ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਸਵਸਥ ਨਾਰੀ ਸਸ਼ਕਤ ਪਰਿਵਾਰ’ ਮੁਹਿੰਮ ਦੀ ਹਕੀਕਤ

ਕੌਮੀ ਪੱਧਰ ’ਤੇ 17 ਸਤੰਬਰ ਨੂੰ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਨਾਮ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਹੈ। ਇਸ ਦਾ ਭਾਵ ਹੈ ਕਿ ਜੇ ਘਰ ਦੀ ਸੁਆਣੀ ਜਾਂ ਔਰਤ ਸਿਹਤਮੰਦ ਹੋਵੇਗੀ ਤਾਂ ਉਸ ਦਾ ਪਰਿਵਾਰ ਵੀ ਮਜ਼ਬੂਤ ਅਤੇ...
Advertisement

ਕੌਮੀ ਪੱਧਰ ’ਤੇ 17 ਸਤੰਬਰ ਨੂੰ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਨਾਮ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਹੈ। ਇਸ ਦਾ ਭਾਵ ਹੈ ਕਿ ਜੇ ਘਰ ਦੀ ਸੁਆਣੀ ਜਾਂ ਔਰਤ ਸਿਹਤਮੰਦ ਹੋਵੇਗੀ ਤਾਂ ਉਸ ਦਾ ਪਰਿਵਾਰ ਵੀ ਮਜ਼ਬੂਤ ਅਤੇ ਤਾਕਤਵਰ ਹੋਵੇਗਾ। ਇਸ ਦਾ ਮੁੱਖ ਮਕਸਦ ਔਰਤਾਂ, ਲੜਕੀਆਂ ਤੇ ਛੋਟੀਆਂ ਬੱਚੀਆਂ ਦੀ ਹਰ ਪ੍ਰਕਾਰ ਦੀ ਸਰੀਰਕ ਸਿਹਤ ਵਿੱਚ ਸੁਧਾਰ ਕਰਨਾ ਹੈ। ਵੱਖ-ਵੱਖ ਥਾਵਾਂ ’ਤੇ ਸਿਹਤ ਕੈਂਪ ਲਗਾ ਕੇ ਔਰਤਾਂ ਨੂੰ ਉਨ੍ਹਾਂ ਦੀ ਸਿਹਤ ਬਾਰੇ ਜਾਗਰੂਕ ਕਰਨਾ, ਨਵੀਆਂ ਮਾਵਾਂ ਨੂੰ ਆਪਣੀ ਅਤੇ ਨਵ-ਜਨਮੇ ਬੱਚੇ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦੇਣਾ, ਆਮ ਬਿਮਾਰੀਆਂ ਦਾ ਮੁਆਇਨਾ, ਨਿਯਮਤ ਟੀਕਾਕਰਨ ਦੀ ਅਹਿਮੀਅਤ ਅਤੇ ਕੈਂਸਰ ਸਮੇਤ ਹੋਰ ਛੋਟੀਆਂ-ਛੋਟੀਆਂ ਅਲਾਮਤਾਂ ਜਿਵੇਂ ਖੂਨ ਦੀ ਕਮੀ, ਖੂਨ ਦਾ ਦਬਾਓ, ਸ਼ੂਗਰ ਆਦਿ ਬਾਰੇ ਸੁਚੇਤ ਕਰਨਾ ਹੈ। ਇਸ ਵਿੱਚ ਨਾਰੀ ਨੂੰ ਪੌਸ਼ਟਿਕ ਭੋਜਨ ਬਾਰੇ ਜਾਣਕਾਰੀ ਦੇਣਾ ਵੀ ਸ਼ਾਮਿਲ ਹੈ। ਔਰਤਾਂ ਨੂੰ ਇਹ ਸਹੂਲਤਾਂ ਮੁਫ਼ਤ ਦਿਤੀਆਂ ਜਾਣਗੀਆਂ। ਇਸ ਨਾਲ ਆਜ਼ਾਦੀ ਦੇ 100 ਸਾਲ ਬਾਅਦ, ਭਾਵ, 2047 ਤੱਕ ਸਿਹਤਮੰਦ ਔਰਤ, ਸ਼ਕਤੀਸ਼ਾਲੀ ਪਰਿਵਾਰ ਅਤੇ ਤਾਕਤਵਰ ਭਾਰਤ ਦਾ ਸੁਪਨਾ ਲਿਆ ਗਿਆ। ਮੁਹਿੰਮ ਸਿਰੇ ਚੜ੍ਹਾਉਣ ਵਿੱਚ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਤੇ ਹੋਰ ਸਵੈ-ਸਹਾਇਤਾ ਗਰੁੱਪਾਂ ਦੇ ਵਾਲੰਟੀਅਰਾਂ ਦੀਆਂ ਸੇਵਾਵਾਂ ਵੀ ਲਈਆਂ। ਕੇਂਦਰ ਸਰਕਾਰ ਨੇ ਪ੍ਰਾਈਵੇਟ ਕਲੀਨਿਕ ਅਤੇ ਹਸਪਤਾਲਾਂ ਨੂੰ ਵੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀਆਂ ਹਦਾਇਤਾਂ ਕੀਤੀਆਂ ਹਨ। ਨੈਸ਼ਨਲ ਫੈਮਲੀ ਹੈਲਥ ਸਰਵੇ ਦੀਆਂ ਰਿਪੋਰਟਾਂ ਦੇ ਉਨ੍ਹਾਂ ਅੰਕੜਿਆਂ ਦੀ ਸਹਾਇਤਾ ਲੈਣ ਦੀ ਗੱਲ ਵੀ ਕੀਤੀ ਗਈ ਹੈ ਜਿੱਥੇ ਵੱਖਰੇ ਤੌਰ ’ਤੇ ਔਰਤਾਂ ਤੇ ਬੱਚਿਆਂ ਦੀ ਸਿਹਤ ਬਾਰੇ ਜਾਣਕਾਰੀ ਹੁੰਦੀ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ 17 ਸਤੰਬਰ ਤੋਂ 2 ਅਕਤੂਬਰ 2025 ਤੱਕ ਚੱਲਣ ਵਾਲੀ ਮੁਹਿੰਮ ਵਿੱਚ ਨਵਾਂ ਕੀ ਹੈ?

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਇਲਾਵਾ ਔਰਤ ਤੇ ਬਾਲ ਵਿਕਾਸ ਮੰਤਰਾਲਾ ਪਹਿਲਾਂ ਤੋਂ ਹੀ ਇਨ੍ਹਾਂ ਕੰਮਾਂ ਵਿੱਚ ਕਾਰਜਸ਼ੀਲ ਹਨ। ਗਰਭਵਤੀ ਔਰਤਾਂ ਦੇ ਲਗਾਤਾਰ ਮੁਆਇਨੇ, ਨਿਸ਼ਚਿਤ ਸਮੇਂ ’ਤੇ ਟੀਕਾਕਰਨ ਆਦਿ ਦੇ ਨਿਰਦੇਸ਼ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਜਾਰੀ ਹਨ। ਰਾਜ ਸਰਕਾਰਾਂ ਅਤੇ ਸਵੈ-ਸੇਵੀ ਸੰਸਥਾਵਾਂ ਸਮੇਂ-ਸਮੇਂ ਮੁਫਤ ਮੈਡੀਕਲ ਕੈਂਪ ਲਾਉਂਦੀਆਂ ਰਹਿੰਦੀਆਂ ਹਨ। ਹੁਣ 15-16 ਦਿਨਾਂ ਲਈ ਵੱਖਰੀ ਮੁਹਿੰਮ ਚਲਾ ਕੇ ਅਸੀਂ ਸਮੁੱਚੇ ਭਾਰਤ ਦੀਆਂ ਔਰਤਾਂ ਦੀ ਤੰਦਰੁਸਤੀ ਦੀ ਕਾਮਨਾ ਤਾਂ ਕਰ ਸਕਦੇ ਹਾਂ ਪਰ 100% ਟੀਚਾ ਪੂਰੇ ਕਰਨ ਵਾਸਤੇ ਕੀ ਜ਼ਮੀਨੀ ਪੱਧਰ ’ਤੇ ਸਿਹਤ ਸਬੰਧੀ ਮੁੱਢਲੇ ਤੇ ਮਿਆਰੀ ਸਰਕਾਰੀ ਢਾਂਚੇ ਦੀ ਵਿਵਸਥਾ ਹੈ? ਕੈਂਪਾਂ ਵਿੱਚ ਮੁਆਇਨਾ ਕਰ ਕੇ ਔਰਤਾਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦੇ ਕੇ ਕੀ ਔਰਤ ਸਵੱਸਥ ਜਾਂ ਸਿਹਤਮੰਦ ਹੋ ਜਾਵੇਗੀ? ਔਰਤ ਦਾ ਸਿਹਤਮੰਦ ਹੋਣਾ ਸਿਹਤ ਸੇਵਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ, ਜਾਂ ਸਾਡੇ ਸਮਾਜਿਕ, ਆਰਥਿਕ ਤੇ ਰਾਜਨੀਤਕ ਢਾਂਚੇ ਦੀ ਵੀ ਇਸ ਵਿੱਚ ਕੋਈ ਭੂਮਿਕਾ ਹੈ?

Advertisement

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਿਹਤਮੰਦ ਤੇ ਸਿੱਖਿਅਤ ਔਰਤ ਆਪਣੇ ਪਰਿਵਾਰ ਦੀ ਸੁਚੱਜੇ ਢੰਗ ਨਾਲ ਪਰਵਰਿਸ਼ ਕਰ ਸਕਦੀ ਹੈ। ਬੱਚਿਆਂ ਦਾ ਪਾਲਣ ਪੋਸ਼ਣ, ਘਰ ਦੇ ਬਜ਼ੁਰਗਾਂ ਦੀ ਦੇਖਭਾਲ, ਘਰ ਦੀ ਆਮਦਨ-ਖਰਚ ਦਾ ਹਿਸਾਬ ਕਿਤਾਬ, ਰਿਸ਼ਤੇਦਾਰੀ ਵਿੱਚ ਮਿਲਣਾ ਵਿਚਰਨਾ, ਗਲੀ ਗਵਾਂਢ ਵਿੱਚ ਪਰਿਵਾਰ ਦਾ ਰੁਤਬਾ ਬਣਾਈ ਰੱਖਣਾ ਆਦਿ ਸਭ ਕੁਝ ਵਧੇਰੇ ਕਰ ਕੇ ਘਰ ਦੀ ਔਰਤ ਉੱਪਰ ਹੀ ਨਿਰਭਰ ਕਰਦਾ ਹੈ ਪਰ ਇਹ ਸਾਰਾ ਕੁਝ ਕਰਨ ਵਾਸਤੇ ਕੀ ਸਾਰੀਆਂ ਔਰਤਾਂ ਸਿਹਤ ਪੱਖੋਂ ਸਮਰੱਥ ਹਨ? ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਦੀ ਸਿਹਤ ਬਾਰੇ ਸਾਡਾ ਨਜ਼ਰੀਆ ਕੀ ਹੈ? ਅਸੀਂ ਔਰਤ ਨੂੰ ਘਰ ਪਰਿਵਾਰ ਦੀ ਸਮੁੱਚੀ ਜ਼ਿੰਮੇਵਾਰੀ ਦੇ ਦਿੰਦੇ ਹਾਂ ਅਤੇ ਉਸ ਤੋਂ ਬਿਹਤਰੀਨ ਕਾਰਗੁਜ਼ਾਰੀ ਦੀਆਂ ਉਮੀਦਾਂ ਵੀ ਰੱਖਦੇ ਹਾਂ ਪਰ ਔਰਤ ਬਾਰੇ ਸੋਚ ਅਜੇ ਵੀ ਬਰਾਬਰੀ ਵਾਲੀ ਨਹੀਂ। ਕਿਹਾ ਜਾਂਦਾ ਹੈ ਕਿ ਜੇ ਤੁਸੀਂ ਇੱਕ ਔਰਤ ਨੂੰ ਪੜ੍ਹਾਉਂਦੇ/ਸਿੱਖਿਅਤ ਕਰਦੇ ਹੋ ਤਾਂ ਉਸ ਦਾ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਹੋ ਜਾਂਦਾ ਹੈ। ਇਵੇਂ ਹੀ ਸਿਹਤਮੰਦ ਔਰਤ ਆਪਣੇ ਪਰਿਵਾਰ ਦੇ ਜੀਆਂ ਦੀ ਸਿਹਤ, ਪੌਸ਼ਟਿਕ ਭੋਜਨ, ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਹੋਰ ਫ਼ੈਸਲੇ ਕਰਨ ਦੇ ਸਮਰੱਥ ਹੁੰਦੀ ਹੈ ਜਿਹੜੇ ਉਸ ਦੇ ਸਮੁੱਚੇ ਪਰਿਵਾਰ ਦੀ ਮਜ਼ਬੂਤੀ ਲਈ ਲੋੜੀਂਦੇ ਹੁੰਦੇ ਹਨ। ਸਿੱਖਿਅਤ ਤੇ ਸਿਹਤਮੰਦ ਔਰਤ ਦਾ ਆਪਣੀ ਸਿਹਤ ਤੇ ਆਪਣੇ ਨਿੱਜੀ ਪ੍ਰਜਨਣ ਅੰਗਾਂ ਉੱਪਰ ਵੀ ਕੰਟਰੋਲ ਹੁੰਦਾ ਹੈ। ਪਰਿਵਾਰ ਦਾ ਆਕਾਰ ਨਿਸ਼ਚਿਤ ਕਰਨ ਵਿੱਚ ਉਸ ਦੀ ਅਹਿਮ ਭੂਮਿਕਾ ਹੁੰਦੀ ਹੈ। ਸੁਖੀ ਅਤੇ ਮਜ਼ਬੂਤ ਪਰਿਵਾਰ ਦੀ ਔਰਤ ਆਂਢ-ਗੁਆਂਢ, ਚੌਗਿਰਦੇ, ਭਾਈਚਾਰੇ ਅਤੇ ਸਮਾਜ ਨੂੰ ਸਿਹਤਮੰਦ ਮਾਹੌਲ ਦੇਣ ਦੇ ਸਮਰੱਥ ਹੁੰਦੀ ਹੈ ਪਰ ਇਸ ਵੇਲੇ ਹਾਲਾਤ ਹਨ?

ਔਰਤਾਂ ਦੀ ਸਿਹਤ ਬਾਰੇ ਨੈਸ਼ਨਲ ਫੈਮਿਲੀ ਹੈਲਥ ਸਰਵੇ-5 (2019-21) ਦੇ ਅੰਕੜੇ ਦੱਸਦੇ ਹਨ ਕਿ 15 ਤੋਂ 49 ਸਾਲਾਂ ਦਰਮਿਆਨ 57% ਔਰਤਾਂ ਖੂਨ ਦੀ ਕਮੀ (ਅਨੀਮੀਆ) ਦਾ ਸ਼ਿਕਾਰ ਹਨ। 41.3% ਔਰਤਾਂ ਵਿੱਚ ਮੋਟਾਪਾ ਜਾਂ ਕੱਦ ਨਾਲੋਂ ਵਧੇਰੇ ਭਾਰ ਦੀ ਸਮੱਸਿਆ ਹੈ। ਜਿਹੜੀਆਂ ਕੁੜੀਆਂ/ਔਰਤਾਂ 20-22 ਸਾਲ ਦੀਆਂ ਹਨ, ਉਨ੍ਹਾਂ ਵਿੱਚੋਂ 14.0% ਘੱਟ ਭਾਰ ਵਾਲੀਆਂ ਤੇ ਕਮਜ਼ੋਰ ਹਨ। ਇਹ ਅੰਕੜੇ ਸੰਕੇਤ ਕਰਦੇ ਹਨ ਕਿ ਔਰਤਾਂ ਦੇ ਭੋਜਨ ਦੀ ਮਿਕਦਾਰ ਅਤੇ ਗੁਣਵੱਤਾ ਸਹੀ ਨਹੀਂ। ਉਨ੍ਹਾਂ ਵਿੱਚ ਪੌਸ਼ਟਿਕ ਭੋਜਨ ਦੀ ਕਮੀ ਹੈ। ਔਰਤਾਂ ਤੇ ਮਰਦਾਂ ਨੂੰ ਪਰੋਸੇ ਜਾਣ ਵਾਲੇ ਭੋਜਨ ਵਿੱਚ ਨਾ-ਬਰਾਬਰੀ ਹੀ ਇਸ ਦਾ ਮੁੱਖ ਕਾਰਨ ਹੈ। ਔਰਤਾਂ ਨੂੰ ਆਮ ਤੌਰ ’ਤੇ ਸ਼ਾਕਾਹਾਰੀ ਭੋਜਨ ਹੀ ਦਿੱਤਾ ਜਾਂਦਾ ਹੈ। ਮੀਟ, ਮੱਛੀ, ਆਂਡੇ ਜਾਂ ਫ਼ਲ ਆਦਿ ਕੁੜੀਆਂ ਦੇ ਭੋਜਨ ਵਿੱਚ ਕਦੇ ਕਦਾਈਂ ਸ਼ਾਮਿਲ ਹੁੰਦੇ ਹਨ। ਇਸੇ ਰਿਪੋਰਟ ਅਨੁਸਾਰ, ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤੱਕ 70% ਸੰਭਾਵੀ ਮਾਵਾਂ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਦੇਣ ਦੀ ਵਿਵਸਥਾ ਸਰਕਾਰੀ ਹਸਪਤਾਲਾਂ ਵਿੱਚ ਪ੍ਰਾਪਤ ਹੈ, ਆਸ਼ਾ ਵਰਕਰ ਅਜਿਹੀਆਂ ਮਾਵਾਂ ਦਾ ਧਿਆਨ ਵੀ ਰੱਖਦੀਆਂ ਹਨ ਪਰ ਬਾਕੀ 30% ਔਰਤਾਂ ਅਜੇ ਵੀ ਇਸ ਸਹੂਲਤ ਤੋਂ ਵਾਂਝੀਆਂ ਹਨ। ਦਾਅਵਾ ਭਾਵੇਂ ਕੀਤਾ ਜਾਂਦਾ ਹੈ ਕਿ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਇਸ ਪ੍ਰਕਾਰ ਦੀ ਅਤੇ ਹੋਰ ਮੁਢਲੀ ਸਹਾਇਤਾ ਦੇ ਪ੍ਰਬੰਧ ਹਨ ਪਰ ਗਰੀਬੀ, ਹੈਲਥ ਸੈਂਟਰਾਂ ਦੀ ਘਰ ਤੋਂ ਦੂਰੀ ਅਤੇ ਉਥੋਂ ਜ਼ਰੂਰਤ ਅਨੁਸਾਰ ਦਵਾਈਆਂ ਨਾ ਮਿਲਣਾ, ਲੇਡੀ ਡਾਕਟਰਾਂ ਤੇ ਸਹਾਇਕ ਸਟਾਫ ਦੀ ਘਾਟ ਕਾਰਨ 60% ਤੋਂ ਵਧੇਰੇ ਔਰਤਾਂ ਇਨ੍ਹਾਂ ਸਿਹਤ ਤੇ ਮੈਡੀਕਲ ਸਹੂਲਤਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। 18 ਸਾਲਾਂ ਤੋਂ ਘੱਟ ਉਮਰ ਦੀਆਂ 23 ਪ੍ਰਤੀਸ਼ਤ ਲੜਕੀਆਂ ਦੇ ਵਿਆਹ ਛੋਟੀ ਉਮਰ ਵਿੱਚ ਹੋ ਰਹੇ ਹਨ। ਸਪੱਸ਼ਟ ਹੈ ਕਿ ਸਮੱਸਿਆ ਦੀ ਜੜ੍ਹ, ਨਿੱਤ ਪ੍ਰਤੀ ਦਿਨ ਨਿਘਾਰ ਵੱਲ ਜਾ ਰਹੇ ਸਾਡੇ ਸਰਕਾਰੀ ਸਿਹਤ ਤੇ ਸਿੱਖਿਆ ਅਦਾਰੇ ਹਨ।

ਪਰਿਵਾਰਕ ਮਜ਼ਬੂਤੀ ਕੇਵਲ ਔਰਤ ਦੀ ਸਿਹਤ ਉੱਪਰ ਹੀ ਨਿਰਭਰ ਨਹੀਂ ਕਰਦੀ ਸਗੋਂ ਔਰਤ ਦਾ ਸਿੱਖਿਅਤ ਹੋਣਾ, ਵਿੱਤੀ ਤੌਰ ’ਤੇ ਮਜ਼ਬੂਤ ਹੋਣਾ, ਫ਼ੈਸਲੇ ਕਰਨ ਦੇ ਸਮਰੱਥ ਹੋਣਾ, ਘਰ ਪਰਿਵਾਰ ਵਿੱਚ ਔਰਤ ਨੂੰ ਬਾਕੀ ਜੀਆਂ ਦੇ ਬਰਾਬਰ ਦਰਜਾ ਦੇਣਾ, ਕਿਸੇ ਵੀ ਪ੍ਰਕਾਰ ਦੀ ਘਰੇਲੂ ਹਿੰਸਾ ਤੋਂ ਗੁਰੇਜ਼ ਕਰਨਾ, ਕੰਮ ਕਾਜੀ ਔਰਤਾਂ ਨੂੰ ਘਰ ਦੇ ਕੰਮਾਂ ਵਿੱਚ ਸਹਿਯੋਗ ਦੇਣਾ ਵੀ ਉਤਨੇ ਹੀ ਜ਼ਰੂਰੀ ਕਾਰਕ ਹਨ। ਇਸ ਸਾਰੇ ਕੁਝ ਵਾਸਤੇ ਇਨ੍ਹਾਂ ਸਮੂਹ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਠੋਸ, ਸਰਵਪੱਖੀ ਅਤੇ ਸੰਪੂਰਨ ਪਹੁੰਚ ਅਪਣਾਉਣੀ ਪਵੇਗੀ। ਸਿਹਤ ਸਹੂਲਤਾਂ, ਸਿਹਤ ਸਿੱਖਿਆ ਤੇ ਸਿਹਤ ਪ੍ਰਸ਼ਾਸਨ, ਸਮੱਸਿਆ ਦਾ ਇੱਕ ਪੱਖ ਹੈ। ਪੀਣ ਵਾਲਾ ਸਾਫ ਪਾਣੀ, ਬਿਜਲੀ, ਸਾਫ ਤੇ ਸ਼ੁੱਧ ਹਵਾ, ਕੰਮ ਕਾਜੀ ਥਾਵਾਂ ਉੱਪਰ ਔਰਤਾਂ ਦੀ ਸੁਰੱਖਿਆ, ਸਾਫ ਪਖਾਨੇ ਆਦਿ ਓਨੇ ਹੀ ਜ਼ਰੂਰੀ ਹਨ। ਮਰਦ ਔਰਤਾਂ ਵਿਚਾਲੇ ਸਾਖਰਤਾ ਦਰ ਵਿੱਚ 16% ਦਾ ਪਾੜਾ ਹੈ। ਰੁਜ਼ਗਾਰ ਵਿੱਚ ਕੇਵਲ 25 ਤੋਂ 30% ਔਰਤਾਂ ਹੀ ਹਨ। ਔਰਤਾਂ ਦੀ ਕਮਾਈ ਨੂੰ ਆਮ ਤੌਰ ’ਤੇ ਵਾਧੂ ਆਮਦਨ ਵਾਂਗ ਲਿਆ ਜਾਂਦਾ ਹੈ। ਸਾਡੇ ਸਮਾਜ ਵਿੱਚ ਅਜੇ ਵੀ ਮਰਦ ਨੂੰ ਹੀ ਰੋਜ਼ੀ ਰੋਟੀ ਕਮਾਉਣ ਵਾਲੇ ਦਾ ਦਰਜਾ ਪ੍ਰਾਪਤ ਹੈ। ਆਸੇ ਪਾਸੇ ਦੀ ਖ਼ਬਰਸਾਰ ਵਾਸਤੇ ਅਖ਼ਬਾਰ ਰਸਾਲੇ ਆਦਿ ਪੜ੍ਹਨਾ, ਟੈਲੀਵਿਜ਼ਨ, ਰੇਡੀਓ ਆਦਿ ਤੋਂ ਗਿਆਨ ਵਾਲੀਆਂ ਗੱਲਾਂ ਜਾਂ ਪ੍ਰੋਗਰਾਮ ਸੁਣਨੇ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਔਰਤਾਂ ਲਈ ਵੀ ਓਨੇ ਹੀ ਜ਼ਰੂਰੀ ਹਨ ਜਿੰਨੇ ਕਿਸੇ ਮਰਦ ਵਾਸਤੇ ਪਰ 41% ਦੇ ਲਗਭਗ ਔਰਤਾਂ ਨੂੰ ਅਖ਼ਬਾਰ ਜਾਂ ਹੋਰ ਮੈਗਜ਼ੀਨ ਆਦਿ ਪੜ੍ਹਨ ਜਾਂ ਦੇਖਣ ਦਾ ਸਮਾਂ ਨਹੀਂ ਮਿਲਦਾ। ਗਰੀਬ ਪਰਿਵਾਰਾਂ ਦੀਆਂ ਔਰਤਾਂ ਕੋਲ ਤਕਨੀਕੀ ਮੋਬਾਈਲ ਫੋਨ ਨਹੀਂ ਹਨ ਜਿਸ ਰਾਹੀਂ ਉਹ ਸਿਹਤ ਜਾਂ ਹੋਰ ਮੁੱਦਿਆਂ ਨਾਲ ਸਬੰਧਿਤ ਐਪ ਤੋਂ ਜਾਣਕਾਰੀ ਹਾਸਲ ਕਰ ਸਕਣ। 32% ਮਰਦ ਜਿਹੜੇ ਦਿਹਾੜੀ ਜਾਂ ਮਜ਼ਦੂਰੀ ਕਰਦੇ ਹਨ, ਉਹ ਵੀ ਇਸ ਸਹੂਲਤ ਤੋਂ ਵਾਂਝੇ ਹਨ।

ਇਸ ਵਾਸਤੇ ਬੇਟੀ ਬਚਾਓ, ਬੇਟੀ ਪੜ੍ਹਾਓ, ਨਾਰੀ ਸ਼ਕਤੀਕਰਨ, ਲਾਡਲੀ ਬੇਟੀ ਅਤੇ ਹੁਣ ਸਿਹਤਮੰਦ ਨਾਰੀ, ਸਸ਼ਕਤ ਪਰਿਵਾਰ ਵਰਗੇ ਨਾਅਰਿਆਂ ਜਾਂ ਮੁਹਿੰਮਾਂ ਨਾਲ ਪਰਿਵਾਰ, ਸਮਾਜ ਤੇ ਦੇਸ਼ ਦਾ ਚਿਰ ਸਥਾਈ ਵਿਕਾਸ ਸੰਭਵ ਨਹੀਂ ਹੈ। ਸਬੰਧਿਤ ਮਹਿਕਮਿਆਂ, ਮੰਤਰਾਲਿਆਂ, ਸਿੱਖਿਆ ਵਿਭਾਗ ਅਤੇ ਹੋਰ ਗੈਰ-ਸਰਕਾਰੀ ਅਤੇ ਸਵੈ-ਸੇਵੀ ਸੰਸਥਾਵਾਂ ਤੇ ਸਹਿਯੋਗ ਨਾਲ ਸਰਬ ਪੱਖੀ ਨੀਤੀਆਂ ਬਣਾਉਣ ਅਤੇ ਪ੍ਰੋਗਰਾਮ ਉਲੀਕਣ ਦੀ ਜ਼ਰੂਰਤ ਹੈ ਜਿਹੜੀਆਂ ਸਮੂਹ ਵਿਅਕਤੀਆਂ (ਮਰਦ ਤੇ ਔਰਤਾਂ) ਨੂੰ ਬਰਾਬਰ ਜਵਾਬਦੇਹ ਹੋਣ। ਇਸ ਦੇ ਨਾਲ ਹੀ ਔਰਤ ਪ੍ਰਤੀ ਸੁਚਾਰੂ ਸੋਚ ਅਪਣਾਉਣ ਦੀ ਜ਼ਰੂਰਤ ਹੈ। ਔਰਤਾਂ ਨੂੰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਹੱਕਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨਾਲ ਸਬੰਧਿਤ ਸੇਵਾਵਾਂ ਯਕੀਨੀ ਬਣਾਉਣਾ ਵੀ ਓਨਾ ਹੀ ਲਾਜ਼ਮੀ ਹੈ। ਔਰਤ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਦੇ ਨਾਲ-ਨਾਲ ਮਾਨਸਿਕ ਅਤੇ ਮਨੋਵਿਗਿਆਨਕ ਤੰਦਰੁਸਤੀ ਦਾ ਉਸ ਦੀ ਸਰੀਰਕ ਸਿਹਤ ਨਾਲ ਸਿੱਧਾ ਸਬੰਧ ਹੈ। ਇਸ ਲਈ ਇਕ-ਦੋ ਨੁਕਾਤੀ ਥੁੜ-ਚਿਰੀ ਮੁਹਿੰਮ ਜੋ ਕੇਵਲ ਜਨਤਕ ਵਾਹ-ਵਾਹੀ ਖੱਟਣ ਲਈ ਰਚੀ ਗਈ ਪ੍ਰਤੀਤ ਹੁੰਦੀ ਹੈ, ਦੀ ਥਾਂ ਸਰਵਪੱਖੀ ਪ੍ਰੋਗਰਾਮ ਦੇਣਾ ਵਧੇਰੇ ਸਾਰਥਕ ਹੋਵੇਗਾ।

*ਪ੍ਰੋਫੈਸਰ (ਰਿਟਾ.), ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 98551-22857

Advertisement
Show comments