ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਵਿੱਚ ਬਜ਼ੁਰਗਾਂ ਦੀ ਹੋਣੀ

ਕਈ ਸਾਲ ਪਹਿਲਾਂ ਉਚ ਅਦਾਲਤ ਤੋਂ ਸੇਵਾ ਮੁਕਤ ਹੋਏ ਇੱਕ ਜੱਜ ਨੇ ਬੁਢਾਪੇ ਦੇ ਦਿਨਾਂ ਵਿਚ ਉਨ੍ਹਾਂ ਦੇ ਪੁੱਤਰ ਦੇ ਦੁਰਵਿਹਾਰ ਬਾਰੇ ਲਾਈ ਗੁਹਾਰ ਨੇ ਸਾਡੇ ਬਿਖਰਦੇ ਸਮਾਜਿਕ ਢਾਂਚੇ ਦੀ ਤਸਵੀਰ ਪੇਸ਼ ਕੀਤੀ ਸੀ। ਉਨ੍ਹਾਂ ਆਪਣੀ ਅਪੀਲ ਵਿੱਚ ਕਿਹਾ ਸੀ...
Advertisement

ਕਈ ਸਾਲ ਪਹਿਲਾਂ ਉਚ ਅਦਾਲਤ ਤੋਂ ਸੇਵਾ ਮੁਕਤ ਹੋਏ ਇੱਕ ਜੱਜ ਨੇ ਬੁਢਾਪੇ ਦੇ ਦਿਨਾਂ ਵਿਚ ਉਨ੍ਹਾਂ ਦੇ ਪੁੱਤਰ ਦੇ ਦੁਰਵਿਹਾਰ ਬਾਰੇ ਲਾਈ ਗੁਹਾਰ ਨੇ ਸਾਡੇ ਬਿਖਰਦੇ ਸਮਾਜਿਕ ਢਾਂਚੇ ਦੀ ਤਸਵੀਰ ਪੇਸ਼ ਕੀਤੀ ਸੀ। ਉਨ੍ਹਾਂ ਆਪਣੀ ਅਪੀਲ ਵਿੱਚ ਕਿਹਾ ਸੀ ਕਿ ਸੀਨੀਅਰ ਨਾਗਰਿਕਾਂ ਦੀ ਜ਼ਿੰਦਗੀ ਦਾ ਆਖਿ਼ਰੀ ਸਮਾਂ ਸੁੱਖ-ਸ਼ਾਂਤੀ ਨਾਲ ਬੀਤੇ, ਇਸ ਨੂੰ ਯਕੀਨੀ ਬਣਾਉਣ ਲਈ ਅਦਾਲਤਾਂ ਨੂੰ ਹਰਕਤ ਵਿੱਚ ਆਉਣਾ ਚਾਹੀਦਾ ਹੈ। ਬੁਢਾਪੇ ਦੇ ਸਰੀਰਕ ਦੁੱਖਾਂ ਦੇ ਨਾਲ-ਨਾਲ ਔਲਾਦ ਦੇ ਪਹੁੰਚਾਏ ਜਾ ਰਹੇ ਮਾਨਸਿਕ ਦਰਦ ਦੀ ਇਹ ਚੀਸ ਇਕੱਲੇ ਸੇਵਾ ਮੁਕਤ ਜੱਜ ਦੀ ਨਹੀਂ ਸਗੋਂ ਵੱਡੀ ਗਿਣਤੀ ਉਨ੍ਹਾਂ ਸਮੂਹ ਬਜ਼ੁਰਗਾਂ ਦੀ ਹੈ ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਔਲਾਦ ਦੇ ਪਾਲਣ-ਪੋਸਣ ’ਤੇ ਨਿਛਾਵਰ ਕਰ ਦਿਤੀ। ਜ਼ਿੰਦਗੀ ਦੇ ਢਲਦੇ ਸਮੇਂ ਵਿੱਚ ਮੱਧਮ ਰੌਸ਼ਨੀ ਨੂੰ ਹੋਰ ਦਿਲਕਸ਼ ਬਣਾਉਣ ਦੀ ਬਜਾਏ ਆਪਣੀ ਸਵਾਰਥੀ ਅਤੇ ਗੈਰ-ਮਾਨਵੀ ਪਹੁੰਚ ਨਾਲ ਇਹ ਔਲਾਦ ਉਨ੍ਹਾਂ ਦੀ ਜ਼ਿੰਦਗੀ ਨੂੰ ਔਖੀ ਬਣਾ ਰਹੀ ਹੈ। ਕਈ ਦਹਾਕਿਆਂ ਤੋਂ ਇਹ ਵਰਤਾਰਾ ਵਧ ਰਿਹਾ ਹੈ। ਬਜ਼ੁਰਗ ਸਮਾਜਿਕ ਸ਼ਰਮ ਅਤੇ ਸੰਸਥਾਈ ਸਹੂਲਤਾਂ ਦੀ ਅਣਹੋਂਦ ਕਾਰਨ ਬੇਕਾਰੀ ’ਚ ਦਿਨ-ਕਟੀ ਕਰ ਰਹੇ ਹਨ।

ਪਿਛਲੀ ਸਦੀ ਦੇ ਆਖਿ਼ਰੀ ਦੋ ਦਹਾਕਿਆਂ ਦੌਰਾਨ ਸਾਡੀ ਜੀਵਨ ਜਾਚ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਅਜਿਹਾ ਵਿਗਾੜ ਆਇਆ ਹੈ ਕਿ ਸਾਨੂੰ ਆਪਣੇ ਬਜ਼ੁਰਗ ਬੋਝ ਲੱਗਣ ਲੱਗ ਪਏ ਹਨ। ਖਾਹ-ਮਖਾਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਬਹਾਨੇ ਅਸੀਂ ਰੀਸੋ-ਰੀਸ ਮਾਂ-ਪਿਓ ਰਹਿਤ ਪਰਿਵਾਰਾਂ ਨੂੰ ਆਧੁਨਿਕ ਸਮਝ ਕੇ ਸੱਭਿਅਕ ਵਿਹਾਰ ਦਾ ਘਾਣ ਕਰਨ ਵੱਲ ਤੁਰ ਪਏ ਹਾਂ। ਸਾਡੇ ਬੇਮਿਸਾਲ ਪਰਿਵਾਰਕ ਢਾਂਚੇ ਨੂੰ ਨਵੇਂ ਹਾਲਾਤ ਵਿੱਚ ਨਵਿਆਉਣ ਵਿੱਚ ਅਸੀਂ ਅਸਮਰੱਥ ਰਹੇ ਹਾਂ। ਸਵੇਰੇ-ਆਥਣੇ ਸਵਰਗਾਂ ਦੇ ਰਸਤੇ ਲੱਭਦੇ ਅਸੀਂ ਭੁੱਲ ਗਏ ਹਾਂ ਕਿ ਮਾਂ-ਪਿਓ ਦੀ ਸੇਵਾ ਨਾਲ ਹੀ ਸਵਰਗ ਦੀ ਪੌੜੀ ਮਿਲਦੀ ਹੈ।

Advertisement

ਸਿਹਤ ਸਹੂਲਤਾਂ ਅਤੇ ਜੀਵਨ ਪੱਧਰ ਵਿੱਚ ਆਈ ਵੱਡੀ ਤਬਦੀਲੀ ਨੇ ਮਨੁੱਖੀ ਜੀਵਨ ਕਾਫੀ ਲੰਮਾ ਕੀਤਾ ਹੈ। ਸੰਸਾਰ ਦਾ ਹਰ ਦਸਵਾਂ ਸ਼ਖ਼ਸ 60 ਸਾਲ ਦੀ ਉਮਰ ਤੋਂ ਵੱਧ ਹੈ। 2050 ਤੱਕ ਹਰ ਪੰਜਵਾਂ ਸ਼ਖ਼ਸ ਬਜ਼ੁਰਗ ਹੋਵੇਗਾ ਅਤੇ 42 ਕਰੋੜ ਲੋਕ 80 ਸਾਲ ਤੋਂ ਉਪਰ ਹੋਣਗੇ। ਸਾਡੇ ਦੇਸ਼ ਵਿੱਚ ਇਸ ਸਮੇਂ 15 ਕਰੋੜ ਲੋਕ 60 ਸਾਲ ਤੋਂ ਵਡੇਰੀ ਉਮਰ ਦੇ ਹਨ। 2050 ਤੱਕ ਇਨ੍ਹਾਂ ਦੀ ਗਿਣਤੀ 35 ਕਰੋੜ ਹੋ ਜਾਵੇਗੀ। ਭਾਰਤ ਵਿੱਚ ਇਨ੍ਹਾਂ ਬਜ਼ੁਰਗਾਂ ਵਿੱਚੋਂ 73% ਅਨਪੜ੍ਹ ਅਤੇ 75% ਪਿੰਡਾਂ ਵਿੱਚ ਰਹਿੰਦੇ ਹਨ। ਬਜ਼ੁਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਇਕ ਗੈਰ-ਸਰਕਾਰੀ ਸੰਸਥਾ ਦੇ ਸਰਵੇਖਣ ਮੁਤਾਬਕ ਦੇਸ਼ ਦੇ ਬਜ਼ੁਰਗਾਂ ਦੀ ਕੁਲ ਵਸੋਂ ਵਿੱਚੋਂ 40% ਗਰੀਬ ਹਨ ਅਤੇ 33% ਕੇਵਲ ਗੁਜ਼ਾਰਾ ਕਰਦੇ ਹਨ। ਸਵਾ ਕਰੋੜ ਬਜ਼ੁਰਗਾਂ ਦੀਆਂ ਅੱਖਾਂ ਦੇ ਅਪਰੇਸ਼ਨਾਂ ਦੀ ਤੁਰੰਤ ਲੋੜ ਹੈ। ਇਸ ਸੰਸਥਾ ਨੇ ਬਜ਼ੁਰਗਾਂ ਦੇ ਸਨਮਾਨ ਵਿੱਚ ਆ ਰਹੀ ਕਮੀ ’ਤੇ ਆਧਾਰਿਤ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਦਿੱਲੀ ਤੇ ਚੰਡੀਗੜ੍ਹ ਸਮੇਤ ਦੇਸ਼ ਦੇ ਵੀਹ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਨੂੰ ਆਧਾਰ ਬਣਾਇਆ ਗਿਆ। ਰਿਪੋਰਟ ਦੇ ਹੈਰਾਨੀਜਨਕ ਤੱਥਾਂ ਅਨੁਸਾਰ ਦੇਸ਼ ਵਿੱਚ ਬਜ਼ੁਰਗਾਂ ਦੀ ਗਿਣਤੀ ਵਿਚ 4% ਸਾਲਾਨਾ ਵਾਧਾ ਹੋ ਰਿਹਾ ਹੈ; ਸੰਸਾਰ ਪੱਧਰ ’ਤੇ ਇਹ ਵਾਧਾ ਮਹਿਜ਼ 1.36% ਹੈ। ਇਹ ਵੀ ਕਿਹਾ ਗਿਆ ਹੈ ਕਿ 2050 ਤੱਕ ਦੁਨੀਆ ਦੇ ਕੁਲ ਬਜ਼ੁਰਗਾਂ ਦਾ 80% ਹਿੱਸਾ ਕੇਵਲ ਵਿਕਾਸਸ਼ੀਲ ਦੇਸ਼ਾਂ ਵਿੱਚ ਹੋਵੇਗਾ। ਰਿਪੋਰਟ ਵਿੱਚ ਉਦਾਸ ਕਰਨ ਵਾਲੇ ਤੱਥ ਵੀ ਸਾਹਮਣੇ ਆਏ ਹਨ। 31% ਬਜ਼ੁਰਗਾਂ ਦਾ ਕਹਿਣਾ ਹੈ ਕਿ ਪਰਿਵਾਰ ਵਿੱਚ ਉਨ੍ਹਾਂ ਦਾ ਅਪਮਾਨ ਹੁੰਦਾ ਹੈ ਅਤੇ ਅਪਮਾਨ ਕਰਨ ਵਾਲਿਆਂ ਵਿੱਚੋਂ 56% ਉਨ੍ਹਾਂ ਦੇ ਪੁੱਤਰ ਹੀ ਹਨ ਅਤੇ 23% ਨੂੰਹਾਂ ਹਨ। ਅਪਮਾਨ ਅਤੇ ਜ਼ਲਾਲਤ ਵਾਲੀ ਜ਼ਿੰਦਗੀ ਜੀਅ ਰਹੇ ਇਨ੍ਹਾਂ ਬਜ਼ੁਰਗਾਂ ਨੇ ਘਰ ਦੀ ਇੱਜ਼ਤ ਕਾਰਨ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਰਿਪੋਰਟ ਵਿੱਚ ਹਰ ਬਜ਼ੁਰਗ ਨੂੰ ਘੱਟੋ-ਘੱਟ 2000 ਰੁਪਏ ਮਾਸਿਕ ਪੈਨਸ਼ਨ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜ ਵਿਗਿਆਨ ਵਿਭਾਗ ਦੇ ਸਰਵੇਖਣ ਮੁਤਾਬਿਕ ਇਕੱਲੇ ਚੰਡੀਗੜ੍ਹ ਸ਼ਹਿਰ ’ਚ 25.4% ਬਜ਼ੁਰਗ ਮਾੜੀ ਹਾਲਤ ’ਚ ਦਿਨ-ਕਟੀ ਕਰ ਰਹੇ ਹਨ। 17% ਬਜ਼ੁਰਗ ਕਹਿੰਦੇ ਹਨ ਕਿ ਵਾਰਸ ਉਨ੍ਹਾਂ ਦੀ ਸੰਭਾਲ ਨਹੀਂ ਕਰਦੇ; 44% ਮੰਨਦੇ ਹਨ ਕਿ ਉਨ੍ਹਾਂ ਨੂੰ ਰੋਟੀ-ਪਾਣੀ ਤਾਂ ਦਿੱਤਾ ਜਾਂਦਾ ਹੈ ਪਰ ਨਾਲ ਹੀ ਨਿਆਣੇ ਖਿਡਾਉਣ ਦੀ ਡਿਊਟੀ ਦੇਣ ਲਈ ਕਹਿ ਦਿੱਤਾ ਜਾਂਦਾ ਹੈ। 30% ਬਜ਼ੁਰਗਾਂ ਨੂੰ ਉਨ੍ਹਾਂ ਦੀਆਂ ਧੀਆਂ ਸੰਭਾਲਦੀਆਂ ਹਨ। ਇਸ ਦੇ ਬਾਵਜੂਦ ਮਾਪੇ ਅਜੇ ਵੀ ਘਰਾਂ ਵਿੱਚ ਮੁੰਡਿਆਂ ਦੀ ਉਡੀਕ ’ਚ ਕੁੱਖਾਂ ਵਿੱਚ ਧੀਆਂ ਦਾ ਕਤਲ ਕਰਦੇ ਹਨ। ਸਵਾਲ ਹੈ: ਕਿੰਨੀਆਂ ਕੁ ਵਸੀਅਤਾਂ ਵਿੱਚ ਕੁੜੀਆਂ ਨੂੰ ਜਾਇਦਾਦ ਦੀਆਂ ਵਾਰਸ ਬਣਾਇਆ ਜਾਂਦਾ ਹੈ? ਸਚਾਈ ਇਹ ਵੀ ਹੈ ਕਿ ਜਿੱਥੇ ਧੀਆਂ ਸੇਵਾ ਕਰਦੀਆਂ ਹਨ, ਉੱਥੇ ਵੀ ਵਸੀਅਤ ਪੁੱਤਰਾਂ ਦੇ ਨਾਮ ਹੀ ਹੁੰਦੀ ਹੈ।

ਦਿਹਾਤੀ ਇਲਾਕਿਆਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੀ ਹਾਲਤ ਸ਼ਹਿਰਾਂ ਨਾਲੋਂ ਵੱਧ ਤਰਸਯੋਗ ਹੈ। ਕਿਸਾਨ ਅਤੇ ਕਿਰਤੀ ਪਰਿਵਾਰਾਂ ਨਾਲ ਜੁੜੇ ਇਨ੍ਹਾਂ ਬਜ਼ੁਰਗਾਂ ਪਾਸ ਗੈਰ-ਸੰਗਠਿਤ ਖੇਤਰ ਵਿਚ ਕੰਮ ਕਰਦੇ ਹੋਣ ਕਰ ਕੇ ਕੋਈ ਪੈਨਸ਼ਨ, ਮੈਡੀਕਲ ਭੱਤਾ ਜਾਂ ਬੀਮਾ ਸਹੂਲਤਾਂ ਨਹੀਂ ਹਨ। ਖੇਤੀ ਨਾਲ ਜੁੜੇ ਇਹ ਬਜ਼ੁਰਗ ਹੱਡ ਭੰਨਵੀਂ ਸਰੀਰਕ ਮਿਹਨਤ ਕਾਰਨ ਬੁਢਾਪੇ ’ਚ ਜਲਦੀ ਪੈਰ ਰੱਖ ਲੈਂਦੇ ਹਨ। ਸਿਹਤ ਸਹੂਲਤਾਂ ਦੀ ਕਮੀ ਕਾਰਨ ਬਿਮਾਰੀਆਂ ਵੀ ਜਲਦੀ ਘੇਰ ਲੈਂਦੀਆਂ ਹਨ। ਇਨ੍ਹਾਂ ਬਜ਼ੁਰਗਾਂ ਨੂੰ ਬੁਢਾਪੇ ਵੇਲੇ ਵੀ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ। ਸ਼ਹਿਰੀ ਬਜ਼ੁਰਗ ਭਾਵੇਂ ਪੜ੍ਹੇ ਲਿਖੇ ਹਨ ਪਰ ਜ਼ਿੰਦਗੀ ਦੇ ਨਵੇਂ ਤੌਰ ਤਰੀਕਿਆਂ ਨੇ ਇਨ੍ਹਾਂ ਨੂੰ ਬੇਵਸ ਕਰ ਦਿੱਤਾ ਹੈ। ਪਦਾਰਥਵਾਦੀ ਸੱਭਿਆਚਾਰ ਇੰਨਾ ਭਾਰੂ ਹੋ ਰਿਹਾ ਹੈ ਕਿ ਗੁਆਂਢ ’ਚ ਰਹਿੰਦੇ ਪਰਿਵਾਰਾਂ ਦੇ ਜੀਅ ਇਕ ਦੂਜੇ ਨੂੰ ਮਿਲਣ ਦੀ ਗੱਲ ਤਾਂ ਦੂਰ, ਪਛਾਣਦੇ ਤੱਕ ਨਹੀਂ। ਬਹੁ-ਮੰਜ਼ਲੇ ਫਲੈਟ ਉਂਝ ਵੀ ਬਜ਼ੁਰਗਾਂ ਦੇ ਰਹਿਣ ਲਈ ਢੁਕਵੇਂ ਨਹੀਂ। ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਬਜ਼ੁਰਗਾਂ ਦੇ ਬੈਠਣ-ਉਠਣ ਲਈ ਉਸ ਕਿਸਮ ਦਾ ਸੰਸਥਾਈ ਢਾਂਚਾ ਨਹੀਂ ਜਿਹੋ ਜਿਹਾ ਪੱਛਮੀ ਦੇਸ਼ਾਂ ਵਿੱਚ ਉਸਾਰਿਆ ਗਿਆ ਹੈ।

ਬਜ਼ੁਰਗਾਂ ਦੀ ਦੇਖ-ਭਾਲ ਦਾ ਕਾਰਜ ਵਾਰਸਾਂ ਉਪਰ ਪਾਉਣ ਲਈ ਭਾਰਤ ਸਰਕਾਰ ਨੇ 2007 ਵਿੱਚ ਕਾਨੂੰਨ ਬਣਾ ਕੇ ਵਾਰਸਾਂ ਨੂੰ ਸਾਂਭ-ਸੰਭਾਲ ਲਈ ਜਿ਼ੰਮੇਵਾਰ ਬਣਾ ਦਿੱਤਾ ਪਰ ਇਹ ਕਾਨੂੰਨ ਲਾਗੂ ਕਰਨ ਵਾਸਤੇ ਬਹੁਤ ਸਾਰੇ ਕਦਮ ਚੁੱਕਣੇ ਬਾਕੀ ਹਨ। ਹਰ ਸੂਬੇ ਵਲੋਂ ਕਾਨੂੰਨ ਦੀ ਰੌਸ਼ਨੀ ਵਿੱਚ ਨਿਯਮ ਪਰਿਭਾਸ਼ਤ ਕੀਤੇ ਜਾਣੇ ਹਨ। ਫਿਰ ਸਬ-ਡਿਵੀਜ਼ਨ ਅਤੇ ਜਿ਼ਲ੍ਹਾ ਪੱਧਰ ’ਤੇ ਬਣਾਏ ਟ੍ਰਿਬਿਊਨਲਾਂ ਨੂੰ ਬਜ਼ੁਰਗਾਂ ਦੀਆਂ ਸਮੱਸਿਆਵਾਂ ਫੌਰੀ ਤੌਰ ’ਤੇ ਨਜਿੱਠਣ ਦੇ ਸਮਰਥ ਬਣਾਉਣਾ ਹੈ। ਬਜ਼ੁਰਗ ਘਰਾਂ ਲਈ ਬਜਟ ਵਿੱਚ ਤਜਵੀਜ਼ ਰੱਖੀ ਜਾਣੀ ਹੈ। ਹਸਪਤਾਲਾਂ ਦਾ ਮੁੱਢਲਾ ਢਾਂਚਾ ਮਜ਼ਬੂਤ ਕਰ ਕੇ ਹੀ ਬਜ਼ੁਰਗਾਂ ਲਈ ਬਿਸਤਰੇ ਰਾਖਵੇਂ ਰੱਖਣ ਦੀ ਸੰਭਾਵਨਾ ਹੈ।

ਬਜ਼ੁਰਗਾਂ ਦੀ ਦੇਖ-ਭਾਲ ਲਈ ਕਾਨੂੰਨ ਦੀਆਂ ਧਾਰਾਵਾਂ ਸਾਡੇ ਸਮਾਜ ਦੇ ਉਸ ਵੱਡੇ ਵਰਗ ਨੂੰ ਅੱਖੋਂ ਉਹਲੇ ਕਰ ਗਈਆਂ ਹਨ ਜਿਨ੍ਹਾਂ ਪਾਸ ਖ਼ੁਦ ਜਾਂ ਉਨ੍ਹਾਂ ਦੇ ਵਾਰਸਾਂ ਪਾਸ ਕੋਈ ਜ਼ਮੀਨ ਜਾਇਦਾਦ ਨਹੀਂ। ਵੱਡੀ ਗਿਣਤੀ ਗਰੀਬ ਕਿਰਤੀ ਕਿਸਾਨ ਪਰਿਵਾਰ ਆਪਣੇ ਬਜ਼ੁਰਗ ਮਾਪਿਆਂ ਨੂੰ ਇਸ ਕਾਨੂੰਨ ਦੀਆਂ ਧਾਰਾਵਾਂ ਅਧੀਨ ਸੰਭਾਲਣ ਲਈ ਕਿਵੇਂ ਜਵਾਬਦੇਹ ਹੋਣਗੇ? ਕਾਨੂੰਨ ਵਿੱਚ ਇਹ ਵੀ ਸਪੱਸ਼ਟ ਨਹੀਂ ਕਿ ਬੁਢਾਪੇ ਲਈ ਕਿਹੜੀਆਂ ਸਹੂਲਤਾਂ ਦੀ ਲੋੜ ਹੈ। ਅਜਿਹੇ ਹਾਲਾਤ ਵਿੱਚ ਕਈ ਥਾਈਂ ਮਾਪਿਆਂ ਅਤੇ ਸੰਤਾਨ ਵਿਚਕਾਰ ਕਸ਼ਮਕਸ਼ ਸ਼ੁਰੂ ਹੋ ਗਈ ਹੈ। ਰਾਜ ਸਰਕਾਰਾਂ ਨੇ ਝਗੜੇ ਨਜਿੱਠਣ ਲਈ ਟ੍ਰਿਬਿਊਨਲ ਬਣਾਉਣ ਨੂੰ ਸਮਾਂਬੱਧ ਨਹੀਂ ਕੀਤਾ। ਇਸੇ ਤਰ੍ਹਾਂ ਬੇਔਲਾਦ ਬਜ਼ੁਰਗਾਂ ਨੇ ਕਿਹੜੇ ਰਿਸ਼ਤੇਦਾਰ ਨੂੰ ਜਾਇਦਾਦ ਦੇਣੀ ਹੈ, ਪਹਿਲਾਂ ਕਿਵੇਂ ਤੈਅ ਕੀਤਾ ਜਾਵੇਗਾ ਕਿਉਂਕਿ ਵਸੀਅਤ-ਦਹਿੰਦਾ ਨੂੰ ਇਸ ਦਸਤਾਵੇਜ਼ ਦੀ ਜਾਣਕਾਰੀ ਵਸੀਅਤ-ਕੁਨਿੰਦਾ ਦੀ ਮੌਤ ਤੋਂ ਬਾਅਦ ਹੀ ਪਤਾ ਲੱਗਣੀ ਚਾਹੀਦੀ ਹੈ। ਜੇਕਰ ਨਹੁੰ-ਮਾਸ ਦੇ ਰਿਸ਼ਤਿਆਂ ਵਿੱਚ ਇੰਨੀਆਂ ਤਰੇੜਾਂ ਆ ਜਾਣ ਕਿ ਉਹ ਇਕ ਦੂਜੇ ਨੂੰ ਬੇਲੋੜੇ ਸਮਝਣ ਤਾਂ ਕਿਹੜੀ ਕਚਿਹਰੀ ਮਾਂ-ਪੁੱਤ ਦੇ ਝਗੜੇ ਨਜਿੱਠਣ ਦੇ ਸਮਰੱਥ ਹੈ? ਸਾਡੇ ਢਾਂਚੇ ਵਿੱਚ ਨਿਆਂ ਪ੍ਰਾਪਤੀ ਲਈ ਬਹੁਤ ਸਮਾਂ ਲੱਗ ਜਾਂਦਾ ਹੈ ਅਤੇ ਦੁਖੀ ਬਜ਼ੁਰਗ ਆਪਣੇ ਹੀ ਖ਼ੂਨ ਦੇ ਪਾਣੀ ਹੋਣ ’ਤੇ ਝੂਰਦਾ ਦਮ ਤੋੜ ਜਾਂਦਾ ਹੈ।

ਬਜ਼ੁਰਗਾਂ ਦੀ ਦੇਖ-ਭਾਲ ਲਈ ਬਣੇ ਕਾਨੂੰਨ ਅਸਲ ’ਚ ਵਾਰਸਾਂ ਨੂੰ ਮਾਪਿਆਂ ਨੂੰ ਸੰਭਾਲਣ ਪ੍ਰਤੀ ਚੇਤਨ ਕਰਨ ਦਾ ਕਾਰਜ ਹੀ ਕਰ ਰਹੇ ਹਨ। ਬਜ਼ੁਰਗਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਹੁਣ ਪਾਏਦਾਰ ਸੰਸਥਾਈ ਢਾਂਚਾ ਬਣਾਉਣ ਦੀ ਲੋੜ ਹੈ। ਚੰਡੀਗੜ੍ਹ ਵਰਗੇ ਸ਼ਹਿਰ ’ਚ ਵੀ ਸੈਕਟਰਾਂ ਅਨੁਸਾਰ ਕੋਈ ਅਜਿਹੀ ਸਹੂਲਤ ਨਜ਼ਰ ਨਹੀਂ ਆਈ ਜਿੱਥੇ ਸੇਵਾ ਮੁਕਤ ਬਜ਼ੁਰਗ ਆਪਣਾ ਸਮਾਂ ਗੁਣਾਤਮਕ ਢੰਗ ਨਾਲ ਗੁਜ਼ਾਰ ਸਕਣ। ਪਿੰਡਾਂ ’ਚ ਡੇ-ਕੇਅਰ ਸੈਂਟਰ ਉਸਾਰਨ ਦੀ ਜ਼ਰੂਰਤ ਹੈ ਜਿਹੜਾ ਪੁਰਾਣੀ ਸੱਥ ਦੇ ਬਦਲ ਵਜੋਂ ਬਜ਼ੁਰਗਾਂ ਲਈ ਚੰਗੀ ਬੈਠਕ ਬਣ ਸਕਦਾ ਹੈ। ਇਸ ਕਾਰਜ ’ਚ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਭੂਮਿਕਾ ਨਿਭਾਅ ਸਕਦੀਆਂ ਹਨ। ਜਿਨ੍ਹਾਂ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਸਾਡੇ ਪਾਲਣ-ਪੋਸ਼ਣ ਲੇਖੇ ਲਾ ਦਿੱਤੀ, ਉਨ੍ਹਾਂ ਨੂੰ ਲਾਚਾਰ ਅਤੇ ਬੇਸਹਾਰਾ ਛੱਡ ਕੇ ਕੱਲ੍ਹ ਨੂੰ ਅਸੀਂ ਆਪਣੇ ਬੱਚਿਆ ਤੋਂ ਕਿਹੜੀ ਸੇਵਾ ਦੀ ਉਮੀਦ ਕਰ ਸਕਾਂਗੇ? ਬਜ਼ੁਰਗਾਂ ਪਾਸ ਅਨੁਭਵ ਦਾ ਖਜ਼ਾਨਾ ਸਾਡੀਆਂ ਕਈ ਸਮੱਸਿਆਵਾਂ ਹੱਲ ਕਰਨ ਵਿੱਚ ਸਹਾਈ ਹੋ ਸਕਦਾ ਹੈ।

ਸਾਹਿਤਕ ਭਾਸ਼ਾ ’ਚ ਬਜ਼ੁਰਗਾਂ ਨੂੰ ਜੜ੍ਹਾਂ ਨਾਲ ਤਸ਼ਬੀਹ ਦਿੱਤੀ ਗਈ ਹੈ। ਜੜ੍ਹਾਂ ਤੋਂ ਅੱਗੇ ਕਰੂੰਬਲਾਂ, ਟਾਹਣੀਆਂ ਅਤੇ ਸੰਘਣੀਆਂ ਛਾਵਾਂ ਪੈਦਾ ਹੁੰਦੀਆਂ ਹਨ। ਹਨੇਰੀਆਂ ਅਤੇ ਝੱਖੜਾਂ ਤੋਂ ਬਚਾਓ ਵੀ ਮਜ਼ਬੂਤ ਜੜ੍ਹਾਂ ਹੀ ਕਰਦੀਆਂ ਹਨ। ਅਸੀਂ ਬੇਸਮਝੀ ਕਾਰਨ ਬਜ਼ੁਰਗਾਂ ਦਾ ਸਤਿਕਾਰ ਕਰਨਾ ਭੁੱਲ ਜਾਂਦੇ ਹਾਂ ਪਰ ਉਨ੍ਹਾਂ ਦੇ ਤੁਰ ਜਾਣ ਪਿੱਛੋਂ ਭੋਗ ਅਤੇ ਅੰਤਮ ਰਸਮਾਂ ’ਤੇ ਬੇਲੋੜਾ ਖਰਚ ਕਰਦੇ ਹਾਂ। ਬਜ਼ੁਰਗਾਂ ਨੂੰ ਵੀ ਆਪਣੀ ਆਖਿ਼ਰੀ ਉਮਰ ਸੁਖਦਾਇਕ ਕੱਟਣ ਲਈ ਆਪਣੇ ਦ੍ਰਿਸ਼ਟੀਕੋਣ ’ਚ ਤਬਦੀਲੀ ਲਿਆਉਣੀ ਜ਼ਰੂਰੀ ਹੈ। ਜਿੰਨੀ ਦੇਰ ਚੰਗੀ ਸਿਹਤ ਹੈ, ਉਸਾਰੂ ਗਤੀਵਿਧੀਆਂ ’ਚ ਭਾਗ ਲੈਂਦੇ ਰਹਿਣਾ ਚੰਗਾ ਹੈ। ਔਲਾਦ ’ਤੇ ਬੋਝ ਬਣਨ ਨਾਲੋਂ ਕਿਸੇ ਕੰਮ ’ਚ ਮਸਰੂਫ ਰਹਿਣ ਨਾਲ ਸਿਹਤ ਵੀ ਚੰਗੀ ਰੱਖੀ ਜਾ ਸਕਦੀ ਹੈ।

ਹਰ ਬਜ਼ੁਰਗ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਪੁੱਤਰ-ਧੀਆਂ, ਪੋਤੇ-ਦੋਹਤੇ ਉਸ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਨ, ਆਪਣੀਆਂ ਕਾਮਯਾਬੀਆਂ ਅਤੇ ਅਸਫਲਤਾਵਾਂ ਬਾਰੇ ਦੱਸਣ। ਉਹ ਅਗਲੀ ਪੀੜ੍ਹੀ ਦੀਆਂ ਤਕਲੀਫਾਂ ਅਤੇ ਖੁਸ਼ੀਆਂ ਵੰਡਾਉਣੀਆਂ ਚਾਹੁੰਦੇ ਹਨ। ਕੁਝ ਖ਼ੁਸ਼ਨਸੀਬ ਮਾਪਿਆਂ ਨੂੰ ਹੀ ਅਜਿਹਾ ਮਾਹੌਲ ਮਿਲਦਾ ਹੈ। ਧਾਰਮਿਕ ਸਥਾਨਾਂ ’ਤੇ ਮੱਥਾ ਰਗੜਨ ਨਾਲੋਂ ਬਜ਼ੁਰਗਾਂ ਦੇ ਹੱਥਾਂ ਪੈਰਾਂ ਦੀ ਛੂਹ ਪ੍ਰਾਪਤ ਕਰੋ, ਦੇਖੋ ਕਿੰਨਾ ਸਕੂਨ ਮਿਲਦਾ ਹੈ। ਜੇ ਆਪਣੇ ਘਰ ਬਜ਼ੁਰਗ ਨਹੀਂ ਤਾਂ ਗੁਆਂਢੀ ਬਜ਼ੁਰਗਾਂ ਨਾਲ ਸਨੇਹ ਕਰੋ। ਕਿਸੇ ਬਿਰਧ ਜੋੜੇ ਨੂੰ ਟੈਲੀਫੋਨ ’ਤੇ ਵੀ ਅਪਣਾਇਆ ਜਾ ਸਕਦਾ ਹੈ ਤਾਂ ਜੋ ਉਨ੍ਹਾਂ ਦੇ ਇਕੱਲੇਪਣ ਅਤੇ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇ। ਮਾਪਿਆਂ ਦੀ ਬੁੱਕਲ ਦਾ ਨਿਘਾਰ ਦੁਨੀਆ ਦੀਆਂ ਸਾਰੀਆਂ ਸੁੱਖ ਸਹੂਲਤਾਂ ਨਾਲੋਂ ਉੱਤਮ ਹੈ।

ਸੰਪਰਕ: 98140-67632

Advertisement
Show comments