ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੇਪਾਲ ’ਚ ਉਥਲ-ਪੁਥਲ ਅਤੇ ਲੋਕਤੰਤਰ ਦੀਆਂ ਪਰਤਾਂ

ਨੇਪਾਲ ’ਚ ਨੌਜਵਾਨਾਂ ਦੀ ਅਗਵਾਈ ਵਿੱਚ ਹੋਏ ਪ੍ਰਦਰਸ਼ਨ ਚੇਤਾ ਕਰਾਉਂਦੇ ਹਨ ਕਿ ਲੋਕਤੰਤਰ ਨੂੰ ਸਿਰਫ਼ ਤੰਗਦਿਲ ਸਰਕਾਰਾਂ ਦੀ ਮਰਜ਼ੀ ਮੁਤਾਬਿਕ ਨਹੀਂ ਚਲਾਇਆ ਜਾ ਸਕਦਾ। ਅਸਹਿਮਤੀ ਨੂੰ ਕੁਚਲ ਕੇ, ਸੰਸਥਾਵਾਂ ਨਾਲ ਛੇੜਛਾੜ ਕਰ ਕੇ ਜਾਂ ਨਾਗਰਿਕਾਂ ਨੂੰ ਨਿਰਲੇਪ ਵਿਸ਼ਿਆਂ ਵਾਂਗ ਸਮਝ...
Advertisement

ਨੇਪਾਲ ’ਚ ਨੌਜਵਾਨਾਂ ਦੀ ਅਗਵਾਈ ਵਿੱਚ ਹੋਏ ਪ੍ਰਦਰਸ਼ਨ ਚੇਤਾ ਕਰਾਉਂਦੇ ਹਨ ਕਿ ਲੋਕਤੰਤਰ ਨੂੰ ਸਿਰਫ਼ ਤੰਗਦਿਲ ਸਰਕਾਰਾਂ ਦੀ ਮਰਜ਼ੀ ਮੁਤਾਬਿਕ ਨਹੀਂ ਚਲਾਇਆ ਜਾ ਸਕਦਾ। ਅਸਹਿਮਤੀ ਨੂੰ ਕੁਚਲ ਕੇ, ਸੰਸਥਾਵਾਂ ਨਾਲ ਛੇੜਛਾੜ ਕਰ ਕੇ ਜਾਂ ਨਾਗਰਿਕਾਂ ਨੂੰ ਨਿਰਲੇਪ ਵਿਸ਼ਿਆਂ ਵਾਂਗ ਸਮਝ ਕੇ, ਚੁਣੀਆਂ ਹੋਈਆਂ ਸਰਕਾਰਾਂ ਜਮਹੂਰੀ ਚਰਿੱਤਰ ਦੇ ਅਸਲ ਤੱਤ ਨੂੰ ਖੋਖਲਾ ਕਰ ਦਿੰਦੀਆਂ ਹਨ। ਨੌਜਵਾਨ ਖ਼ੁਦ ਲੋਕਤੰਤਰ ਦੇ ਵਾਅਦੇ ਨੂੰ ਸੁਰਜੀਤ ਕਰ ਰਹੇ ਹਨ, ਇਹ ਜ਼ੋਰ ਦੇ ਰਹੇ ਹਨ ਕਿ ਸ਼ਾਸਨ ਦਾ ਕੇਂਦਰ ਲੋਕਾਂ ਦੀ ਇੱਛਾ ਹੋਣੀ ਚਾਹੀਦੀ ਹੈ, ਤਾਨਾਸ਼ਾਹੀ ਖਾਹਿਸ਼ਾਂ ਨਹੀਂ। ਉਹ ਸਿਰਫ਼ ਇਹ ਜਾਂ ਉਹ ਚੀਜ਼ ਨਹੀਂ ਮੰਗ ਰਹੇ, ਸਗੋਂ ਆਪਣੀਆਂ ਸਰਕਾਰਾਂ ਪ੍ਰਤੀ ਆਪਣੀ ਡੂੰਘੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।

ਉੱਚੀ ਬੇਰੁਜ਼ਗਾਰੀ ਦਰ, ਸਪੱਸ਼ਟ ਆਮਦਨ ਨਾ-ਬਰਾਬਰੀ, ਰਾਜਨੀਤਕ ਭ੍ਰਿਸ਼ਟਾਚਾਰ ਅਤੇ ਅਤਿ-ਕੁਲੀਨ ਵਰਗ ਦੀ ਪ੍ਰਤੱਖ ਹੋਈ ਖ਼ਪਤ ਨੇ ਕਈ ਚਿਰ ਤੋਂ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਪੱਛਮੀ ਮੀਡੀਆ ਭਾਵੇਂ ਇਨ੍ਹਾਂ ਨੂੰ ਅਫਰੀਕਾ, ਲਾਤੀਨੀ ਅਮਰੀਕਾ ਅਤੇ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਤੱਕ ਸੀਮਤ ਸਮੱਸਿਆਵਾਂ ਵਜੋਂ ਪੇਸ਼ ਕਰ ਸਕਦਾ ਹੈ, ਪਰ ‘ਗਲੋਬਲ ਨਾਰਥ’ ਵੀ ਇਨ੍ਹਾਂ ਤੋਂ ਮੁਕਤ ਨਹੀਂ। ਸਪੇਨ, ਗਰੀਸ, ਫਰਾਂਸ ਅਤੇ ਅਮਰੀਕਾ ਵਿੱਚ ਵੀ ਨੌਜਵਾਨਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਕੁਝ ਦਹਾਕੇ ਪਹਿਲਾਂ ਅਜਿਹੇ ਅੰਦੋਲਨਾਂ ਨੂੰ ਰੋਕਿਆ ਜਾ ਸਕਦਾ ਸੀ, ਵਿਰੋਧਾਭਾਸਾਂ ਨੂੰ ‘ਸੰਭਾਲਿਆ’ ਜਾ ਸਕਦਾ ਸੀ ਪਰ ਅੱਜ ਸਿਆਸੀ ਦ੍ਰਿਸ਼ ਨਾਟਕੀ ਢੰਗ ਨਾਲ ਬਦਲ ਗਿਆ ਹੈ। ਸੋਸ਼ਲ ਮੀਡੀਆ ਨੇ ਸਭ ਕੁਝ ਦਿਸਣ ਲਾ ਦਿੱਤਾ ਹੈ। ਜਾਣਕਾਰੀ ਤੇਜ਼ੀ ਨਾਲ ਫੈਲਦੀ ਹੈ ਤੇ ਲੋਕ ਬਹੁਤ ਤੇਜ਼ੀ ਨਾਲ ਜਥੇਬੰਦ ਹੋ ਸਕਦੇ ਹਨ।

Advertisement

ਸ੍ਰੀਲੰਕਾ ਤੇ ਬੰਗਲਾਦੇਸ਼ ਵਾਂਗ ਨੇਪਾਲ ਵਿੱਚ ਵੀ ਨੌਜਵਾਨਾਂ ਅਤੇ ਬੇਰੁਜ਼ਗਾਰਾਂ ਵਿੱਚ ਨਿਰਾਸ਼ਾ ਫੈਲੀ ਹੋਈ ਹੈ। ਉਨ੍ਹਾਂ ਨੂੰ ਸਿਆਸੀ ਜਮਾਤ ਦੇ ਵਾਅਦਿਆਂ ਵਿੱਚ ਆਪਣਾ ਹਿੱਸਾ ਲਗਾਤਾਰ ਘਟਦਾ ਨਜ਼ਰ ਆ ਰਿਹਾ ਹੈ। ਗੁੱਸਾ ਅਸਲ ਅਤੇ ਗਹਿਰਾ ਹੈ। ਉਂਝ, ਇਰਾਦੇ ਕਿੰਨੇ ਵੀ ਨੇਕ ਕਿਉਂ ਨਾ ਹੋਣ, ਹਿੰਸਾ ਅਤੇ ਤਬਾਹੀ ਨੂੰ ਉਤਸ਼ਾਹਿਤ ਕਰਨਾ ਕਿਸੇ ਵੀ ਵਿਰੋਧ ਪ੍ਰਦਰਸ਼ਨ ਲਈ ਚੰਗਾ ਸੰਕੇਤ ਨਹੀਂ। ਹਿੰਸਾ ’ਤੇ ਉਤਾਰੂ ਹੋਣਾ ਨਾ ਸਿਰਫ਼ ਦੁਖਦਾਈ ਹੈ, ਸਗੋਂ ਆਮ ਤੌਰ ’ਤੇ ਨੁਕਸਾਨਦੇਹ ਵੀ ਹੈ। ਇਹ ਸਰਕਾਰ ਨੂੰ ਬੇਰਹਿਮ ਕਾਰਵਾਈ ਕਰਨ ਦਾ ਮੌਕਾ ਦਿੰਦਾ ਹੈ। ਇਸ ਦੇ ਨਾਲ ਹੀ, ਸੜਕਾਂ ’ਤੇ ਹੋਈ ਹਿੰਸਾ ਦੀ ਜ਼ਿੰਮੇਵਾਰੀ ਸਰਕਾਰ ਨੂੰ ਵੀ ਲੈਣੀ ਚਾਹੀਦੀ ਹੈ। ਜਦੋਂ ਲੋਕਤੰਤਰ ਦੇ ‘ਪ੍ਰੈੱਸ਼ਰ ਵਾਲਵ’ ਘੁੱਟ ਕੇ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਇਸ ਦਾ ਫਟਣਾ ਲਗਭਗ ਤੈਅ ਹੁੰਦਾ ਹੈ।

ਦੁਨੀਆ ਭਰ ਦੇ ਤਜਰਬੇ ਦੱਸਦੇ ਹਨ ਕਿ ਲੋਕਤੰਤਰ ਸਿਰਫ਼ ਸਮੇਂ-ਸਮੇਂ ਹੋਣ ਵਾਲੀਆਂ ਚੋਣਾਂ ਜਾਂ ਰਸਮੀ ਸੰਸਥਾਵਾਂ ਦੀ ਮੌਜੂਦਗੀ ਨਾਲ ਹੀ ਨਹੀਂ ਚੱਲਦਾ; ਇਸ ਦੀ ਅਸਲ ਰੂਹ ਅਸਹਿਮਤੀ ਹੈ- ਸਵਾਲ ਕਰਨਾ, ਮਤਭੇਦ ਰੱਖਣਾ ਤੇ ਸ਼ਾਸਨ ਨੂੰ ਚੁਣੌਤੀ ਦੇਣਾ। ਇਸ ਦੇ ਬਿਨਾਂ ਲੋਕਤੰਤਰ ਖੋਖਲਾ ਹੋ ਜਾਂਦਾ ਹੈ; ਮਹਿਜ਼ ਪ੍ਰਕਿਰਿਆ ਬਣ ਕੇ ਰਹਿ ਜਾਂਦਾ ਹੈ।

ਲੋਕਤੰਤਰ ਨੂੰ ਜੀਵਤ, ਸਾਹ ਲੈਣ ਵਾਲੇ ਪੌਦੇ ਵਾਂਗ ਮੰਨਣਾ ਚਾਹੀਦਾ ਹੈ, ਜਿਸ ਨੂੰ ਆਪਣੇ ਕੁਦਰਤੀ ਰੂਪ ’ਚ ਵਧਣ-ਫੁੱਲਣ ਲਈ ਖੁੱਲ੍ਹੀ ਹਵਾ, ਧੁੱਪ ਅਤੇ ਭਰਪੂਰ ਪਾਣੀ ਦੀ ਲੋੜ ਹੁੰਦੀ ਹੈ। ਲੋਕਤੰਤਰ ਦਾ ਸਾਰ ਇਸ ਦੀ ਖੁੱਲ੍ਹ ਵਿੱਚ, ਅਸਹਿਮਤੀ ਨੂੰ ਜਜ਼ਬ ਕਰਨ ਦੀ ਇਸ ਦੀ ਯੋਗਤਾ ਵਿੱਚ, ਆਪਣੀਆਂ ਜੜ੍ਹਾਂ ਨੂੰ ਸਮਾਜ ਦੀ ਮਿੱਟੀ ਵਿੱਚ ਡੂੰਘਾਈ ਤੱਕ ਫੈਲਾਉਣ ਵਿੱਚ ਅਤੇ ਉਨ੍ਹਾਂ ਦਿਸ਼ਾਵਾਂ ਵਿੱਚ ਫੈਲਣ ਵਿੱਚ ਹੈ ਜੋ ਲੋਕਾਂ ਦੀ ਇੱਛਾ ਨੂੰ ਦਰਸਾਉਂਦੀਆਂ ਹਨ। ਇਸ ਨੂੰ ਰੋਕਣਾ, ਬੇਮਤਲਬ ਛਾਂਗਣਾ, ਜਾਂ ਉਸ ਰੂਪ ’ਚ ਸੀਮਤ ਕਰਨਾ ਜੋ ਸੱਤਾ ’ਚ ਬੈਠੇ ਲੋਕ ਚਾਹੁੰਦੇ ਹਨ, ਇਸ ਨੂੰ ‘ਬੋਨਸਾਈ’ ਵਿੱਚ ਬਦਲਣ ਵਰਗਾ ਹੈ- ਬਿਲਕੁਲ ਸਜਾਵਟੀ, ਛੋਟਾ ਤੇ ਨਿਰਜੀਵ ਰੁੱਖ, ਹਕੀਕਤ ਤੋਂ ਕਿਤੇ ਵੱਖਰਾ। ‘ਬੋਨਸਾਈ’ ਜਾਪਾਨੀ ਕਲਾ ਹੈ ਜਿਸ ਵਿੱਚ ਛੋਟੇ ਬਰਤਨਾਂ ਜਾਂ ਟ੍ਰੇਆਂ ਵਿੱਚ ਰੁੱਖਾਂ ਨੂੰ ਬੌਣਾ ਬਣਾ ਕੇ ਉਗਾਇਆ ਜਾਂਦਾ ਹੈ। ਇਹ ਰੁੱਖ ਆਕਾਰ ਵਿੱਚ ਛੋਟੇ ਹੁੰਦੇ ਹਨ, ਪਰ ਇਹ ਪੂਰੇ ਰੁੱਖ ਵਾਂਗ ਦਿਖਾਈ ਦਿੰਦੇ ਹਨ। ਬੋਨਸਾਈ ਸ਼ਾਇਦ ਸ਼ੈਲਫ ’ਤੇ ਸੁੰਦਰ ਲੱਗੇ, ਪਰ ਇਸ ਦੀ ਕੋਈ ਛਾਂ ਨਹੀਂ ਹੁੰਦੀ, ਫ਼ਲ ਨਹੀਂ ਹੁੰਦੇ, ਪੰਛੀਆਂ ਦੇ ਆਲ੍ਹਣਾ ਬਣਾਉਣ ਲਈ ਕੋਈ ਜਗ੍ਹਾ ਨਹੀਂ ਹੁੰਦੀ। ਅਜਿਹੇ ਦਿਖਾਵੇ ਤੱਕ ਸੀਮਤ ਲੋਕਤੰਤਰ ਸ਼ਾਇਦ ਕੁਝ ਸਮੇਂ ਲਈ ਚਕਾਚੌਂਧ ਕਰੇ, ਪਰ ਇਹ ਆਪਣੇ ਲੋਕਾਂ ਦੀਆਂ ਇੱਛਾਵਾਂ ’ਤੇ ਖ਼ਰਾ ਉਤਰਨਾ ਬੰਦ ਕਰ ਦਿੰਦਾ ਹੈ। ਸੱਚੇ ਲੋਕਤੰਤਰ ਨੂੰ ਜੰਗਲ ਵਾਂਗ ਇੱਧਰ-ਉੱਧਰ ਫੈਲਣ ਦੇਣਾ ਚਾਹੀਦਾ ਹੈ। ਜੋ ਲੋਕ ਕੰਟਰੋਲ, ਇਕਸੁਰਤਾ ਜਾਂ ਸੌਖ ਦੇ ਨਾਮ ’ਤੇ ਇਸ ਦਾ ਵਾਧਾ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਉਹ ਲੋਕਤੰਤਰ ਦਾ ਸਾਹ ਘੁੱਟ ਰਹੇ ਹੁੰਦੇ ਹਨ।

ਬਦਕਿਸਮਤੀ ਨਾਲ ਹਾਲੀਆ ਸਮਿਆਂ ’ਚ, ਮਤਭੇਦਾਂ ਨੂੰ ਅਕਸਰ ਅਡਿ਼ੱਕੇ ਵਜੋਂ ਗ਼ਲਤ ਸਮਝਿਆ ਗਿਆ ਹੈ। ਫਿਰ ਵੀ ਇਤਿਹਾਸ ਸਾਨੂੰ ਕੁਝ ਹੋਰ ਦੱਸਦਾ ਹੈ: ਅਸਹਿਮਤੀ ਹੀ ਹੈ ਜਿਸ ਨੇ ਅਧਿਕਾਰਾਂ ਦਾ ਵਿਸਥਾਰ ਕੀਤਾ, ਗ਼ਲਤੀਆਂ ਸੁਧਾਰੀਆਂ ਅਤੇ ਆਜ਼ਾਦੀਆਂ ਨੂੰ ਗਹਿਰਾ ਕੀਤਾ। ਹਰ ਮਹਾਨ ਜਮਹੂਰੀ ਤਰੱਕੀ, ਇਹ ਭਾਵੇਂ ਨਾਗਰਿਕ ਅਧਿਕਾਰਾਂ ਦੀ ਲੜਾਈ, ਬਰਾਬਰੀ ਦੀ ਮੰਗ ਜਾਂ ਨਿਆਂ ਤੇ ਸਮਾਜਿਕ ਨਿਆਂ ਲਈ ਸੰਘਰਸ਼ ਹੋਵੇ, ਚੁੱਪ ਨੂੰ ਸਹਿਮਤੀ ਮੰਨਣ ਤੋਂ ਇਨਕਾਰੀ ਹੋਣ ਵਿੱਚ ਹੀ ਜੜੀ ਹੋਈ ਹੈ। ਅਸਹਿਮਤੀ ਨੂੰ ਦੇਸ਼ਧ੍ਰੋਹ ਵਜੋਂ ਪੇਸ਼ ਕਰਨਾ ਛਾਂਗੇ ਜਾਣ ਨੂੰ ਪੋਸ਼ਣ ਸਮਝਣ ਦੀ ਗ਼ਲਤੀ ਕਰਨ ਬਰਾਬਰ ਹੈ; ਇਹ ਲੋਕਤੰਤਰ ਨੂੰ ਬੋਨਸਾਈ ਵਿੱਚ ਬਦਲਣ ਦੀ ਕੋਸ਼ਿਸ਼ ਹੈ, ਜਿਸ ਦਾ ਆਕਾਰ ਤਾਂ ਤੈਅ ਹੈ ਪਰ ਇਸ ਦਾ ਕੁਦਰਤੀ ਵਾਧਾ ਨਕਾਰਿਆ ਗਿਆ ਹੈ। ਇਹ ਸਵਾਲ ਕਰਨ ਵਾਲੀ ਸੁਰ ਹੀ ਹੈ ਜੋ ਬੇਪਰਵਾਹੀ ਨੂੰ ਰੋਕਦੀ ਹੈ ਤੇ ਵੱਖਰਾ ਨਜ਼ਰੀਆ ਹੈ ਜੋ ਬਹਿਸ ਦਾ ਦਰਜਾ ਉੱਚਾ ਚੁੱਕਦਾ ਹੈ। ਲੋਕਤੰਤਰ ਅਸਹਿਮਤੀ ਦੀ ਮਿੱਟੀ ਵਿੱਚ ਹੀ ਵਧਦਾ-ਫੁਲਦਾ ਹੈ।

ਭਾਰਤ ਦੀਆਂ ਲੋਕਤੰਤਰ ’ਚ ਜੜ੍ਹਾਂ, ਇਸ ਦੇ ਬਹੁਤੇ ਗੁਆਂਢੀਆਂ ਨਾਲੋਂ ਕਿਤੇ ਜ਼ਿਆਦਾ ਡੂੰਘੀਆਂ ਹਨ, ਪਰ ਇੱਥੇ ਵੀ ਅਸਹਿਮਤੀ ਦੀ ਮਿੱਟੀ ਨੂੰ ਲਗਾਤਾਰ ਖ਼ਰਾਬ ਕੀਤਾ ਜਾ ਰਿਹਾ ਹੈ। ਚੋਣਾਂ ਦੀ ਰਵਾਇਤ ਲਗਾਤਾਰ ਕਾਇਮ ਹੈ, ਪਰ ਲੋਕਤੰਤਰ ਨੂੰ ਸਿਰਫ਼ ਅੰਕਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਬਹੁਮਤ ਦਾ ਜਸ਼ਨ ਮਨਾ ਸਕਦੀਆਂ ਹਨ, ਪਰ ਸੱਚੇ ਲੋਕਤੰਤਰ ’ਚ ਘੱਟਗਿਣਤੀਆਂ ਦੀ ਆਵਾਜ਼, ਮੁਸ਼ਕਿਲ ਸਵਾਲਾਂ ਤੇ ਤਿੱਖੀ ਆਲੋਚਨਾ ਦਾ ਸਤਿਕਾਰ ਕਰਨ ਦੀ ਵੀ ਲੋੜ ਹੁੰਦੀ ਹੈ। ਅਸਹਿਮਤੀ ਨੂੰ ‘ਰਾਸ਼ਟਰ ਵਿਰੋਧੀ’ ਕਰਾਰ ਦੇਣਾ ਆਗਿਆਕਾਰੀ ਵਿਹਾਰ ਨੂੰ ਦੇਸ਼ਭਗਤੀ ਨਾਲ ਉਲਝਾਉਣ ਵਰਗਾ ਹੈ। ਇਹ ਖ਼ਤਰਨਾਕ ਝੂਠ ਹੈ ਜੋ ਗਣਰਾਜ ਨੂੰ ਕਮਜ਼ੋਰ ਕਰਦਾ ਹੈ।

ਸਾਡਾ ਸੁਤੰਤਰਤਾ ਸੰਗਰਾਮ ਬ੍ਰਿਟਿਸ਼ ਸਾਮਰਾਜ, ਸ਼ੋਸ਼ਣ ਅਤੇ ਬੇਇਨਸਾਫ਼ੀ ਖਿ਼ਲਾਫ਼ ਅਸਹਿਮਤੀਆਂ ’ਚੋਂ ਨਿਕਲਿਆ ਸੀ। ਜੇ ਅਸਹਿਮਤੀ ਦੇਸ਼ਧ੍ਰੋਹ ਸੀ ਤਾਂ ਸਾਡੀ ਆਜ਼ਾਦੀ ਦੇ ਨਿਰਮਾਤਾ ਸਾਰੇ ਗੱਦਾਰ ਸਨ। ਇਸ ਦੀ ਬਜਾਏ, ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਿਰਮਾਤਾ ਬਣੇ। ਫਿਰ ਵੀ ਅੱਜ ਲੇਖਕਾਂ, ਪੱਤਰਕਾਰਾਂ, ਵਿਦਿਆਰਥੀਆਂ, ਕਾਰਕੁਨਾਂ, ਇੱਥੋਂ ਤੱਕ ਕਿ ਆਮ ਨਾਗਰਿਕਾਂ ਨੂੰ ਵੀ ਸੱਤਾ ਅੱਗੇ ਸੱਚ ਬੋਲਣ ਤੋਂ ਡਰਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੀ ਨਿਆਂਪਾਲਿਕਾ ਦੇ ਨਤੀਜੇ ਵਜੋਂ ਕੈਦ ’ਚ ਹਨ, ਜੋ ਕਾਨੂੰਨ ਨੂੰ ਸਖ਼ਤੀ ਅਤੇ ਲਗਾਤਾਰਤਾ ਨਾਲ ਲਾਗੂ ਕਰਨ ਤੋਂ ਝਿਜਕਦੀ ਹੈ। ਸੰਸਦ, ਜੋ ਕਦੇ ਠੋਸ ਬਹਿਸ ਦਾ ਪਵਿੱਤਰ ਸਥਾਨ ਸੀ, ਨੂੰ ਅਕਸਰ ਇੱਛਤ ਪ੍ਰਦਰਸ਼ਨ ਤੱਕ ਸੀਮਤ ਕਰ ਦਿੱਤਾ ਗਿਆ ਹੈ, ਜਿੱਥੇ ਔਖੇ ਸਵਾਲਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਮੀਡੀਆ, ਜੋ ਲੋਕਤੰਤਰ ਦਾ ਸ਼ੀਸ਼ਾ ਹੋਣਾ ਚਾਹੀਦਾ ਹੈ, ਲਗਭਗ ਇਸ ਦਾ ਭਾਰੀ ਪਰਦਾ ਬਣ ਚੁੱਕਾ ਹੈ। ਜੇ ਕੋਈ ਉਨ੍ਹਾਂ ਸੰਸਥਾਵਾਂ ਦੇ ਘੇਰੇ ਨੂੰ ਦੇਖੇ, ਜਿਨ੍ਹਾਂ ਵਿਰੁੱਧ ਨੇਪਾਲ ਵਿੱਚ ਨੌਜਵਾਨਾਂ ਨੇ ਗੁੱਸਾ ਕੱਢਿਆ ਹੈ ਤਾਂ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਤੰਤਰ ਦੇ ਹਰੇਕ ਹਿੱਸੇ ਖ਼ਿਲਾਫ਼ ਉਨ੍ਹਾਂ ਦੀ ਨਾਰਾਜ਼ਗੀ ਕਿੰਨੀ ਡੂੰਘੀ ਅਤੇ ਵਿਆਪਕ ਹੈ। ਪ੍ਰਦਰਸ਼ਨਕਾਰੀਆਂ ਨੇ ਪਾਰਟੀ ਦਫ਼ਤਰਾਂ, ਸੰਸਦ, ਨਿਆਂਪਾਲਿਕਾ ਅਤੇ ਮੀਡੀਆ ਹੈੱਡਕੁਆਰਟਰਾਂ ’ਤੇ ਹਮਲਾ ਕੀਤਾ ਤੇ ਅੱਗ ਲਾ ਦਿੱਤੀ।

ਲੋਕਤੰਤਰ ਦੇ ਪ੍ਰਸੰਗ ਵਿੱਚ ਵੱਖ-ਵੱਖ ਮਹਾਦੀਪਾਂ ’ਚ ਨਜ਼ਰ ਆਈ ਭਟਕਣ ਤੋਂ ਭਾਰਤ ਨੂੰ ਵੀ ਚਿੰਤਤ ਹੋਣਾ ਚਾਹੀਦਾ ਹੈ। ਤੁਰਕੀ ਤੇ ਹੰਗਰੀ ਵਿੱਚ ਮਤਭੇਦ ਰੱਖਣ ਵਾਲਿਆਂ ਨੂੰ ਦੇਸ਼ ਦੇ ਦੁਸ਼ਮਣ ਦੱਸਿਆ ਜਾਂਦਾ ਹੈ। ਯੂਰੋਪੀਅਨ ਯੂਨੀਅਨ ਦੇ ਕੁਝ ਹਿੱਸਿਆਂ ਵਿੱਚ ਸੁਤੰਤਰ ਸੰਸਥਾਵਾਂ ਘੇਰਾਬੰਦੀ ਅਧੀਨ ਹਨ। ਇੱਥੋਂ ਤੱਕ ਕਿ ਅਮਰੀਕਾ ਵਿੱਚ ਵੀ, ਜਿਸ ਨੂੰ ਕਦੇ ਲੋਕਤੰਤਰ ਦਾ ਮਾਰਗ ਦਰਸ਼ਕ ਮੰਨਿਆ ਜਾਂਦਾ ਸੀ, ਧਰੁਵੀਕਰਨ ਨੇ ਸਾਂਝੇ ਮਾਪਦੰਡਾਂ ਨੂੰ ਖ਼ਤਮ ਕਰ ਦਿੱਤਾ ਹੈ।

ਸਾਨੂੰ ਆਪਣੇ ਵਿਹਾਰ ਦੁਆਰਾ ਆਪਣੇ ਗੁਆਂਢੀਆਂ ਅਤੇ ਸੰਸਾਰ ਨੂੰ ਸੁਨੇਹਾ ਦੇਣਾ ਚਾਹੀਦਾ ਹੈ: ਮਤਭੇਦਾਂ ਤੋਂ ਬਿਨਾਂ ਲੋਕਤੰਤਰ ਉਸ ਰੁੱਖ ਵਰਗਾ ਹੈ ਜਿਸ ਨੂੰ ਧੁੱਪ, ਹਵਾ ਅਤੇ ਪਾਣੀ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਇਹ ਰੁੱਖ ਦਾ ਰੂਪ ਤਾਂ ਧਾਰ ਸਕਦਾ ਹੈ, ਪਰ ਸਾਰ ਵਿੱਚ ਇਹ ਬੋਨਸਾਈ ਹੈ। ਲੋਕਤੰਤਰ ਨੂੰ ਛਾਂਗ ਕੇ ਬੋਨਸਾਈ ਬਣਾਉਣਾ, ਸੱਤਾਧਾਰੀਆਂ ਨੂੰ ਤਾਂ ਖੁਸ਼ ਕਰ ਸਕਦਾ ਹੈ, ਪਰ ਇਹ ਲੋਕਾਂ ਤੋਂ ਛਾਂ, ਫ਼ਲ, ਅਤੇ ਆਸਰਾ ਖੋਹ ਲੈਂਦਾ ਹੈ। ਭਾਰਤ ਅਤੇ ਨਾਲ ਹੀ ਦੁਨੀਆ, ਅਜਿਹੇ ਲੋਕਤੰਤਰ ਦੇ ਹੱਕਦਾਰ ਹਨ ਜੋ ਪੂਰੇ ਰੁੱਖ ਵਾਂਗ ਵਧਦਾ ਹੈ। ਲੋਕਤੰਤਰ ਨੂੰ ਕਾਇਮ ਰੱਖਣ ਲਈ ਇਸ ਨੂੰ ਵਧਣ-ਫੁੱਲਣ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ।

*ਲੇਖਕ ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਮੈਂਬਰ ਹਨ।

Advertisement
Show comments