ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੀਰੋਸ਼ੀਮਾ ਦੇ ਪਰਛਾਵੇਂ: ਪਰਮਾਣੂ ਤਬਾਹੀ ਦੀ ਵੰਗਾਰ

ਜਿਵੇਂ ਅਸੀਂ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਪਰਮਾਣੂ ਧਮਾਕਿਆਂ ਦੀ 80ਵੀਂ ਬਰਸੀ ਮਨਾ ਰਹੇ ਹਾਂ ਤਾਂ ਦੁਨੀਆ ਅਜੇ ਵੀ ਇਸ ਪਰਲੋ ਦੇ ਸਿੱਟਿਆਂ ਦੀ ਚੱਲ ਰਹੀ ਵਿਰਾਸਤ ਦਾ ਸਾਹਮਣਾ ਕਰ ਰਹੀ ਹੈ। ਇਤਿਹਾਸ ਤੱਕ ਮਹਿਦੂਦ ਰਹਿਣ ਤੋਂ ਕਿਤੇ ਦੂਰ ਪਰਮਾਣੂ ਸਮੂਹ...
ਸਕੈੱਚ: ਸੰਦੀਪ ਜੋਸ਼ੀ
Advertisement

ਜਿਵੇਂ ਅਸੀਂ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਪਰਮਾਣੂ ਧਮਾਕਿਆਂ ਦੀ 80ਵੀਂ ਬਰਸੀ ਮਨਾ ਰਹੇ ਹਾਂ ਤਾਂ ਦੁਨੀਆ ਅਜੇ ਵੀ ਇਸ ਪਰਲੋ ਦੇ ਸਿੱਟਿਆਂ ਦੀ ਚੱਲ ਰਹੀ ਵਿਰਾਸਤ ਦਾ ਸਾਹਮਣਾ ਕਰ ਰਹੀ ਹੈ। ਇਤਿਹਾਸ ਤੱਕ ਮਹਿਦੂਦ ਰਹਿਣ ਤੋਂ ਕਿਤੇ ਦੂਰ ਪਰਮਾਣੂ ਸਮੂਹ ਵਿਨਾਸ਼ ਦਾ ਖ਼ਤਰਾ ਸਮੁੱਚੇ ਆਲਮੀ ਮਨ ਮਸਤਕ ਉੱਪਰ ਦਸਤਕ ਦਿੰਦਾ ਰਿਹਾ ਹੈ। ਕਿਊਬਾ ਮਿਜ਼ਾਈਲ ਸੰਕਟ ਤੋਂ ਲੈ ਕੇ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੀ ਰੂਸ-ਯੂਕਰੇਨ ਜੰਗ ਅਤੇ ਹਾਲ ਹੀ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਉੱਭਰ ਕੇ ਸਾਹਮਣੀ ਆਈ ਦੁਸ਼ਮਣੀ ਤੇ ਇਸ ਦੇ ਨਾਲ ਜੁੜੇ ਪਰਮਾਣੂ ਹਥਿਆਰਾਂ ਦੇ ਖ਼ਤਰੇ ਬਹੁਤ ਤਿੱਖੇ ਤੇ ਅਣਸੁਲਝੇ ਸਵਾਲ ਬਣੇ ਹੋਏ ਹਨ।

ਅਸੀਂ ਆਪਣਾ ਧਿਆਨ ਮਹਿਜ਼ ਯਾਦਾਂ ਦੀ ਥਾਂ ਸਾਰਥਕ ਕਾਰਵਾਈ ਉੱਪਰ ਕੇਂਦਰਿਤ ਕਰ ਕੇ ਵਧੇਰੇ ਨਿਆਂਪੂਰਨ ਤੇ ਸਮਤਾਪੂਰਨ ਦੁਨੀਆ ਸਿਰਜਣ ਲਈ ਕਾਰਜ ਕਰ ਸਕਦੇ ਹਾਂ। ਜਿਵੇਂ ਕਿਸੇ ਸਿਆਸੀ ਵਿਸ਼ਲੇਸ਼ਕ ਨੇ ਕਿਹਾ ਹੈ- “ਯਾਦ ਕੇਵਲ ਮਰਨ ਵਾਲਿਆਂ ਦਾ ਸਨਮਾਨ ਕਰਨ ਨਾਲ ਜੁੜੀ ਨਹੀਂ ਹੁੰਦੀ; ਇਹ ਉਨ੍ਹਾਂ ਫ਼ੈਸਲਿਆਂ ਤੇ ਇਨਕਾਰਾਂ ਦਾ ਟਾਕਰਾ ਕਰਨ ਨਾਲ ਜੁੜੀ ਹੁੰਦੀ ਹੈ ਜਿਨ੍ਹਾਂ ਨੇ ਹਿੰਸਾ ਫੈਲਣ ਦੀ ਇਜਾਜ਼ਤ ਦਿੱਤੀ।” ਇਸ ਲਈ ਮੰਗ ਇਹ ਨਹੀਂ ਕਿ ਯਾਦ ਸਮਾਗਮ ਕਰਵਾਏ ਜਾਣ ਸਗੋਂ ਇਹ ਸੀ ਕਿ ਜਿਵੇਂ ਜੂਡਿਥ ਬਟਲਰ ਦੇ ਸ਼ਬਦਾਂ ਵਿੱਚ “ਰਾਜਨੀਤਕ ਤੌਰ ’ਤੇ ਪ੍ਰੇਰਿਤ ਸਥਿਤੀ” ਦਾ ਨਿਰਮਾਣ ਕਰਨ ਵਾਲੀਆਂ ਅਤੇ ਫਿਰ ਇਸ ਨੂੰ ਵਿਕਾਸ ਦੇ ਲਬਾਦਾ ਪਹਿਨਾਉਣ ਵਾਲੀਆਂ ਸਾਡੀਆਂ ਵਿਵਸਥਾਵਾਂ ਨੂੰ ਨੇਸਤੋ-ਨਾਬੂਦ ਕੀਤਾ ਜਾਵੇ।

Advertisement

ਇਹ ਬਰਸੀ ਅਜਿਹੇ ਸਮਿਆਂ ਵਿੱਚ ਆਈ ਹੈ ਜਦੋਂ ਕਲਾ, ਖ਼ਾਸਕਰ ਸੰਗੀਤ ਨੂੰ ਜਨਤਕ ਅਲਖ ਜਗਾਉਣ ਵਿੱਚ ਆਪਣੀ ਭੂਮਿਕਾ ਨੂੰ ਨਵੇਂ ਸਿਰਿਓਂ ਰੇਖਾਂਕਿਤ ਕੀਤਾ ਜਾ ਰਿਹਾ ਹੈ। ਜਪਾਨੀ ਸ਼ਹਿਰਾਂ ’ਤੇ ਪਰਮਾਣੂ ਹਮਲਿਆਂ ਤੋਂ 22 ਸਾਲਾਂ ਬਾਅਦ 1962 ਵਿੱਚ ਲਿਖੇ ਬੌਬ ਡਿਲਨ (Bob Dylan) ਦੇ ਦੰਦ ਕਥਾਈ ਗੀਤ ‘ਏ ਹਾਰਡ ਰੇਨ’ਜ਼ ਏ ਗੌਨਾ ਫਾਲ’ (ਜਿਸ ਵਿੱਚ ਸਮਾਜਿਕ ਤੇ ਵਾਤਾਵਰਨਕ ਤਬਾਹਕੁਨ ਸਿੱਟਿਆਂ ਦੀ ਚਿਤਾਵਨੀ ਦਿੱਤੀ ਗਈ ਹੈ) ਲੰਮੇ ਅਰਸੇ ਤੋਂ ਪਰਮਾਣੂ ਯੁੱਗ ਉੱਪਰ ਸੋਗਵਾਰ ਟਿੱਪਣੀ ਵਜੋਂ ਸਮਝਿਆ ਜਾਂਦਾ ਰਿਹਾ ਹੈ। ਇਸ ਦੇ ਡਰਾਉਣੇ ਮੰਜ਼ਰ ਅਤੇ ਮੰਤਰ ਮੁਗਧ ਕਰਨ ਵਾਲੀ ਲੈਅ ਉਨ੍ਹਾਂ ਹਨੇਰੇ ਸਮਿਆਂ ਦੇ ਪਰਮਾਣੂ ਧਮਾਕੇ ਨਾਲ ਉਪਜੇ ਕਠੋਰ ਭੈਅ ਦਾ ਪ੍ਰਤੀਕ ਹੈ ਜਿਨ੍ਹਾਂ ਵਿੱਚ ਅਸੀਂ ਰਹਿੰਦੇ ਹਾਂ। ਡਿਲਨ ਨੇ ਹਾਲਾਂਕਿ ‘ਹਾਰਡ ਰੇਨ’ (ਭਾਰੇ ਮੀਂਹ) ਨੂੰ ਢਹਿ ਢੇਰੀ ਹੋਏ ਸਮਾਜਿਕ ਤੇ ਇਖ਼ਲਾਕੀ ਨਿਜ਼ਾਮ ਦੇ ਰੂਪ ਵਿੱਚ ਚਿਤਵਿਆ ਸੀ ਪਰ ਉਸ ਦੇ ਪ੍ਰਸ਼ੰਸਕਾਂ ਨੇ ਠੰਢੀ ਜੰਗ ਦੇ ਕਾਲ ਦੌਰਾਨ ਇਸ ਨੂੰ ਕਿਸੇ ਇਕੱਲੇ ਇਕਹਿਰੇ ਤਬਾਹੀ ਦੇ ਕਦਮ ਦੇ ਤੌਰ ’ਤੇ ਦੁਨੀਆ ਦੇ ਪਰਮਾਣੂ ਵਿਨਾਸ਼ ਵਜੋਂ ਬਹੁਤ ਸ਼ਿੱਦਤ ਨਾਲ ਸਮਝਿਆ। ਇਸ ਦੀਆਂ ਸਤਰਾਂ ਨਾ ਕੇਵਲ ਸਖ਼ਤ ਚਿਤਾਵਨੀ ਦੀ ਗੂੰਜ ਪੈਦਾ ਕਰਦੀਆਂ ਸਗੋਂ “ਅਤਿਵਾਦ ਜਾਂ ਵਿਨਾਸ਼ਵਾਦ” ਦੀਆਂ ਸ਼ਕਤੀਆਂ ਨੂੰ ਚੁਣੌਤੀ ਦੇਣ ਅਤੇ ਉਨ੍ਹਾਂ ਦਾ ਵਿਰੋਧ ਕਰਨ ਦੀ ਨੈਤਿਕ ਮੰਗ ਨਾਲ ਵੀ ਗੂੰਜਦੀਆਂ ਹਨ।

ਇਹੀ ਗੂੰਜ ਟ੍ਰਿਨਿਟੀ ਟੈਸਟ ਦੀ ਵਰ੍ਹੇਗੰਢ ਮੌਕੇ ਸ਼ਿਕਾਗੋ ਵਿੱਚ ਕਰਵਾਈ ਪਰਮਾਣੂ ਯੁੱਧ ਦੀ ਰੋਕਥਾਮ ਲਈ ਨੋਬੇਲ ਪੁਰਸਕਾਰ ਜੇਤੂਆਂ ਦੀ ਸਭਾ ਮੌਕੇ ਵੀ ਸੁਣਾਈ ਦਿੱਤੀ। ਇਸ ਸਮਾਗਮ ਵਿੱਚ 20 ਨੋਬੇਲ ਪੁਰਸਕਾਰ ਜੇਤੂ ਅਤੇ 60 ਮੋਹਰੀ ਪਰਮਾਣੂ ਵਿਗਿਆਨੀ ਉਸ ਚੀਜ਼ ਦਾ ਸਾਹਮਣਾ ਕਰਨ ਲਈ ਇਕੱਤਰ ਹੋਏ ਜਿਸ ਨੂੰ ਉਨ੍ਹਾਂ ਨੇ “ਪਰਮਾਣੂ ਯੁੱਧ ਦੀ ਹੋਰ ਜ਼ਿਆਦਾ ਵਧ ਰਹੀ ਸੰਭਾਵਨਾ” ਦੇ ਰੂਪ ਵਿੱਚ ਬਿਆਨ ਕੀਤਾ ਜਾਂਦਾ ਹੈ। ਸੰਮੇਲਨ ਦੀ ਸਮਾਪਤੀ ਕ੍ਰੋਨਸ ਚੌਕੜੀ ਤੇ ਰਿੰਗੋ ਸਟਾਰ, ਇੱਗੀ ਪੌਪ, ਵਿਲੀ ਨੈਲਸਨ ਤੇ ਲੌਰੀ ਐਂਡਰਸਨ ਜਿਹੇ ਕਲਾਕਾਰਾਂ ਦੀ ਸ਼ਮੂਲੀਅਤ ਵਾਲੇ ਸੰਗੀਤ ਸਮੂਹ ਵੱਲੋਂ ਡਿਲਨ ਦੇ ‘ਹਾਰਡ ਰੇਨ’ ਗੀਤ ਦੀ ਭਾਵਪੂਰਤ ਪੇਸ਼ਕਾਰੀ ਨਾਲ ਹੋਈ। ਹੈਰਾਨੀ ਦੀ ਗੱਲ ਇਹ ਸੀ ਕਿ ਇਹ ਕੋਈ ਸੋਗਮਈ ਸ਼ਰਧਾਂਜਲੀ ਸਮਾਗਮ ਦੇ ਰੂਪ ਵਿਚ ਨਹੀਂ ਸਗੋਂ ਹਾਂਦਰੂ ਕਾਰਵਾਈ ਦੇ ਸੱਦੇ ਦਾ ਸੰਦੇਸ਼ ਦੇ ਕੇ ਵਿਛੜਿਆ। 16 ਜੁਲਾਈ ਨੂੰ ‘ਡੈਮੋਕਰੇਸੀ ਨਾਓ’ ਉੱਪਰ ਕ੍ਰੋਨਸ ਚੌਕੜੀ ਦੇ ਵਾਇਲਨ ਵਾਦਕ ਡੇਵਿਡ ਹੈਰਿੰਗਟਨ ਨੇ ਕਲਾਕਾਰ ਬਰਾਦਰੀ ਨੂੰ ਦ੍ਰਿੜ੍ਹ ਇਰਾਦੇ ਅਤੇ ਨੈਤਿਕ ਸਾਫ਼ਗੋਈ ਨਾਲ ਸੰਕਟਾਂ ਦਾ ਸਾਹਮਣਾ ਕਰਨ ਦਾ ਸੱਦਾ ਦਿੱਤਾ। ਇਹ ਅਜਿਹਾ ਸੱਦਾ ਹੈ ਜੋ ਸੰਗੀਤ ਦੀ ਪਰਿਵਰਤਨਕਾਰੀ ਸ਼ਕਤੀ, ਅਸਹਿਮਤੀ ਅਤੇ ਨੈਤਿਕ ਜਵਾਬਦੇਹੀ ਦੀ ਅੰਤਰੀਵ ਗੁਣਵੱਤਾ ਵਿੱਚ ਬੌਬ ਡਿਲਨ ਦੇ ਪਾਏਦਾਰ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇੱਕ ਅਜਿਹੀ ਦੁਨੀਆ ਜੋ ਅਜੇ ਵੀ ਪਰਮਾਣੂ ਦਹਿਸ਼ਤ ਦੇ ਸਾਏ ਹੇਠ ਜੀਅ ਰਹੀ ਹੈ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਹਥਿਆਰ ਪਲਾਂ ਛਿਣਾਂ ਵਿੱਚ ਲਾਂਚ ਕਰਨ ਲਈ ਤਿਆਰ ਹਨ, ਤਾਂ ਉਸ ਦਾ ਸੰਗੀਤ ਅਜਿਹੇ ਸਮੂਹ ਵਿਨਾਸ਼ ਦੇ ਪੇਸ਼ੇਨਜ਼ਰ ਚੁੱਪ ਨਾ ਰਹਿਣ ਦੀ ਚਿਤਾਵਨੀ ਦਿੰਦਾ ਹੈ।

‘ਏ ਹਾਰਡ ਰੇਨ’ਜ਼ ਏ ਗੌਨਾ ਫਾਲ’ ਵਿੱਚ ਬੌਬ ਡਿਲਨ ਨੇ ਅਜਿਹੀ ਦੁਨੀਆ ਦਾ ਯਾਦਗਾਰੀ ਕਾਵਿ ਦ੍ਰਿਸ਼ਟੀਕੋਣ ਸਿਰਜਿਆ ਹੈ ਜਿਹੜੀ ਜੰਗ, ਬੇਇਨਸਾਫ਼ੀ ਤੇ ਵਿਨਾਸ਼ਕਾਰੀ ਦਹਿਸ਼ਤ ਹੇਠਾਂ ਦੱਬੀ ਹੋਈ ਹੈ। ਕਿਊਬਾ ਮਿਜ਼ਾਈਲ ਸੰਕਟ ਤੇ ਹੀਰੋਸ਼ੀਮਾ ਦੇ ਲੰਮੇਰੇ ਸਿੱਟਿਆਂ ਦੇ ਪਰਛਾਵੇਂ ਹੇਠ ਲਿਖਿਆ ਇਹ ਗੀਤ ਭਵਿੱਖੀ ਦਸ਼ਾ ਵੀ ਦੱਸਦਾ ਹੈ ਤੇ ਇਲਜ਼ਾਮ ਵੀ ਲਾਉਂਦਾ ਹੈ। ਇਸ ਦੀਆਂ ਸਤਰਾਂ ਟੁੱਟ-ਭੱਜ ਦੇ ਸ਼ਿਕਾਰ ਕਿਸੇ ਨੈਤਿਕ ਬ੍ਰਹਿਮੰਡ ਤੋਂ ਆਏ ਅਲੌਕਿਕ ਸੁਨੇਹਿਆਂ ਦੀ ਲੜੀ ਵਾਂਗ ਖੁੱਲ੍ਹਦੀਆਂ ਹਨ ਜਿੱਥੇ ਮਾਸੂਮੀਅਤ ਦਾ ਲਗਾਤਾਰ ਘਾਣ ਹੁੰਦਾ ਹੈ ਅਤੇ ਸਚਾਈ ਚੁੱਪ ’ਚ ਡੁੱਬਦੀ ਜਾਂਦੀ ਹੈ। “ਮੈਂ ਜੰਗਲੀ ਬਘਿਆੜਾਂ ’ਚ ਘਿਰਿਆ ਨਵਜੰਮਿਆ ਬੱਚਾ ਦੇਖਿਆ”, ਸ਼ਿਕਾਰੀ ਵਾਂਗ ਵਰਤ ਰਹੀ ਇਸ ਦੁਨੀਆ ’ਚ ਕਮਜ਼ੋਰ ਨਾਲ ਹੁੰਦੇ ਬੇਰਹਿਮ ਸਲੂਕ ਦੀ ਗੱਲ ਕਰਦਾ ਹੈ; ਸੰਘਰਸ਼, ਅਸਮਾਨਤਾ ਤੇ ਵਿਨਾਸ਼ ’ਚ ਪੈਦਾ ਹੋਏ ਬੱਚਿਆਂ ਵੱਲ ਇਸ਼ਾਰਾ ਕੀਤਾ ਗਿਆ ਹੈ। ਅਜਿਹੀ ਕਲਪਨਾ ਮਹਿਜ਼ ਰੂਪਕ ਨਹੀਂ; ਇਹ ਹੋਂਦ ਦੀ ਹਾਲਤ ਨੂੰ ਦਰਸਾਉਂਦੀ ਹੈ ਜਿੱਥੇ ਮਨੁੱਖੀ ਜੀਵਨ ਅਤੇ ਸਨਮਾਨ ਦੀ ਰਾਖੀ ਲਈ ਤਿਆਰ ਕੀਤੀਆਂ ਸੰਸਥਾਵਾਂ ਤੇ ਪ੍ਰਣਾਲੀਆਂ, ਉਨ੍ਹਾਂ ਵਰਗੀਆਂ ਬਣ ਗਈਆਂ ਹਨ ਜਿਹੜੇ ਇਨ੍ਹਾਂ (ਸੰਸਥਾਵਾਂ ਤੇ ਪ੍ਰਣਾਲੀਆਂ) ਲਈ ਖ਼ਤਰਾ ਹਨ।

ਡਿਲਨ ਦਾ ਦੂਰ-ਅੰਦੇਸ਼ੀ ਵਾਲਾ ਸੁਰ ਇਸ ਸਤਰ ਨਾਲ ਗਹਿਰਾ ਹੁੰਦਾ ਹੈ- “ਮੈਂ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਬੰਦੂਕਾਂ ਤੇ ਤਿੱਖੀਆਂ ਤਲਵਾਰਾਂ ਦੇਖੀਆਂ”, ਪ੍ਰਚੰਡਤਾ ਤੇ ਜਵਾਨ ਮਨਾਂ ’ਚ ਕਸ਼ਿਸ਼ ਪੈਦਾ ਕਰਨ ਦੇ ਗੁਣ-ਗਾਣ ਨੂੰ ਗ਼ਲਤ ਠਹਿਰਾਉਣ ਦਾ ਤਾਕਤਵਰ ਉੱਦਮ। ਇਹ ਸਿਰਫ਼ ਜੰਗ ਦੇ ਫੱਟ ਨਹੀਂ, ਸਗੋਂ ਗੰਭੀਰ ਸੱਭਿਆਚਾਰਕ ਤੇ ਰਾਜਨੀਤਕ ਨਿਘਾਰ ਦੇ ਨਿਸ਼ਾਨ ਹਨ। “ਮੈਂ ਇੱਕ ਸ਼ਖ਼ਸ ਨੂੰ ਭੁੱਖੇ ਮਰਦੇ ਸੁਣਿਆ, ਮੈਂ ਬਹੁਤ ਸਾਰੇ ਲੋਕਾਂ ਨੂੰ ਹੱਸਦੇ ਸੁਣਿਆ”, ਅਜਿਹੀ ਦੁਨੀਆ ਫੜਦਾ ਹੈ ਜੋ ਚਿੰਤਾਜਨਕ ਰੂਪ ਵਿੱਚ ਦੁਖੀਆਂ ਅਤੇ ਉਨ੍ਹਾਂ ਲੋਕਾਂ ’ਚ ਵੰਡੀ ਹੋਈ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਦੁੱਖਾਂ ਤੋਂ ਮੂੰਹ ਮੋੜ ਲਿਆ ਹੈ। ਇਸ ਵਿੱਚ ਡਿਲਨ ਔੜ, ਉਜਾੜੇ ਤੇ ਪਰਮਾਣੂ ਖ਼ਤਰਿਆਂ ਪ੍ਰਤੀ ਆਲਮੀ ਉਦਾਸੀਨਤਾ ਨੂੰ ਦੇਖਦਾ ਹੈ ਜੋ ਅਕਸਰ ਮੀਡੀਆ ਤਮਾਸ਼ੇ ਜਾਂ ਸਿਆਸੀ ਟਾਲ-ਮਟੋਲ ਕਾਰਨ ਨਹੀਂ ਦਿਸਦੀ।

ਫਿਰ ਵੀ ਗੀਤ ਨਿਰਾਸ਼ਾ ਤੋਂ ਬਚਦਾ ਹੈ ਅਤੇ ਸਾਖੀ ਦੇ ਕੰਮ ’ਤੇ ਜ਼ੋਰ ਦਿੰਦਾ ਹੈ। “ਤੇ ਮੈਂ ਇਸ ਬਾਰੇ ਦੱਸਾਂਗਾ, ਸੋਚਾਂਗਾ ਤੇ ਬੋਲਾਂਗਾ ਅਤੇ ਇਸ ਨੂੰ ਜੀਵਾਂਗਾ ਵੀ”, ਕਥਾਵਾਚਕ ਐਲਾਨ ਕਰਦਾ ਹੈ, ਇਹ ਮੰਨਦੇ ਹੋਏ ਕਿ ਅਜਿਹੇ ਸੰਸਾਰ ’ਚ ਜਿੱਥੇ ਲੁਭਾਉਣੀ ਭਾਸ਼ਾ ਤੇ ਭੁੱਲ ਜਾਣਾ ਆਮ ਵਰਤਾਰਾ ਹੈ, ਯਾਦਦਾਸ਼ਤ ਅਤੇ ਮੰਗਲ ਭਾਸ਼ਾ ਦਾ ਨੈਤਿਕ ਬੋਝ ਬਹੁਤ ਜ਼ਿਆਦਾ ਹੈ। ਉਸ ਦਾ ਗੀਤ ਵਿਰੋਧ ਦਾ ਮੰਚ ਬਣ ਜਾਂਦਾ ਹੈ, ਫੌਰੀ ਯਾਦ ਦਿਵਾਉਂਦਾ ਹੈ ਕਿ ਤਬਾਹੀ ਨੂੰ ਸਿੱਧਾ ਨਾਂ ਲੈ ਕੇ ਸੱਦਣਾ, ਇਸ ਨੂੰ ਪਲਟਣ ਵੱਲ ਪੁੱਟਿਆ ਪਹਿਲਾ ਕਦਮ ਹੈ। ਇਸ ਦੀ ਲਗਾਤਾਰ ਪ੍ਰਸੰਗਿਕਤਾ ਸੱਚ ਬੋਲਣ ਦੇ ਇਸ ਸਮਝੌਤਾਹੀਣ ਦ੍ਰਿਸ਼ਟੀਕੋਣ ਵਿੱਚ ਹੈ, ਜੋ ਕਿਸੇ ਚੀਜ਼ ਨੂੰ ਆਮ ਸਮਝ ਸਮਝਣ ਅਤੇ ਚੁੱਪ ਧਾਰਨ ਦੇ ਨੈਤਿਕ ਸਿੱਟਿਆਂ ਦੇ ਵਿੱਚੋਂ ਦੀ ਹੋ ਕੇ ਲੰਘਦੀ ਹੈ। ਸੰਗੀਤ ਸੱਭਿਆਚਾਰਕ ਪ੍ਰਗਟਾਵੇ ਤੋਂ ਪਾਰ ਲੰਘ ਜਾਂਦਾ ਹੈ, ਇਹ ਉਦਾਸੀਨਤਾ ਤੇ ਜ਼ੁਲਮ ਖ਼ਿਲਾਫ਼ ਕ੍ਰੋਧ ਦੇ ਸ਼ਕਤੀਸ਼ਾਲੀ ਕਾਰਕ ਵਜੋਂ ਵਿਕਸਤ ਹੁੰਦਾ ਹੈ। ਜਿਸ ਤਰ੍ਹਾਂ ਆਲਮੀ ਸੰਸਥਾਵਾਂ ਹਥਿਆਰਾਂ ਦੀ ਦੌੜ ਰੋਕਣ ਵਿੱਚ ਅਸਫਲ ਰਹੀਆਂ ਹਨ, ਸੰਧੀਆਂ ਘਟੀਆਂ ਹਨ ਤੇ ਸਿਧਾਂਤ ਅਖੌਤੀ ‘ਰਣਨੀਤਕ’ ਫ਼ਾਇਦਿਆਂ ਵੱਲ ਝੁਕੇ ਹਨ, ਕਲਾ ਕੁਝ ਕੁ ਬਾਕੀ ਬਚੇ ਹੋਏ ਮੋਰਚਿਆਂ ਵਿੱਚੋਂ ਇੱਕ ਹੈ ਜਿੱਥੇ ਨੈਤਿਕ ਸਪੱਸ਼ਟਤਾ ਨੂੰ ਅਜੇ ਵੀ ਲਾਗੂ ਕੀਤਾ ਜਾ ਸਕਦਾ ਹੈ।

ਇਸ ਲਈ ਮੌਜੂਦਾ ਪਰਮਾਣੂ ਸੰਕਟ ਨੂੰ ਸਵੀਕਾਰ ਕੀਤੇ ਬਿਨਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਨੂੰ ਯਾਦ ਕਰਨਾ ਖੋਖਲਾ ਰਿਵਾਜ ਹੈ। ਯਾਦਗਾਰ ਨੂੰ ਲਾਮਬੰਦੀ ਨਾਲ ਜੋੜਿਆ ਜਾਣਾ ਚਾਹੀਦਾ ਹੈ। 1945 ਦੇ ਪਰਮਾਣੂ ਬੰਬ ਧਮਾਕਿਆਂ ਦੀ ਯਾਦਗਾਰ ਨੂੰ ਹੁਣ ਸਾਲਾਨਾ ਸ਼ਰਧਾਂਜਲੀ ਤੋਂ ਕਿਤੇ ਵੱਧ ਦੀ ਲੋੜ ਹੈ; ਇਹ ਅਮਲ ਮੰਗਦੀ ਹੈ। ਪਰਮਾਣੂ ਖ਼ਤਰੇ ਖ਼ਤਮ ਕਰਨ ਲਈ ਸਾਨੂੰ ਅਣਥੱਕ ਕੰਮ ਕਰਨਾ ਚਾਹੀਦਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ’ਤੇ ਮੰਡਰਾ ਰਿਹਾ ਹੈ। ਇਹੀ ‘ਏ ਹਾਰਡ ਰੇਨ’ਜ਼ ਏ ਗੌਨਾ ਫਾਲ’ ਦਾ ਸਥਾਈ ਸੰਦੇਸ਼ ਹੈ। ਬਾਰਿਸ਼ ਜਾਰੀ ਹੈ, ਇੱਕ ਡਰਾਉਣਾ ਪਰਹੇਜ਼ ਜੋ ਸਾਡੇ ਸੰਘਰਸ਼ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਜਿਸ ਤਰ੍ਹਾਂ ਪੀੜ੍ਹੀਆਂ ਤੱਕ ਪੈਂਦੀ ਰਹੀ ਵਿਰੋਧ ਦੀ ਗੂੰਜ ਨੇ ਸਾਨੂੰ ਕਦਮ ਪੁੱਟਣ ਲਈ ਮਜਬੂਰ ਕੀਤਾ, ਅਜਿਹਾ ਨਾ ਹੁੰਦਾ ਤਾਂ ਯਾਦਗਾਰ ਅਧੂਰੇ ਕਾਰਜ ਨੂੰ ਦਿੱਤੀ ਮਹਿਜ਼ ਸ਼ਰਧਾਂਜਲੀ ਬਣ ਕੇ ਰਹਿ ਜਾਂਦੀ; ਤੇ, ਜਿਵੇਂ ਹਥਿਆਰਾਂ ਲਈ ਨਵੀਂ ਦੌੜ ਵਧਦੀ ਹੈ ਤੇ ਪਰਮਾਣੂ ਅਸਥਿਰਤਾ ਪਰਤਦੀ ਹੈ, ਸਿਰਫ਼ ਵਿਆਪਕ ਤੇ ਜਥੇਬੰਦ ਸ਼ਾਂਤੀ ਮੁਹਿੰਮ ਜੋ ਵਿਗਿਆਨੀਆਂ, ਅਕਾਦਮਿਕ ਹਸਤੀਆਂ, ਸਿਵਲ ਸੁਸਾਇਟੀ ਅਤੇ ਧਾਰਮਿਕ ਭਾਈਚਾਰਿਆਂ ਨੂੰ ਇਕਜੁੱਟ ਕਰੇ, ਉਹੀ ਇਸ ਨੂੰ ਰੋਕਣ ਲਈ ਲੋੜੀਂਦਾ ਦਬਾਅ ਪਾ ਸਕਦੀ ਹੈ। ਜੋ 1945 ’ਚ ਮੈਨਹੱਟਨ ਪ੍ਰਾਜੈਕਟ ਦੁਆਰਾ ਸ਼ੁਰੂ ਕੀਤਾ ਗਿਆ ਸੀ, ਉਸ ਨੂੰ ਸਮੂਹਿਕ ਕੋਸ਼ਿਸ਼ ਨਾਲ ਹੀ ਰੋਕਿਆ ਜਾ ਸਕਦਾ ਹੈ ਜੋ ਸਰਹੱਦਾਂ ਤੇ ਵਿਚਾਰਧਾਰਾਵਾਂ ਤੋਂ ਉੱਤੇ ਹੋਵੇ। ਇਸ ਪੱਧਰ ਦੀ ਚੁਣੌਤੀ ਲਈ ਵਿਅਕਤੀਗਤ ਆਗੂ ਕੁਝ ਨਹੀਂ ਕਰ ਸਕਣਗੇ।

ਸਾਬਕਾ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

Advertisement