ਨਵਾਂ ਅਕਾਲੀ ਦਲ: ਮੌਕੇ ਤੇ ਚੁਣੌਤੀਆਂ
ਨਵੇਂ ਅਕਾਲੀ ਦਲ ਦਾ ਉਭਾਰ, ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹਨ, ਵੱਡੀ ਘਟਨਾ ਹੈ ਜਿਸ ਦੇ ਪੰਜਾਬ, ਹੋਰ ਰਾਜਾਂ, ਕੇਂਦਰ ਅਤੇ ਵਿਸ਼ਵ ਭਰ ਦੇ ਪਰਵਾਸੀ ਪੰਜਾਬੀਆਂ ਨਾਲ ਸੂਬੇ ਦੇ ਰਿਸ਼ਤਿਆਂ ’ਤੇ ਅਹਿਮ ਅਸਰ ਪੈਣ ਦੀ ਸੰਭਾਵਨਾ ਹੈ।
ਗੁਰੂ ਨਾਨਕ ਦੇ ਫ਼ਲਸਫ਼ੇ (ਜਿਸ ਫ਼ਲਸਫ਼ੇ ਨੂੰ ਸਾਰੇ ਗੁਰੂਆਂ ਨੇ ਅੱਗੇ ਵਧਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ, ਜਿਸ ਵਿੱਚ ਅਨੇਕ ਜਾਤ ਵਿਰੋਧੀ ਹਿੰਦੂ ਭਗਤਾਂ ਅਤੇ ਮੁਸਲਿਮ ਸੂਫ਼ੀਆਂ ਦੀ ਬਾਣੀ ਸ਼ਾਮਿਲ ਹੈ) ਤੋਂ ਜਾਣੂ ਕੋਈ ਵੀ ਬੰਦਾ ਇਸ ਗੱਲ ਤੋਂ ਖ਼ੁਸ਼ ਹੋਵੇਗਾ ਕਿ ਪੰਜਾਬ ਦੀ ਮੋਹਰੀ ਪਾਰਟੀ ਹੁਣ ਅਜਿਹੇ ਸ਼ਖ਼ਸ ਦੀ ਅਗਵਾਈ ਹੇਠ ਚੱਲ ਰਹੀ ਹੈ ਜੋ ਉਨ੍ਹਾਂ ਲੋਕਾਂ ਵਿੱਚੋਂ ਉੱਠਿਆ ਹੈ ਜਿਨ੍ਹਾਂ ਨੂੰ ਗ਼ਲਤ ਢੰਗ ਨਾਲ ਨੀਵੀਂ ਜਾਤ ਦਾ ਦੱਸਿਆ ਜਾਂਦਾ ਰਿਹਾ ਹੈ। ਇਹ ਵੀ ਬਹੁਤ ਸਿਹਤਮੰਦ ਵਾਧਾ ਹੈ ਕਿ ਪਾਰਟੀ ਦੇ ਇੱਕ ਹੋਰ ਵਿੰਗ ਦੀ ਅਗਵਾਈ ਔਰਤ ਕਰ ਰਹੀ ਹੈ, ਜਿਸ ਨਾਲ ਪੰਜਾਬ ਦੇ ਸਿਆਸੀ ਸੱਭਿਆਚਾਰ ਵਿੱਚ ਮਰਦ ਪ੍ਰਧਾਨ ਸੋਚ ਕਮਜ਼ੋਰ ਹੋਵੇਗੀ। ਇਹ ਵੀ ਸਵਾਗਤਯੋਗ ਵਾਧਾ ਹੈ ਕਿ ਨਵੀਂ ਪਾਰਟੀ ਦੇ ਦੋ ਮੁੱਖ ਅਹੁਦੇਦਾਰ ਪੀਐੱਚਡੀ ਧਾਰਕ ਹਨ। ਇਸ ਨੂੰ ਬਾਕੀ ਭਾਰਤੀ ਰਾਜਾਂ, ਇੱਥੋਂ ਤੱਕ ਕਿ ਕੇਂਦਰ ਦੀਆਂ ਸਿਆਸੀ ਪਾਰਟੀਆਂ ਲਈ ਰਾਹ ਦਸੇਰਾ ਬਣਨ ਦਿਓ। ਗਿਆਨੀ ਹਰਪ੍ਰੀਤ ਸਿੰਘ ਦੇ ਮੋਢਿਆਂ ’ਤੇ ਸਮਾਨਤਾ ਦੇ ਮਾਰਗ ਨੂੰ ਰੌਸ਼ਨ ਕਰਨ ਦਾ ਵੱਡਾ ਇਤਿਹਾਸਕ ਭਾਰ ਹੈ। ਅੱਜ ਦੇ ਸੰਸਾਰ ’ਚ ਇਹ ਹੋਰ ਵੀ ਅਹਿਮਹੈ, ਜਿਹੜਾ ਮਨੁੱਖੀ ਇਤਿਹਾਸ ’ਚ ਅਜਿਹੀ ਨਾ-ਬਰਾਬਰੀ ਦੇਖ ਰਿਹਾ ਹੈ ਜਿਸ ਤਰ੍ਹਾਂ ਦੀ ਪਹਿਲਾਂ ਕਦੇ ਨਹੀਂ ਦੇਖੀ ਗਈ। ਕੌਮਾਂਤਰੀ ਪੂੰਜੀਵਾਦ ਨੇ ਅਤਿ ਦੇ ਅਮੀਰ ਅਰਬਪਤੀ, ਕਸ਼ਟ ਭੋਗ ਰਹੇ ਗ਼ਰੀਬ ਅਤੇ ਵਾਤਾਵਰਨਕ ਤਬਾਹੀ ਪੈਦਾ ਕੀਤੀ ਹੈ।
ਜੇ ਕੋਈ ਸਿੱਖੀ (ਮੈਂ ਗ਼ਲਤ ਵਰਤੇ ਜਾਂਦੇ ਪੱਛਮੀ ਸ਼ਬਦ ‘ਸਿੱਖਇਜ਼ਮ’ ਦੀ ਬਜਾਏ ਇਹ ਸ਼ਬਦ ਵਰਤਣਾ ਪਸੰਦ ਕਰਦਾ ਹਾਂ) ਦੇ ਸਾਰ ਨੂੰ ਦੇਖੇ ਤਾਂ ਇਹ ਸਮਾਨਤਾ ਹੈ- ਅਧਿਆਤਮਕ, ਸਮਾਜਿਕ ਅਤੇ ਵਾਤਾਵਰਨ ਨਾਲ ਜੁੜੀ ਹੋਈ। ਅਧਿਆਤਮਕ ਇਸ ਲਈ ਕਿਉਂਕਿ ਸਾਰੇ ਜੀਵਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ, ਸਮਾਜਿਕ ਇਸ ਲਈ ਕਿਉਂਕਿ ਜਾਤ ਤੇ ਲਿੰਗ ਆਧਾਰਿਤ ਸਮਾਜਿਕ ਵਰਗੀਕਰਨ ਦੀ ਆਲੋਚਨਾ ਕੀਤੀ ਜਾਂਦੀ ਹੈ ਅਤੇ ਵਾਤਾਵਰਨ ਦੀ ਇਸ ਲਈ ਕਿਉਂਕਿ ਬਰਾਬਰੀ ਦਾ ਦ੍ਰਿਸ਼ਟੀਕੋਣ ਮਨੁੱਖਾਂ ਤੋਂ ਅਗਾਂਹ ਸਾਰੇ ਜੀਵਾਂ ਤੱਕ ਜਾਂਦਾ ਹੈ। ਸਿੱਖ ਸਮਾਜ ਅਤੇ ਸੰਸਥਾਵਾਂ ਅਮਲੀ ਤੌਰ ’ਤੇ ਗੁਰੂ ਦੇ ਬਰਾਬਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹਨ ਪਰ ਇਨ੍ਹਾਂ ਅੰਦਰ ਜਾਤ ਅਸਮਾਨਤਾ ਅਤੇ ਪੱਖਪਾਤਾਂ ਤੇ ਪੁਰਸ਼ ਪ੍ਰਧਾਨ ਰਵਾਇਤਾਂ ’ਤੇ ਜ਼ੋਰ ਦੇ ਕੇ ਵੱਡੀ ਗਿਰਾਵਟ ਦਰਜ ਹੋਈ ਹੈ। ਇਹ ਸਿੱਖੀ ਦੀ ਸਮਾਨਤਾ ਨੂੰ ਸੁਰਜੀਤ ਕਰਨ ਦਾ ਵੇਲਾ ਹੈ।
ਇਹ ਮੰਨਣਾ ਅਹਿਮ ਹੈ ਕਿ ਅਕਾਲੀ ਦਲ ਪੰਜਾਬ ਦੀ ਕੋਈ ਆਮ ਸਿਆਸੀ ਧਿਰ ਨਹੀਂ। ਇਹ ਪੰਜਾਬ ਦੀ ਇੱਕੋ-ਇੱਕ ਖੇਤਰੀ ਪਾਰਟੀ ਹੈ। ਪੰਜਾਬ ਦੀ ਰਾਜਨੀਤੀ ਦਾ ਏਜੰਡਾ ਹਮੇਸ਼ਾ ਅਕਾਲੀ ਸਿਆਸਤ ਦੁਆਰਾ ਤੈਅ ਕੀਤਾ ਗਿਆ ਹੈ, ਭਾਵੇਂ ਇਹ 1947 ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਲਈ ਹੋਵੇ, ਜਾਂ 1966 ਵਿੱਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਰਾਜਾਂ ਦੀ ਵਧੇਰੇ ਖ਼ੁਦਮੁਖ਼ਤਾਰੀ ਲਈ ਹੋਵੇ। ਦੂਜੀਆਂ ਸਿਆਸੀ ਪਾਰਟੀਆਂ ਸਿਰਫ਼ ਇਸ ਦੇ ਏਜੰਡੇ ਦਾ ਵਿਰੋਧ ਜਾਂ ਸਮਰਥਨ ਕਰ ਕੇ ਪ੍ਰਤੀਕਿਰਿਆ ਦਿੰਦੀਆਂ ਰਹੀਆਂ ਹਨ ਅਤੇ ਉਨ੍ਹਾਂ ਦਾ ਆਪਣਾ ਕੋਈ ਸੁਤੰਤਰ ਏਜੰਡਾ ਨਹੀਂ, ਕਿਉਂਕਿ ਉਨ੍ਹਾਂ ਨੂੰ ਕੇਂਦਰੀਕ੍ਰਿਤ ਸਿਆਸੀ ਪਾਰਟੀਆਂ ਦੀ ਰਾਜਨੀਤੀ ਚਲਾਉਂਦੀ ਹੈ ਜਿਨ੍ਹਾਂ ਦੀਆਂ ਉਹ ਪੰਜਾਬ ਆਧਾਰਿਤ ਇਕਾਈਆਂ ਹਨ।
ਕਈ ਗੰਭੀਰ ਚੁਣੌਤੀਆਂ ਹਨ ਜਿਨ੍ਹਾਂ ਦਾ ਇਸ ਨਵੀਂ ਪਾਰਟੀ ਨੂੰ ਨਿਮਰਤਾ ਅਤੇ ਅਮਲੀ ਰੂਪ ’ਚ ਸਬਕ ਲੈ ਕੇ ਸਾਹਮਣਾ ਕਰਨਾ ਚਾਹੀਦਾ ਹੈ। ਇਸ ਨੂੰ ਮੌਜੂਦਾ ਅਕਾਲੀ ਦਲ (ਬਾਦਲ) ਪ੍ਰਤੀ ਟਕਰਾਅ ਵਾਲਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਇਸ ਨੂੰ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਾਲੇ ਤਤਕਾਲੀਨ ਅਕਾਲੀ ਦਲ ਦੇ ਸਾਹਮਣੇ ਸੰਤ ਫਤਿਹ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਉਭਾਰ ਤੋਂ ਸਿੱਖਣਾ ਚਾਹੀਦਾ ਹੈ। ਇਹ ਦੋਵੇਂ 1967 ਵਿੱਚ ਪੰਜਾਬ ਦੀ ਪਹਿਲੀ ਗ਼ੈਰ-ਕਾਂਗਰਸੀ ਗੱਠਜੋੜ ਸਰਕਾਰ ਵਿੱਚ ਸ਼ਾਮਿਲ ਹੋਏ ਸਨ। ਦੋ ਅਕਾਲੀ ਦਲਾਂ ਵਿਚਕਾਰ ਟਕਰਾਅ ਨਾ ਸਿਰਫ਼ ਪੰਜਾਬ ਨੂੰ ਨੁਕਸਾਨ ਪਹੁੰਚਾਏਗਾ, ਬਲਕਿ ਇਸ ਦੇ ਭਾਰਤ ਲਈ ਵੀ ਮਾੜੇ ਨਤੀਜੇ ਹੋਣਗੇ। ਇਹ ਯਾਦ ਰੱਖਣਾ ਅਹਿਮ ਹੈ ਕਿ 1970 ਦੇ ਦਹਾਕੇ ਵਿੱਚ ਸਿੱਖ-ਨਿਰੰਕਾਰੀ ਟਕਰਾਅ ਨੂੰ ਕਈਆਂ ਵੱਲੋਂ ਸਿੱਖ ਭਾਈਚਾਰੇ ਦਾ ਪੂਰਨ ਅੰਦਰੂਨੀ ਮਾਮਲਾ ਮੰਨ ਕੇ ਖਾਰਜ ਕਰ ਦਿੱਤਾ ਸੀ, ਪਰ ਹੁਣ ਇਹ ਪੂਰੀ ਤਰ੍ਹਾਂ ਸਵੀਕਾਰਿਆ ਜਾਂਦਾ ਹੈ ਕਿ ਇਸ ਨੂੰ ਜਿਸ ਤਰ੍ਹਾਂ ਗ਼ਲਤ ਢੰਗ ਨਾਲ ਨਜਿੱਠਿਆ ਗਿਆ, ਪੂਰੇ ਭਾਰਤ ਦੀ ਰਾਜਨੀਤਕ ਪ੍ਰਣਾਲੀ ਲਈ ਇਸ ਦੇ ਤਬਾਹਕੁਨ ਸਿੱਟੇ ਨਿਕਲੇ।
ਛੋਟੇ ਅਕਾਲੀ ਅਤੇ ਸਿੱਖ ਧੜਿਆਂ ਦੇ ਪ੍ਰਗਟਾਏ ਫ਼ਿਕਰ, ਜੋ 1980 ਦੇ ਦਹਾਕੇ ਤੋਂ ਦੁੱਖ ਭੋਗਣ ਵਾਲਿਆਂ ਦੀ ਨਾਰਾਜ਼ਗੀ ਨੂੰ ਸਪੱਸ਼ਟਤਾ ਨਾਲ ਜ਼ਾਹਿਰ ਕਰਦੇ ਹਨ, ਨੂੰ ਵੀ ਦੂਰ ਕਰਨ ਦੀ ਲੋੜ ਹੈ, ਜਿਵੇਂ ਚਿਰਾਂ ਤੋਂ ਬੰਦ ਸਿੱਖ ਕੈਦੀਆਂ ਨਾਲ ਸਬੰਧਿਤ ਮੁੱਦੇ। ਇਨ੍ਹਾਂ ਧੜਿਆਂ ਨੂੰ ਨਾਲ ਜੋੜਨ ਅਤੇ ਭਵਿੱਖੀ ਰਾਜਨੀਤੀ ’ਤੇ ਮੁੜ ਵਿਚਾਰ ਲਈ ਇਨ੍ਹਾਂ ਦੀ ਮਦਦ ਕਰਨ ਦੀ ਲੋੜ ਹੈ।
ਨਵੀਂ ਪਾਰਟੀ ਨੂੰ ਉੱਚੀਆਂ ਜਾਤਾਂ ਦੇ ਪੰਜਾਬੀ ਹਿੰਦੂ ਭਾਈਚਾਰੇ ਨਾਲ ਰਿਸ਼ਤੇ ਕਾਇਮ ਕਰਨੇ ਚਾਹੀਦੇ ਹਨ। ਪੰਜਾਬ ਦੀ ਆਬਾਦੀ ਦਾ ਇਹ ਹਿੱਸਾ ਭਾਵੇਂ ਸਿਰਫ਼ 13-14 ਫ਼ੀਸਦੀ ਹੀ ਹੈ, ਪਰ ਇਹ ਆਰਥਿਕ ਤੌਰ ’ਤੇ ਸਭ ਤੋਂ ਖੁਸ਼ਹਾਲ, ਸਿੱਖਿਆ ਪੱਖੋਂ ਸਭ ਤੋਂ ਵੱਧ ਸਾਖ਼ਰ ਅਤੇ ਪੇਸ਼ੇਵਰ ਤੌਰ ’ਤੇ ਪੰਜਾਬੀ ਸਮਾਜ ਦਾ ਸਭ ਤੋਂ ਉੱਨਤ ਹਿੱਸਾ ਹਨ। ਇਸ ਵਿੱਚ ਮੁੱਖ ਤੌਰ ’ਤੇ ਤਿੰਨ ਜਾਤਾਂ- ਬ੍ਰਾਹਮਣ, ਖੱਤਰੀ ਅਤੇ ਬਾਣੀਏ ਸ਼ਾਮਿਲ ਹਨ। ਕੁਝ ਸਿੱਖਾਂ ਦਾ ਪਿਛੋਕੜ ਹਾਲਾਂਕਿ ਬ੍ਰਾਹਮਣ ਤੇ ਬਾਣੀਆ ਜਾਤਾਂ ਤੋਂ ਵੀ ਹੈ, ਪਰ ਇਹ ਖੱਤਰੀ ਭਾਈਚਾਰਾ ਹੈ ਜਿਸ ਨੇ ਸਭ ਤੋਂ ਵੱਧ ਸਿੱਖੀ ਨੂੰ ਅਪਣਾਇਆ ਤੇ ਜਿਹੜੇ ਸਿੱਖੀ ਵੱਲ ਨਹੀਂ ਆਏ, ਉਨ੍ਹਾਂ ਦਾ ਵੀ ਗੁਰੂਆਂ ਨਾਲ ਡੂੰਘਾ ਭਾਵਨਾਤਮਕ ਅਤੇ ਧਾਰਮਿਕ ਜੁੜਾਓ ਹੈ। ਪੰਜਾਬੀ ਹਿੰਦੂ ਭਾਈਚਾਰੇ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਭੂਮਿਕਾਵਾਂ ਨੂੰ ਪਛਾਣਿਆ ਅਤੇ ਅਪਣਾਇਆ ਜਾਣਾ ਚਾਹੀਦਾ ਹੈ। ਪੰਜਾਬ ਨੇ ਬਦਕਿਸਮਤੀ ਨਾਲ ਅਤੀਤ ’ਚ ਇਸ ਜੀਵੰਤ ਭਾਈਚਾਰੇ ਦੀ ਤੰਗ-ਦਿਲ ਤੇ ਵੰਡਪਾਊ ਲੀਡਰਸ਼ਿਪ ਕਾਰਨ ਬਹੁਤ ਦੁੱਖ ਝੱਲਿਆ ਹੈ।
ਪੰਜਾਬ ਵਿੱਚ ਮੁਸਲਿਮ ਤੇ ਇਸਾਈ ਘੱਟਗਿਣਤੀਆਂ ਵੀ ਹਨ; ਇੱਥੋਂ ਤੱਕ ਕਿ ਜੈਨੀਆਂ ਤੇ ਬੋਧੀਆਂ ਦਾ ਛੋਟਾ ਜਿਹਾ ਹਿੱਸਾ ਵੀ ਹੈ। ਪੰਜਾਬ ਨੂੰ ਆਪਣੇ ਰਾਜਨੀਤਕ ਅਮਲ ਵਿੱਚ ਬਹੁਲਵਾਦ ਦਾ ਸਤਿਕਾਰ ਕਰਨ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਇਹ ਸਭ ਤੋਂ ਵੱਧ ਅਹਿਮ ਹੈ ਕਿ ਹਰਿਆਣੇ ਨਾਲ ਸਬੰਧ ਸੁਖਾਵੇਂ ਰਹਿਣ, ਉਦੋਂ ਵੀ ਜਦੋਂ ਵਿਵਾਦ ਹੋਣ (ਜਿਵੇਂ ਦਰਿਆਈ ਪਾਣੀਆਂ ’ਤੇ) ਕਿਉਂਕਿ ਹਰਿਆਣਾ ਵੀ ਕੇਂਦਰ ’ਚ ਹੇਰ-ਫੇਰ ਨਾਲ ਖੇਡੀਆਂ ਜਾਂਦੀਆਂ ਰਾਜਨੀਤਕ ਚਾਲਾਂ ਦਾ ਸ਼ਿਕਾਰ ਹੈ। ਉਦਾਹਰਨ ਦੇ ਤੌਰ ’ਤੇ ਨਵੀਂ ਰਾਜਧਾਨੀ ਦੇ ਨਿਰਮਾਣ ਲਈ ਹਰਿਆਣਾ ਦੀ ਮਦਦ ਕਰਨੀ ਬਣਦੀ ਹੈ, ਜੋ ਪ੍ਰਭਾਵਸ਼ਾਲੀ ਹਰਿਆਣਵੀ ਸੱਭਿਆਚਾਰ ਵਾਲੇ ਖੇਤਰ ਵਿੱਚ ਹੋਵੇ। ਚੰਡੀਗੜ੍ਹ ਹਰਿਆਣਵੀ ਸੱਭਿਆਚਾਰ ਦੇ ਪੂਰੇ ਵਿਕਾਸ ਲਈ ਢੁੱਕਵਾਂ ਨਹੀਂ।
ਨਵੇਂ ਸੁਰਜੀਤ ਹੋਏ ਅਕਾਲੀ ਦਲ ਨੂੰ ਹੋਰ ਖੇਤਰੀ ਪਾਰਟੀਆਂ ਨਾਲ ਸਬੰਧ ਬਣਾਉਣੇ ਚਾਹੀਦੇ ਹਨ, ਕਿਉਂਕਿ ਭਾਰਤੀ ਰਾਜਨੀਤੀ ਦਾ ਭਵਿੱਖ ਰਾਜਾਂ ਦੇ ਖੇਤਰੀ ਪ੍ਰਸ਼ਾਸਨ ਵੱਲ ਜਾਣਾ ਤੈਅ ਹੈ। ਇਸ ਦੇ ਨਾਲ ਹੀ ਨਵੀਂ ਪਾਰਟੀ ਨੂੰ ਉਨ੍ਹਾਂ ਕੇਂਦਰੀਕ੍ਰਿਤ ਸਿਆਸੀ ਪਾਰਟੀਆਂ ਨਾਲ ਵੀ ਗੱਠਜੋੜ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਕੇਂਦਰੀਕਰਨ ਅਤੇ ਇਕਸਾਰਤਾ ਦੇ ਪੁਰਾਣੇ ਦ੍ਰਿਸ਼ਟੀਕੋਣਾਂ ਤੋਂ ਵੱਖ ਹੋਣ ਅਤੇ ਵਿਕੇਂਦਰੀਕਰਨ ਤੇ ਰਾਜਾਂ ਨੂੰ ਵੱਧ ਸ਼ਕਤੀ ਦੇਣ ਦੇ ਦ੍ਰਿਸ਼ਟੀਕੋਣ ਵੱਲ ਵਧਣ ਪ੍ਰਤੀ ਹਮਦਰਦੀ ਰੱਖਦੀਆਂ ਹਨ।
ਕਥਿਤ ਹਰੀ ਕ੍ਰਾਂਤੀ ਕਾਰਨ ਤਬਾਹ ਹੋਏ ਪੰਜਾਬ ਦੇ ਵਾਤਾਵਰਨ ਦਾ ਸੰਤੁਲਨ ਬਹਾਲ ਕਰਨ ਲਈ ਫੌਰੀ ਤੌਰ ’ਤੇ ਨਵੀਂ ਵਾਤਾਵਰਨ ਅਨੁਕੂਲ ਖੇਤੀ, ਉਦਯੋਗਿਕ ਅਤੇ ਊਰਜਾ ਪਹਿਲਕਦਮੀਆਂ ਵੱਲ ਵਧਣ ਦੀ ਲੋੜ ਹੈ। ਪੰਜਾਬ ਦੀਆਂ ਸਰਕਾਰੀ ਸੰਸਥਾਵਾਂ ਨੂੰ ਫੰਡ ਦਿੱਤੇ ਜਾਣ ਤੇ ਵਿਕਸਿਤ ਕੀਤੇ ਜਾਣ ਦੀ ਲੋੜ ਹੈ ਅਤੇ ਸਿੱਖਿਆ ਅਤੇ ਸਿਹਤ ਦਾ ਮੁਨਾਫ਼ਾ ਮੁਖੀ ਨਿੱਜੀਕਰਨ ਜਿਸ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ, ਨੂੰ ਮੂਲ ਰੂਪ ਵਿੱਚ ਰੋਕਣ ਦੀ ਲੋੜ ਹੈ। ਇਸ ਲਈ ਰਾਜ ਦੇ ਕਰਜ਼ੇ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਇਸ ਵਾਸਤੇ, ਕੇਂਦਰ ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਲੈਣ ਤੋਂ ਇਲਾਵਾ, ਪੰਜਾਬ ਦੇ ਉਨ੍ਹਾਂ ਅਮੀਰਾਂ ’ਤੇ ਵਿਸ਼ੇਸ਼ ਸੈੱਸ ਲਾਉਣ ਦੀ ਲੋੜ ਪੈ ਸਕਦੀ ਹੈ ਜਿਨ੍ਹਾਂ ਰਾਜ ਦੀਆਂ ਜ਼ਮੀਨਾਂ, ਜੰਗਲ, ਪਾਣੀ, ਪਹਾੜੀਆਂ ਅਤੇ ਕਿਰਤ ਦਾ ਸ਼ੋਸ਼ਣ ਕਰ ਕੇ ਦੌਲਤ ਇਕੱਠੀ ਕੀਤੀ ਹੈ। ਪਰਵਾਸੀ ਪੰਜਾਬੀ ਵੀ ਅਜਿਹੀ ਪਹਿਲਕਦਮੀ ਲਈ ਖੁੱਲ੍ਹੇ ਦਿਲ ਨਾਲ ਮਦਦ ਕਰਨਗੇ। ਆਲਮੀ ਪੰਜਾਬੀ ਭਾਈਚਾਰਾ, ਜਿਸ ਨੂੰ ਮੁੱਖ ਧਾਰਾ ਦੇ ਭਾਰਤੀ ਮੀਡੀਆ ਦੁਆਰਾ ਬਹੁਤ ਬਦਨਾਮ ਕੀਤਾ ਗਿਆ ਹੈ, ਆਪਣੇ ਵਤਨ ਪੰਜਾਬ ਨੂੰ ਸਮਾਜਿਕ ਤੌਰ ’ਤੇ ਪ੍ਰਗਤੀਸ਼ੀਲ ਅਤੇ ਵਾਤਾਵਰਨ ਦੇ ਪੱਖ ਤੋਂ ਖੁਸ਼ਹਾਲ ਥਾਂ ਬਣਾਉਣ ਲਈ ਯੋਗਦਾਨ ਪਾਉਣ ਦੀ ਤਾਂਘ ਰੱਖਦਾ ਹੈ।
*ਪ੍ਰੋਫੈਸਰ ਐਮੇਰਿਟਸ, ਆਕਸਫੋਰਡ ਬਰੁਕਸ ਯੂਨੀਵਰਸਿਟੀ, ਯੂ ਕੇ।
ਸੰਪਰਕ: 44-7922-657957