ਟਰੰਪ-ਪੂਤਿਨ ਸ਼ਾਂਤੀ ਵਾਰਤਾ ਦੀ ਹਕੀਕਤ
ਲਗਾਤਾਰ ਸਾਢੇ ਤਿੰਨ ਵਰ੍ਹਿਆਂ ਤੋਂ ਰੂਸ-ਯੂਕਰੇਨ ਵਿਚਕਾਰ ਖ਼ਤਰਨਾਕ ਜੰਗ ਜਾਰੀ ਹੈ। ਸਾਮਰਾਜੀ ਤਾਕਤਾਂ ਵਿਚਕਾਰ ਆਪਸੀ ਭੇੜ, ਖੇਤਰੀ ਵੰਡ ਅਤੇ ਲੁੱਟ ਦਾ ਜ਼ਰੀਆ ਬਣੀ ਯੂਕਰੇਨ ਜੰਗ ਅਸਲ ਵਿੱਚ ਪ੍ਰੌਕਸੀ ਜੰਗ ਹੈ, ਜਿਸ ਤਹਿਤ ਆਮ ਯੂਕਰੇਨੀ ਪਿਸ ਰਹੇ ਹਨ। ਸੱਤਾ ਦੀ ਕੁਰਸੀ ਸੰਭਾਲਣ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਜੰਗਬੰਦੀ ਦਾ ਰਾਗ ਅਲਾਪਦੇ ਰਹੇ ਪਰ ਹਕੀਕਤ ਵਿੱਚ ਇਸ ਜੰਗ ਵਿੱਚੋਂ ਆਰਥਿਕ ਵਪਾਰਕ ਲਾਹੇ ਲੈਣ ਲਈ ਇਸ ਨੂੰ ਹੋਰ ਵੱਧ ਤੇਜ਼ ਕੀਤਾ ਜਾ ਰਿਹਾ ਹੈ। ਰੂਸ ਉੱਤੇ ਨਵੀਆਂ ਸਖ਼ਤ ਆਰਥਿਕ ਪਾਬੰਦੀਆਂ ਦੀਆਂ ਧਮਕੀਆਂ ਅਤੇ ਯੂਕਰੇਨ ਨਾਲ ਲਗਾਤਾਰ ਮਾਰੂ ਜੰਗੀ ਹਥਿਆਰਾਂ ਦੇ ਸਮਝੌਤਿਆਂ ਦੌਰਾਨ ਇਹ ਜੰਗ ਦਿਨ-ਬਦਿਨ ਹੋਰ ਤੀਬਰ ਹੋ ਰਹੀ ਹੈ। ਸ਼ਾਂਤੀ ਵਾਰਤਾ ਦੌਰਾਨ ਵੀ ਦੋਹਾਂ ਮੁਲਕਾਂ ਵਿਚਕਾਰ ਜੰਗੀ ਹਮਲੇ ਜਾਰੀ ਰਹੇ। ਹੁਣ ਤੱਕ ਰੂਸ ਨੇ ਯੂਕਰੇਨ ਦੇ ਕਈ ਮਹੱਤਵਪੂਰਨ ਖੇਤਰਾਂ ਉੱਤੇ ਸਰਦਾਰੀ ਕਾਇਮ ਕਰ ਲਈ ਹੈ ਅਤੇ ਅਮਰੀਕਾ ਨੇ ਯੂਕਰੇਨ ਨਾਲ ਬੇਸ਼ਕੀਮਤੀ ਖਣਿਜ ਸ੍ਰੋਤਾਂ ਦੇ ਮੁਨਾਫੇ ਵਾਲੇ ਸਮਝੌਤੇ ਹਾਸਲ ਕਰ ਲਏ ਹਨ। ਇਹੀ ਨਹੀਂ, ਰੂਸ ਉੱਤੇ ਮੜ੍ਹੀਆਂ ਪਾਬੰਦੀਆਂ ਕਾਰਨ ਯੂਰੋਪੀਅਨ ਮੁਲਕਾਂ ਲਈ ਪ੍ਰਭਾਵਿਤ ਹੋਈ ਊਰਜਾ ਸਪਲਾਈ ਦੀ ਪੂਰਤੀ ਮਹਿੰਗੀ ਅਮਰੀਕੀ ਬਰਾਮਦ ਨਾਲ ਕੀਤੀ ਜਾ ਰਹੀ ਹੈ। ਸੌਦੇਬਾਜ਼ੀ ਤਹਿਤ ਰੂਸ-ਯੂਕਰੇਨ ਸਥਾਈ ਸ਼ਾਂਤੀ ਬਾਬਤ ਅਮਰੀਕਾ ਦੇ ਸੂਬੇ ਅਲਾਸਕਾ ਵਿੱਚ ਟਰੰਪ-ਪੂਤਿਨ ਮਿਲਣੀ ਕੀਤੀ ਗਈ ਜੋ ਕਿਸੇ ਬੰਨੇ ਨਹੀਂ ਲੱਗੀ। ਉਂਝ, ਇਸ ਮਿਲਣੀ ਦੀ ਡੂੰਘੀ ਰਣਨੀਤਕ ਤੇ ਆਰਥਿਕ-ਸਿਆਸੀ ਮਹੱਤਤਾ ਤੇ ਸਬਕ ਹਨ।
ਇਸ ਸ਼ਾਂਤੀ ਸਮਝੌਤੇ ਦੀ ਸਾਲਸੀ ਦੀ ਪਹਿਲਕਦਮੀ ਅਮਰੀਕਾ ਨੇ ਕੀਤੀ, ਜਿਸ ਲਈ ਸੰਸਾਰ ਸ਼ਾਂਤੀ ਕਦੇ ਵੀ ਮੁੱਖ ਏਜੰਡਾ ਨਹੀਂ ਰਿਹਾ। ਟਰੰਪ ਪ੍ਰਸ਼ਾਸਨ ਤਹਿਤ ਅਮਰੀਕਾ ਦੀ ਇਸ ਸ਼ਾਂਤੀ ਸੰਮੇਲਨ ਦੀ ਮੇਜ਼ਬਾਨੀ ਅਮਰੀਕੀ ਵਿਦੇਸ਼ੀ ਨੀਤੀ ’ਚ ਅਹਿਮ ਤਬਦੀਲੀ ਹੈ ਜਿਸ ਨੇ ਦੁਨੀਆ ਨਾਲੋਂ ਅਲੱਗ-ਥਲੱਗ ਅਤੇ ਆਰਥਿਕ ਪਾਬੰਦੀਆਂ ਦੀ ਮਾਰ ਹੇਠ ਆਏ ਰੂਸ ਦੀ ਕੂਟਨੀਤਕ ਜਿੱਤ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕੱਦ ਨੂੰ ਵਿਸ਼ਵ ਪੱਧਰ ’ਤੇ ਹੋਰ ਉੱਚਾ ਕੀਤਾ ਅਤੇ ਅਮਰੀਕੀ ਭਿਆਲ ਪੱਛਮੀ ਯੂਰੋਪੀਅਨ ਤਾਕਤਾਂ ਲਈ ਸਿਆਸੀ ਸੰਕਟ ਤੇ ਵਿਰੋਧਾਭਾਸ ਵਾਲੀ ਹਾਲਤ ਪੈਦਾ ਕਰ ਦਿੱਤੀ ਹੈ। ਜੰਗੀ ਅਪਰਾਧੀ ਐਲਾਨੇ ਰੂਸੀ ਸ਼ਾਸਕ ਪੂਤਿਨ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਅਮਰੀਕਾ ਲਗਾਤਾਰ ਕਰਦਾ ਰਿਹਾ ਹੈ ਪਰ ਇਸ ਸੰਮੇਲਨ ਵਿੱਚ ਅਮਰੀਕੀ ਸਰਜ਼ਮੀਂ ’ਤੇ ਉਸ ਦਾ ਸਵਾਗਤ ਕਰਨਾ ਅਤੇ ਇਸ ਦੇ ਉਲਟ ਬੀਤੇ ਸਮੇਂ ’ਚ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਵ੍ਹਾਈਟ ਹਾਊਸ ਵਿੱਚ ਬੁਲਾ ਕੇ ਮੀਡੀਆ ਰਾਹੀਂ ਸੰਸਾਰ ਭਰ ਵਿੱਚ ਜਲੀਲ ਕਰਨਾ, ਸਾਮਰਾਜੀ ਭਿਆਲੀ ਵਾਲੇ ਕਮਜ਼ੋਰ ਮੁਲਕਾਂ ਦੀ ਲੁੱਟ ਤੇ ਦਾਬੇ ਲਈ ਸਾਮਰਾਜੀ ਮੁਲਕਾਂ ਦੀਆਂ ਆਪਸੀ ਸੌਦੇਬਾਜ਼ੀਆਂ ਤੇ ਵੰਡੀਆਂ ਦੀ ਵਪਾਰਕ ਜੰਗੀ ਖੇਡ ਨੂੰ ਉਜਾਗਰ ਕਰਦਾ ਹੈ।
ਸ਼ਾਂਤੀ ਵਾਰਤਾ ਦੌਰਾਨ ਰੂਸ ਨੇ ਯੂਕਰੇਨ ਦੁਆਰਾ ਨਾਟੋ ਮੈਂਬਰਸ਼ਿਪ ਹਾਸਲ ਕਰਨ ਦੀ ਕਵਾਇਦ ਬੰਦ ਕਰਨ, ਜੰਗ ਦੌਰਾਨ ਰੂਸ ਦੁਆਰਾ ਯੂਕਰੇਨ ਦੇ ਦੋਨੇਤਸਕ, ਲੋਹਾਂਸਕ, ਖੇਰਸਾਨ, ਜ਼ਾਪੋਰੇਝੀਆ ਅਤੇ ਪਹਿਲਾਂ ਕਬਜ਼ਾਏ ਕ੍ਰੀਮੀਆ ਖੇਤਰਾਂ ਉੱਤੇ ਕਬਜ਼ੇ ਨੂੰ ਸਵੀਕਾਰ ਕਰਨ ਅਤੇ ਰੂਸੀ ਭਾਸ਼ਾ ਦੇ ਅਧਿਕਾਰ ਦਾ ਪ੍ਰਸਤਾਵ ਰੱਖਦਿਆਂ ਇਵਜ਼ਾਨੇ ’ਚ ਯੂਕਰੇਨ ਨੂੰ ਨਾਟੋ ਵਰਗੀ (ਆਰਟੀਕਲ 5) ਸੁਰੱਖਿਆ ਗਰੰਟੀ ਦੇਣ ਦੀ ਆਗਿਆ ਉੱਤੇ ਸਹਿਮਤੀ ਜਤਾਈ। ਉਂਝ, ਇਸ ’ਤੇ ਕੋਈ ਦੁਵੱਲੀ ਰਸਮੀ ਸਹਿਮਤੀ ਨਹੀਂ ਬਣ ਸਕੀ। ਯੂਕਰੇਨੀ ਰਾਸ਼ਟਰਪਤੀ ਨੇ ਆਪਣੇ ਯੂਰੋਪੀਅਨ ਭਾਈਵਾਲ ਮੁਲਕਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਟਰੰਪ ਨਾਲ ਵ੍ਹਾਈਟ ਹਾਊਸ ਵਿੱਚ ਐਮਰਜੈਂਸੀ ਮੀਟਿੰਗ ਕੀਤੀ ਪਰ ਜੰਗੀ ਖੇਤਰ ਵਿੱਚ ਜ਼ਮੀਨੀ ਅਦਲਾ-ਬਦਲੀ ਅਤੇ ਸੁਰੱਖਿਆ ਗਰੰਟੀ ਨੂੰ ਲੈ ਕੇ ਹੋਈ ਆਸ ਵਾਲੀ ਤੇ ਬਹੁ-ਪੱਖੀ ਗੱਲਬਾਤ ਦੇ ਬਾਵਜੂਦ ਸ਼ਾਂਤੀ ਜਾਂ ਜੰਗਬੰਦੀ ਦੀ ਵਾਰਤਾ ਸਿਰੇ ਨਹੀਂ ਚੜ੍ਹ ਸਕੀ। ਤਿਕੋਣੇ ਸਿਖਰ ਸੰਮੇਲਨ ਦੀਆਂ ਸੰਭਾਵਨਾਵਾਂ ਵੀ ਅੱਧ ਵਿਚਾਲੇ ਟੁੱਟ ਗਈਆਂ ਹਨ। ਦੂਜੇ ਪਾਸੇ ਟਰੰਪ ਨੇ ਬੇਵਸੀ ਜ਼ਾਹਿਰ ਕਰਦਿਆਂ ਸ਼ਾਂਤੀ ਵਾਰਤਾ ਦੀ ਅਸਫਲਤਾ ਤੋਂ ਬਾਅਦ ਸ਼ਾਂਤੀ ਲਈ ਦਬਾਅ ਬਣਾਉਣ ਲਈ ਰੂਸ ਉੱਤੇ ਨਵੀਆਂ ਆਰਥਿਕ ਪਾਬੰਦੀਆਂ ਮੜ੍ਹਨ ਦੀ ਧਮਕੀ ਦੇ ਦਿੱਤੀ। ਇਸੇ ਦੌਰਾਨ ਟਰੰਪ ਦੀਆਂ ਸੰਸਾਰ ਭਰ ਦੇ ਮੁਲਕਾਂ ਨੂੰ ਦਿੱਤੀਆਂ ਜਾ ਰਹੀਆਂ ਅਰਾਜਕ ਟੈਰਿਫ ਨੀਤੀਆਂ ਦੀਆਂ ਧਮਕੀਆਂ ਦਾ ਜਲੌਅ ਹੌਲੀ-ਹੌਲੀ ਮੱਠਾ ਪੈ ਰਿਹਾ ਹੈ। ਟਰੰਪ ਦੀ ਰੂਸ ਨੂੰ ਆਰਥਿਕ ਪਾਬੰਦੀਆਂ ਵਾਲੀ ਧਮਕੀ ਵੀ ਬੇਅਸਰ ਹੋਣ ਦੀ ਸੰਭਾਵਨਾ ਹੈ; ਸਿੱਟੇ ਵਜੋਂ ਰੂਸ ਯੂਕਰੇਨ ਜੰਗ ਫਿਲਹਾਲ ਜਾਰੀ ਰਹੇਗੀ।
ਦਰਅਸਲ, ਯੂਕਰੇਨ ਵਿੱਚ ਸਾਮਰਾਜੀ ਯੁੱਧ ਵਧ ਰਿਹਾ ਹੈ ਤੇ ਇਹ ਜੰਗ ਯੂਰੋਪੀਅਨ ਮੁਲਕਾਂ ਨੂੰ ਵਧਦੀ ਮਹਿੰਗਾਈ, ਊਰਜਾ ਸੰਕਟ ਅਤੇ ਵਧਦੇ ਲੋਕ ਰੋਹ ਦੇ ਰੂਪ ਵਿੱਚ ਮਹਿੰਗੀ ਪੈ ਰਹੀ ਹੈ। ਯੂਕਰੇਨ ਦਾ ਰੂਸ ਨਾਲ ਯੁੱਧ ਸਾਮਰਾਜੀ ਤਾਕਤਾਂ ਦੀ ਮਦਦ ਬਿਨਾਂ ਬੇਮੇਚਾ ਹੈ ਅਤੇ ਸੰਕਟ ਵਿੱਚ ਘਿਰੇ ਅਮਰੀਕਾ ਲਈ ਇਹ ਯੁੱਧ ਚੀਨ ਨੂੰ ਮਜ਼ਬੂਤੀ ਲਈ ਮੌਕਾ ਮੁਹੱਈਆ ਕਰਨ ਅਤੇ ਜੰਗ ਵਿੱਚੋਂ ਹਾਰ ਦੇ ਰੂਪ ਵਿੱਚ ਸਤਾ ਰਿਹਾ ਹੈ। ਇਸ ਸਮੇਂ ਅਮਰੀਕੀ ਸਾਮਰਾਜ ਅਤੇ ਟਰੰਪ ਪ੍ਰਸ਼ਾਸਨ ਲਈ ਮੁੱਖ ਚੁਣੌਤੀ ਚੀਨ ਹੈ। ਇਸ ਲਈ ਚੀਨ ਨੂੰ ਘੇਰਨ ਅਤੇ ਯੂਕਰੇਨੀ ਯੁੱਧ ਵਿੱਚ ਤੈਅਸ਼ੁਦਾ ਹਾਰ ਦੀ ਨਮੋਸ਼ੀ ਤੋਂ ਬਚਣ ਲਈ ਟਰੰਪ ਪ੍ਰਸ਼ਾਸਨ ਨੇ ਅਗਾਊਂ ਸ਼ਾਂਤੀ ਸਮਝੌਤੇ ਦਾ ਰਾਹ ਲੱਭਿਆ। ਟਰੰਪ ਦਾ ਇਹ ਦਾਅ 1970 ਵਿੱਚ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਵਿਦੇਸ਼ ਮੰਤਰੀ ਹੈਨਰੀ ਕਸਿੰਜਰ ਦੀ ਉਸ ਵਿਦੇਸ਼ ਨੀਤੀ ਦਾ ਹਿੱਸਾ ਹੈ ਜਿਸ ਤਹਿਤ ਰੂਸ ਚੀਨ ਗੱਠਜੋੜ ਨੂੰ ਕਮਜ਼ੋਰ ਕਰਨ ਲਈ ਪੂਤਿਨ ਨਾਲ ਅਮਰੀਕੀ ਸਬੰਧਾਂ ਨੂੰ ਸੁਧਾਰਨਾ ਲਾਜ਼ਮੀ ਹੈ। ਬਾਇਡਨ ਪ੍ਰਸ਼ਾਸਨ ਵੇਲੇ ਤੋਂ ਯੂਕਰੇਨ ਨੂੰ ਸ਼ੁਰੂ ਹੋਈ ਅਮਰੀਕੀ ਵਿੱਤੀ ਤੇ ਫੌਜੀ ਸਹਾਇਤਾ ਰੂਸ ਚੀਨ ਦੀ ਆਪਸੀ ਨੇੜਤਾ ਅਤੇ ਗਲੋਬਲ ਸਾਊਥ ਦੀ ਮਜ਼ਬੂਤੀ ਦਾ ਕਾਰਨ ਵੀ ਬਣ ਰਹੀ ਹੈ ਜੋ ਵਿਸ਼ਵ ਸ਼ਕਤੀ ਬਣੇ ਰਹਿਣ ਦੀ ਅਮਰੀਕੀ ਹਸਰਤ ਦੇ ਰਾਹ ਦਾ ਰੋੜਾ ਹੈ। ਅਮਰੀਕੀ ਮਹਾਂ ਸ਼ਕਤੀ ਪਹਿਲਾਂ ਦੇ ਸਮੇਂ ਨਾਲੋਂ ਕਮਜ਼ੋਰ ਹੋ ਰਹੀ ਹੈ ਤੇ ਇਸ ਦਾ ਕਰਜ਼ਾ ਸੰਕਟ ਗਹਿਰਾ ਹੋ ਰਿਹਾ ਹੈ। ਲਗਾਤਾਰ ਸੰਕਟ ਵਿੱਚ ਘਿਰ ਰਹੇ ਅਮਰੀਕੀ ਸਾਮਰਾਜੀ ਨੁਮਾਇੰਦੇ ਸੰਸਾਰ ਉੱਤੇ ਅਰਾਜਕ ਆਰਥਿਕ ਵਪਾਰਕ ਤੇ ਜੰਗੀ ਨੀਤੀਆਂ ਥੋਪ ਰਹੇ ਹਨ।
ਸ਼ਾਂਤੀ ਸਮਝੌਤੇ ਦੀ ਇਹ ਤਜਵੀਜ਼ ਟਰੰਪ ਦੀ ਵਿਸ਼ਵ ਪ੍ਰਸਿੱਧੀ ਅਤੇ ਨੋਬੇਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਦੀ ਵਿਅਕਤੀਗਤ ਇੱਛਾ ਨਾਲੋਂ ਕਿਤੇ ਵੱਧ ਗਲੋਬਲ ਤਾਕਤਾਂ ਦਾ ਸਮਤੋਲ ਬਰਕਰਾਰ ਰੱਖਣ ਦੇ ਮਨਸੂਬਿਆਂ ਵਿੱਚੋਂ ਨਿਕਲੀ ਹੈ। ਇਹ ਜੰਗ ਟਰੰਪ ਜਾਂ ਬਾਇਡਨ ਦੀ ਤੰਗਨਜ਼ਰ ਸਿਆਸੀ ਤਾਅਨੇਬਾਜ਼ੀ ਨਾਲੋਂ ਜਿ਼ਆਦਾ ਲੁੱਟ ਅਤੇ ਦਾਬੇ ਦੀ ਸਾਮਰਾਜਵਾਦੀ ਨੀਤੀ ਦਾ ਨਤੀਜਾ ਹੈ। ਇਸ ਲਈ ਇਸ ਸੰਮੇਲਨ ਨੂੰ ਸਾਮਰਾਜਵਾਦੀ ਸ਼ਕਤੀਆਂ ਦੀ ਗਤੀਸ਼ੀਲਤਾ ਦੇ ਪ੍ਰਗਟਾਵੇ ਵਜੋਂ ਦੇਖਣਾ ਚਾਹੀਦਾ ਹੈ। ਅਜੋਕੇ ਸਾਮਰਾਜੀ-ਪੂੰਜੀਵਾਦੀ ਯੁੱਗ ਅੰਦਰ ਅਜਿਹੇ ਸੰਮੇਲਨ ਪੂੰਜੀਵਾਦੀ ਕੁਲੀਨ ਵਰਗ ਦੇ ਹਿੱਤਾਂ ਦੀ ਪੂਰਤੀ ਲਈ ਕੀਤੇ ਜਾਂਦੇ ਹਨ। ਸਾਮਰਾਜੀ ਦੌਰ ਅੰਦਰ ਸਥਾਈ ਸ਼ਾਂਤੀ ਯੀਟੋਪੀਆਈ ਆਦਰਸ਼ ਤੋਂ ਵੱਧ ਕੁਝ ਵੀ ਨਹੀਂ। ਅਜਿਹੇ ਸਮਝੌਤੇ ਅਸਥਾਈ ਅਤੇ ਭੂ-ਰਾਜਨੀਤਕ ਚਾਲਾਂ ਵਜੋਂ ਸਾਮਰਾਜੀ ਰਣਨੀਤੀ ਦਾ ਹਿੱਸਾ ਹੁੰਦੇ ਹਨ। ਇਹ ਪੂੰਜੀਵਾਦੀ ਪ੍ਰਬੰਧ ਹੀ ਹੈ ਜੋ ਜੰਗ ਲਾਉਂਦਾ ਹੈ। ਸਾਮਰਾਜੀ ਪ੍ਰਬੰਧ ਤਹਿਤ ਜੰਗਾਂ ਕਦੇ ਵੀ ਸਥਾਈ ਤੌਰ ’ਤੇ ਖ਼ਤਮ ਨਹੀਂ ਹੁੰਦੀਆਂ, ਬਲਕਿ ਟਕਰਾਅ ਅਸਥਾਈ ਤੌਰ ’ਤੇ ਟਲਦੇ ਤੇ ਮੁੜ ਪਨਪਦੇ ਰਹਿੰਦੇ ਹਨ।
ਸ਼ਾਂਤੀ ਸਮਝੌਤੇ ਦੀ ਕਵਾਇਦ ਨੇ ਯੂਰੋਪੀਅਨ ਸੰਘ ਅਤੇ ਅਮਰੀਕਾ ਵਿਚਕਾਰ ਸੁਆਰਥੀ ਵਿਰੋਧ ਹੋਰ ਉਜਾਗਰ ਕਰ ਦਿੱਤੇ ਹਨ। ਅਮਰੀਕਾ ਅਤੇ ਇਸ ਦੇ ਨਾਟੋ ਭਾਈਵਾਲਾਂ ਵੱਲੋਂ ਰੂਸ ਖਿਲਾਫ ਯੂਕਰੇਨ ਵਿੱਚ ਸ਼ੁਰੂ ਕੀਤੀ ਜੰਗ ਦਾ ਸਭ ਤੋਂ ਵੱਧ ਖਮਿਆਜ਼ਾ ਯੂਕਰੇਨੀ ਤੇ ਯੂਰੋਪੀਅਨ ਮੁਲਕਾਂ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ। ਜੰਗ ਦੌਰਾਨ ਲੱਗੀਆਂ ਆਰਥਿਕ ਰੋਕਾਂ ਕਾਰਨ ਯੂਰੋਪੀਅਨ ਮੁਲਕਾਂ ਵਿੱਚ ਊਰਜਾ ਸੰਕਟ ਖੜ੍ਹਾ ਹੋਇਆ ਹੈ। 1990ਵਿਆਂ ਤੋਂ ਅਮਰੀਕਾ ਵੱਲੋਂ ਰੂਸ ਦੀ ਘੇਰਾਬੰਦੀ ਲਈ ਯੂਰੋਪੀਅਨ ਮੁਲਕਾਂ ਵੱਲ ਨਾਟੋ ਦਾ ਵਿਸਥਾਰ ਅਤੇ ਨਾਟੋ ਲਈ ਹਥਿਆਰਾਂ ਉੱਤੇ ਲਗਾਤਾਰ ਖਰਚ ਕੀਤੇ ਜਾਂਦੇ ਬਜਟ ਦਾ ਬੋਝ ਵੀ ਯੂਰੋਪੀਅਨਾਂ ਉੱਤੇ ਪੈਂਦਾ ਹੈ। ਅਮਰੀਕੀ ਮਨਸੂਬਿਆਂ ਦੀ ਪੂਰਤੀ ਲਈ ਪੈਦਾ ਹੋ ਰਹੇ ਸਰਹੱਦੀ ਟਕਰਾਅ, ਜੰਗਾਂ ਤੇ ਆਰਥਿਕ ਸਿਆਸੀ ਅਸਥਿਰਤਾ ਦਾ ਖਮਿਆਜ਼ਾ ਯੂਰੋਪ ਨੂੰ ਮਹਿੰਗਾ ਪੈ ਰਿਹਾ ਹੈ ਤੇ ਟਰੰਪ ਪ੍ਰਸ਼ਾਸਨ ਦੀਆਂ ਆਪਹੁਦਰੀਆਂ ਨੇ ਸਾਮਰਾਜੀ ਤਾਕਤਾਂ ਦੇ ਆਪਸੀ ਵਿਰੋਧਾਂ ਤੇ ਟਕਰਾਵਾਂ ਨੂੰ ਹੋਰ ਵਧਾ ਦਿੱਤਾ ਹੈ।
ਉਧਰ, ਰੂਸ ਅਤੇ ਯੂਕਰੇਨ ਦੀ ਜੰਗ ਦਾ ਆਧਾਰ ਯੂਕਰੇਨੀ ਕੌਮੀ ਮੁਕਤੀ ਜਾਂ ਲੋਕ ਮੁਕਤੀ ਦਾ ਸੰਘਰਸ਼ ਨਹੀਂ ਬਲਕਿ ਸੋਵੀਅਤ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਯੂਕਰੇਨ ਸਾਮਰਾਜੀ ਤਾਕਤਾਂ ਲਈ ਪ੍ਰੌਕਸੀ ਯੁੱਧ ਦਾ ਕੇਂਦਰ ਬਣ ਗਿਆ ਹੈ। ਇਹ ਜੰਗ ਅਮਰੀਕਾ ਤੇ ਰੂਸ ਦੇ ਆਪਸੀ ਸਾਮਰਾਜੀ ਟਕਰਾਅ ਵਿੱਚੋਂ ਜਨਮੀ ਹੈ। ਅਮਰੀਕਾ ਅਤੇ ਉਸ ਦੇ ਪੱਛਮੀ ਯੂਰੋਪੀਅਨ ਸਹਿਯੋਗੀਆਂ ਨੇ ਰੂਸ ਨੂੰ ਘੇਰਨ ਲਈ ਸਾਬਕਾ ਸੋਵੀਅਤ ਗਣਰਾਜ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਨ ਅਤੇ ਦੁਨੀਆ ਦੀ ਵੰਡ ਤੇ ਲੁੱਟ ਲਈ ਯੂਕਰੇਨ ਨੂੰ ਸਾਮਰਾਜੀ ਜੰਗ ਦੀ ਭੱਠੀ ਵਿੱਚ ਝੋਕ ਦਿੱਤਾ ਹੈ। ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਨਾ ਇਸ ਜੰਗ ਦਾ ਬੁਨਿਆਦੀ ਕਾਰਨ ਹੈ ਅਤੇ ਇਸ ਕਾਰਨ ਦੇ ਖ਼ਤਮ ਹੋਣ ਅਤੇ ਰੂਸ ਵੱਲੋਂ ਜਿੱਤੇ ਯੂਕਰੇਨੀ ਖੇਤਰ ਉੱਤੇ ਰੂਸੀ ਏਕਾਧਿਕਾਰ ਦੀ ਪ੍ਰਵਾਨਗੀ ਬਿਨਾਂ ਇਸ ਜੰਗ ਦਾ ਖ਼ਤਮ ਹੋਣਾ ਅਸੰਭਵ ਜਾਪਦਾ ਹੈ। ਇਸ ਲਈ ਦੁਨੀਆ ਦੀਆਂ ਦੋ ਵੱਡੀਆਂ ਪਰਮਾਣੂ ਤਾਕਤਾਂ (ਰੂਸ ਤੇ ਅਮਰੀਕਾ) ਤੀਜੀ ਸੰਸਾਰ ਜੰਗ ਦੇ ਸਿੱਧੇ ਵਿਨਾਸ਼ਕਾਰੀ ਟਕਰਾਅ ਦੀ ਥਾਂ ਯੂਕਰੇਨ ਯੁੱਧ ਰਾਹੀਂ ਜ਼ੋਰ ਅਜ਼ਮਾਈ ਕਰ ਰਹੀਆਂ ਹਨ।
ਇਸ ਸਮੇਂ ਸਾਮਰਾਜੀ ਤਾਕਤਾਂ ਦਾ ਸੰਕਟ ਅਤੇ ਆਪਸੀ ਵਿਰੋਧਤਾਈ ਸਿਖਰ ’ਤੇ ਹੈ। ਇਸ ਦੇ ਹੱਲ ਲਈ ਯੂਕਰੇਨ ਸਮੇਤ ਫ਼ਲਸਤੀਨ ਵਿੱਚ ਜੰਗੀ ਤਬਾਹੀ ਤੇ ਨਸਲੀ ਸਫ਼ਾਏ ਦੀ ਮੁਹਿੰਮ ਅੱਗੇ ਵਧਾਈ ਜਾ ਰਹੀ ਹੈ। ਫ਼ਲਸਤੀਨੀ ਨਸਲਘਾਤ ਖਿਲਾਫ ਰੂਸ ਤੇ ਚੀਨ ਨੇ ਵੀ ਚੁੱਪ ਧਾਰੀ ਹੋਈ ਹੈ ਤੇ ਵਿਸ਼ਵ ਸ਼ਾਂਤੀ ਦੀਆਂ ਝੰਡਾਬਰਦਾਰ ਤਾਕਤਾਂ ਦੋਹਰੇ ਮਾਪਦੰਡਾਂ ਤਹਿਤ ਫ਼ਲਸਤੀਨ ਜੰਗ ਬਾਰੇ ਮੋਨ ਹਨ। ਹੁਣ ਚੀਨ-ਤਾਇਵਾਨ ਤਣਾਅ ਨੂੰ ਵੀ ਤੂਲ ਦਿੱਤੀ ਜਾ ਰਹੀ ਹੈ ਅਤੇ ਵੈਨੇਜ਼ੂਏਲਾ ਵਿੱਚ ਫਿਰ ਤੋਂ ਤਖਤਾ ਪਲਟ (ਤੇਲ ਸ੍ਰੋਤਾਂ ’ਤੇ ਕਬਜ਼ਾ ਤੇ ਡਾਲਰ ਵਿੱਚ ਵਪਾਰ ਨੂੰ ਚੁਣੌਤੀ ਕਾਰਨ) ਕਰਵਾਉਣ ਦੀ ਕੋਸ਼ਿਸ਼ ਵਜੋਂ ਅਮਰੀਕਾ ਫੌਜੀ ਅਪਰੇਸ਼ਨ ਸ਼ੁਰੂ ਕਰ ਰਿਹਾ ਹੈ।
ਸ਼ਾਂਤੀ ਵਾਰਤਾ ਦੀ ਇਹ ਕਵਾਇਦ ਯੁੱਧ ਦੀ ਮਾਰ ਹੇਠ ਆਏ ਰੂਸੀ ਤੇ ਯੂਕਰੇਨੀ ਲੋਕਾਂ ਦੇ ਹਿੱਤਾਂ ਦੀ ਬਜਾਏ ਸਾਮਰਾਜੀ ਮੁਲਕਾਂ ਦੀ ਵਿਸਥਾਰਵਾਦੀ ਵਪਾਰਕ ਨੀਤੀ, ਅਮਰੀਕੀ ਰੂਸੀ ਪੂੰਜੀਪਤੀਆਂ ਦੇ ਹਿੱਤਾਂ ਤੇ ਮੁਨਾਫ਼ੇ ਦੇ ਵਾਧੇ ਲਈ ਸਾਮਰਾਜੀ ਸੌਦੇਬਾਜ਼ੀ ਦਾ ਹਿੱਸਾ ਹੈ। ਜਮਾਤੀ ਏਕਤਾ ਤੇ ਲੋਕ ਪੱਖੀ ਸਮਾਜ ਦੀ ਸਿਰਜਣਾ ਲਈ ਸੰਘਰਸ਼ ਰਾਹੀਂ ਹੀ ਹਕੀਕੀ ਵਿਸ਼ਵ ਸ਼ਾਂਤੀ ਦਾ ਮਾਰਗ ਤਲਾਸ਼ਿਆ ਜਾ ਸਕਦਾ ਹੈ।
ਸੰਪਰਕ: 1-438-924-2052