ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ ਦੀ ਹਕੀਕਤ ਅਤੇ ਨਕਦਨਾਵੇਂ ਦੀ ਸਿਆਸਤ

ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਵੇਂ ਗ਼ਰੀਬ ਤੇ ਨਿਤਾਣੇ ਬਿਹਾਰੀਆਂ ਲਈ ਨਕਦਨਾਵਾਂ ਵੰਡਣ ਅਤੇ ਮੈਗਾ ਯੋਜਨਾਵਾਂ ਦੇ ਐਲਾਨ ਦਾ ਹੜ੍ਹ ਆਇਆ, ਉਹ ਪਿਛਲੇ ਲੰਮੇ ਅਰਸੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ...
Advertisement

ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਵੇਂ ਗ਼ਰੀਬ ਤੇ ਨਿਤਾਣੇ ਬਿਹਾਰੀਆਂ ਲਈ ਨਕਦਨਾਵਾਂ ਵੰਡਣ ਅਤੇ ਮੈਗਾ ਯੋਜਨਾਵਾਂ ਦੇ ਐਲਾਨ ਦਾ ਹੜ੍ਹ ਆਇਆ, ਉਹ ਪਿਛਲੇ ਲੰਮੇ ਅਰਸੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ ਅਤੇ ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਵਲੋਂ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਜਨਤਾ ਦਲ (ਯੂ) ਦੇ ਮੰਤਰੀ ਅਸ਼ੋਕ ਚੌਧਰੀ ਖਿਲਾਫ਼ ਤਿੱਖੇ ਹਮਲਿਆਂ ਜ਼ਰੀਏ ਭ੍ਰਿਸ਼ਟਾਚਾਰ ਮੁਤੱਲਕ ਤੀਬਰ ਨਾਂਹਮੁਖੀ ਸੰਦੇਸ਼ ਵੀ ਜਾ ਰਿਹਾ ਹੈ।

ਇਵੇਂ ਲਗਦਾ ਹੈ ਕਿ ਆਪਣੇ ਆਰਥਿਕ ਵਿਕਾਸ ਉੱਪਰ ਮਾਣ ਮਹਿਸੂਸ ਕਰਨ ਵਾਲੀ ਦੇਸ਼ ਦੀ ਸਿਆਸੀ ਜਮਾਤ ਦੀ ਨਜ਼ਰ ਆਖ਼ਿਰਕਾਰ ਦੁਨੀਆ ਦੇ ਕੁਝ ਸਭ ਤੋਂ ਵੱਧ ਗ਼ਰੀਬ ਵੋਟਰਾਂ ਉੱਪਰ ਪੈ ਰਹੀ ਹੈ ਤੇ ਇਹ ਆਸ਼ਾਵਾਦ ਬਣਿਆ ਹੋਇਆ ਹੈ ਕਿ ਗਾਂਧੀਵਾਦੀ ਸਚਾਈ ਤੇ ਔਰਤ ਵੋਟਰਾਂ ਜਿਨ੍ਹਾਂ ਨੂੰ ਜਾਤੀ ਨਿਰਧਾਰਿਤ ਬਾਹੂਬਲੀਆਂ ਦੇ ਕੰਟਰੋਲ ਵਾਲੀ ਚੁਣਾਵੀ ਰਾਜਨੀਤੀ ਨੇ ਲੰਮੇ ਸਮੇਂ ਤੱਕ ਦਬਾਈ ਰੱਖਿਆ ਸੀ, ਦੀ ਬਦੌਲਤ ਬਿਹਾਰ ਵੱਡੀ ਤਬਦੀਲੀ ਲਈ ਤਿਆਰ ਹੈ।

Advertisement

ਕੀ ਚੁਣਾਵੀ ਨਿਰਪੱਖਤਾ ਉੱਪਰ ਜ਼ੋਰ ਦੇਣ ਅਤੇ ਦੋ ਪ੍ਰਮੁੱਖ ਮੰਤਰੀਆਂ ਦੇ ਕਥਿਤ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਨਾਲ ਜਨਤਾ ਦਲ (ਯੂ) ਅਤੇ ਭਾਜਪਾ ਦੀ ਦੋ ਦਹਾਕੇ ਪੁਰਾਣੀ ਸਿਆਸੀ ਅਜਾਰੇਦਾਰੀ ਖ਼ਤਮ ਹੋ ਜਾਵੇਗੀ? ਪ੍ਰਸ਼ਾਂਤ ਕਿਸ਼ੋਰ ਦੀ ਪ੍ਰੈੱਸ ਕਾਨਫਰੰਸ ਦੇ ਰਾਜਨੀਤਕ ਤਬਦੀਲੀ ਦੇ ਕਿਹੋ ਜਿਹੇ ਸੰਕੇਤ ਮਿਲਦੇ ਹਨ? ਸੱਤਾਧਾਰੀ ਗਗੱਠਜੋੜ ਲਈ ਕੀ ਡਬਲ ਇੰਜਣ ਦੀ ਨਕਦ ਵੰਡ ਘਰ-ਘਰ ਵਿੱਚ ਫੈਲੇ ਦੁੱਖ ਤਕਲੀਫ਼ਾਂ ਦੀ ਜ਼ਮੀਨੀ ਹਕੀਕਤ ਨੂੰ ਢਕ ਲਵੇਗੀ? ਕੀ ਪੈਸੇ ਦੇ ਜ਼ੋਰ ’ਤੇ ਰੁਜ਼ਗਾਰ ਦੀ ਅਣਹੋਂਦ, ਮਿਆਰੀ ਸਿੱਖਿਆ ਅਤੇ ਸਿਹਤ ਸੰਭਾਲ ਦੇ ਕੋਈ ਮਾਇਨੇ ਨਹੀਂ ਰਹਿ ਜਾਣਗੇ? ਕੀ ਗ਼ਰੀਬ ਲੋਕ ਇਕ ਵਾਰ ਫਿਰ ਸੱਤਾਧਾਰੀਆਂ ਦੀ ਸੱਤਾ ਬਰਕਰਾਰ ਰੱਖਣ ਲਈ ਚੁੱਪ-ਚਾਪ ਵੋਟਾਂ ਪਾ ਦੇਣਗੇ?

ਸਭ ਤੋਂ ਪਹਿਲਾਂ ਹੱਥ ਵਿੱਚ ਨਕਦਨਾਵਾਂ ਦੇਣ ਦੇ ਵਿਕਾਸ ਦੇ ਨਵੇਂ ਮਾਡਲ ਉੱਪਰ ਕੁਝ ਟਿੱਪਣੀਆਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰੋਗਰਾਮ ਅਤੇ ਆਦਰਸ਼ ਜ਼ਾਬਤੇ ਦੇ ਐਲਾਨ ਤੋਂ ਪਹਿਲਾਂ 62000 ਕਰੋੜ ਰੁਪਏ ਦੇ ਮੈਗਾ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ, ਖ਼ਾਸਕਰ ਪੰਜਾਬ ਤੇ ਕੁਝ ਹੋਰ ਸੂਬਿਆਂ ਨੂੰ ਕੁਦਰਤੀ ਆਫ਼ਤਾਂ ਦੇ ਕਹਿਰ ਦੇ ਬਾਵਜੂਦ ਕੇਂਦਰ ਦੀ ਇਹੋ ਜਿਹੀ ਫਰਾਖ਼ਦਿਲੀ ਹਾਸਿਲ ਨਹੀਂ ਹੋ ਸਕੀ। ਕੇਂਦਰੀ ਬਜਟ 2025 ਵਿੱਚ ਤਲਾਬਾਂ ਵਿੱਚ ਕਮਲ ਦੇ ਫੁੱਲਾਂ ਦੀ ਕਾਸ਼ਤ ਲਈ 100 ਕਰੋੜ ਰੁਪਏ ਦੀ ਮੁਢਲੀ ਰਾਸ਼ੀ ਜਾਰੀ ਕਰਨ ਅਤੇ ਬਿਹਾਰ ਵਿੱਚ ਮਖਾਨਾ ਬੋਰਡ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ। ਇਹ ਬਹੁਤ ਹੀ ਹੁਨਰਮੰਦ ਕਿੱਤਾ ਹੈ ਜਿਸ ਵਿੱਚ ਮੱਲ੍ਹਾ ਬਰਾਦਰੀ ਦੀਆਂ ਬਹੁਤ ਹੀ ਗ਼ਰੀਬ ਔਰਤਾਂ ਕੰਮ ਕਰਦੀਆਂ ਹਨ।

ਬਿਹਾਰ ਵਿੱਚ ਨਵੇਂ ਹਵਾਈ ਅੱਡੇ ਕਾਇਮ ਕੀਤੇ ਜਾਣਗੇ, ਬਿਹਾਰੀ ਮਜ਼ਦੂਰਾਂ ਨੂੰ ਛੱਠ ਪੂਜਾ ਦੌਰਾਨ ਬਹੁਤ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਘਰ ਵਾਪਸ ਲਿਆਂਦਾ ਜਾ ਰਿਹਾ ਹੈ। ਪਿਛਲੇ ਸਾਲ ਵੱਡੇ ਕੱਦ ਦੇ ਸਿਆਸੀ ਆਗੂ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਦਿੱਤਾ ਗਿਆ ਅਤੇ ਹੁਣ ਉਨ੍ਹਾਂ ਦੇ ਨਾਂ ’ਤੇ ਹੁਨਰ ਯੂਨੀਵਰਸਿਟੀ ਦਾ ਨਾਂ ਰੱਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਦੋਵਾਂ ਵੱਲੋਂ ਨਕਦ ਰਾਸ਼ੀ ਵੰਡਣ ਦੇ ਨਾਲ-ਨਾਲ ਏਜੰਡਾ ਰਹਿਤ ਵਿਕਾਸਵਾਦ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਆਪਣੇ ਭਾਸ਼ਣਾਂ ਵਿੱਚ ਪ੍ਰਧਾਨ ਮੰਤਰੀ ਨੇ ਕਿਰਤ ਅਤੇ ਹੁਨਰ ਉੱਪਰ ਜ਼ੋਰ ਦਿੱਤਾ ਹੈ ਪਰ ਆਲਮੀ ਮਿਆਰ ਦੀ ਕੋਈ ਯੂਨੀਵਰਸਿਟੀ ਜਾਂ ਖੋਜ ਸੰਸਥਾ ਸਥਾਪਿਤ ਕਰਨ ਦੀ ਕੋਈ ਗੱਲ ਨਹੀਂ ਕੀਤੀ। ਮੁੱਖ ਮੰਤਰੀ ਨੇ ਨਕਦ ਯੋਜਨਾਵਾਂ ਤੇ ਸਕੀਮਾਂ ਦਾ ਐਲਾਨ ਕੀਤਾ ਹੈ। ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਐਕਸ ਉੱਪਰ ਪੋਸਟ ਕੀਤਾ ਕਿ 11 ਲੱਖ ਤੋਂ ਵੱਧ ਆਂਗਣਵਾੜੀ ਮਹਿਲਾ ਕਾਮਿਆਂ ਲਈ ਮਾਣ ਭੱਤਾ ਵਧਾ ਕੇ 9000 ਰੁਪਏ ਮਾਸਿਕ ਕੀਤਾ ਜਾਵੇਗਾ। ਉਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਪੋਸ਼ਣ ਤੇ ਕਲਿਆਣ ਵਿੱਚ ਸੁਧਾਰ ਖ਼ਾਤਿਰ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।

ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ’ਚ ਸਹਿਕਾਰੀ ਸੰਘਵਾਦ ਦੀ ਝਲਕ ਸੀ ਜਿਸ ਤਹਿਤ ਪ੍ਰਧਾਨ ਮੰਤਰੀ ਨੇ ਸਤੰਬਰ ਵਿੱਚ 75 ਲੱਖ ਔਰਤਾਂ ਦੇ ਖਾਤਿਆਂ ਵਿੱਚ 7500 ਕਰੋੜ ਰੁਪਏ ਪਾਏ ਹਨ ਤੇ ਮੁੱਖ ਮੰਤਰੀ ਨੇ ਇਸ ਮਹੀਨੇ 25 ਲੱਖ ਔਰਤਾਂ ਨੂੰ 2500 ਕਰੋੜ ਰੁਪਏ ਦਿੱਤੇ ਹਨ, ਕੇਂਦਰ-ਰਾਜ ਦੇ 75:25 ਦੇ ਅਨੁਪਾਤ ਰਾਹੀਂ ਮਹਿਲਾਵਾਂ ਨੂੰ ਸਾਫ਼ ਸਿੱਧੀ ਨਕਦ ਅਦਾਇਗੀ ਜੋ ਇਸ ਪੈਸੇ ਨਾਲ ਸਵੈ-ਰੁਜ਼ਗਾਰ ਕਰਨਗੀਆਂ।

ਵੱਡੇ ਨਕਦ ਟਰਾਂਸਫਰ ਤੇ ਲੱਗਣ ਵਾਲੇ ਪ੍ਰਾਜੈਕਟ ਨਿੱਘਰਦੀ ਬਿਹਾਰੀ ਬੈਂਕ ’ਚ ਲਾਏ ਗਏ ‘ਪੋਸਟ ਡੇਟਡ’ ਚੈੱਕ ਹਨ ਜਿਸ ਬੈਂਕ ਕੋਲ ਹੁਣ ਕੇਵਲ ਕਿਰਤ ਦਾ ਵੱਡਾ ਭੰਡਾਰ ਤੇ ਵੋਟਾਂ ਹੈ ਜੋ ਮਾਇਨੇ ਰੱਖਦਾ ਹੈ। ਨਿਤੀਸ਼, ਜੋ ਇਸ ਨੂੰ ਕਦੇ ਸਾਈਕਲਾਂ ’ਤੇ ਸਕੂਲ ਜਾਂਦੀਆਂ ਵਿਦਿਆਰਥਣਾਂ ਵਿੱਚ ਦੇਖਦੇ ਸਨ, ਹੁਣ ਆਪਣੇ ਦਫ਼ਤਰ ਵਿੱਚ ਤਸੱਲੀ ਨਾਲ ਮੀਟਿੰਗਾਂ ਕਰ ਰਹੇ ਹਨ, ਉਪ ਮੁੱਖ ਮੰਤਰੀਆਂ ਤੇ ਅਧਿਕਾਰੀਆਂ ਨਾਲ ਘਿਰੇ ਹੋਏ ਹਨ ਅਤੇ ਯਕੀਨੀ ਬਣਾ ਰਹੇ ਹਨ ਕਿ ਨਕਦੀ ਬਸ ਇੱਕ ਬਟਨ ਦੱਬਣ ਨਾਲ ਟਰਾਂਸਫਰ ਹੋ ਜਾਵੇ।

ਉਨ੍ਹਾਂ ਨੇਕ ਆਈ ਏ ਐੱਸ ਅਧਿਕਾਰੀ ਜੀ ਕ੍ਰਿਸ਼ਨ੍ਹਈਆ ਦੇ ਕਤਲ ਦੇ ਦੋਸ਼ੀ ਆਨੰਦ ਮੋਹਨ ਸਿੰਘ ਵਰਗੇ ਸ਼ਕਤੀਸ਼ਾਲੀ ਨੇਤਾਵਾਂ ਨੂੰ ਸਜ਼ਾਵਾਂ ਦੇਣ ਲਈ ਫਾਸਟ ਟਰੈਕ ਅਦਾਲਤਾਂ ਬਣਾਈਆਂ ਸਨ। 2023 ਵਿੱਚ ਸੂਬਾ ਸਰਕਾਰ ਨੇ ਆਨੰਦ ਮੋਹਨ ਦੀ ਰਿਹਾਈ ਨੂੰ ਯਕੀਨੀ ਬਣਾਇਆ; ਵੋਟਾਂ ਹਾਸਿਲ ਕਰਨ ਲਈ ਉਸ ਦੀ ਲੋੜ ਹੈ, ਖ਼ਾਸਕਰ ਕੇ ਉੱਤਰੀ ਬਿਹਾਰ ਵਿੱਚ, ਜਿੱਥੇ ਭਾਜਪਾ ਕੋਲ ਚੰਗਾ ਮੌਕਾ ਹੈ।

ਨਿਤੀਸ਼ ਨੂੰ ਭ੍ਰਿਸ਼ਟਾਚਾਰ ਮੁਕਤ ਨੌਕਰਸ਼ਾਹੀ ਯਕੀਨੀ ਬਣਾਉਣ ਦਾ ਸਿਹਰਾ ਵੀ ਦਿੱਤਾ ਜਾਂਦਾ ਸੀ, ਕਿਉਂਕਿ ਉਸ ਨੇ ਬਾਬੂਆਂ ਦੀ ਗ਼ੈਰ-ਕਾਨੂੰਨੀ ਜਾਇਦਾਦ ਜ਼ਬਤ ਕਰਨ ਦੀ ਸਕੀਮ ਦਾ ਐਲਾਨ ਕੀਤਾ ਸੀ। ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਇਸ ਸਕੀਮ ਜਾਂ ਇਸ ਦੀ ਸਫਲਤਾ/ਅਸਫਲਤਾ ਨੂੰ ਨਹੀਂ ਉਭਾਰਿਆ। ਉਸ ਦਾ ਖੁਲਾਸਾ ਜ਼ਿਆਦਾਤਰ ਸੋਸ਼ਲ ਮੀਡੀਆ ਬਿਰਤਾਂਤ ਹੈ, ਸਿਆਸੀ ਖੁਲਾਸਿਆਂ ਦੀ ਫੌਰੀ ਪੁੜੀ ਜਿਸ ਨੂੰ ਗ਼ਰੀਬ ਬਿਹਾਰੀ ਮੁਫ਼ਤ ਇੰਟਰਨੈੱਟ ਨਾਲ ਮੋਬਾਈਲਾਂ ’ਤੇ ਦੇਖਦਾ ਹੈ।

ਭਾਜਪਾ ਅੰਦਰ ਸ਼ੁੱਧ ਰਾਜਨੀਤੀ ਦਾ ਮੁਰੀਦ, ਸੇਵਾਮੁਕਤ ਆਈ ਏ ਐੱਸ ਅਫਸਰ ਅਤੇ ਸਾਬਕਾ ਗ੍ਰਹਿ ਸਕੱਤਰ ਆਰ ਕੇ ਸਿੰਘ, ਅਲੱਗ-ਥਲੱਗ ਹੋਇਆ ਪਿਆ ਹੈ। ਪ੍ਰਸ਼ਾਂਤ ਕਿਸ਼ੋਰ ਦੇ ਦੋਸ਼ਾਂ ਦੇ ਜਵਾਬ ਵਿੱਚ ਆਰ ਕੇ ਸਿੰਘ ਨੇ ਸਮਰਾਟ ਚੌਧਰੀ ਅਤੇ ਹੋਰ ਨੇਤਾਵਾਂ ਨੂੰ ਸੱਚ ਬਿਆਨਣ ਲਈ ਕਿਹਾ ਹੈ। ਭਾਜਪਾ ਦਾ ਹੁੰਗਾਰਾ ਆਰ ਕੇ ਸਿੰਘ ਨੂੰ ਪਾਸੇ ਕਰਨ ਅਤੇ ਗਾਇਕ ਪਵਨ ਸਿੰਘ ਨੂੰ ਉਤਸ਼ਾਹਿਤ ਕਰਨ ਦੇ ਰੂਪ ਵਿੱਚ ਆ ਰਿਹਾ ਹੈ। ਜਾਤ ਤੋਂ ਰਾਜਪੂਤ ਪਵਨ ਸਿੰਘ ਦੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਸਨਸੋਲ ਤੋਂ ਉਮੀਦਵਾਰੀ ਵਾਪਸ ਲੈਣੀ ਪਈ ਸੀ (ਸੀਟ ‘ਬਿਹਾਰੀ ਬਾਬੂ’ ਸ਼ਤਰੂਘਨ ਸਿਨਹਾ ਨੇ ਤ੍ਰਿਣਮੂਲ ਕਾਂਗਰਸ ਵੱਲੋਂ ਜਿੱਤੀ ਸੀ)। ਭਾਜਪਾ ਨੇ ਲੋਕ ਗਾਇਕਾ ਮੈਥਿਲੀ ਠਾਕੁਰ ਨੂੰ ਵੀ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ।

ਇਨ੍ਹਾਂ ਚੋਣਾਂ ਵਿੱਚ ਬਿਹਾਰੀਆਂ ਨੂੰ ਭੱਦੇ ਭੋਜਪੁਰੀ ਗੀਤਾਂ ਦੀ ਦਾਅਵਤ ਮਿਲੇਗੀ ਜਿਸ ਲਈ ਪਵਨ ਸਿੰਘ ਜਾਣੇ ਜਾਂਦੇ ਹਨ ਤੇ ਨਾਲ ਹੀ ਭਗਤੀ ਸੰਗੀਤ ‘ਮੈਥਿਲੀ’ ਵੀ ਪਰੋਸਿਆ ਜਾਵੇਗਾ ਜਿਸ ਲਈ ਠਾਕੁਰ ਮਸ਼ਹੂਰ ਹੈ। ਪੁਰਸ਼ ਵੋਟਰਾਂ ਨੂੰ ਨਾਜਾਇਜ਼ ਸ਼ਰਾਬ ਨਾਲ ਲਲਚਾ ਕੇ ਖਿੱਚੇ ਜਾਣ ਦੀ ਸੰਭਾਵਨਾ ਹੈ ਜਿਸ ਬਾਰੇ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ ਹੈ ਕਿ ਇਹ ਘਰਾਂ ਦੇ ਬੂਹਿਆਂ ਤੱਕ ਖੁੱਲ੍ਹੀ ਮਾਤਰਾ ਵਿੱਚ ਪਹੁੰਚ ਰਹੀ ਹੈ। ਇਹ ਅਨੁਮਾਨ ਲਾਇਆ ਗਿਆ ਹੈ ਕਿ ਔਰਤ ਵੋਟਰਾਂ ਨੂੰ ਨਕਦ ਦਾਨ ਅਤੇ ਸੀਤਾ ਮਈਆ (ਬਿਹਾਰ ਦੀ ਧੀ) ਤੇ ਭਗਵਾਨ ਰਾਮ ਨੂੰ ਸਮਰਪਿਤ ਭਗਤੀ ਸੰਗੀਤ ਨਾਲ ਖਿੱਚਿਆ ਜਾਵੇਗਾ।

ਅਗਾਮੀ ਚੋਣਾਂ ਨੌਜਵਾਨ ਸਿਆਸੀ ਨੇਤਾਵਾਂ ਨੂੰ ਮੌਕਾ ਦੇਣ ਲਈ ਤਿਆਰ ਹਨ, ਜਦੋਂਕਿ ਪੁਰਾਣੇ ਆਗੂਆਂ ਨਿਤੀਸ਼ ਕੁਮਾਰ ਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਸੂਰਜ ਅਸਤ ਹੋਣ ਦਾ ਸੰਕੇਤ ਮਿਲ ਰਿਹਾ ਹੈ। ਇਸ ਦੌਰਾਨ ਪ੍ਰਸ਼ਾਂਤ ਕਿਸ਼ੋਰ ਆਪਣੀਆਂ ਦਲੀਲਾਂ ਨੂੰ ਤਰਕ ਨਾਲ ਪੇਸ਼ ਕਰ ਰਿਹਾ ਹੈ ਅਤੇ ਉਸ ਦੀ ਪ੍ਰਸਿੱਧੀ ਉਤਾਂਹ ਜਾ ਰਹੀ ਹੈ। ਹਾਲਾਂਕਿ, ਇਹ ਸਮਝ ਨਹੀਂ ਆਉਂਦਾ ਕਿ ਉਹ ਦੋਹਾਂ ਧਿਰਾਂ ਦੇ ਸਿਰਫ਼ ਕੁਝ ਮੈਂਬਰਾਂ ’ਤੇ ਹੀ ਸਵਾਲ ਕਿਉਂ ਕਰਦਾ ਹੈ, ਉਨ੍ਹਾਂ ਏਕਾਧਿਕਾਰੀਆਂ ਵਿੱਚੋਂ ਕਿਸੇ ’ਤੇ ਨਹੀਂ ਜਿਹੜੇ ਭਾਰਤੀ ਰਾਜਨੀਤੀ ਵਿੱਚ ਸੱਤਾ ਅਤੇ ਪੈਸੇ ਦੀ ਆਪਸੀ ਕਿਰਿਆ ਦੀਆਂ ਮਿਸਾਲਾਂ ਹਨ।

*ਲੇਖਕ ਆਸਟਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੀ ਵਿਸ਼ੇਸ਼ ਵਿਜ਼ਿਟਿੰਗ ਪ੍ਰੋਫੈਸਰ ਹੈ।

Advertisement
Show comments