ਮੈਟਰੋ ਮੀਡੀਆ ਦਾ ਨਾਂਹ-ਮੁਖੀ ਕਿਰਦਾਰ
ਸੰਜੌਯ ਹਜ਼ਾਰਿਕਾ
ਮੈਂ ਇੱਥੇ ਹੱਤਿਆ ਅਤੇ ਕਹਾਣੀ ਵਿੱਚ ਆਏ ਬਹੁਤ ਸਾਰੇ ਮੋੜ ਘੋੜਾਂ ਬਾਰੇ ਨਹੀਂ ਲਿਖਾਂਗਾ ਜੋ ਅਸਲ ਵਿੱਚ ਕਿਸੇ ਮਸਾਲਾ ਬਾਲੀਵੁੱਡ ਫਿਲਮ ਨਾਲੋਂ ਥੋੜ੍ਹੀ ਬਿਹਤਰ ਨਿਕਲੀ। ਸਚਾਈ ਹੌਲੀ-ਹੌਲੀ ਸਾਹਮਣੇ ਆ ਰਹੀ ਹੈ। ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਲੋਕਾਂ ਨੇ ਇਸ ’ਤੇ ਕਿਵੇਂ ਪ੍ਰਤੀਕਿਰਿਆ ਕੀਤੀ ਅਤੇ ਅਖੌਤੀ ਨੈਸ਼ਨਲ ਮੀਡੀਆ ਜਿਸ ਨੂੰ ਮੈਂ ਮੈਟਰੋ ਮੀਡੀਆ ਆਖਦਾ ਹਾਂ (ਇਹੀ ਉਨ੍ਹਾਂ ਦੇ ਮਾਲਕਾਂ ਦੇ ਮੂਲ ਹਲਕੇ ਹਨ) ਦੇ ਪਾਏ ਖਲਾਰੇ ਨਾਲ ਕਿਵੇਂ ਨਜਿੱਠ ਰਹੇ ਸਨ।
ਮੈਂ ਇਨ੍ਹੀਂ ਦਿਨੀਂ ਸ਼ਿਲੌਂਗ ਵਿਚਲੇ ਆਪਣੇ ਖ਼ਾਨਦਾਨੀ ਘਰ ਵਿੱਚ ਰਹਿ ਰਿਹਾ ਹਾਂ। ਮੈਂ ਕਈ ਦਹਾਕੇ ਦਿੱਲੀ ਵਿੱਚ ਗੁਜ਼ਾਰੇ ਜਿੱਥੋਂ ਦਾ ਮੌਸਮ, ਪ੍ਰਦੂਸ਼ਣ, ਆਵਾਜਾਈ ਅਤੇ ਰਾਜਨੀਤੀ ਵਿੱਚ ਬਹੁਤ ਜ਼ਿਆਦਾ ਗੰਦ-ਮੰਦ ਘੁਲ ਰਿਹਾ ਹੈ। ਬਿਨਾਂ ਸ਼ੱਕ, ਰਾਜਧਾਨੀ ਦੀਆਂ ਮੇਰੀਆਂ ਕੁਝ ਚੰਗੀਆਂ ਯਾਦਾਂ ਵੀ ਹਨ, ਘਰ ਪਰਿਵਾਰ ਵਸਾਉਣ ਅਤੇ ਪੇਸ਼ੇਵਰ ਕਰੀਅਰ, ਬਹੁਤ ਸਾਰੇ ਚੰਗੇ ਦੋਸਤ ਬਣਾਉਣ ਦੀਆਂ, ਉਦਾਸੀ ਦੀਆਂ, ਇਸ ਦੀਆਂ ਖਾਣ-ਪੀਣ ਵਾਲੀਆਂ ਅਤੇ ਸਭਿਆਚਾਰਕ ਤੇ ਇਤਿਹਾਸਕ ਥਾਵਾਂ ਦੀ ਹੈਰਾਨਗੀ ਦੀਆਂ ਯਾਦਾਂ, ਪਰ ਸ਼ਿਲੌਂਗ ਮੇਰਾ ਜਨਮ ਸਥਾਨ ਹੈ ਜਿੱਥੇ ਮੇਰੇ ਬਚਪਨ ਦੇ ਬਹੁਤ ਅਹਿਮ ਸਾਲ ਬੀਤੇ ਸਨ, ਜਿੱਥੇ ਮੇਰੇ ਕੁਝ ਸਭ ਤੋਂ ਪਿਆਰੇ ਦੋਸਤ ਹਨ। ਜੰਗਲ ਮੇਰੇ ਘਰ ਤੋਂ ਬਹੁਤਾ ਦੂਰ ਨਹੀਂ ਅਤੇ ਸਵੇਰੇ ਉੱਠਣ ਸਾਰ ਪੰਛੀਆਂ ਦੇ ਗੀਤ ਸੁਣਾਈ ਦਿੰਦੇ ਹਨ। ਸਾਡੇ ਬਗੀਚੇ ਦੀ ਹਰਿਆਵਲ ਅਤੇ ਫੁੱਲਾਂ ਤੇ ਫਲਾਂ ਦੀ ਮਹਿਕ ਤਾਜ਼ਾ ਦਮ ਕਰ ਦਿੰਦੀ ਹੈ। ਸ਼ਿਲੌਂਗ ਵਿੱਚ ਮਾੜੀ ਆਵਾਜਾਈ ਜਿਹੀਆਂ ਕਈ ਸਮੱਸਿਆਵਾਂ ਹਨ ਪਰ ਜ਼ਿਆਦਾਤਰ ਥਾਵਾਂ ’ਤੇ ਮੈਂ ਪੈਦਲ ਜਾ ਸਕਦਾ ਹਾਂ; ਦਿੱਲੀ ਤੇ ਇਸ ਵਰਗੇ ਕਈ ਹੋਰ ਮਹਾਂਨਗਰਾਂ ਦੇ ਮੁਕਾਬਲੇ ਇਹ ਕਿਤੇ ਵੱਧ ਸਾਫ਼-ਸੁਥਰਾ ਹੈ ਅਤੇ ਇਸ ਦੀ ਹਵਾ ਦੀ ਗੁਣਵੱਤਾ ਕਿਤੇ ਬਿਹਤਰ ਹੈ।
ਜਦੋਂ ਲਾਪਤਾ ਜੋੜੇ ਦੀ ਖ਼ਬਰ ਆਈ ਤਾਂ ਮੈਂ ਸ਼ਿਲੌਂਗ ਤੋਂ ਬਾਹਰ ਸਾਂ ਤੇ ਕਈ ਹੋਰ ਲੋਕਾਂ ਵਾਂਗ ਸੋਚ ਰਿਹਾ ਸਾਂ ਕਿ ਸ਼ਾਇਦ ਉਹ ਦੋਵੇਂ ਗੁੰਮ ਹੋ ਗਏ ਹਨ ਤੇ ਇੱਕ ਦੋ ਦਿਨਾਂ ’ਚ ਲੱਭ ਜਾਣਗੇ ਜਿਵੇਂ ਮੇਰੀ ਜਾਣਕਾਰੀ ਦੇ ਕੁਝ ਹੋਰ ਕੇਸਾਂ ਵਿੱਚ ਉਹ ਭੁੱਖ ਪਿਆਸ ਦੀ ਹਾਲਤ ਵਿੱਚ ਮਿਲੇ ਸਨ। ਜਦੋਂ ਉਸ ਦੀ ਹੱਤਿਆ ਅਤੇ ਪਤਨੀ ਦੇ ਲਾਪਤਾ ਹੋਣ ਦੀ ਖ਼ਬਰ ਦੇਸ਼ ਭਰ ਵਿੱਚ ਫੈਲੀ ਤਾਂ ਮੈਟਰੋ ਮੀਡੀਆ, ਇਸ ਦੇ ਰੌਲ਼ਾ ਪਾਊ ਐਂਕਰਾਂ ਅਤੇ ਇਸ ਦੇ ਅਣਜਾਣ ਰਿਪੋਰਟਰਾਂ ਨੇ ਸੂਬੇ, ਇਸ ਦੀ ਸਰਕਾਰ ਅਤੇ ਲੋਕਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਜਿਉਂ ਹੀ ਘਟਨਾ ਵਾਪਰੀ ਤਾਂ ਟੈਲੀਵਿਜ਼ਨ ਅਤੇ ਅਖ਼ਬਾਰਾਂ ਨੇ ਆਪਣੀਆਂ ਟੀਮਾਂ ਸ਼ਿਲੌਂਗ ਅਤੇ ਸੋਹਰਾ ਭੇਜ ਦਿੱਤੀਆਂ। ਸੋਹਰਾ ਆਪਣੇ ਪੁਰਾਣੇ ਨਾਂ ਚੇਰਾਪੂੰਜੀ ਨਾਲ ਵੱਧ ਜਾਣਿਆ ਜਾਂਦਾ ਹੈ ਅਤੇ ਦੁਨੀਆ ਭਰ ਵਿੱਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਇਸੇ ਦੇ ਨਾਂ ਸੀ ਜੋ ਹੁਣ ਇਸ ਦੇ ਨਾਲ ਲੱਗਦੇ ਮਓਸਿਨਰਾਮ ਦੇ ਨਾਂ ਹੋ ਗਿਆ ਹੈ। ਇਸੇ ਦੌਰਾਨ ਸ਼ੋਰ ਸ਼ਰਾਬੇ ਦੇ ਮਾਹੌਲ ਵਿੱਚ ਸੋਸ਼ਲ ਅਤੇ ਰਵਾਇਤੀ ਮੀਡੀਆ ਨੇ ਵੀ ਗੁੱਸੇ ਤੇ ਦੁੱਖ ਵਿੱਚੋਂ ਲੰਘ ਰਹੇ ਰਿਸ਼ਤੇਦਾਰਾਂ ਦੇ ਗੁੱਭ ਗੁਭਾਟ ਨੂੰ ਲਗਾਤਾਰ ਪ੍ਰਸਾਰਿਤ ਕੀਤਾ ਜਿਨ੍ਹਾਂ ਵਿੱਚ ਸੀਬੀਆਈ ਜਾਂਚ ਦੀ ਮੰਗ ਵੀ ਸ਼ਾਮਿਲ ਸੀ।
ਮੈਂ ਅਜਿਹੀ ਕਵਰੇਜ ਦੇਖ ਕੇ ਦੁਖੀ ਸਾਂ। ਆਪਣੀ ਕੰਮਕਾਜੀ ਜ਼ਿੰਦਗੀ ਦਾ ਵੱਡਾ ਹਿੱਸਾ ਮੈਂ ਪੇਸ਼ੇਵਰ ਰਿਪੋਰਟਰ ਵਜੋਂ ਕੰਮ ਕਰਦਿਆਂ ਆਪਣੇ ਹੁਨਰ ਨੂੰ ਨਿਖਾਰਿਆ ਹੈ- ਕੋਈ ਸਿੱਟਾ ਨਾ ਕੱਢੋ, ਘਟਨਾ ਸਥਾਨ ’ਤੇ ਮੌਜੂਦ ਅਧਿਕਾਰੀਆਂ, ਮੁਕਾਮੀ ਵਸਨੀਕਾਂ ਤੇ ਖ਼ਾਸ ਤੌਰ ’ਤੇ ਮੁਕਾਮੀ ਪੱਤਰਕਾਰਾਂ ਨਾਲ ਵੱਧ ਤੋਂ ਵੱਧ ਗੱਲਬਾਤ ਕਰੋ ਜਿਨ੍ਹਾਂ ’ਚੋਂ ਕੁਝ ਬਹੁਤ ਹੀ ਜਾਣਕਾਰ ਹੁੰਦੇ ਹਨ। ਕਈ ਦਹਾਕਿਆਂ ਤੋਂ ਨਵੀਂ ਦਿੱਲੀ, ਮੁੰਬਈ ਅਤੇ ਹੋਰ ਮਹਾਨਗਰਾਂ ਤੋਂ ਆ ਕੇ ਉੱਤਰ ਪੂਰਬੀ ਖਿੱਤੇ ਵਿੱਚ ਪੱਤਰਕਾਰੀ ਕਰਦੇ ਰਹੇ ਹਨ ਜਿਨ੍ਹਾਂ ਕੋਲ ਜ਼ਮੀਨੀ ਪੱਧਰ ਦਾ ਗਿਆਨ ਬਹੁਤ ਘੱਟ ਹੁੰਦਾ ਤੇ ਉਹ ਬਹੁਤੀ ਛਾਣਬੀਣ ਨਹੀਂ ਕਰਦੇ। ਉਨ੍ਹਾਂ ਨੂੰ ਇੱਕ ਵੀ ਮੁਕਾਮੀ ਭਾਸ਼ਾ ਨਹੀਂ ਆਉਂਦੀ ਹੁੰਦੀ (ਉੱਥੇ ਲਗਭਗ 250 ਤੋਂ ਵੱਧ ਭਾਈਚਾਰੇ ਹਨ ਜੋ ਇੰਨੀਆਂ ਹੀ ਬੋਲੀਆਂ ਬੋਲਦੇ ਹਨ, ਭਾਵੇਂ ਇਨ੍ਹਾਂ ’ਚੋਂ ਬਹੁਤ ਸਾਰੀਆਂ ਭਾਸ਼ਾਵਾਂ ਅੱਠਵੀਂ ਅਨੁਸੂਚੀ ਵਿੱਚ ਸ਼ਾਮਿਲ ਨਹੀਂ ਹਨ), ਫਿਰ ਵੀ ਉਹ ਰਾਤੋ-ਰਾਤ ਖਿੱਤੇ ਜਾਂ ਇਸ ਦੀਆਂ ਜਟਿਲ ਹਾਲਾਤ ਨੂੰ ਸਮਝਣ ਦੇ ਮਾਹਿਰ ਬਣ ਜਾਂਦੇ ਹਨ। ਇਸ ਲਿਹਾਜ਼ ਤੋਂ ਸੋਹਰਾ ਕਤਲ ਕੇਸ ਦੀ ਮੀਡੀਆ ਕਵਰੇਜ ਇਸ ਦੀ ਸ਼ਾਹਕਾਰ ਮਿਸਾਲ ਹੈ ਕਿ ਕਿਵੇਂ ਇਹ ਤੱਥਾਂ, ਬੇਲਾਗ ਰਿਪੋਰਟਿੰਗ ਦੀ ਥਾਂ ਮਨੌਤਾਂ ਤੇ ਲੱਛੇਦਾਰ ਬਿਰਤਾਂਤ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੈ।
ਮੇਘਾਲਿਆ ਦੇ ਲੋਕ ਇਸ ਜ਼ਹਿਰੀਲੀ ਤੇ ਪੱਖਪਾਤੀ ਰਿਪੋਰਟਿੰਗ, ਕਿਰਦਾਰਕੁਸ਼ੀ ਅਤੇ ਦੂਸ਼ਣਬਾਜ਼ੀ ਤੋਂ ਬਹੁਤ ਦੁਖੀ ਹੋਏ। ਸੋਹਰਾ ਵਸਨੀਕਾਂ ਦੇ ਦੁਖੀ ਹੋਣ ਦੇ ਕਾਰਨ ਹੋਰ ਵੀ ਜ਼ਿਆਦਾ ਹਨ। ਨੀਵੇਂ ਦਰਜੇ ਦੇ ਦੋਸ਼ਾਂ ਦੇ ਰੋਜ਼ਾਨਾ ਸਮਾਚਾਰੀ ਚੱਕਰ ਨਾਲ ਉਸ ਦੀ ਸੁਰੱਖਿਅਤ ਅਤੇ ਸੈਲਾਨੀ ਪੱਖੀ ਸੈਰਗਾਹ ਵਜੋਂ ਉਨ੍ਹਾਂ ਦੀ ਦਿੱਖ ਖਰਾਬ ਹੋਈ। ਥੋੜ੍ਹੇ ਜਿਹੇ ਸਾਮਾਨ ਨਾਲ ਆਉਣ ਵਾਲੇ ਸੈਲਾਨੀਆਂ ਲਈ ਵੱਖ-ਵੱਖ ਤਰ੍ਹਾਂ ਦੇ ਸਸਤੇ ਬਜਟਾਂ ਵਿੱਚ ਹੋਮ ਸਟੇਅ ਅਤੇ ਹੋਟਲ ਸਨ; ਨਾਲ ਹੀ ਉਨ੍ਹਾਂ ਲੋਕਾਂ ਲਈ ਵੀ ਜੋ ਇਲਾਕੇ ਦੀਆਂ ਸ਼ਾਨਦਾਰ ਪਹਾੜੀਆਂ ਤੇ ਵਾਦੀਆਂ ਦੇਖਣ ਲਈ ਪੰਜ ਤਾਰਾ ਹੋਟਲ ਵਿੱਚ ਆਰਾਮ ਨਾਲ ਰਹਿਣਾ ਚਾਹੁੰਦੇ ਸਨ। ਦਹਾਕਿਆਂ ਤੋਂ ਦ੍ਰਿੜ੍ਹਤਾ, ਲਗਾਤਾਰ ਮਿਹਨਤ ਅਤੇ ਮੁਕਾਮੀ ਨਿਵੇਸ਼ ਨਾਲ ਸੋਹਰਾ ਅਜਿਹੇ ਮੁਕਾਮ ਵਜੋਂ ਉਭਰਿਆ ਹੈ ਜੋ ਮੇਘਾਲਿਆ, ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੀ ਸੁਨਹਿਰੀ ਤਫ਼ਰੀਹੀ ਤਿਕੋਣ ਦੇਖਣ ਆਉਣ ਵਾਲਿਆਂ ਲਈ ਜ਼ਰੂਰੀ ਥਾਂ ਹੈ। ਹੋਟਲ ਕਾਰੋਬਾਰੀਆਂ, ਮੁਕਾਮੀ ਰੈਸਤਰਾਂ ਅਤੇ ਗੈਸਟ ਹਾਊਸਾਂ ਦੀ ਨਵੀਂ ਪਹੁੰਚ ਸਦਕਾ ਮੁਕਾਮੀ ਖਾਣਿਆਂ ਨੂੰ ਹੁਲਾਰਾ ਮਿਲਿਆ ਜਿਨ੍ਹਾਂ ਵਿੱਚ ਰਾਜਸਥਾਨ ਤੇ ਗੁਜਰਾਤ ਦੇ ਸ਼ਾਕਾਹਾਰੀ ਭੋਜਨ ਹੀ ਨਹੀਂ ਸਗੋਂ ਅਸਾਮ ਦੀ ਥਾਲੀ ਵੀ ਪਰੋਸੀ ਜਾਂਦੀ ਹੈ। ਇਸ ਜਗ੍ਹਾ ਹਰ ਵਕਤ ਚਹਿਲ-ਪਹਿਲ ਰਹਿੰਦੀ ਹੈ।
ਜਿਵੇਂ ਸ਼ਿਲੌਂਗ ਅਤੇ ਹੋਰ ਸ਼ਹਿਰਾਂ ਵਿੱਚ ਸੈਰ-ਸਪਾਟਾ ਤੇ ਹੋਮ ਸਟੇਅਜ਼ ਦਾ ਪਸਾਰ ਹੋਇਆ ਹੈ ਤਾਂ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੀ ਰੋਜ਼ੀ-ਰੋਟੀ ਸੈਰ-ਸਪਾਟੇ ਨਾਲ ਜੁੜ ਗਈ ਹੈ। ਬਹਰਹਾਲ, ਜਿਵੇਂ ਅਸੀਂ ਕਸ਼ਮੀਰ ਦੀ ਮਿਸਾਲ ਤੋਂ ਦੇਖਿਆ ਹੈ ਕਿ ਜੇ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ ਤਾਂ ਉਨ੍ਹਾਂ ਦੀ ਪਹਿਲੀ ਤਰਜੀਹ, ਭਾਵ, ਸੁਰੱਖਿਆ ਦੇ ਮੁੱਦੇ ਨੂੰ ਮੁਖ਼ਾਤਿਬ ਹੋਣਾ ਜ਼ਰੂਰੀ ਹੈ। ਸੋਹਰਾ ਅਤੇ ਮੇਘਾਲਿਆ ਜਿਹੇ ਛੋਟੇ ਅਰਥਚਾਰੇ ਲਈ ਦਿੱਖ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਕਰਨੀ ਬਹੁਤ ਔਖੀ ਹੈ। ਇਸ ਦਬਾਓ ਹੇਠ ਸਰਕਾਰ ਅਤੇ ਮੁਕਾਮੀ ਭਾਈਚਾਰਿਆਂ ਨੇ ਆਪਣਾ ਸਬਰ ਕਾਇਮ ਰੱਖਿਆ ਹੈ।
ਮੇਘਾਲਿਆ ਦੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਸਾਇਰਲ ਡੀਂਗਡੋਹ ਨੇ ਆਖਿਆ ਹੈ, “ਸਰਕਾਰ ਨੇ ਧੀਰਜ ਤੋਂ ਕੰਮ ਲਿਆ ਹੈ; ਇਸ ਨੇ, ਖ਼ਾਸਕਰ ਪੁਲੀਸ ਨੇ ਪੇਸ਼ੇਵਰ ਢੰਗ ਨਾਲ ਕੰਮ ਕਰ ਕੇ ਸਿੱਟੇ ਕੱਢੇ ਹਨ।” ਉਨ੍ਹਾਂ ਧਿਆਨ ਦਿਵਾਇਆ ਕਿ ਕਿਵੇਂ ਮੁਕਾਮੀ ਲੋਕ ਜਿਨ੍ਹਾਂ ਵਿੱਚ ਵੈਸਟ ਜੈਂਤੀਆ ਹਿਲਜ਼ ਐਡਵੈਂਚਰ ਐਸੋਸੀਏਸ਼ਨ ਸ਼ਾਮਿਲ ਸਨ, ਨੇ ਇਕੱਠੇ ਹੋ ਕੇ ਮਦਦ ਕੀਤੀ। ਇਨ੍ਹਾਂ ਟੀਮਾਂ ਨੇ ਹੀ ਪੁਲੀਸ ਨੂੰ ਰਘੂਵੰਸ਼ੀ ਦੀ ਲਾਸ਼ ਲੱਭਣ ਵਿੱਚ ਮਦਦ ਕੀਤੀ ਸੀ ਜਿਸ ਨਾਲ ਵਿਸ਼ੇਸ਼ ਜਾਂਚ ਟੀਮ ਹੋਰਨਾਂ ਕੜੀਆਂ ਜੋੜਨ ਵਿਚ ਕਾਮਯਾਬ ਹੋ ਸਕੀ।
ਸ੍ਰੀ ਡੀਂਗਡੋਹ ਨੇ ਆਖਿਆ, “ਮੀਡੀਆ ਨੂੰ ਕਿਤੇ ਜ਼ਿਆਦਾ ਜ਼ਿੰਮੇਵਾਰੀ ਤੋਂ ਕੰਮ ਲੈਣ ਦੀ ਲੋੜ ਹੈ, ਉਨ੍ਹਾਂ ਝਟਪਟ ਨਤੀਜਾ ਕੱਢ ਲਿਆ ... ਲੋਕ ਇਸ ਗੱਲੋਂ ਸਖ਼ਤ ਖਫ਼ਾ ਹਨ ਕਿ ਉਨ੍ਹਾਂ ਨੂੰ ਅਪਰਾਧੀਆਂ ਵਾਂਗ ਪੇਸ਼ ਕੀਤਾ ਗਿਆ ਜਿਸ ਨਾਲ ਸੈਲਾਨੀਆਂ ਦੇ ਮਨਾਂ ਵਿੱਚ ਗ਼ਲਤ ਤਸਵੀਰ ਬਣ ਜਾਂਦੀ ਹੈ।” ਮੇਰੇ ਖਿਆਲ ਵਿੱਚ ਨੌਜਵਾਨ ਮੁੱਖ ਮੰਤਰੀ ਕੌਨਰਾਡ ਸੰਗਮਾ ਨੇ ਉਸ ਔਖੇ ਸਮੇਂ ਵਿੱਚ ਸੰਜਮ ਤੇ ਠਰੰਮੇ ਨਾਲ ਮੇਘਾਲਿਆ ਦੀ ਅਗਵਾਈ ਕੀਤੀ, ਉਨ੍ਹਾਂ ਦੇ ਸੂਬੇ ਦੀ ਦਿੱਖ ਨਿਸ਼ਾਨੇ ’ਤੇ ਆ ਗਈ ਸੀ।
ਮੇਘਾਲਿਆ ਦੇ ਅੰਗਰੇਜ਼ੀ ਦੇ ਸਭ ਤੋਂ ਵੱਡੇ ਅਖ਼ਬਾਰ ‘ਸ਼ਿਲੌਂਗ ਟਾਈਮਜ਼’ ਦੀ ਸੰਪਾਦਕ ਪੈਟ੍ਰੀਸ਼ੀਆ ਮੁਖੀਮ ਨੇ ਪੁਲੀਸ ਦੀ ਪੇਸ਼ੇਵਰ ਮੁਹਾਰਤ ਦੀ ਸ਼ਲਾਘਾ ਕਰਦਿਆਂ ਕਿਹਾ, “ਉਨ੍ਹਾਂ ਬਹੁਤ ਬਾਰੀਕੀ ਨਾਲ ਅਤੇ ਬਿਨਾਂ ਕੋਈ ਸ਼ੋਰ ਮਚਾਇਆਂ ਕੰਮ ਕੀਤਾ। ਉਹ ਮੀਡੀਆ ਤੋਂ ਦੂਰ ਰਹੇ ਤੇ ਜਦੋਂ ਵੀ ਉਨ੍ਹਾਂ ਤੋਂ ਪੁੱਛਿਆ ਜਾਂਦਾ ਸੀ, ਉਹ ਇਹੀ ਜਵਾਬ ਦਿੰਦੇ- ‘ਅਸੀਂ ਕੰਮ ’ਤੇ ਲੱਗੇ ਹੋਏ ਹਾਂ।’
ਅਹਿਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਬੇਕਿਰਕੀ ਨਾਲ ਕੀਤੀ ਹੱਤਿਆ ਦਾ ਇਹ ਕੇਸ ਮੈਟਰੋ ਮੀਡੀਆ ਦੀਆਂ ਸੁਰਖੀਆਂ ’ਚੋਂ ਲਾਂਭੇ ਹੋ ਗਿਆ ਹੈ ਪਰ ਸੋਹਰਾ ਦੇ ਲੋਕਾਂ ਨੇ ਬਿਨਾਂ ਕਿਸੇ ਵੱਲ ਉਂਗਲ ਕੀਤਿਆਂ ਰਾਜਾ ਰਘੂਵੰਸ਼ੀ ਨਮਿਤ ਮੋਮਬੱਤੀ ਮਾਰਚ ਕੀਤਾ। ਇਸ ਨਾਲ ਕੋਈ ਵੱਡੀ ਖ਼ਬਰ ਤਾਂ ਨਹੀਂ ਬਣ ਸਕੀ ਪਰ ਇਸ ਤੋਂ ਭਾਰਤੀ ਅਵਾਮ ਅਤੇ ਆਮ ਮੀਡੀਆ (ਖ਼ਾਸਕਰ ਸੋਸ਼ਲ ਮੀਡੀਆ ਦੇ ਅੰਦਰ ਬਾਹਰ ਬੈਠੇ ਅਹਿਮਕਾਂ) ਨੂੰ ਇਹ ਪਤਾ ਲੱਗਦਾ ਹੈ ਕਿ ਬਿਹਤਰ ਭਾਰਤ ਕਿੱਥੇ ਰਹਿੰਦਾ ਹੈ। ਟੈਲੀਵਿਜ਼ਨ ਐਂਕਰਾਂ ਅਤੇ ਹੋਰਨਾਂ ਵੱਲੋਂ ਆਪਣੀ ਰਿਪੋਰਟਿੰਗ ਤੇ ਨਾਲ ਪੀੜਤ ਪਰਿਵਾਰਾਂ ਪ੍ਰਤੀ ਮੁਆਫ਼ੀਆਂ ਆ ਰਹੀਆਂ ਹਨ। ਇਹ ਚੰਗੀ ਗੱਲ ਹੈ ਪਰ ਇਸ ਤੋਂ ਵੀ ਬਿਹਤਰ ਇਹ ਸੀ ਜਦੋਂ ਸੋਹਰਾ, ਸੈਲਾਨੀਆਂ ਅਤੇ ਯਾਤਰੀਆਂ ਨਾਲ ਖੜ੍ਹਾ ਹੋਇਆ ਸੀ।
ਇੱਕ ਗੱਲ ਮੇਰੇ ਪੱਲੇ ਨਹੀਂ ਪੈ ਰਹੀ; ਮੀਡੀਆ ਸਮੂਹਾਂ ਨੇ ਹਿੰਦੀ ਭਾਸ਼ੀ ਖੇਤਰ ਨਾਲ ਜੁੜੇ ਇਸ ਸਨਸਨੀਖੇਜ਼ ਹੱਤਿਆ ਕਾਂਡ ਦੀ ਕਵਰੇਜ ਵਾਸਤੇ ਐਨਾ ਪੈਸਾ ਖਰਚ ਕੀਤਾ। ਉਨ੍ਹਾਂ ਆਪਣੇ ਯੂਨਿਟਾਂ ਅਤੇ ਰਿਪੋਰਟਰਾਂ ਨੂੰ ਸ਼ਿਲੌਂਗ ਤੋਂ ਮਨੀਪੁਰ ਕਿਉਂ ਨਹੀਂ ਭੇਜਿਆ ਜਿੱਥੇ ਇਸ ਤੋਂ ਕਿਤੇ ਵੱਧ ਜਟਿਲ ਸਟੋਰੀ ਅਜੇ ਤੱਕ ਕਵਰ ਕਰਨ ਤੋਂ ਪਈ ਹੈ। ਅਸਲ ਵਿੱਚ ਉਸ ਵਾਸਤੇ ਪੇਸ਼ੇਵਰ ਯੋਗਤਾ ਅਤੇ ਦਲੇਰੀ ਦੀ ਲੋੜ ਪਵੇਗੀ।
*ਲੇਖਕ ਆਜ਼ਾਦ ਕਾਲਮਨਵੀਸ ਹੈ।