ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਗਰੇਜ਼ੀ ਦਬਦਬੇ ਖਿ਼ਲਾਫ਼ ਜੂਝਣ ਵਾਲੇ ਪਹਿਲੇ ਪੰਜ ਸ਼ਹੀਦ

1845-46 ਦੇ ਲਾਹੌਰ ਦਰਬਾਰ ਨਾਲ ਹੋਏ ਯੁੱਧ ਵਿੱਚ ਅੰਗਰੇਜ਼ੀ ਸੈਨਾ ਜਿੱਤ ਤਾਂ ਗਈ ਪਰ ਲੋਹੇ ਦੇ ਚਨੇ ਚੱਬ ਕੇ। ਇਸ ਤੋਂ ਪਹਿਲਾਂ ਕੰਪਨੀ ਬਹਾਦਰ ਦੀ ਸੈਨਾ ਨੇ ਹਿੰਦੋਸਤਾਨ ਵਿੱਚ ਕਈ ਲੜਾਈਆਂ ਲੜੀਆਂ ਸਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਮੁਕਾਬਲੇ ਦੀ...
Advertisement

1845-46 ਦੇ ਲਾਹੌਰ ਦਰਬਾਰ ਨਾਲ ਹੋਏ ਯੁੱਧ ਵਿੱਚ ਅੰਗਰੇਜ਼ੀ ਸੈਨਾ ਜਿੱਤ ਤਾਂ ਗਈ ਪਰ ਲੋਹੇ ਦੇ ਚਨੇ ਚੱਬ ਕੇ। ਇਸ ਤੋਂ ਪਹਿਲਾਂ ਕੰਪਨੀ ਬਹਾਦਰ ਦੀ ਸੈਨਾ ਨੇ ਹਿੰਦੋਸਤਾਨ ਵਿੱਚ ਕਈ ਲੜਾਈਆਂ ਲੜੀਆਂ ਸਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਮੁਕਾਬਲੇ ਦੀ ਦ੍ਰਿਸ਼ਟੀ ਤੋਂ ਇਸ ਜੰਗ ਦੇ ਨੇੜੇ ਨਹੀਂ ਸੀ ਢੁੱਕਦੀ। ਦੋਵਾਂ ਧਿਰਾਂ ਦਰਮਿਆਨ 9 ਮਾਰਚ 1946 ਨੂੰ ‘ਸ਼ਾਂਤੀ ਸੰਧੀ’ ਹੋਣ ਤੋਂ ਕੇਵਲ ਦੋ ਦਿਨ ਪਿੱਛੋਂ ਪੂਰਕ ਸਮਝੌਤਾ ਸਹੀਬੰਦ ਕੀਤਾ ਗਿਆ ਜਿਸ ਵਿੱਚ ਸਾਲ ਦੇ ਅੰਤ ਤੱਕ ਮਹਾਰਾਜਾ ਦਲੀਪ ਸਿੰਘ ਅਤੇ ਲਾਹੌਰ ਸ਼ਹਿਰ ਦੇ ਵਸਨੀਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਬਰਤਾਨਵੀ ਸੁਰੱਖਿਆ ਕਰਮੀਆਂ ਦੀ ਲਾਹੌਰ ਵਿੱਚ ਠਹਿਰਨ ਦੀ ਵਿਵਸਥਾ ਕੀਤੀ ਗਈ ਸੀ। ਸੰਧੀ ਅਨੁਸਾਰ ਮਹਾਰਾਜਾ ਭਾਵੇਂ ਦਲੀਪ ਸਿੰਘ ਨੂੰ ਰੱਖਿਆ ਗਿਆ, ਪਰ ਰਾਜ ਪ੍ਰਬੰਧ ਅੰਗਰੇਜ਼ ਅਧਿਕਾਰੀ ਹੈਨਰੀ ਲਾਰੈਂਸ ਦੀ ਸਲਾਹ ਨਾਲ ਚਲਾਇਆ ਜਾਣਾ ਸੀ। ਇਉਂ ਰਾਜ ਵਾਗਡੋਰ ਅੰਗਰੇਜ਼ ਰੈਜ਼ੀਡੈਂਟ ਮਿਸਟਰ ਹੈਨਰੀ ਲਾਰੈਂਸ ਦੇ ਹੱਥਾਂ ਵਿੱਚ ਸੀ। ਚੋਣਵੇਂ ਸਿੱਖ ਸਰਦਾਰਾਂ ਦੀ ਮੰਡਲੀ ਉਸ ਨੂੰ ਸਲਾਹ ਦੇਣ ਵਾਸਤੇ ਬਣਾਈ, ਪਰ ਇਹ ਲਾਹੌਰ ਦਰਬਾਰ ਦੇ ਐਸੇ ਦਰਬਾਰੀਆਂ ਦਾ ਸਮੂਹ ਸੀ ਜੋ ਹਰ ਮਾਮਲੇ ਵਿੱਚ ਰੈਜ਼ੀਡੈਂਟ ਦੀ ਹਾਂ ਵਿੱਚ ਹਾਂ ਮਿਲਾਉਂਦੇ ਸਨ।

ਸੂਝਵਾਨ ਪੰਜਾਬੀ ਦੇਸ਼ਭਗਤ ਅੰਗਰੇਜ਼ਾਂ ਦੀ ਇਸ ਸ਼ਾਤਰਾਨਾ ਚਾਲ ਨੂੰ ਸਮਝਦੇ ਸਨ। ਉਹ ਕਲਪਨਾ ਕਰ ਸਕਦੇ ਸਨ ਕਿ ਅੰਗਰੇਜ਼ਾਂ ਦਾ ਇਹ ਵਤੀਰਾ ਥੋੜ-ਚਿਰਾ ਖੇਲ ਹੈ ਜੋ ਅੰਗਰੇਜ਼ ਪੰਜਾਬ ਨੂੰ ਪੂਰੀ ਅਤੇ ਪੱਕੀ ਤਰ੍ਹਾਂ ਆਪਣੇ ਅਧੀਨ ਕਰਨ ਲਈ ਖੇਲ ਰਹੇ ਹਨ। ਜਦ ਰੈਜ਼ੀਡੈਂਟ ਦਾ ਵਾਹ ਸਲਾਹਕਾਰ ਕੌਂਸਲ ਤੋਂ ਬਾਹਰ ਸਿੱਖ ਕੌਮ ਦੇ ਆਮ ਵਰਗ ਨਾਲ ਪਿਆ ਤਾਂ ਲਾਹੌਰ ਦਰਬਾਰ ਦੇ ਵਫਾਦਾਰ ਸਿੱਖ ਸਮੂਹ ਦੀਆਂ ਭਾਵਨਾਵਾਂ ਬਾਰੇ ਜਾਣ ਕੇ ਉਹ ਚੌਕੰਨਾ ਹੋ ਗਿਆ। ਸਿੱਖਾਂ ਦੀਆਂ ਅਜਿਹੀਆਂ ਭਾਵਨਾਵਾਂ ਨੂੰ ਦੇਖਦਿਆਂ ਉਸ ਨੇ ਜੋ ਸਿੱਟਾ ਕੱਢਿਆ, ਉਸ ਦਾ ਬਿਆਨ ਉਸ ਨੇ 29 ਮਈ 1847 ਨੂੰ ਗਵਰਨਰ ਜਨਰਲ ਦੇ ਸਕੱਤਰ ਨੂੰ ਸੰਬੋਧਿਤ ਪੱਤਰ ਵਿੱਚ ਇਨ੍ਹਾਂ ਸ਼ਬਦਾਂ ਵਿੱਚ ਕੀਤਾ, “ਸਮਾਂ ਬੀਤਣ ਨਾਲ ਜਦ ਹੌਲੀ-ਹੌਲੀ ਨਿਕਟ ਭੂਤ ਦੀਆਂ ਹਾਰਾਂ ਦੀ ਯਾਦ ਮੱਧਮ ਪੈ ਗਈ, ਜੇ ਅਜਿਹਾ ਅਵਸਰ ਬਣਿਆ, ਸਿੱਖ ਚਰਿੱਤਰ ਵਿਚਲੀ ਪ੍ਰਵਾਨਿਤ ਆਜ਼ਾਦੀ ਇਸ ਸਮੂਹ ਨੂੰ ਵਿਦੇਸ਼ੀ ਗੁਲਾਮੀ ਤੋਂ ਮੁਕਤੀ ਦੇ ਯਤਨ ਦੇ ਰਾਹ ਪਾ ਸਕਦੀ ਹੈ।”

Advertisement

ਲੋਕ ਭਾਵਨਾ ਬਾਰੇ ਰੈਜ਼ੀਡੈਂਟ ਦਾ ਇਹ ਫ਼ੈਸਲਾ ਸਹੀ ਸੀ ਜਿਸ ਦੀ ਪੁਸ਼ਟੀ ਕੁਝ ਮਹੀਨੇ ਪਿੱਛੋਂ ਵਾਪਰੀਆਂ ਘਟਨਾਵਾਂ ਨੇ ਕਰ ਦਿੱਤੀ। ਇਸ ਦੌਰ ਵਿੱਚ ਅੰਗਰਜ਼ਾਂ ਵਿਰੁੱਧ ਹਥਿਆਰ ਚੁੱਕਣ ਵਿੱਚ ਪਹਿਲ ਕਰਨ ਵਾਲਾ ਅਕਾਲੀ ਗੰਡਾ ਸਿੰਘ ਸੀ। ਉਹ ਕਿੱਥੋਂ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਆਪਣੀ ਪੂਰਬਲੀ ਜਿ਼ੰਦਗੀ ਕਿਵੇਂ ਬਤੀਤ ਕੀਤੀ, ਇਸ ਤਰ੍ਹਾਂ ਦੇ ਵੇਰਵੇ ਉਪਲਬਧ ਨਹੀਂ, ਪਰ ਜਿੰਨੀ ਕੁ ਜਾਣਕਾਰੀ ਅੰਗਰੇਜ਼ ਹਕੂਮਤ ਦੇ ਸਰਕਾਰੀ ਰਿਕਾਰਡ ਵਿੱਚੋਂ ਮਿਲਦੀ ਹੈ, ਉਸ ਅਨੁਸਾਰ ਅਕਾਲੀ ਗੰਡਾ ਸਿੰਘ ਆਪਣੇ ਸਮੇਂ ਦਾ ਸਤਿਕਾਰਤ ਸ਼ਖ਼ਸ ਸੀ। ਇਕ ਹੋਰ ਸ੍ਰੋਤ ਅਨੁਸਾਰ, ਗੰਡਾ ਸਿੰਘ ਭਾਈ ਮਹਾਰਾਜ ਸਿੰਘ ਦੇ ਪੈਰੋਕਾਰਾਂ ਵਿੱਚੋਂ ਸੀ। ਉਸ ਨੂੰ ਨਾ ਕੇਵਲ ਅਕਾਲੀ ਅਥਵਾ ਨਿਹੰਗ ਫਿਰਕੇ ਵਿੱਚ ਹੀ, ਸਗੋਂ ਆਮ ਲੋਕਾਂ ਵਿੱਚ ਵੀ ਇੱਜ਼ਤ-ਮਾਣ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ। ਸਿੱਖ ਸਰਦਾਰਾਂ ਦੇ ਚਰਿੱਤਰ ਵਿੱਚ ਆਈ ਗਿਰਾਵਟ ਤੋਂ ਨਿਰਾਸ਼ ਗੰਡਾ ਸਿੰਘ ਇਸ ਸਬੰਧੀ ਟੋਕਾ-ਟਾਕੀ ਕਰਦਾ ਰਹਿੰਦਾ ਸੀ ਜਿਸ ਕਾਰਨ ਕੁਲੀਨ ਸਿੱਖਾਂ ਦਾ ਇਹ ਵਰਗ ਉਸ ਤੋਂ ਦੁਖੀ ਸੀ। ਉਹ ਲਾਹੌਰ ਦਰਬਾਰ ਵਿਚਲੇ ਮੁਖੀ ਸਿੱਖਾਂ ਵੱਲੋਂ ਅੰਗਰੇਜ਼ ਰੈਜ਼ੀਡੈਂਟ ਦੀ ਹਾਂ ਵਿੱਚ ਹਾਂ ਮਿਲਾ ਕੇ ਚੱਲਣ ਨੂੰ ਪਸੰਦ ਨਹੀਂ ਸੀ ਕਰਦਾ, ਪਰ ਪ੍ਰਗਟ ਤੌਰ ਉੱਤੇ ਉਸ ਦੀ ਸੋਚ ਨਾਲ ਸਹਿਮਤ ਲੋਕਾਂ ਦੀ ਗਿਣਤੀ ਨਿਗੂਣੀ ਹੋਣ ਕਾਰਨ ਉਹ ਬੇਵੱਸ ਸੀ।

ਇਕ ਸਮਾਂ ਅਜਿਹਾ ਆਇਆ ਕਿ ਉਹ ਆਪਣੀ ਇਸ ਬੇਵਸੀ ਨੂੰ ਕਾਬੂ ਵਿੱਚ ਨਾ ਰੱਖ ਸਕਿਆ ਅਤੇ ਉਸ ਨੇ ਅੰਗਰੇਜ਼ ਰੈਜ਼ੀਡੈਂਟ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ। ਜੰਗੀ ਪੈਂਤੜੇ ਵਜੋਂ ਉਸ ਨੇ ਆਪਣੇ 8 ਸਾਥੀਆਂ ਨੂੰ ਨਾਲ ਲੈ ਕੇ 28 ਜਨਵਰੀ 1848 ਨੂੰ ਦਰਬਾਰ ਸਾਹਿਬ ਚੌਗਿਰਦੇ ਵਿੱਚ ਰਾਮਗੜ੍ਹੀਆ ਬੁੰਗੇ ਦੇ ਇਕ ਮਿਨਾਰ ਵਿੱਚ ਆ ਮੋਰਚਾ ਲਾਇਆ। ਰੈਜ਼ੀਡੈਂਟ ਦੇ ਹੁਕਮ ਅਨੁਸਾਰ, ਅਕਾਲੀ ਗੰਡਾ ਸਿੰਘ ਨੂੰ ਪਹਿਲਾਂ ਪ੍ਰੇਰ ਕੇ ਅਤੇ ਫਿਰ ਡਰਾ ਕੇ ਆਤਮ-ਸਮਰਪਣ ਕਰਨ ਲਈ ਤਿਆਰ ਕਰਨ ਦਾ ਯਤਨ ਅਸਫਲ ਰਿਹਾ ਤਾਂ ਸੈਨਿਕ ਟੁਕੜੀ ਭੇਜੀ ਗਈ। ਇਸ ਟੁਕੜੀ ਨੇ ਆ ਕੇ ਮਿਨਾਰ ਨੂੰ ਘੇਰਾ ਪਾ ਲਿਆ। ਅਕਾਲੀਆਂ ਨੇ ਪਹਿਲੇ ਹੀ ਹੱਲੇ ਵਿੱਚ ਇਸ ਸੈਨਿਕ ਟੁਕੜੀ ਦੀ ਅਗਵਾਈ ਕਰ ਰਹੇ ਕਰਨਲ ਅਤੇ ਉਸ ਦੇ ਨਾਲ ਆਏ ਸਿਪਾਹੀ ਨੂੰ ਜ਼ਖ਼ਮੀ ਕਰ ਦਿੱਤਾ। ਅਗਲੇ ਦਿਨ ਵਧੇਰੇ ਗਿਣਤੀ ਵਿੱਚ ਆਏ ਸੈਨਿਕਾਂ ਨੇ ਮਿਨਾਰ ਵੱਲ ਗੋਲੀਆਂ ਚਲਾਈਆਂ, ਮੁਕਾਬਲੇ ਵਿੱਚ ਅਕਾਲੀਆਂ ਨੇ ਇਕ ਸੂਬੇਦਾਰ ਮਾਰ ਮੁਕਾਇਆ ਅਤੇ ਤਿੰਨ ਸਿਪਾਹੀ ਜ਼ਖ਼ਮੀ ਕਰ ਦਿੱਤੇ। ਸਿੱਟੇ ਵਜੋਂ ਇਹ ਸੈਨਿਕ ਪਿੱਛੇ ਹਟਣ ਲਈ ਮਜਬੂਰ ਹੋ ਗਏ।

ਸੂਰਬੀਰ ਅਕਾਲੀਆਂ ਦੀ ਮਰਜੀਵੜਿਆਂ ਵਾਲੀ ਇਸ ਕਾਰਵਾਈ ਦੀ ਸੂਚਨਾ ਲਾਹੌਰ ਪਹੁੰਚੀ ਤਾਂ ਅਧਿਕਾਰੀਆਂ ਨੇ ਆਪਸੀ ਸਲਾਹ ਮਸ਼ਵਰਾ ਕਰਨ ਪਿੱਛੋਂ ਫੈਸਲਾ ਕੀਤਾ ਕਿ ਮਿਨਾਰ ਦੀਆਂ ਨੀਹਾਂ ਵਿੱਚ ਬਰੂਦ ਭਰ ਕੇ ਪਲੀਤਾ ਲਾ ਦਿੱਤਾ ਜਾਵੇ। ਇਸ ਯੋਜਨਾ ਅਨੁਸਾਰ ਲਾਹੌਰ ਤੋਂ ਚੋਣਵੇਂ ਸੈਨਿਕਾਂ ਦੀ ਟੋਲੀ ਅੰਮ੍ਰਿਤਸਰ ਭੇਜੀ ਗਈ ਜਿਸ ਨੇ ਇਸ ਨੂੰ ਮਿਲੀਆਂ ਹਦਾਇਤਾਂ ਅਨੁਸਾਰ ਗੰਡਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਚਿਤਾਵਨੀ ਦਿੱਤੀ। ਇਸ ਸਾਰੀ ਯੋਜਨਾ ਬਾਰੇ ਜਾਣ ਕੇ ਬਾਗੀ ਅਕਾਲੀ ਗੰਡਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਤਿਹਾਸਕ ਮਿਨਾਰ ਦੀ ਹੋਂਦ ਨੂੰ ਤਰਜੀਹ ਦਿੰਦਿਆਂ ਲਗਭਗ ਇਕ ਹਫਤਾ ਮਿਨਾਰ ਵਿੱਚ ਗੁਜ਼ਾਰਨ ਤੋਂ ਬਾਅਦ ਮਿਨਾਰ ਤੋਂ ਹੇਠਾਂ ਆ ਕੇ ਹਥਿਆਰ ਸੁੱਟ ਦਿੱਤੇ।

ਇਨ੍ਹਾਂ ਨੌਂ ਅਕਾਲੀਆਂ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਲਿਆਂਦਾ ਗਿਆ। ਲਾਹੌਰ ਦਰਬਾਰ ਨੇ ਉਨ੍ਹਾਂ ਦੇ ਮਾਮਲੇ ਦੀ ਛਾਣਬੀਣ ਕੀਤੀ ਅਤੇ ਉਨ੍ਹਾਂ ਨੂੰ ਇਕ ਸੂਬੇਦਾਰ ਨੂੰ ਕਤਲ ਕਰਨ, ਇਕ ਕਰਨਲ ਅਤੇ ਹੋਰ ਸਿਪਾਹੀਆਂ ਨੂੰ ਮਾਰਨ ਦੇ ਇਰਾਦੇ ਨਾਲ ਜ਼ਖ਼ਮੀ ਕਰਨ ਦਾ ਦੋਸ਼ੀ ਦੱਸਿਆ। ਫਲਸਰੂਪ ਗੰਡਾ ਸਿੰਘ ਅਤੇ ਉਸ ਦੇ ਦੋ ਸਾਥੀ ਅਕਾਲੀਆਂ ਨੂੰ ਫਾਂਸੀ ਅਤੇ ਬਾਕੀ ਛੇ ਨੂੰ ਬੇੜੀ ਡੰਡੇ ਸਹਿਤ ਸੱਤ-ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅੰਗਰੇਜ਼ ਰੈਜ਼ੀਡੈਂਟ ਨੇ 14 ਫਰਵਰੀ 1848 ਨੂੰ ਹੁਕਮ ਜਾਰੀ ਕਰ ਕੇ ਇਸ ਸਜ਼ਾ ਦੀ ਪੁਸ਼ਟੀ ਕਰ ਦਿੱਤੀ।&ਨਬਸਪ; ਨਤੀਜੇ ਵਜੋਂ ਅਕਾਲੀ ਗੰਡਾ ਸਿੰਘ ਅਤੇ ਉਸ ਦੇ ਦੋਹਾਂ ਸਾਥੀਆਂ ਨੂੰ 19 ਫਰਵਰੀ ਦੀ ਸਵੇਰ ਸਮੇਂ ਫਾਂਸੀ ਲਾ ਦਿੱਤਾ ਗਿਆ। ਇਹ ਅੰਗਰੇਜ਼ ਰੈਜ਼ੀਡੈਂਟ ਦੁਆਰਾ ਕਿਸੇ ਪੰਜਾਬੀ ਦੇਸ਼ਭਗਤ ਨੂੰ ਵਿਦਰੋਹ ਕਾਰਨ ਫਾਂਸੀ ਲਾਏ ਜਾਣ ਦੀ ਪਹਿਲੀ ਘਟਨਾ ਸੀ, ਇਸ ਲਈ ਰੈਜ਼ੀਡੈਂਟ ਨੇ ਫਾਂਸੀ ਲਾਏ ਜਾਣ ਦੇ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ।

ਅੰਗਰੇਜ਼ੀ ਗਲਬੇ ਤੋਂ ਮੁਕਤੀ ਦਾ ਇਹ ਵਿਅਕਤੀਗਤ ਯਤਨ ਸੀ ਪਰ ਅਗਲਾ ਉਪਰਾਲਾ ਵੱਡੀ ਪੱਧਰ ਉਤੇ ਸੀ ਜਿਸ ਵਿੱਚ ਸੈਨਿਕਾਂ ਦੀ ਸਹਾਇਤਾ ਲਈ ਜਾਣੀ ਸੀ। ‘ਤਕੜੇ ਦਾ ਸੱਤੇ ਵੀਹੀਂ ਸੌ’ ਦੀ ਕਹਾਵਤ ਅਨੁਸਾਰ ਅਗਰੇਜ਼ਾਂ ਨੇ ਆਪਣੀ ਸੈਨਾ ਨੂੰ ਲਾਹੌਰ ਵਿੱਚੋਂ ਚਲੇ ਜਾਣ ਲਈ ਮਿਥੇ ਸਮੇਂ ਤੋਂ ਕੁਝ ਦਿਨ ਪਹਿਲਾਂ 26 ਦਸੰਬਰ 1846 ਵਿੱਚ ਨਵੀਂ ਸੰਧੀ ਲਿਖੀ। ‘ਭਰੋਵਾਲ ਦੀ ਸੰਧੀ’ ਨਾਂ ਨਾਲ ਜਾਣੀ ਜਾਂਦੀ ਇਹ ਸੰਧੀ ਲਿਖਣ ਦਾ ਕਾਰਨ ਲਾਹੌਰ ਦਰਬਾਰ ਦੀ ਕੀਤੀ ਬੇਨਤੀ ਨੂੰ ਦੱਸਿਆ ਅਤੇ ਇਸ ਦੀ ਲੋਅ ਵਿੱਚ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਅਲਹਿਦਾ ਕਰ ਕੇ ਉਸ ਨੂੰ ਸਾਲਾਨਾ ਭੱਤਾ ਦੇਣ ਦੀ ਵਿਵਸਥਾ ਕੀਤੀ ਗਈ। ਆਪਣੇ ਅਧਿਕਾਰ ਖੋਹੇ ਜਾਣ ਨੂੰ ਰੈਜ਼ੀਡੈਂਟ ਦੀ ਵਧੀਕੀ ਸਮਝਦਿਆਂ ਮਹਾਰਾਣੀ ਜਿੰਦਾਂ ਦੇ ਮਨ ਵਿੱਚ ਗੁੱਸਾ ਪੈਦਾ ਹੋਣਾ ਸੁਭਾਵਿਕ ਸੀ ਅਤੇ ਉਹ ਇਸ ਹਾਲਤ ਨੂੰ ਬਦਲਣ ਬਾਰੇ ਸੋਚਣ ਲੱਗੀ। ਨਵੇਂ ਪ੍ਰਸ਼ਾਸਨਕ ਬੰਦੋਬਸਤ ਤੋਂ ਨਿਰਾਸ਼ ਹੋਰ ਲੋਕ ਵੀ ਉਸ ਨਾਲ ਜੁੜਦੇ ਗਏ। ਯੋਜਨਾ ਇਹ ਬਣੀ ਕਿ ਛਾਉਣੀ ਵਿੱਚ ਸੈਨਿਕਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਨੂੰ ਆਪਣੇ ਪੱਖੀ ਬਣਇਆ ਜਾਵੇ, ਇਸ ਕੰਮ ਵਿੱਚ ਜਨਰਲ ਕਾਨ੍ਹ ਸਿੰਘ ਨੇ ਜ਼ਿੰਮੇਵਾਰੀ ਓਟੀ। ਲਾਹੌਰ ਦਰਬਾਰ ਦੀ ਫੌਜ ਦੇ ਅਧਿਕਾਰੀ ਜਨਰਲ ਕਾਨ੍ਹ ਸਿੰਘ ਨੂੰ 1845-46 ਦੇ ਯੁੱਧ ਪਿੱਛੋਂ ਬਣੇ ਨਵੇਂ ਪ੍ਰਸ਼ਾਸਨ ਪ੍ਰਤੀ ਉਸ ਦੀ ਸੁਹਿਰਦਤਾ ਨੂੰ ਸ਼ੱਕੀ ਸਮਝਦਿਆਂ ਸੈਨਾ ਵਿੱਚੋਂ ਜਰਨੈਲ ਦੇ ਅਹੁਦੇ ਤੋਂ ਬਰਤਰਫ ਕੀਤਾ ਗਿਆ ਸੀ। ਅੰਤਿਮ ਨਿਸ਼ਾਨਾ ਇਹ ਮਿਥਿਆ ਗਿਆ ਕਿ ਜਦ ਫੌਜ ਦੀ ਮਦਦ ਮਿਲਣ ਦਾ ਯਕੀਨ ਹੋ ਜਾਵੇ ਤਾਂ ਕਿਸੇ ਦਿਨ ਜਦ ਰੈਜ਼ੀਡੈਂਟ ਅਤੇ ਮੁਖੀ ਸਰਦਾਰ ਮੌਜ ਮੇਲੇ ਵਾਸਤੇ ਸ਼ਾਲਾਮਾਰ ਬਾਗ ਜਾਣ ਤਾਂ ਅਚਾਨਕ ਹਮਲਾ ਕਰ ਕੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇ। ਇਸ ਯੋਜਨਾ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਸ਼ਖ਼ਸ ਪ੍ਰੇਮ ਸਿੰਘ ਦੇ ਨਾਂ ਉੱਤੇ ਸਰਕਾਰੀ ਦਸਤਾਵੇਜ਼ਾਂ ਵਿੱਚ ਇਸ ਨੂੰ ‘ਪ੍ਰੇਮਾ ਸਾਜ਼ਿਸ਼’ ਨਾਂ ਦਿੱਤਾ ਗਿਆ ਹੈ।

ਜਿਨ੍ਹੀਂ ਦਿਨੀ ਇਹ ਵਿਉਂਤਬੰਦੀ ਚੱਲ ਰਹੀ ਸੀ, ਉਨ੍ਹੀਂ ਦਿਨੀਂ ਮੁਲਤਾਨ ਦਾ ਸੂਬੇਦਾਰ ਦੀਵਾਨ ਮੂਲ ਰਾਜ ਸੀ। ਉਹ ਭਾਵੇਂ ਲਾਹੌਰ ਦਰਬਾਰ ਦਾ ਤਾਅਬੇਦਾਰ ਸੀ, ਪਰ ਲਾਹੌਰ ਦਰਬਾਰ ਵਿੱਚ ਖਾਨਾਜੰਗੀ ਦੌਰਾਨ ਉਸ ਨੇ ਦੋ ਤਿੰਨ ਸਾਲ ਤੋਂ ਮੁਲਤਾਨ ਸੂਬੇ ਦਾ ਬਣਦਾ ਮਾਲੀਆ ਲਾਹੌਰ ਨਹੀਂ ਸੀ ਭੇਜਿਆ। ਕੰਪਨੀ ਸਰਕਾਰ ਨੇ 1848 ਵਿੱਚ ਰੈਜ਼ੀਡੈਂਟ ਦਾ ਅਹੁਦਾ ਬਦਲ ਕੇ ਕਮਿਸ਼ਨਰ ਦਾ ਕੀਤਾ ਅਤੇ ਸਰ ਫ੍ਰੈਡਰਿਕ ਕਰੀ ਨੂੰ ਇਸ ਅਹੁਦੇ ਉੱਤੇ ਨਿਯੁਕਤ ਕੀਤਾ। ਕਮਿਸ਼ਨਰ ਨੇ ਮੂਲ ਰਾਜ ਤੋਂ ਬਕਾਇਆ ਮਾਲੀਆ ਉਗਰਾਹੁਣ ਵਾਸਤੇ ਫੌਜ ਭੇਜੀ ਤਾਂ ਮੂਲ ਰਾਜ ਅੜ ਗਿਆ। ਮਹਾਰਣੀ ਜਿੰਦਾਂ ਨੇ ਮੂਲ ਰਾਜ ਦੀ ਹਮਾਇਤ ਵਿੱਚ ਸਿੱਖ ਸਰਦਾਰਾਂ ਨੂੰ ਪੱਤਰ ਲਿਖੇ ਜੋ ਗੰਗਾ ਰਾਮ ਦੇ ਹੱਥੀਂ ਵੰਡੇ ਗਏ। ਜਦ ਪ੍ਰੇਮਾ ਸਾਜ਼ਿਸ਼ ਦੀ ਪੜਤਾਲ ਚੱਲ ਰਹੀ ਸੀ ਤਾਂ ਮਹਾਰਾਣੀ ਜਿੰਦਾਂ ਦੇ ਪੱਤਰਾਂ ਨੂੰ ਥਾਂ-ਥਾਂ ਪਹੁੰਚਾਉਣ ਲਈ ਜ਼ਿੰਮੇਵਾਰ ਗੰਗਾ ਰਾਮ ਵੀ ਫੜਿਆ ਗਿਆ।

ਵਿਉਂਤ ਅਨੁਸਾਰ ਕੋਈ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਹੀ ਇਸ ਸਰਗਰਮੀ ਦਾ ਭੇਤ ਰਾਜਾ ਧਿਆਨ ਸਿੰਘ ਡੋਗਰਾ ਨੂੰ ਮਿਲ ਗਿਆ। ਉਸ ਨੇ ਰੈਜ਼ੀਡੈਂਟ ਦੀ ਸਲਾਹ ਅਨੁਸਾਰ ਦੋਸ਼ੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਅਤੇ ਇਹ ਯੋਜਨਾ ਅਸਫਲ ਹੋ ਗਈ। ਰੈਜ਼ੀਡੈਂਟ ਦੀ ਕੌਂਸਲ ਨੇ ‘ਪ੍ਰੇਮਾ ਸਾਜ਼ਿਸ਼ ਮੁਕੱਦਮੇ’ ਦੀ ਸੁਣਵਾਈ ਕੀਤੀ ਅਤੇ ਚਾਰ ਦੋਸ਼ੀਆਂ ਜਰਨਲ ਕਾਨ੍ਹ ਸਿੰਘ, ਭਾਈ ਗੰਗਾ ਰਾਮ, ਗੁਲਾਬ ਸਿੰਘ ਅਤੇ ਤੁਲਸੀ ਰਾਮ ਬ੍ਰਾਹਮਣ ਨੂੰ ਮੌਤ ਦੀ ਸਜ਼ਾ ਸੁਣਾਈ; ਚਾਰ ਦੋਸ਼ੀਆਂ ਪ੍ਰੇਮ ਸਿੰਘ ਉਰਫ ਦੀਵਾਨ ਬੂਟਾ ਸਿੰਘ, ਮਾਨ ਸਿੰਘ, ਲਾਲ ਸਿੰਘ ਅਤੇ ਦੀਵਾਨ ਅਲੀ ਨੂੰ ਉਮਰ ਕੈਦ, ਹਯਾਤ ਖਾਨ ਨੂੰ ਚੌਦਾਂ ਸਾਲ ਅਤੇ ਕਈ ਹੋਰਨਾਂ ਨੂੰ ਤਿੰਨ ਤੋਂ ਸੱਤ ਸਾਲ ਕੈਦ ਸਜ਼ਾ ਦੀ ਸੁਣਾਈ ਗਈ। ਸਜ਼ਾ ਦੀ ਪੁਸ਼ਟੀ ਵਾਸਤੇ ਫੈਸਲਾ ਰੈਜ਼ੀਡੈਂਟ ਦੇ ਪੇਸ਼ ਹੋਇਆ ਤਾਂ ਉਸ ਨੇ ਗੁਲਾਬ ਸਿੰਘ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ। ਤੁਲਸੀ ਰਾਮ ਬ੍ਰਾਹਮਣ ਦੀ ਸਜ਼ਾ ਬਦਲੀ ਬਾਰੇ ਜਾਣਕਾਰੀ ਨਹੀਂ ਮਿਲਦੀ ਪਰ ਦੂਜੇ ਦੋਵਾਂ ਦੀ ਮੌਤ ਦੀ ਸਜ਼ਾ ਬਹਾਲ ਰਹੀ। ਦੀਵਾਨ ਬੂਟਾ ਸਿੰਘ ਦੀ ਉਮਰ ਕੈਦ ਬਦਲ ਕੇ ਚੌਦਾਂ ਸਾਲ ਕੈਦ ਵਿੱਚ ਬਦਲੀ ਗਈ। ਸਜ਼ਾ ਦੀ ਪੁਸ਼ਟੀ ਹੋਣ ਪਿੱਛੋਂ ਜਨਰਲ ਕਾਨ੍ਹ ਸਿੰਘ ਅਤੇ ਭਾਈ ਗੰਗਾ ਰਾਮ ਨੂੰ 11 ਮਈ 1848 ਦੇ ਦਿਨ ਫਾਂਸੀ ਲਾ ਦਿੱਤਾ ਗਿਆ।

ਇਉਂ ਇਹ ਪੰਜ ਦੇਸ਼ਭਗਤ ਜਿਨ੍ਹਾਂ ਵਿੱਚੋਂ ਦੋ ਗੁਮਨਾਮ ਹਨ, ਕੰਪਨੀ ਸਰਕਾਰ ਵਿਰੁੱਧ ਜੂਝਣ ਵਾਲੇ ਮੋਢੀ ਸ਼ਹੀਦ ਬਣੇ। ਯਾਦ ਰਹੇ ਕਿ ਅਜੇ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਬਰਤਾਨਵੀ ਰਾਜ ਵਿੱਚ ਸ਼ਾਮਲ ਨਹੀਂ ਸੀ ਕੀਤਾ ਅਤੇ ਰਾਜ ਭਾਗ ਮਹਾਰਾਜਾ ਦਲੀਪ ਸਿੰਘ ਦੇ ਨਾਂ ਉੱਤੇ ਸਿੱਖ ਸਰਦਾਰਾਂ ਦੀ ਨਾਮ ਧਰੀਕ ਕੌਂਸਲ ਦੀ ਸਲਾਹ ਨਾਲ ਅੰਗਰੇਜ਼ ਅਫਸਰ ਚਲਾ ਰਹੇ ਸਨ।

ਸੰਪਰਕ: 94170-49417

Advertisement