇਤਾਂ ਆਉਣ ਲੱਗ ਪਈਆਂ। ਉਂਝ, 1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਇੱਕ ਨਿਰਣਾਇਕ ਮੋੜ ਆਇਆ। ਉਸ ਵੇਲੇ ਬਹੁਤ ਸਾਰੇ ਅਕਾਲੀ ਆਗੂ ਜੇਲ੍ਹ ਵਿੱਚ ਬੰਦ ਸਨ। ਸਿੱਖਾਂ ਦੇ ਮਨਾਂ ਅੰਦਰ ਆਮ ਤੌਰ ’ਤੇ ਭਾਰਤ ਸਰਕਾਰ ਅਤੇ ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖ਼ਿਲਾਫ਼ ਰੋਹ ਉਬਾਲੇ ਖਾ ਰਿਹਾ ਸੀ। ਉਸ ਸਮੇਂ ਸਿੱਖਾਂ ਨੂੰ ਅਗਵਾਈ ਦੇਣ ਲਈ ਅਕਾਲ ਤਖ਼ਤ ’ਤੇ ਪੰਜ ਪਿਆਰੇ ਅੱਗੇ ਆਏ। ਹੌਲੀ-ਹੌਲੀ ਅਕਾਲ ਤਖ਼ਤ ਨੂੰ ਸੱਤਾ ਦੀ ਲੜਾਈ ਦੇ ਇੱਕ ਔਜ਼ਾਰ ਵਿੱਚ ਬਦਲ ਦਿੱਤਾ ਗਿਆ। ਨਿੱਜੀ ਵੈਰ ਵਿਰੋਧ ਅਤੇ ਠਿੱਬੀ ਲਾ ਕੇ ਅੱਗੇ ਵਧਣ ਦੀ ਹੋੜ ਅਕਾਲ ਤਖ਼ਤ ’ਤੇ ਪੁੱਜਣ ਵਾਲੀਆਂ ਸ਼ਿਕਾਇਤਾਂ ਦਾ ਅਣਲਿਖਤ ਕੋਡ ਬਣ ਗਿਆ। ਅਦਾਲਤੀ ਤਰਜ਼ ਦੀਆਂ ਸੁਣਵਾਈਆਂ ਨਾਲ ਤਖ਼ਤ ਨੂੰ ਸਿੱਖਾਂ ਦੀ ‘ਸਰਬਉਚ ਕਚਹਿਰੀ’ ਦਾ ਨਵਾਂ ਨਾਂ ਦਿੱਤਾ ਜਾਣ ਲੱਗ ਪਿਆ।

ਅੱਗੇ ਚੱਲ ਕੇ ਇਹ ਪਿਰਤ ਹੋਰ ਗਹਿਰੀ ਹੁੰਦੀ ਹੋਈ ਮੁਕਾਮੀ ਮੁੱਦਿਆਂ ਤੇ ਪੰਜਾਬ ਆਧਾਰਿਤ ਸਿਆਸੀ ਬਿਆਨਬਾਜ਼ੀਆਂ ਵਿੱਚ ਦਖ਼ਲ ਦੇਣ ਤੱਕ ਪਹੁੰਚ ਗਈ। ਜਥੇਦਾਰ ਅਤੇ ਅਕਾਲ ਤਖ਼ਤ ਦੀ ਸੰਸਥਾ ਨੂੰ ਸਮ-ਅਰਥੀ ਬਣਾ ਦਿੱਤਾ ਗਿਆ। ਜਿਵੇਂ-ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰਾਂ ਹੇਠੋਂ ਸਿਆਸੀ ਅਤੇ ਧਾਰਮਿਕ ਜ਼ਮੀਨ ਖਿਸਕਦੀ ਗਈ ਤਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਦੀ ਵਰਤੋਂ ਹੋਣ ਲੱਗ ਪਈ। ਇੱਕ ਸਮੇਂ ਤੱਕ ਧਾਰਮਿਕ ਮੁੱਦਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਝਿਆ ਜਾਂਦਾ ਸੀ ਪਰ ਫਿਰ ਇਹ ਅਕਾਲ ਤਖ਼ਤ ਦੇ ਜਥੇਦਾਰ ਦੇ ਹਵਾਲੇ ਕੀਤੇ ਜਾਣ ਲੱਗ ਪਏ।

ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਕੀਤੀ ਗਈ ਬੇਅਦਬੀ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖਾਂ ਦੀ ਤਰਜਮਾਨ ਪਾਰਟੀ ਹੋਣ ਦਾ ਦਿਖਾਵਾ ਵੀ ਨਾ ਕੀਤਾ ਗਿਆ ਸੀ ਅਤੇ ਇਸ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਵਿੱਚ ਵੋਟਾਂ ਖਾਤਿਰ ਅਕਾਲ ਤਖ਼ਤ ਦੀ ਰੱਜ ਕੇ ਵਰਤੋਂ ਕੀਤੀ। ਪੰਥਕ ਰਵਾਇਤਾਂ ਨੂੰ ਤਿਲਾਂਜਲੀ ਦੇ ਦਿੱਤੀ ਗਈ ਅਤੇ ਇੱਕ ਐਸੇ ਵਿਅਕਤੀ ਨੂੰ ਮੁਆਫ਼ੀ ਦਿਵਾਈ ਗਈ ਜਿਸ ਨੇ ਆਪਣੇ ਗੁਨਾਹ ਦੀ ਮੁਆਫ਼ੀ ਵੀ ਨਹੀਂ ਮੰਗੀ ਸੀ।

ਜਦੋਂ ਸਿੱਖ ਇਸ ਦੇ ਵਿਰੋਧ ’ਚ ਡਟ ਗਏ ਤਾਂ ਜਥੇਦਾਰਾਂ ਨੂੰ ‘ਹੁਕਮਨਾਮਾ’ ਵਾਪਸ ਲੈਣਾ ਪਿਆ ਸੀ ਤੇ ਇਸ ਤਰ੍ਹਾਂ ਇਸ ਸੰਸਥਾ ਦੀ ਪਵਿੱਤਰਤਾ ਨੂੰ ਖ਼ੋਰਾ ਲੱਗਿਆ। ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਚੋਣਾਂ ਵਿੱਚ ਸਿੱਖਾਂ ਅੰਦਰ ਆਪਣਾ ਆਧਾਰ ਗੁਆਉਂਦਾ ਰਿਹਾ ਅਤੇ ਅੰਤ ਨੂੰ ਇੱਕ ‘ਜ਼ਮਾਨਤ-ਜ਼ਬਤ’ ਪਾਰਟੀ ਬਣ ਕੇ ਰਹਿ ਗਿਆ। ਅਕਾਲੀਆਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਆਪਣੀ ਗਲ਼ਤੀ ਦੇ ਨਤੀਜੇ ਭੁਗਤਣੇ ਪੈ ਰਹੇ ਹਨ। ਇਸ ਲਈ ਹੋਰ ਨੁਕਸਾਨ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਵਜੋਂ ਉਹ ਅਕਾਲ ਤਖ਼ਤ ਦੇ ਪਿੱਛੇ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਗਏ ਅਤੇ ‘ਜਾਣੇ-ਅਣਜਾਣੇ’ ਵਿੱਚ ਹੋਏ ਪਾਪਾਂ ਲਈ ਮੁਆਫ਼ੀ ਮੰਗੀ ਪਰ ਇਸ ਨਾਲ ਵੀ ਕੁਝ ਨਹੀਂ ਸੰਵਰਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਦੋਂ ਅਕਾਲ ਤਖ਼ਤ ਅੱਗੇ ਪੇਸ਼ ਹੋਣਾ ਪਿਆ ਜਦੋਂ ਪਾਰਟੀ ਤੋਂ ਵੱਖ ਹੋਏ ਧੜੇ ਨੇ ਅਕਾਲ ਤਖ਼ਤ ’ਤੇ ਜਾ ਕੇ ਇਹ ਮੰਨ ਲਿਆ ਕਿ ਉਹ ਅਕਾਲੀ ਦਲ ਦੇ ਗ਼ੈਰ-ਪੰਥਕ ਫ਼ੈਸਲਿਆਂ ਦੇ ਮੌਨ ਹਮਾਇਤੀ ਰਹੇ ਸਨ ਤੇ ਉਨ੍ਹਾਂ ਨੂੰ ਮੁਆਫ ਕੀਤਾ ਜਾਵੇ। ਦੋ ਦਸੰਬਰ, 2024 ਇਤਿਹਾਸਕ ਦਿਨ ਸੀ ਜਦੋਂ ਉਹ ਵਾਪਰਿਆ ਜਿਸ ਦੀ ਉਮੀਦ ਨਹੀਂ ਕੀਤੀ ਜਾਂਦੀ ਸੀ। ਸੁਖਬੀਰ ਨੇ ਆਪਣੀਆਂ ਗ਼ਲਤੀਆਂ ਮੰਨ ਲਈਆਂ।

ਆਮ ਤੌਰ ’ਤੇ ਇਹ ਮੰਨਿਆ ਗਿਆ ਕਿ ਇਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਭਾਰ ਦਾ ਮੁੱਢ ਬੰਨ੍ਹ ਦਿੱਤਾ ਹੈ। ਸੁਖਬੀਰ ਦੇ ਜ਼ਿਆਦਾਤਰ ਆਲੋਚਕ ਉਸ ਨੂੰ ਮੌਕਾ ਦੇਣ ਦੇ ਹਾਮੀ ਸਨ। ਹਾਲਾਂਕਿ ਉਸ ਨੇ ਇਹ ਮੌਕਾ ਖੁੰਝਾ ਲਿਆ, ਪਹਿਲਾਂ ‘ਤਨਖ਼ਾਹ’ ਦਾ ਤਰੀਕਾ ਚੁਣ ਕੇ ਅਤੇ ਮਗਰੋਂ ਹੁਕਮਨਾਮੇ ਨਾਲ ਸਮਝੌਤੇ ਦੀ ਕੋਸ਼ਿਸ਼ ਕਰ ਕੇ।

ਜਦੋਂ ਇਹ ਸਭ ਨਾਕਾਮ ਹੋ ਗਿਆ ਤਦ ਜਥੇਦਾਰਾਂ ਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਬਣਾਉਣ ਦਾ ਸਮਾਂ ਆ ਗਿਆ। ਗਿਆਨੀ ਹਰਪ੍ਰੀਤ ਸਿੰਘ ਪਹਿਲਾ ਨਿਸ਼ਾਨਾ ਬਣੇ ਕਿਉਂਕਿ ਉਨ੍ਹਾਂ ਨੂੰ ਇਸ ਘਟਨਾਕ੍ਰਮ ਦਾ ‘ਸੂਤਰਧਾਰ’ ਸਮਝਿਆ ਗਿਆ, ਹਾਲਾਂਕਿ ਸਾਰੇ ਪੰਜ ਜਥੇਦਾਰਾਂ ਨੇ ਇਕਮੱਤ ਹੋ ਕੇ ਫ਼ੈਸਲਾ ਕੀਤਾ ਸੀ।

ਫਿਰ ਤੋਂ ਸਿੱਖ ਰਵਾਇਤਾਂ ਦਾ ਅਪਮਾਨ ਹੋਇਆ। ਨਾ ਸਿਰਫ਼ ਉਨ੍ਹਾਂ ’ਤੇ ਸ਼ਰਮਨਾਕ ਇਲਜ਼ਾਮ ਲਾਏ ਗਏ, ਬਲਕਿ ਉਸ ਸਿੱਖ ਔਰਤ ਬਾਰੇ ਵੀ ਕੁਝ ਨਹੀਂ ਵਿਚਾਰਿਆ ਗਿਆ ਜਿਹੜੀ ਸ਼ਿਕਾਇਤਕਰਤਾ ਨਾਲ ਤਲਾਕ ਤੋਂ ਬਾਅਦ ਪਿਛਲੇ 18 ਸਾਲਾਂ ਤੋਂ ਕਿਸੇ ਹੋਰ ਨਾਲ ਵਿਆਹੀ ਹੋਈ ਹੈ। ਇੱਕ ਹੋਰ ਜਵਾਨ ਸਿੱਖ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ, ਗਿਆਨੀ ਹਰਪ੍ਰੀਤ ਸਿੰਘ ਨਾਲ ਇੱਕ ਸਮਾਗਮ ’ਚ ਜਾਣ ’ਤੇ ਮਰਿਆਦਾ ਤੋੜਨ ਦਾ ਦੋਸ਼ ਲਾਇਆ ਗਿਆ। ਹੱਦ ਦਰਜੇ ਦੀ ਕਿਰਦਾਰਕੁਸ਼ੀ ਕੀਤੀ ਗਈ! ਇਹ ਸਭ ਕੁਝ ਉਦੋਂ ਕੀਤਾ ਗਿਆ ਜਦੋਂ ਕੁਝ ਸਮਾਂ ਪਹਿਲਾਂ ਤੱਕ ਅਜਨਬੀ ਲੋਕਾਂ ਵੱਲੋਂ ਵੀ ਆਪਣੀਆਂ ਧੀਆਂ ਦੀ ਸਲਾਮਤੀ ਲਈ ਸਿੱਖਾਂ ’ਤੇ ਭਰੋਸਾ ਕੀਤਾ ਜਾ ਰਿਹਾ ਸੀ।

ਏਜੰਡੇ ’ਤੇ ਅਗਲੀ ਚੀਜ਼ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਪੰਥ ’ਚੋਂ ਛੇਕਣਾ। ਇਸ ਲਈ, ਤਖ਼ਤ ਪਟਨਾ ਸਾਹਿਬ ਦੇ ਦਾਗ਼ੀ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਅਕਾਲ ਤਖ਼ਤ ’ਤੇ ਸ਼ਿਕਾਇਤ ਕਰਨ ਲਈ ਅੱਗੇ ਕੀਤਾ ਗਿਆ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਬਰਤਰਫ਼ੀ ਬਾਰੇ ਐੱਸਜੀਪੀਸੀ ਨਾਲ ਅਸਹਿਮਤੀ ਦਰਜ ਕਰਵਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਦਾ ਰਾਹ ਚੁਣਿਆ ਹੈ। ਹਾਲਾਂਕਿ, ਅਕਾਲ ਤਖ਼ਤ ਵੱਲੋਂ ਗਠਿਤ ਸੱਤ-ਮੈਂਬਰੀ ਕਮੇਟੀ ਤੋਂ ਅਸਤੀਫ਼ਾ ਦੇਣ ਦੀ ਧਾਮੀ ਦੀ ਪੇਸ਼ਕਸ਼ ਸਵਾਲ ਖੜ੍ਹਾ ਕਰਦੀ ਹੈ। ਕੀ ਉਸ ’ਤੇ ਹੁਕਮਨਾਮੇ ਅਤੇ ਸੁਖਬੀਰ ਦੇ ਆਦੇਸ਼ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਇਹ ਵਰਤਾਰਾ ਅਕਾਲ ਤਖ਼ਤ ਨੂੰ ਸਿਆਸੀ ਕਾਰਨਾਂ ਲਈ ਗਿਣ-ਮਿੱਥ ਕੇ ਵਰਤਣ ਅਤੇ ਸੁਖਬੀਰ ਧੜੇ ਮੁਤਾਬਿਕ ਨਾ ਚੱਲਣ ਵਾਲਿਆਂ ਨੂੰ ‘ਸਬਕ ਸਿਖਾਉਣ’ ਦੀ ਇੱਕ ਸਭ ਤੋਂ ਵੱਡੀ ਮਿਸਾਲ ਹੈ। ਸਿੱਖਾਂ ਲਈ ਸਮਾਂ ਆ ਗਿਆ ਹੈ ਕਿ ਉਹ ਅਕਾਲ ਤਖ਼ਤ ਵਰਗੀ ਸੰਸਥਾ ਦੀ ਦੁਰਵਰਤੋਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਅਕਾਲੀਆਂ ਨੂੰ ਕਹਿਣ ਕਿ ਉਹ ਆਪਣੀਆਂ ਲੜਾਈਆਂ ਆਪ ਲੜਨ।

* ਮੈਂਬਰ ਅਤੇ ਸਾਬਕਾ ਜਨਰਲ ਸਕੱਤਰ, ਐੱਸਜੀਪੀਸੀ।

Advertisement
Show comments