ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਹੁਲ ਦੀ ਵਿਦੇਸ਼ ਯਾਤਰਾ ਤੇ ਘਰੇਲੂ ਰਾਜਨੀਤੀ

ਕੋਲੰਬੀਆ ਦੇ ਐਨਵਿਗਾਡੋ ਤੋਂ ਪੋਸਟ ਕੀਤੀ ਤਾਜ਼ਾ ਫੋਟੋ ਵਿੱਚ ਰਾਹੁਲ ਗਾਂਧੀ ਨੇ ਆਪਣੀ ਪਛਾਣ ਬਣ ਚੁੱਕੀ ਸਫ਼ੈਦ ਟੀ-ਸ਼ਰਟ ਦੀ ਥਾਂ ਨੇਵੀ ਬਲੂ ਕਮੀਜ਼, ਪੱਫਰ ਜੈਕੇਟ ਅਤੇ ਖ਼ਾਕੀ ਰੰਗ ਦੀ ਕਾਰਗੋ ਪੈਂਟ ਪਾਈ ਹੋਈ ਹੈ; ਉਹ ਬਜਾਜ ਆਟੋ ਦੁਆਰਾ ਬਣਾਈ ਪਲਸਰ...
Advertisement

ਕੋਲੰਬੀਆ ਦੇ ਐਨਵਿਗਾਡੋ ਤੋਂ ਪੋਸਟ ਕੀਤੀ ਤਾਜ਼ਾ ਫੋਟੋ ਵਿੱਚ ਰਾਹੁਲ ਗਾਂਧੀ ਨੇ ਆਪਣੀ ਪਛਾਣ ਬਣ ਚੁੱਕੀ ਸਫ਼ੈਦ ਟੀ-ਸ਼ਰਟ ਦੀ ਥਾਂ ਨੇਵੀ ਬਲੂ ਕਮੀਜ਼, ਪੱਫਰ ਜੈਕੇਟ ਅਤੇ ਖ਼ਾਕੀ ਰੰਗ ਦੀ ਕਾਰਗੋ ਪੈਂਟ ਪਾਈ ਹੋਈ ਹੈ; ਉਹ ਬਜਾਜ ਆਟੋ ਦੁਆਰਾ ਬਣਾਈ ਪਲਸਰ ਬਾਈਕ ਸਾਹਮਣੇ ਖੜ੍ਹੇ ਹਨ। ਐਕਸ ’ਤੇ ਕੀਤੀ ਪੋਸਟ ਵਿੱਚ ਲਿਖਿਆ ਹੈ, “ਕੋਲੰਬੀਆ ਵਿੱਚ ਬਜਾਜ, ਹੀਰੋ ਤੇ ਟੀ ਵੀ ਐੱਸ ਨੂੰ ਐਨਾ ਵਧੀਆ ਪ੍ਰਦਰਸ਼ਨ ਕਰਦਿਆਂ ਦੇਖ ਮਾਣ ਮਹਿਸੂਸ ਹੋ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਭਾਰਤੀ ਕੰਪਨੀਆਂ ਆਵਿਸ਼ਕਾਰਾਂ ਨਾਲ ਜਿੱਤ ਸਕਦੀਆਂ ਹਨ, ਨਾ ਕਿ ਕਰੋਨੀਵਾਦ (ਕੁਨਬਾਪ੍ਰਸਤੀ ਜਾਂ ਸਰਪ੍ਰਸਤੀ) ਨਾਲ।”

ਉਂਝ, ਕਾਂਗਰਸ ਦੇ ਸਭ ਤੋਂ ਮਹੱਤਵਪੂਰਨ ਨੇਤਾ ਨੂੰ ਲਾਜ਼ਮੀ ਪਤਾ ਹੋਣਾ ਚਾਹੀਦਾ ਹੈ ਕਿ ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਦੇ ਪਿਤਾ ਰਾਹੁਲ ਬਜਾਜ, ਉਦਾਰੀਕਰਨ ਤੋਂ ਪਹਿਲਾਂ ਦੇ ਲਾਇਸੈਂਸ ਰਾਜ ਦੇ ਦਿਨਾਂ ਵਿੱਚ, ਜਦੋਂ ਡਰਾਉਣੀ ਲਾਲ ਫੀਤਾਸ਼ਾਹੀ ਨੂੰ ਪਾਰ ਕਰਨ ਲਈ ਕਿਸੇ ਦਾ ਸਹੀ ਲੋਕਾਂ ਨੂੰ ਜਾਣਨਾ ਅਹਿਮ ਹੁੰਦਾ ਸੀ- ਸੁਰੱਖਿਆਵਾਦ ਅਤੇ ਆਰਥਿਕ ਸੁਧਾਰ ਦੇ ਵਿਚਾਰ ਵਿਰੁੱਧ ਲੰਮੇ ਸਮੇਂ ਤੱਕ ਡਟੇ ਰਹੇ। ਬੰਬੇ ਕਲੱਬ, ਸੀਨੀਅਰ ਬਜਾਜ ਜਿਸ ਦੇ ਕਾਰਡ ਧਾਰਕ ਮੈਂਬਰ ਸਨ, ਨੇ ਸੁਭਾਵਿਕ ਸੁਧਾਰਾਂ ਦੀ ਬਜਾਏ ਸਮਾਜਿਕ ਅਤੇ ਰਾਜਨੀਤਕ ਸਬੰਧਾਂ ’ਤੇ ਜ਼ੋਰ ਦਿੱਤਾ। ਇਹ ਪੁਰਾਣੇ ਜ਼ਮਾਨੇ ਦਾ ‘ਪਰਿਵਾਰਵਾਦ’ ਸੀ, ਭਾਵੇਂ ਇਹ ਸਖ਼ਤ ਮੁਕਾਬਲੇ ਦੀਆਂ ਖਾਹਿਸ਼ਾਂ ਤੋਂ ਉੱਤੇ ਸੀ, ਫਿਰ ਵੀ ਕੁਨਬਾਪ੍ਰਸਤੀ ਹੀ ਸੀ।

Advertisement

ਰਾਹੁਲ ਗਾਂਧੀ ਦੀ ਸੋਸ਼ਲ ਮੀਡੀਆ ਟਿੱਪਣੀ ਇਸ ਗੱਲ ਦਾ ਵੀ ਸੰਕੇਤ ਹੈ ਕਿ ਉਹ ਚਾਰ ਦੱਖਣੀ ਅਮਰੀਕੀ ਦੇਸ਼ਾਂ ਵਿੱਚੋਂ ਪਹਿਲੇ, ਜਿਸ ਵਿੱਚ ਕੋਲੰਬੀਆ ਤੇ ਬ੍ਰਾਜ਼ੀਲ ਸ਼ਾਮਿਲ ਹਨ- ਮੁਲਕ ਦੀ ਯਾਤਰਾ ਕਰ ਰਿਹਾ ਹੈ (ਕਾਂਗਰਸ ਪਾਰਟੀ ਨੇ ਨਹੀਂ ਦੱਸਿਆ ਕਿ ਦੂਜੇ ਕਿਹੜੇ ਹਨ)। ਵੀਰਵਾਰ ਨੂੰ ਉਸ ਨੇ ਐਨਵਿਗਾਡੋ ਦੀ ਈ ਆਈ ਏ ਯੂਨੀਵਰਸਿਟੀ ਦਾ ਦੌਰਾ ਕੀਤਾ, ਜਿੱਥੇ ਉਸ ਨੇ ਭਾਜਪਾ ਦੇ ‘ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ’ਤੇ ਵਿਆਪਕ ਹਮਲੇ’ ਦੀ ਗੱਲ ਕੀਤੀ।

ਇਸ ਟਿੱਪਣੀ ਦੀ ਬਹੁਤ ਆਲੋਚਨਾ ਹੋਈ ਕਿ ਕਾਂਗਰਸ ਨੇਤਾ ਅਕਸਰ ਵਿਦੇਸ਼ੀ ਧਰਤੀ ਤੋਂ ਸੱਤਾਧਾਰੀ ਪਾਰਟੀ ’ਤੇ ਹਮਲਾ ਕਿਉਂ ਕਰਦਾ ਹੈ; ਨਤੀਜੇ ਵਜੋਂ ਇਹ ਸਵਾਲ ਪੈਦਾ ਹੋਏ ਹਨ: ਕੀ ਘਰੇਲੂ ਰਾਜਨੀਤੀ ਬਾਰੇ ਆਲੋਚਨਾ ਨੂੰ ਘਰੇਲੂ ਸਥਾਨਾਂ ਤੱਕ ਸੀਮਤ ਰੱਖਣਾ ਚਾਹੀਦਾ ਹੈ? ਕੀ ਰਾਹੁਲ ਗਾਂਧੀ ਲੜਾਈ ਨੂੰ ਵਿਦੇਸ਼ੀ ਰਾਸ਼ਟਰਾਂ ਵਿੱਚ ਲਿਜਾ ਕੇ ਗ਼ਲਤ ਕਰ ਰਹੇ ਹਨ? ਤੀਜਾ, ਕੁਝ ਹੱਦ ਤੱਕ ਦੂਰ ਦਾ ਸਵਾਲ ਹੈ ਕਿ ਰਾਹੁਲ ਗਾਂਧੀ ਦੱਖਣੀ ਅਮਰੀਕਾ ਵਿੱਚ ਕਿਉਂ ਹਨ? ਨਾਲ ਹੀ, ਕੁਝ ਮਹੀਨੇ ਪਹਿਲਾਂ ਮਲੇਸ਼ੀਆ ਵਿੱਚ, ਅਪਰੈਲ ਵਿੱਚ ਬੋਸਟਨ ਵਿੱਚ, ਸਾਲ ਦੇ ਸ਼ੁਰੂ ਵਿੱਚ ਦੋ ਵਾਰ ਵੀਅਤਨਾਮ ਵਿੱਚ ਕਿਉਂ ਸਨ?

ਇਹ ਲੇਖ ਉਨ੍ਹਾਂ 247 ਵਿਦੇਸ਼ੀ ਯਾਤਰਾਵਾਂ ਬਾਰੇ ਨਹੀਂ ਜੋ ਰਾਹੁਲ ਨੇ 2014 ਤੋਂ ਕੀਤੀਆਂ ਹਨ, ਜਿਵੇਂ ਭਾਜਪਾ ਸਾਨੂੰ ਦੱਸਣਾ ਚਾਹੇਗੀ। ਯਕੀਨਨ, ਕਾਂਗਰਸੀ ਨੇਤਾ ਨੂੰ ਆਪਣਾ ਗਿਆਨ ਵਧਾਉਣ, ਨਵੇਂ ਖੇਤਰਾਂ ਦਾ ਦੌਰਾ ਕਰਨ ਦੇ ਨਾਲ-ਨਾਲ ਨਵੇਂ ਸਰੋਤਿਆਂ ਨੂੰ ਪ੍ਰਭਾਵਿਤ ਕਰਨ ਦਾ ਅਧਿਕਾਰ ਹੈ।

ਇਹ ਉਸ ਸਮੱਸਿਆ ਦਾ ਸਾਹਮਣਾ ਕਰਨ ਦਾ ਸਮਾਂ ਹੈ ਜੋ ਭਾਰਤੀ ਲੋਕਤੰਤਰ ਦੇ ਕੇਂਦਰ ’ਚ ਕੁਝ ਸਾਲਾਂ ਤੋਂ ਅਣਸੁਲਝੀ ਪਈ ਹੈ, ਜੋ ਸੱਤਾਧਾਰੀ ਭਾਜਪਾ ਅਤੇ ਭਾਰਤ ਦੀ ਸਭ ਤੋਂ ਮਹੱਤਵਪੂਰਨ ਵਿਰੋਧੀ ਪਾਰਟੀ ਵਿਚਕਾਰ ਵਧ ਰਹੀ ਦਰਾਰ ਹੈ। ਨਰਿੰਦਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇ ਦਹਾਕੇ ਵਿੱਚ ਕਾਂਗਰਸ ਵੱਲੋਂ ਜ਼ਿਆਦਾਤਰ ਚੋਣਾਂ ਹਾਰਨ ਨੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ ਪਰ ਇਹ ਕਿਉਂਕਿ ਅਜੇ ਵੀ ਦੇਸ਼ ਦੀ ਸਭ ਤੋਂ ਮਹੱਤਵਪੂਰਨ ਵਿਰੋਧੀ ਪਾਰਟੀ ਹੈ, ਰਾਜਾਂ ਵਿੱਚ ਭਾਜਪਾ ਵਿਰੋਧੀ ਸੱਤਾਧਾਰੀ ਪਾਰਟੀਆਂ, ਭਾਵੇਂ ਉਹ ਡੀ ਐੱਮ ਕੇ, ਟੀ ਐੱਮ ਸੀ, ‘ਆਪ’ ਜਾਂ ਖੱਬਾ ਮੋਰਚਾ ਹੋਣ, ਮਿਲ ਕੇ ਵੀ ਕਾਂਗਰਸ ਦੀ ਬਰਾਬਰੀ ਨਹੀਂ ਕਰਦੀਆਂ। ਇਸ ਲਈ ਇਹ ਭਾਜਪਾ ਦੇ ਸੇਧਿਤ ਅਤੇ ਭਿਆਨਕ ਹਮਲਿਆਂ ਦਾ ਨਿਸ਼ਾਨਾ ਰਹੀ ਹੈ; ਇੱਥੋਂ ਤੱਕ ਕਿ ਜਵਾਹਰ ਲਾਲ ਨਹਿਰੂ ਵਰਗੇ ਨੇਤਾ, ਜਿਨ੍ਹਾਂ ਨੇ ਦੇਸ਼ ਨੂੰ ਆਧੁਨਿਕ, ਧਰਮ ਨਿਰਪੱਖ ਗਣਰਾਜ ਦੇ ਰਾਹ ਪਾਇਆ, ਵੀ ਹਮਲਿਆਂ ਦਾ ਨਿਸ਼ਾਨਾ ਬਣੇ ਹਨ।

ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਣਾ ਹੋਰ ਵੀ ਸੌਖਾ ਹੈ ਕਿਉਂਕਿ ਉਹ ਪਾਰਟੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਹਨ, ਪਰ ਉਹ ਨੇਤਾ ਦੀ ਮੁਸ਼ਕਿਲਾਂ ਭਰੀ ਕੁਰਸੀ ’ਤੇ ਬੈਠਣ ਜਾਂ ਇਸ ਪਦਵੀ ਦਾ ਕੰਡਿਆਂ ਵਾਲਾ ਤਾਜ ਪਹਿਨਣ ਤੋਂ ਇਨਕਾਰੀ ਹਨ। ਉਹ ਅਜਿਹੇ ਸ਼ਖ਼ਸ ਵਜੋਂ ਉੱਭਰਦੇ ਹਨ ਜੋ ਜ਼ਿੰਮੇਵਾਰੀ ਤੋਂ ਬਿਨਾਂ ਤਾਕਤ ਭਾਲਦਾ ਹੈ; ਉਦਾਰ ਸ਼ਖ਼ਸੀਅਤ ਜਿਸ ਦੀਆਂ ਨਿੱਜੀ ਜੀਵਨ ਦੀਆਂ ਤ੍ਰਾਸਦੀਆਂ ਨੇ ਰੱਬ ਨੂੰ ਵੀ ਰੁਆਇਆ, ਪਰ ਉਹ ਬਿਹਤਰ ਲੀਡਰ ਖ਼ਾਤਿਰ ਪਾਸੇ ਹੋਣ ਤੋਂ ਇਨਕਾਰ ਕਰਦਾ ਹੈ, ਕਿਉਂਕਿ ਉਹ ਮੰਨਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਜਾਂ ਉਸ ਅਹੁਦੇ ਤੋਂ ਬਿਨਾਂ ਵੀ, ਉਹ ਕੇਂਦਰੀ ਭੂਮਿਕਾ ’ਚ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਚੀਜ਼ਾਂ ਬਿਖ਼ਰ ਜਾਣਗੀਆਂ।

ਇਹੀ ਅੱਜ ਭਾਰਤੀ ਲੋਕਤੰਤਰ ਦੇ ਦਿਲ ਦੀ ਦਰਾਰ ਹੈ: ਰਾਹੁਲ ਗਾਂਧੀ ਉਹ ਲੋਕਤੰਤਰਵਾਦੀ ਹੈ ਜੋ ਉਸ ਰਾਹ ਨੂੰ ਪੱਧਰਾ ਕਰਨਾ ਜਾਰੀ ਰੱਖਦਾ ਹੈ ਜਿਹੜਾ ਨਰਿੰਦਰ ਮੋਦੀ ਨੂੰ ਸੱਤਾ ਵਿੱਚ ਬਰਕਰਾਰ ਰੱਖਦਾ ਹੈ। ਬਾਕੀ ਕੰਮ ਭਾਜਪਾ ਕਰਦੀ ਹੈ।

ਸ਼ਾਇਦ ਇਹ ਬਹੁਤ ਸਖ਼ਤ ਰਾਇ ਹੈ, ਪਰ ਤੱਥ ਇਹ ਹੈ ਕਿ ਦੇਸ਼, ਜੋ ਹਰ ਰੋਜ਼ ਬਦਲ ਰਿਹਾ ਹੈ, ਰਾਹੁਲ ਗਾਂਧੀ ਦੀ ਨੁਕਤਾਚੀਨੀ ਦਾ ਬਦਲ ਚਾਹੁੰਦਾ ਹੈ, ਖ਼ਾਸ ਕਰ ਕੇ ਜਦੋਂ ਉਹ ਵਿਦੇਸ਼ ਵਿੱਚ ਹੁੰਦੇ ਹਨ। 2022 ਵਿੱਚ ਲੰਡਨ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਰਤ ਦੀ ਆਵਾਜ਼ ਨੂੰ ਕੁਚਲਿਆ ਗਿਆ ਹੈ; ਮਾਰਚ 2023 ਵਿੱਚ ਕੈਂਬਰਿਜ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਭਾਰਤੀ ਲੋਕਤੰਤਰ ਦੇ ਮੂਲ ਢਾਂਚੇ ’ਤੇ ਹਮਲਾ ਕਰ ਰਹੀ ਹੈ; ਯੂਰੋਪ ਤੇ ਅਮਰੀਕਾ ਨੂੰ ਦਖ਼ਲ ਦੇਣਾ ਚਾਹੀਦਾ ਹੈ ਅਤੇ ਮੋਦੀ ਤੇ ਭਾਜਪਾ ਦੀ ਅਸਲੀਅਤ ਨੂੰ ਉਜਾਗਰ ਕਰਨਾ ਚਾਹੀਦਾ ਹੈ; ਸਤੰਬਰ 2024 ਵਿੱਚ ਵਾਸ਼ਿੰਗਟਨ ਡੀ ਸੀ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਰਾਖਵੇਂਕਰਨ ਨੂੰ ਖ਼ਤਮ ਕਰਨ ਬਾਰੇ ਤਾਂ ਹੀ ਸੋਚੇਗੀ, ਜਦੋਂ ਭਾਰਤ ਵਿੱਚ ਚੀਜ਼ਾਂ ਹੋਰ ਨਿਰਪੱਖ ਹੋਣਗੀਆਂ; ਇਸ ਸਾਲ ਅਪਰੈਲ ਵਿੱਚ ਬੋਸਟਨ ਵਿੱਚ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ’ਚ ਹੇਰ-ਫੇਰ ਹੋਇਆ ਹੈ।

ਸਵਾਲ ਇਹ ਹੈ ਕਿ ਜਦੋਂ ਮੋਦੀ ਅਤੇ ਭਾਜਪਾ ਵਿਰੁੱਧ ਲੜਾਈ ਇੱਥੇ ਭਾਰਤ ਵਿਚ ਹੈ ਤਾਂ ਇਸ ਨੂੰ ਕਿਸੇ ਹੋਰ ਦੇਸ਼ ਵਿੱਚ ਕਿਉਂ ਲਿਜਾਇਆ ਜਾਵੇ? ਰਾਹੁਲ ਗਾਂਧੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਮਰੀਕੀ ਪੱਤਰਕਾਰ, ਖ਼ਾਸ ਤੌਰ ’ਤੇ ਵਿਨਸੈਂਟ ਸ਼ੀਨ, ਇਹ ਦੇਖਣ ਭਾਰਤ ਆਏ ਸਨ ਕਿ ਮਹਾਤਮਾ ਗਾਂਧੀ ਨੇ ਸ਼ਕਤੀਸ਼ਾਲੀ ਬਰਤਾਨਵੀ ਰਾਜ ਵਿਰੁੱਧ ਅਹਿੰਸਾ, ਸੱਤਿਆਗ੍ਰਹਿ ਦੇ ਸਾਧਨ ਨੂੰ ਕਿਵੇਂ ਤਿੱਖਾ ਕੀਤਾ।

ਇਸ ਲਈ ਜਦੋਂ ਰਾਹੁਲ ਗਾਂਧੀ ਘਰ ਵਿੱਚ ਜੂਝਣ ’ਤੇ ਧਿਆਨ ਕੇਂਦਰਿਤ ਕਰਦੇ ਹਨ ਤਾਂ ਇਹ ਬਹੁਤ ਵਧੀਆ ਕੰਮ ਕਰਦਾ ਹੈ। ਪਿਛਲੇ ਮਹੀਨੇ ਕਰਨਾਟਕ ਵਿੱਚ ਉਨ੍ਹਾਂ ਇੱਕ ਹਲਕੇ ਆਲੰਦ ਤੋਂ 6000 ਤੋਂ ਵੱਧ ਵੋਟਾਂ ਨੂੰ ਗ਼ੈਰ-ਨਿਯਮਿਤ ਤੌਰ ’ਤੇ ਹਟਾਉਣ ਬਾਰੇ ਖੁਲਾਸਾ ਕੀਤਾ, ਜਿਸ ਦੀ ਜਾਂਚ ਨੇ ਸਾਰਿਆਂ ਨੂੰ ਧਿਆਨ ਦੇਣ ਲਈ ਮਜਬੂਰ ਕੀਤਾ। ਪਿਛਲੇ ਕੁਝ ਮਹੀਨਿਆਂ ਵਿੱਚ ਕਾਂਗਰਸ ਅਤੇ ਹੋਰ ਰਾਜਨੀਤਕ ਪਾਰਟੀਆਂ ਦੇ ਨਾਲ-ਨਾਲ ਚੌਕਸ ਸਿਵਲ ਸੁਸਾਇਟੀ ਨੇ ਸੁਪਰੀਮ ਕੋਰਟ ਨੂੰ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ’ਤੇ ਚੋਣ ਕਮਿਸ਼ਨ ਨੂੰ ਜਵਾਬਦੇਹ ਠਹਿਰਾਉਣ ਲਈ ਮਜਬੂਰ ਕੀਤਾ ਹੈ। ਚੋਣ ਕਮਿਸ਼ਨ ਨੂੰ ਪਾਲਣਾ ਕਰਨ ਲਈ ਮਜਬੂਰ ਹੋਣਾ ਪਿਆ ਹੈ।

ਕਹਾਣੀ ਦਾ ਸਾਰ ਇਹ ਹੈ ਕਿ ਰਾਹੁਲ ਗਾਂਧੀ ਦੇ ਹੱਥੋਂ ਸਮਾਂ ਨਿਕਲ ਰਿਹਾ ਹੈ। ਜੇ ਉਹ ਚਾਹੁੰਦੇ ਹਨ ਕਿ ਸੰਯੁਕਤ ਵਿਰੋਧੀ ਧਿਰ ਭਾਜਪਾ ਨੂੰ ਉਸੇ ਦੀ ਖੇਡ ਵਿੱਚ ਹਰਾਵੇ ਤਾਂ ਉਨ੍ਹਾਂ ਨੂੰ ਵਕਤੀ ਨੇਤਾ ਬਣਨਾ ਬੰਦ ਕਰਨਾ ਚਾਹੀਦਾ ਹੈ। ਹਰ ਹਫ਼ਤੇ ਭਾਰਤ ਵਿੱਚ ਰਹਿ ਕੇ ਚੰਗਾ ਮੁਕਾਬਲਾ ਦੇਣਾ ਚਾਹੀਦਾ ਹੈ।

ਜੇ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਕਿਸੇ ਤਰ੍ਹਾਂ ਖ਼ਾਸ ਹਨ, ਖਾਨਦਾਨੀ ਤੇ ਸਿਆਸੀ ਤੌਰ ’ਤੇ ਪਾਰਟੀ ਤੇ ਦੇਸ਼, ਦੋਵਾਂ ਦੀ ਅਗਵਾਈ ਕਰਨ ਲਈ ਨਿਸ਼ਾਨਬੱਧ ਹਨ ਤਾਂ ਉਨ੍ਹਾਂ ਨੂੰ ਹਰ ਰੋਜ਼, ਸੰਸਦ ਦੇ ਅੰਦਰ ਅਤੇ ਬਾਹਰ ਆਪਣੀ ਦਲੀਲ ਨੂੰ ਹੋਰ ਤਿੱਖਾ ਕਰਨ ਦੀ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਭਾਜਪਾ ਦੀ ਅਣਥੱਕ ਉਤੇਜਨਾ ਤੋਂ ਅਤੇ ਆਪਣੀ ਪਾਰਟੀ ਦੀਆਂ ਗ਼ਲਤੀਆਂ ਤੋਂ ਸਿੱਖਣਾ ਚਾਹੀਦਾ ਹੈ। ਉਦਾਹਰਨ ਲਈ, ਪਿਛਲੇ ਸਾਲ ਹਰਿਆਣਾ ਚੋਣਾਂ ਵਿੱਚ ਰਾਹੁਲ ਗਾਂਧੀ ਸਥਾਨਕ ਕਾਂਗਰਸ ਦੇ ‘ਆਪ’ ਨਾਲ ਗੱਠਜੋੜ ਤੋਂ ਇਨਕਾਰ ਅੱਗੇ ਝੁਕ ਗਏ, ਜਦਕਿ ਉਹ ਖ਼ੁਦ ਇਸ ਦੇ ਹੱਕ ਵਿਚ ਸਨ; ਪਰ ਉਹ ਉਦੋਂ ਵਿਦੇਸ਼ ਵਿੱਚ ਸਨ ਤੇ ਆਪਣੀ ਇੱਛਾ ਨੂੰ ਜ਼ੋਰਦਾਰ ਢੰਗ ਨਾਲ ਮੰਨਵਾ ਨਹੀਂ ਸਕੇ। ਬਾਕੀ ਇਤਿਹਾਸ ਹੈ। ਕਾਂਗਰਸ ਕਦੇ ਵੀ ਪੂਰੀ ਤਰ੍ਹਾਂ ਨਾਲ ਨਹੀਂ ਉੱਭਰੀ।

ਅਸੀਂ ਹੁਣੇ-ਹੁਣੇ ਦਸਹਿਰਾ ਮਨਾਇਆ ਹੈ। ਦੀਵਾਲੀ ਦਾ ਇੰਤਜ਼ਾਰ ਹੈ। ਬਿਹਾਰ ’ਚ ਵੀ ਸੰਗਰਾਮ ਹੋਣ ਵਾਲਾ ਹੈ। ਅਜਿਹੇ ਸਮੇਂ ਦੱਖਣੀ ਅਮਰੀਕਾ ਕਿਉਂ ਜਾਣਾ?

*ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।

Advertisement
Show comments