ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੰਦੇ ਮਾਤਰਮ ਦਾ ਸਾਰ

ਇਸ ਹਫ਼ਤੇ ਦੇ ਸ਼ੁਰੂ ਵਿੱਚ, ਜਦ ਮੈਂ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ’ਤੇ ਰਾਜ ਸਭਾ ਵਿਚ ਚੱਲੀ ਚਰਚਾ ਦੌਰਾਨ ਬੋਲਿਆ ਤਾਂ ਮੈਂ ਬੜੇ ਆਦਰ ਤੇ ਚਿੰਤਾ ਦੇ ਭਾਵ ਨਾਲ ਅਜਿਹਾ ਕੀਤਾ। ਵੰਦੇ ਮਾਤਰਮ ਉਹ ਰਚਨਾ ਹੈ ਜਿਸ ਨੇ...
Advertisement

ਇਸ ਹਫ਼ਤੇ ਦੇ ਸ਼ੁਰੂ ਵਿੱਚ, ਜਦ ਮੈਂ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ’ਤੇ ਰਾਜ ਸਭਾ ਵਿਚ ਚੱਲੀ ਚਰਚਾ ਦੌਰਾਨ ਬੋਲਿਆ ਤਾਂ ਮੈਂ ਬੜੇ ਆਦਰ ਤੇ ਚਿੰਤਾ ਦੇ ਭਾਵ ਨਾਲ ਅਜਿਹਾ ਕੀਤਾ। ਵੰਦੇ ਮਾਤਰਮ ਉਹ ਰਚਨਾ ਹੈ ਜਿਸ ਨੇ ਆਜ਼ਾਦੀ ਲਈ ਜੂਝ ਰਹੇ ਇੱਕ ਰਾਸ਼ਟਰ ਦੀ ਆਤਮਾ ਨੂੰ ਝੰਜੋੜ ਦਿੱਤਾ ਸੀ। ਪਰ ਇਕ ਤੋਂ ਬਾਅਦ ਇੱਕ ਭਾਸ਼ਣ ਦੇਣ ਵਾਲੇ ਇਸ ਗੱਲੋਂ ਵੀ ਚਿੰਤਤ ਸਨ ਕਿ ਅੱਜ ਇਸ ਸ਼ਾਨਦਾਰ ਅਤੇ ਸ਼ਕਤੀਸ਼ਾਲੀ ਗੀਤ ਨਾਲ ਕੀ ਕੀਤਾ ਜਾ ਰਿਹਾ ਹੈ। ਜਿਵੇਂ ਕਿ ਮੈਂ ਆਪਣੀ ਤਕਰੀਰ ਵਿੱਚ ਕਿਹਾ, ਜਦੋਂ ਅਸੀਂ ਵਰ੍ਹੇਗੰਢਾਂ ਮਨਾਉਂਦੇ ਹਾਂ, ਭਾਵੇਂ ਉਹ ਆਜ਼ਾਦੀ ਦੇ 50 ਸਾਲ ਹੋਣ, ਗਣਰਾਜ ਬਣਨ ਦੇ 50 ਸਾਲ ਹੋਣ, ਜਾਂ ਸਾਡੇ ਆਜ਼ਾਦੀ ਸੰਘਰਸ਼ ਨਾਲ ਜੁੜੇ ਕਿਸੇ ਵੀ ਗੀਤ ਦੀ ਵਰ੍ਹੇਗੰਢ ਹੋਵੇ, ਇਹ ਆਤਮ-ਵਿਸ਼ਲੇਸ਼ਣ ਦੇ ਭਾਵ ਨਾਲ ਤੇ ਅੰਤਰਦ੍ਰਿਸ਼ਟੀ ਦੀ ਮਨਸ਼ਾ ਨਾਲ ਮਨਾਈਆਂ ਜਾਣੀਆਂ ਚਾਹੀਦੀਆਂ ਹਨ। ਸਾਨੂੰ ਖ਼ੁਦ ਤੋਂ ਪੁੱਛਣਾ ਚਾਹੀਦਾ ਹੈ: ਕੀ ਅਸੀਂ ਸੱਚਮੁੱਚ ਉਨ੍ਹਾਂ ਆਦਰਸ਼ਾਂ ’ਤੇ ਖਰੇ ਉਤਰ ਰਹੇ ਹਾਂ ਜਿਨ੍ਹਾਂ ਦੀ ਇਹ ਪਲ ਨੁਮਾਇੰਦਗੀ ਕਰਦੇ ਹਨ? ਇਹ ਬੇਮਤਲਬ ਦੇ ਜਸ਼ਨ ਨਹੀਂ ਹੋਣੇ ਚਾਹੀਦੇ। ਇਹ ਅਜਿਹੇ ਮੌਕੇ ਹੋਣੇ ਚਾਹੀਦੇ ਹਨ ਜਿੱਥੇ ਅਸੀਂ ਆਪਣੇ ਆਪ ਨੂੰ ਉਨ੍ਹਾਂ ਵਾਅਦਿਆਂ ਅਤੇ ਉਦੇਸ਼ਾਂ ਲਈ ਜਵਾਬਦੇਹ ਠਹਿਰਾਈਏ ਜੋ ਅਸੀਂ ਪੂਰੇ ਕਰਨੇ ਸਨ।

ਅਸੀਂ ਜਾਣਦੇ ਹੀ ਹਾਂ ਕਿ ਜਦੋਂ ਸੁਤੰਤਰਤਾ ਸੰਗਰਾਮ ਦੌਰਾਨ ‘ਵੰਦੇ ਮਾਤਰਮ’ ਪੂਰੇ ਭਾਰਤ ਵਿੱਚ ਗੂੰਜਿਆ ਤਾਂ ਕੁਝ ਅਲੋਕਾਰ ਵਾਪਰਿਆ। ਇਸ ਗੀਤ ਦੀ ਭਾਵਨਾ ਨੇ ਸਾਰੀਆਂ ਰੋਕਾਂ ਤੋੜ ਦਿੱਤੀਆਂ। ਇਹ ਖੇਤਰੀ ਹੱਦਾਂ ਪਾਰ ਕਰ ਗਿਆ। ਇਸ ਨੇ ਭਾਸ਼ਾਈ ਹੱਦਾਂ ਪਾਰ ਕੀਤੀਆਂ। ਇਹ ਬੰਗਾਲ ਤੋਂ ਪੰਜਾਬ ਤੱਕ ਪਹੁੰਚਿਆ ਤੇ ਜਿੱਥੇ ਵੀ ਗਿਆ, ਉੱਥੇ ਇਸਨੇ ਦਿਲਾਂ ਨੂੰ ਛੂਹ ਲਿਆ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਹ ਗੀਤ ਗਾਇਆ, ਉਹ ਬੰਗਾਲੀ ਭਾਸ਼ਾ ਨਹੀਂ ਜਾਣਦੇ ਸਨ। ਉਹ ਸੰਸਕ੍ਰਿਤ ਨਹੀਂ ਸਮਝਦੇ ਸਨ। ਉਹ ਤੁਹਾਨੂੰ ਹਰ ਸ਼ਬਦ ਦਾ ਸਹੀ ਅਰਥ ਨਹੀਂ ਦੱਸ ਸਕਦੇ ਸਨ। ਜਿਵੇਂ ਕਿ ਅਸੀਂ ਕਹਿੰਦੇ ਹਾਂ, ਸ਼ਬਦਾਰਥ (ਅਸਲ ਅਰਥ)। ਪਰ ਉਨ੍ਹਾਂ ਨੇ ਕੁਝ ਹੋਰ ਗਹਿਰਾ ਮਹਿਸੂਸ ਕੀਤਾ। ਉਨ੍ਹਾਂ ਨੇ ਭਾਵਨਾਤਮਕ ਅਰਥ, ਇਸ ਦਾ ਭਾਵਾਰਥ (ਭਾਵਨਾ) ਸਮਝ ਲਿਆ ਅਤੇ ਉਨ੍ਹਾਂ ਮਹਿਸੂਸ ਕੀਤਾ ਕਿ ਗੀਤ ਦਾ ਕੀ ਮਤਲਬ ਹੈ ਭਾਵੇਂ ਉਹ ਇਸ ਦਾ ਅਨੁਵਾਦ ਨਹੀਂ ਕਰ ਸਕਦੇ ਸਨ। ਇਹ ਸਾਨੂੰ ਭਾਰਤ ਬਾਰੇ ਕੁਝ ਡੂੰਘਾ ਸਮਝਾਉਂਦਾ ਹੈ। ਮੈਂ ਆਪਣੀ ਤਕਰੀਰ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਡਾ ਬਹੁਲਵਾਦੀ ਸੱਭਿਆਚਾਰ ਹਮੇਸ਼ਾ ਸਾਡੀ ਹੋਂਦ ਦਾ ਹਿੱਸਾ ਰਿਹਾ ਹੈ। ਇਹ ਉਹ ਚੀਜ਼ ਨਹੀਂ ਹੈ ਜੋ ਅਸੀਂ ਆਜ਼ਾਦੀ ਤੋਂ ਬਾਅਦ ਈਜਾਦ ਕੀਤੀ। ਇਹ ਉਹ ਚੀਜ਼ ਨਹੀਂ ਹੈ ਜੋ ਸਿਆਸਤਦਾਨਾਂ ਨੇ ਸਾਨੂੰ ਦਿੱਤੀ। ਇਹ ਸਾਡੀ ਵੰਨ-ਸਵੰਨਤਾ ਦੇ ਬਾਵਜੂਦ ਹਮੇਸ਼ਾ ਹੀ ਮੌਜੂਦ ਸੀ।

Advertisement

ਜਦੋਂ ਬੰਕਿਮ ਚੰਦਰ ਚਟੋਪਾਧਿਆਏ ਨੇ 150 ਸਾਲ ਪਹਿਲਾਂ ਇਹ ਗੀਤ ਲਿਖਿਆ ਸੀ ਤਾਂ ਉਸ ਨੇ ਭਾਰਤ ਦੀ ਜਾਗਦੀ ਭਾਵਨਾ ਨੂੰ ਕਾਵਿਕ ਪ੍ਰਗਟਾਵਾ ਦਿੱਤਾ ਸੀ। ਪਰ ਉਹ ਭਾਵਨਾ ਹਰ ਕਿਸੇ ਦੀ ਸੀ। ਰਬਿੰਦਰਨਾਥ ਟੈਗੋਰ ਨੇ ਇਸ ਨੂੰ 1896 ਵਿੱਚ ਕਾਂਗਰਸ ਦੇ ਸੈਸ਼ਨ ਵਿੱਚ ਗਾਇਆ ਸੀ। ਸ੍ਰੀ ਅਰਬਿੰਦੋ ਨੇ ਇਸ ਨੂੰ ਭਾਰਤ ਦੇ ਪੁਨਰ ਜਨਮ ਦਾ ਮੰਤਰ ਦੱਸਿਆ। ਆਜ਼ਾਦੀ ਘੁਲਾਟੀਆਂ ਨੇ ਫਾਂਸੀ ਚੜ੍ਹਨ ਤੋਂ ਪਹਿਲਾਂ ਇਸ ਨੂੰ ਗੁਣਗੁਣਾਇਆ। ਇਕੱਠਿਆਂ ਗੀਤ ਗਾਉਣ ਤੋਂ ਪਹਿਲਾਂ ਉਨ੍ਹਾਂ ਇੱਕ-ਦੂਜੇ ਦਾ ਧਰਮ ਨਹੀਂ ਪੁੱਛਿਆ। ਮੈਨੂੰ ਉਸ ਗੱਲ ਨੂੰ ਦੁਹਰਾਉਣ ਦਿਓ ਜਿਸ ’ਤੇ ਮੈਂ ਆਪਣੀ ਤਕਰੀਰ ਵਿੱਚ ਜ਼ੋਰ ਦਿੱਤਾ ਸੀ। ਆਜ਼ਾਦੀ ਦੀ ਲੜਾਈ ਕਿਸੇ ਇੱਕ ਭਾਈਚਾਰੇ ਨੇ ਨਹੀਂ ਲੜੀ। ਉੱਥੇ ਹਿੰਦੂ ਸਨ, ਮੁਸਲਮਾਨ ਸਨ। ਸਿੱਖ ਤੇ ਈਸਾਈ ਵੀ ਸਨ। ਅਤੇ ਹਾਂ, ਜਿਵੇਂ ਕਿ ਮੈਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ, ਨਾਸਤਿਕ ਵੀ ਇਸ ਲੜਾਈ ਵਿਚ ਸ਼ਾਮਲ ਸਨ। ਉਨ੍ਹਾਂ ਸਾਰਿਆਂ ਨੇ ਯੋਗਦਾਨ ਪਾਇਆ। ਉਨ੍ਹਾਂ ਸਾਰਿਆਂ ਨੇ ਕੁਰਬਾਨੀ ਦਿੱਤੀ। ਉਨ੍ਹਾਂ ਸਾਰਿਆਂ ਨੇ ਵੰਦੇ ਮਾਤਰਮ ਆਪਣੇ ਤਰੀਕੇ ਨਾਲ ਆਪਣੀ ਸਮਝ ਨਾਲ ਗਾਇਆ। ਜਿਵੇਂ ਕਿ ਮੈਂ ਰਾਜ ਸਭਾ ਵਿੱਚ ਕਿਹਾ, ਮੈਂ ਇੱਕ ਆਮ ਪਰ ਤਾਕਤਵਰ ਸਿਧਾਂਤ ਵਿੱਚ ਯਕੀਨ ਰੱਖਦਾ ਹਾਂ: ਮੈਂ ਨਾਲੋ-ਨਾਲ ਹਰ ਭਗਵਾਨ ਨੂੰ ਪੂਜ ਸਕਦਾ ਹਾਂ। ਇਸ ’ਚ ਕੋਈ ਉਲਝਣ ਨਹੀਂ ਹੈ। ਇਹ ਭਾਰਤੀ ਸੱਭਿਅਤਾ ਦਾ ਸਾਰ ਹੈ। ਸਾਨੂੰ ਕਿਸੇ ਇੱਕ ਧਰਮ ਨੂੰ ਪਿਆਰ ਕਰਨ ਲਈ ਦੂਜੇ ਨੂੰ ਨਫ਼ਰਤ ਕਰਨ ਦੀ ਲੋੜ ਨਹੀਂ ਹੈ। ਸਾਨੂੰ ਆਪਣਾ ਸਮਰਪਣ ਸਾਬਿਤ ਕਰਨ ਲਈ ਕਿਸੇ ਹੋਰ ਦੀ ਆਸਥਾ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀਂ ਹੈ। ਇਹ ਉਹ ਹੈ ਜੋ ਸਾਡੇ ਮਾਰਗਦਰਸ਼ਕਾਂ ਤੇ ਬਾਨੀਆਂ ਨੇ ਸਾਨੂੰ ਸਮਝਾਇਆ ਹੈ। ਇਹ ਉਹ ਹੈ ਜਿਸ ’ਤੇ ਉਨ੍ਹਾਂ ਸਾਡੇ ਗਣਰਾਜ ਦੀ ਸਥਾਪਨਾ ਕੀਤੀ।

ਇੱਕ ਰਾਸ਼ਟਰ ਵਜੋਂ ਜੋ ਸਾਨੂੰ ਸਮਝਣਾ ਅਤੇ ਸਵੀਕਾਰਨਾ ਚਾਹੀਦਾ ਹੈ ਉਹ ਇਹ ਹੈ ਕਿ ‘ਵੰਦੇ ਮਾਤਰਮ’ ਨੂੰ ਕਦੇ ਵੀ ਸਿਆਸੀ ਹਥਿਆਰ, ਸੌੜੇ ਰਾਜਨੀਤਕ ਉਦੇਸ਼ਾਂ ਦੀ ਪੂਰਤੀ ਦੇ ਸਾਧਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਇਹ ਗੀਤ ਜੋੜਨ ਲਈ ਸੀ। ਜਦੋਂ ਅਸੀਂ ਇਸ ਨੂੰ ਵੰਡਣ, ਕਿਸੇ ਦੀ ਦੇਸ਼ ਭਗਤੀ ’ਤੇ ਸਵਾਲ ਉਠਾਉਣ ਲਈ ਵਰਤਦੇ ਹਾਂ, ਮੁਹੱਬਤ ਦੇ ਪ੍ਰਗਟਾਵੇ ਦੀ ਬਜਾਏ ਇੱਕ ਪਰਖ਼ ਵਜੋਂ ਵਰਤਦੇ ਹਾਂ ਤਾਂ ਅਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਧਰੋਹ ਕਮਾਉਂਦੇ ਹਾਂ ਜਿਨ੍ਹਾਂ ਨੂੰ ਇਹ ਪ੍ਰਗਟਾਉਂਦਾ ਹੈ। ਅੱਜ ਸਾਡੇ ਨੇਤਾ ਦੇਸ਼ ਨੂੰ ਠੀਕ ਕਰਨ ਦੀ ਬਜਾਏ ਜ਼ਖ਼ਮੀ ਕਰ ਰਹੇ ਹਨ। ਜਿਹੜਾ ਧਰੁਵੀਕਰਨ ਅਸੀਂ ਆਪਣੇ ਆਲੇ-ਦੁਆਲੇ ਦੇਖ ਰਹੇ ਹਾਂ, ਉਹ ਇਕਦਮ ਨਹੀਂ ਵਧਿਆ। ਤਰੇੜਾਂ ਨੂੰ ਹੋਰ ਗਹਿਰਾ ਕੀਤਾ ਜਾ ਰਿਹਾ ਹੈ। ਚੰਗਿਆੜੀਆਂ ਨੂੰ ਅੱਗ ਦੀਆਂ ਲਪਟਾਂ ਵਿੱਚ ਬਦਲਿਆ ਜਾ ਰਿਹਾ ਹੈ। ਇਸ ਨੂੰ ਸਿਆਸੀ ਲਾਭ ਲਈ ਵਰਤਿਆ ਜਾ ਰਿਹਾ ਹੈ। ਕੀ ਅਸਲ ‘ਵੰਦੇ ਮਾਤਰਮ’ ਇਹ ਹੈ: ਜਦ ਸਾਡਾ ਦੇਸ਼ ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ, ਸਾਡੀਆਂ ਸੜਕਾਂ ’ਤੇ ਨਫ਼ਰਤ ਭਰ ਜਾਂਦੀ ਹੈ, ਜਦ ਪੀੜ੍ਹੀਆਂ ਤੋਂ ਇਕੱਠੇ ਰਹਿੰਦੇ ਭਾਈਚਾਰੇ ਅਚਾਨਕ ਦੁਸ਼ਮਣ ਬਣ ਜਾਂਦੇ ਹਨ? ਕੀ ਇਸ ਗੀਤ ਦਾ ਮਤਲਬ ਇਹ ਸੀ? ਕੀ ਆਜ਼ਾਦੀ ਘੁਲਾਟੀਆਂ ਨੇ ਇਸੇ ਲਈ ਜਾਨ ਕੁਰਬਾਨ ਕੀਤੀ?

​ਅੱਜ ਰਾਸ਼ਟਰੀ ਨਾਇਕਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਸੌੜੇ ਸਿਆਸੀ ਲਾਭਾਂ ਲਈ ਵਰਤਣ ਦਾ ਚਿੰਤਾਜਨਕ ਰੁਝਾਨ ਹਾਵੀ ਹੈ। ਕੁਝ ਸਿਆਸਤਦਾਨ ਨਹਿਰੂ ਦੀ ਆਲੋਚਨਾ ਕਰਨ ਲਈ ਹੀ ਉਨ੍ਹਾਂ ਦਾ ਨਾਮ ਲੈਂਦੇ ਹਨ। ਦੂਸਰੇ ਮਹਾਤਮਾ ਗਾਂਧੀ ’ਤੇ ਆਪਣਾ ਹੱਕ ਜਤਾਉਂਦੇ ਹਨ ਜਦੋਂਕਿ ਉਨ੍ਹਾਂ ਦੇ ਸਾਰੇ ਆਦਰਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਕੁਝ ਹੋਰ ਤਿਰੰਗੇ ਦਾ ਆਸਰਾ ਲੈ ਕੇ ਉਸੇ ਵੰਡ ਨੂੰ ਉਤਸ਼ਾਹਿਤ ਕਰਦੇ ਹਨ ਜਿਸ ਖ਼ਿਲਾਫ਼ ਸਾਡੇ ਰਾਹ ਦਸੇਰਿਆਂ ਨੇ ਸੰਘਰਸ਼ ਲੜਿਆ ਸੀ। ਸੰਸਦ ਗਵਾਹ ਹੈ ਕਿ ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਕੁਝ ਲੋਕਾਂ ਲਈ ਇੱਕ ਤਰ੍ਹਾਂ ਦੀ ‘ਸਿਆਸੀ ਲਾਈਫਜੈਕੇਟ’ ਬਣ ਗਏ ਹਨ; ਜਦੋਂ ਉਚਿਤ ਲੱਗੇ ਪਹਿਨਣ ਲਈ ਲਾਭਕਾਰੀ, ਜਦੋਂ ਨਾ ਲੱਗੇ ਤਾਂ ਲਾਹੁਣੀ ਆਸਾਨ। ਪਰ ਤੁਸੀਂ ਸਾਡੇ ਮਾਰਗਦਰਸ਼ਕਾਂ ਵੱਲੋਂ ਉਸਾਰੀਆਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਦੀ ਵਿਰਾਸਤ ’ਤੇ ਦਾਅਵਾ ਨਹੀਂ ਕਰ ਸਕਦੇ। ਤੁਸੀਂ ਉਸ ਬਹੁਲਵਾਦੀ ਸੱਭਿਆਚਾਰ ਨੂੰ ਨਸ਼ਟ ਕਰਦਿਆਂ ‘ਵੰਦੇ ਮਾਤਰਮ’ ਦਾ ਜਸ਼ਨ ਨਹੀਂ ਮਨਾ ਸਕਦੇ ਜਿਸ ਨੇ ਇਸ ਨੂੰ ਸਾਰਥਕ ਕੀਤਾ।

ਇਹ ਗੀਤ ਨਦੀਆਂ, ਫ਼ਸਲਾਂ ਨਾਲ ਭਰਪੂਰ, ਦੱਖਣੀ ਹਵਾਵਾਂ ਨਾਲ ਠੰਢੀ-ਠਾਰ ਮਾਤ-ਭੂਮੀ ਦੀ ਗੱਲ ਕਰਦਾ ਹੈ। ਇਹ ਉਸ ਦੀ ਸੁੰਦਰਤਾ, ਭਰਪੂਰਤਾ ਤੇ ਸ਼ੋਭਾ ਦੀ ਗੱਲ ਕਰਦਾ ਹੈ। ਇਹ ਉਸ ਦੇ ਬੱਚਿਆਂ ਵੱਲੋਂ ਇੱਕ-ਦੂਜੇ ਨੂੰ ਨਫ਼ਰਤ ਕਰਨ ਦੀ ਗੱਲ ਨਹੀਂ ਕਰਦਾ। ਇਹ ਕੁਝ ਕੁ ਦੇ ਦੂਜਿਆਂ ਨਾਲੋਂ ਵਧੇਰੇ ਜਾਇਜ਼ ਹੋਣ ਦੀ ਗੱਲ ਨਹੀਂ ਕਰਦਾ। ਇਹ ਵੰਡਦਾ ਨਹੀਂ ਹੈ। ਇਹ ਗਲਵੱਕੜੀ ਪੁਆਉਂਦਾ ਹੈ। ‘ਵੰਦੇ ਮਾਤਰਮ’ ਦੀ ਵਰ੍ਹੇਗੰਢ ਇੱਕ ਅਜਿਹਾ ਪਲ਼ ਹੋਣਾ ਚਾਹੀਦਾ ਹੈ ਜਿਸ ਵਿੱਚ ਅਸੀਂ ਆਪਣੇ ਆਪ ਨੂੰ ਇਸ ਦੀ ਸੱਚੀ-ਸੁੱਚੀ ਭਾਵਨਾ ਪ੍ਰਤੀ ਮੁੜ ਸਮਰਪਿਤ ਕਰੀਏ। ਉਹ ਭਾਵਨਾ ਇਹ ਸਾਬਿਤ ਕਰਨ ਬਾਰੇ ਨਹੀਂ ਹੈ ਕਿ ਕੌਣ ਵੱਡਾ ਦੇਸ਼ ਭਗਤ ਹੈ। ਇਹ ਆਪਣੇ ਹੀ ਦੇਸ਼ ਦੇ ਨਾਗਰਿਕਾਂ ਖ਼ਿਲਾਫ਼ ਇਸ ਗੀਤ ਨੂੰ ਹਥਿਆਰ ਵਜੋਂ ਵਰਤਣ ਬਾਰੇ ਨਹੀਂ ਹੈ। ਇਹ ਪੂਰੀ ਮਾਤ-ਭੂਮੀ ਅਤੇ ਉਸ ਦੇ ਸਾਰੇ ਬੱਚਿਆਂ ਨੂੰ ਹਰ ਵੰਨ-ਸੁਵੰਨਤਾ ਦੇ ਬਾਵਜੂਦ ਪਿਆਰ ਕਰਨ ਦੀ ਇੱਕ ਸਾਧਾਰਨ ਪਰ ਡੂੰਘੀ ਕਿਰਿਆ ਬਾਰੇ ਹੈ।

​ਦੇਸ਼ ਭਗਤੀ ਦੇ ਇਸ ਮਹਾਨ ਗੀਤ ਦੀ 150ਵੀਂ ਵਰ੍ਹੇਗੰਢ ਮੌਕੇ ਹੋਈ ਚਰਚਾ ਨੇ ਇਹ ਵੀ ਦਰਸਾਇਆ ਹੈ ਕਿ ਸਮਕਾਲੀ ਭਾਰਤ ਵਿੱਚ ਦਿਲਾਂ ਅਤੇ ਦਿਮਾਗ਼ਾਂ ’ਚ ਪਈਆਂ ਵੰਡੀਆਂ ਕੌਮ ਨੂੰ ਦਰਪੇਸ਼ ਸਭ ਤੋਂ ਗੰਭੀਰ ਚੁਣੌਤੀਆਂ ਵਿੱਚੋਂ ਇੱਕ ਹੈ। ਇਹ ਵੰਡੀਆਂ ਸਿਰਫ਼ ਸਿਆਸੀ ਧਰੁਵੀਕਰਨ ਜਾਂ ਧਾਰਮਿਕ ਵੰਡੀਆਂ ਨਹੀਂ ਸਗੋਂ ਇੱਕ ਸਾਂਝੀ ਕਾਇਨਾਤ ਦੇ ਟੁੱਟਣ ਵਰਗਾ ਹੈ ਜਿਸ ਨੇ ਕਦੇ ਭਾਰਤ ਨੂੰ ਇਸ ਦੀ ਨਿਰਾਲੀ ਵੰਨ-ਸੁਵੰਨਤਾ ਦੇ ਬਾਵਜੂਦ ਇਕੱਠਾ ਰੱਖਿਆ ਸੀ। ਜਦੋਂ ਨਾਗਰਿਕ ਇੱਕ ਦੂਜੇ ਨੂੰ ਹਮਸਫ਼ਰਾਂ ਵਜੋਂ ਨਹੀਂ ਬਲਕਿ ਵਿਰੋਧੀਆਂ ਵਜੋਂ ਦੇਖਣਾ ਸ਼ੁਰੂ ਕਰ ਦਿੰਦੇ ਹਨ, ਜਦੋਂ ਸੰਵਾਦ ਦੀ ਥਾਂ ਬੇਭਰੋਸਗੀ ਆ ਜਾਂਦੀ ਹੈ ਅਤੇ ਜਦੋਂ ਪਛਾਣਾਂ ਸਹਿ-ਹੋਂਦ ਦੀ ਥਾਂ ਸ਼ੱਕ ਦਾ ਆਧਾਰ ਬਣ ਜਾਂਦੀਆਂ ਹਨ ਤਾਂ ਗਣਰਾਜ ਦੀ ਇਖਲਾਕੀ ਨੀਂਹ ਕਮਜ਼ੋਰ ਹੋ ਜਾਂਦੀ ਹੈ। ਭਾਵਨਾਤਮਕ ਤੌਰ ’ਤੇ ਟੁੱਟੇ ਹੋਏ ਸਮਾਜ ਨੂੰ ਕੋਈ ਵੀ ਆਰਥਿਕ ਵਿਕਾਸ ਜਾਂ ਤਕਨੀਕੀ ਤਰੱਕੀ ਜੋੜ ਨਹੀਂ ਸਕਦੀ। ਭਾਰਤ ਨੂੰ ਅੱਜ ਸਿਰਫ਼ ਨੀਤੀ ਸੁਧਾਰ ਜਾਂ ਸੰਸਥਾਗਤ ਮੁਰੰਮਤ ਦੀ ਹੀ ਨਹੀਂ ਸਗੋਂ ਸਮਾਜਿਕ ਵਿਸ਼ਵਾਸ ਦੀ ਇੱਕ ਡੂੰਘੀ ਪੁਨਰ-ਉਸਾਰੀ ਦੀ ਵੀ ਫੌਰੀ ਲੋੜ ਹੈ ਕਿਉਂਕਿ ਤੰਦਰੁਸਤ ਸੋਚ ਬਿਨਾਂ ਕੋਈ ਵੀ ਰਾਸ਼ਟਰ, ਭਾਵੇਂ ਕਿੰਨਾ ਵੀ ਉਤਸ਼ਾਹੀ ਕਿਉਂ ਨਾ ਹੋਵੇ, ਸੱਚਮੁੱਚ ਅੱਗੇ ਨਹੀਂ ਵਧ ਸਕਦਾ। ਇਹੀ ਉਹ ਨੁਕਤਾ ਹੈ, ਜਿਸ ਬਾਰੇ ਬੰਕਿਮ ਚੰਦਰ ਚੈਟਰਜੀ ਸਾਨੂੰ ਚੌਕਸ ਕਰਦੇ ਹਨ।

‘ਵੰਦੇ ਮਾਤਰਮ’ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਭਾਰਤ ਦਾ ਬਹੁਲਵਾਦੀ ਸੱਭਿਆਚਾਰ ਕੋਈ ਸਮੱਸਿਆ ਨਹੀਂ, ਜਿਸ ਦਾ ਹੱਲ ਕੱਢਿਆ ਜਾਵੇ। ਇਹ ਸਾਡੀ ਸਭ ਤੋਂ ਮਹਾਨ ਵਿਰਾਸਤ ਹੈ। ਸਾਨੂੰ ਇੱਕ ਅਜਿਹੇ ਭਾਰਤ ਦੀ ਭਾਵਨਾ ਵਿੱਚ ਕਦੇ ਵੀ ਵਿਸ਼ਵਾਸ ਨਹੀਂ ਗੁਆਉਣਾ ਚਾਹੀਦਾ ਜਿੱਥੇ ਰਾਸ਼ਟਰੀ ਗੀਤ ਵੰਡਦੇ ਨਹੀਂ ਸਗੋਂ ਜੋੜਦੇ ਹਨ। ਮੈਂ ਇੱਕ ਅਜਿਹੇ ਭਾਰਤ ਵਿੱਚ ਵਿਸ਼ਵਾਸ ਕਰਦਾ ਹਾਂ ਜਿੱਥੇ ਨੇਤਾ ਜ਼ਖ਼ਮਾਂ ’ਤੇ ਮੱਲ੍ਹਮ ਲਾਉਂਦੇ ਹਨ। ਉਹ ਸਵਾਲ ਜੋ ਮੈਂ ਰਾਜ ਸਭਾ ਵਿੱਚ ਪੁੱਛਿਆ ਸੀ, ਹਾਲੇ ਵੀ ਕਾਇਮ ਹੈ: ਅਸੀਂ ਕਿਸ ਤਰ੍ਹਾਂ ਦਾ ਭਾਰਤ ਚਾਹੁੰਦੇ ਹਾਂ? ਜਵਾਬ ਵੱਡੀਆਂ ਤਕਰੀਰਾਂ ਜਾਂ ਵੱਡੇ ਸਮਾਗਮਾਂ ਵਿੱਚ ਨਹੀਂ ਹੈ। ਇਹ ਇਸ ਗੱਲ ਵਿੱਚ ਹੈ ਕਿ ਅਸੀਂ ਇੱਕ ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਾਂ। ਇਹ ਇਸ ਗੱਲ ਵਿੱਚ ਹੈ ਕਿ ਕੀ ਅਸੀਂ ‘ਵੰਦੇ ਮਾਤਰਮ’ ਦਾ ਸਿਰਫ਼ ਜ਼ੁਬਾਨੀ ਕਲਾਮੀ ਸਨਮਾਨ ਕਰਦੇ ਹਾਂ ਜਾਂ ਦਿਲੋਂ। ਇਹੀ ‘ਵੰਦੇ ਮਾਤਰਮ’ ਦਾ ਅਸਲ ਜਸ਼ਨ ਹੈ।

*ਲੇਖਕ ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਮੈਂਬਰ ਹਨ।

Advertisement
Show comments