ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ-ਅਮਰੀਕਾ ਰਿਸ਼ਤਿਆਂ ’ਚ ਪਾਕਿ ਦੀ ਭੂਮਿਕਾ

ਜਯੋਤੀ ਮਲਹੋਤਰਾ ਪਿਛਲੇ ਦੋ ਹਫ਼ਤਿਆਂ ਦੌਰਾਨ ਭਾਰਤ ਦੇ 40 ਤੋਂ ਵੱਧ ਸਿਆਸਤਦਾਨਾਂ ਅਤੇ ਸਾਬਕਾ ਡਿਪਲੋਮੈਟਾਂ ਦੇ ਸੱਤ ਵਫ਼ਦਾਂ ਨੇ ਅਪਰੇਸ਼ਨ ਸਿੰਧੂਰ ’ਚ ਪਾਕਿਸਤਾਨ ਖਿਲਾਫ਼ ਭਾਰਤ ਦੀ ਕਾਰਵਾਈ ਬਾਰੇ ਦੱਸਣ ਲਈ 33 ਦੇਸ਼ਾਂ ਦਾ ਦੌਰਾ ਕੀਤਾ ਹੈ। ਇਸ ਦੇ ਬਾਵਜੂਦ...
Advertisement

ਜਯੋਤੀ ਮਲਹੋਤਰਾ

Advertisement

ਪਿਛਲੇ ਦੋ ਹਫ਼ਤਿਆਂ ਦੌਰਾਨ ਭਾਰਤ ਦੇ 40 ਤੋਂ ਵੱਧ ਸਿਆਸਤਦਾਨਾਂ ਅਤੇ ਸਾਬਕਾ ਡਿਪਲੋਮੈਟਾਂ ਦੇ ਸੱਤ ਵਫ਼ਦਾਂ ਨੇ ਅਪਰੇਸ਼ਨ ਸਿੰਧੂਰ ’ਚ ਪਾਕਿਸਤਾਨ ਖਿਲਾਫ਼ ਭਾਰਤ ਦੀ ਕਾਰਵਾਈ ਬਾਰੇ ਦੱਸਣ ਲਈ 33 ਦੇਸ਼ਾਂ ਦਾ ਦੌਰਾ ਕੀਤਾ ਹੈ। ਇਸ ਦੇ ਬਾਵਜੂਦ ਪਾਕਿਸਤਾਨ ਦੇ ਫੌਜ ਮੁਖੀ ਤੇ ਹੁਣ ਫੀਲਡ ਮਾਰਸ਼ਲ, ਜਨਰਲ ਆਸਿਮ ਮੁਨੀਰ ਨੂੰ ਅੱਜ (14 ਜੂਨ) ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਸੈਨਾ ਦੀ 250ਵੀਂ ਵਰ੍ਹੇਗੰਢ ਪਰੇਡ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।

ਇਹ ਪਰੇਡ 1991 ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ, ਜਿਸ ਵਿੱਚ 6,600 ਸਿਪਾਹੀ, 28 ਅਬਰਾਮ ਟੈਂਕ, 28 ਬ੍ਰੈਡਲੇ ਲੜਾਕੂ ਵਾਹਨ, 28 ਸਟ੍ਰਾਈਕਰ ਵਾਹਨ, ਚਾਰ ਪੈਲਾਡਿਨ ਸੈਲਫ-ਪ੍ਰੋਪੈੱਲਡ ਹੌਵਿਟਜ਼ਰਜ਼, ਅੱਠ ਮਾਰਚਿੰਗ ਬੈਂਡ, 24 ਘੋੜੇ, ਦੋ ਖੱਚਰ ਅਤੇ ਇੱਕ ਕੁੱਤਾ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਕੁਝ ਰਾਕੇਟ ਲਾਂਚਰ ਅਤੇ ਗਾਈਡਡ ਮਿਜ਼ਾਈਲਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸੇ ਦਿਨ ਡੋਨਲਡ ਟਰੰਪ ਦਾ 79ਵਾਂ ਜਨਮ ਦਿਨ ਵੀ ਹੈ।

ਇਸੇ ਦੌਰਾਨ, ਸੰਸਦੀ ਮੈਂਬਰਾਂ ਦੇ ਸਾਰੇ ਸੱਤ ਵਫ਼ਦ ਦੇਸ਼ ਪਰਤ ਆਏ ਹਨ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਭਾਜਪਾ ਦੇ ਰਵੀ ਸ਼ੰਕਰ ਪ੍ਰਸਾਦ, ਜਿਨ੍ਹਾਂ ਲੰਡਨ, ਪੈਰਿਸ, ਰੋਮ, ਕੋਪਨਹੇਗਨ, ਬਰਲਿਨ ਅਤੇ ਯੂਰੋਪੀਅਨ ਯੂਨੀਅਨ ਦੀ ਯਾਤਰਾ ਕੀਤੀ, ਨੇ ਵਾਪਸੀ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਨ੍ਹਾਂ ਸਾਰੇ ਯੂਰੋਪੀਅਨ ਸ਼ਹਿਰਾਂ ਵਿੱਚ ਆਪਣੇ ਵਾਰਤਾਕਾਰਾਂ ਨੂੰ ਅਤਿਵਾਦ ਪ੍ਰਤੀ ਭਾਰਤ ਦੀ ‘ਜ਼ੀਰੋ-ਟਾਲਰੈਂਸ’ ਨੀਤੀ ਬਾਰੇ ਦੱਸਿਆ ਹੈ। ਪ੍ਰਸਾਦ ਨੇ ਕਿਹਾ, ‘‘ਅਸੀਂ ਸਪੱਸ਼ਟ ਕੀਤਾ ਕਿ ਅਸੀਂ ਪਾਕਿਸਤਾਨੀ ਲੋਕਾਂ ਦੇ ਵਿਰੁੱਧ ਨਹੀਂ ਹਾਂ। ਸਮੱਸਿਆ ਪਾਕਿਸਤਾਨ ਦੇ ਜਨਰਲ ਹਨ, ਜਿਨ੍ਹਾਂ ਤੋਂ ਪਾਕਿਸਤਾਨ ਦੇ ਲੋਕ ਵੀ ਤੰਗ ਆ ਚੁੱਕੇ ਹਨ।’’ ਹਾਲਾਂਕਿ, ਪ੍ਰਸਾਦ ਨੇ ਸ਼ਾਇਦ ਹਾਲ ਦੀਆਂ ਖ਼ਬਰਾਂ ਨੂੰ ਧਿਆਨ ਨਾਲ ਨਹੀਂ ਪੜ੍ਹਿਆ। ਸਿਰਫ ਇੱਕ ਦਿਨ ਪਹਿਲਾਂ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਦੀ ਕੇਂਦਰੀ ਕਮਾਨ ਦੇ ਸ਼ਕਤੀਸ਼ਾਲੀ ਕਮਾਂਡਰ ਜਨਰਲ ਮਾਈਕਲ ਈ. ਕੁਰਿੱਲਾ ਨੇ ਅਮਰੀਕੀ ਸੈਨੇਟ ਦੀ ਹਥਿਆਰਬੰਦ ਸੇਵਾਵਾਂ ਬਾਰੇ ਕਮੇਟੀ ਨੂੰ ਦੱਸਿਆ ਕਿ ਪਾਕਿਸਤਾਨ ਇੱਕ ‘‘ਬਹੁਤ ਸ਼ਾਨਦਾਰ ਭਾਈਵਾਲ’’ ਹੈ, ਖਾਸ ਕਰ ਕੇ ਅਤਿਵਾਦ ਵਿਰੋਧੀ ਮੋਰਚੇ ’ਤੇ।

ਕੁਰਿੱਲਾ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ‘ਬਾਇਨਰੀ ਸਵਿੱਚ’ ਹੈ ਕਿ ਜੇ ਸਾਡਾ ਭਾਰਤ ਨਾਲ ਰਿਸ਼ਤਾ ਹੈ ਤਾਂ ਅਸੀਂ ਪਾਕਿਸਤਾਨ ਨਾਲ ਰਿਸ਼ਤਾ ਨਹੀਂ ਰੱਖ ਸਕਦੇ।’’ ਕੁਝ ਦਿਨ ਪਹਿਲਾਂ, ਕੁਰਿੱਲਾ ਦੇ ਬੌਸ, ਡੋਨਲਡ ਟਰੰਪ ਨੇ ਐਲਾਨ ਕੀਤਾ ਸੀ, ‘‘ਪਾਕਿਸਤਾਨ ਦੀ ਲੀਡਰਸ਼ਿਪ ਬਹੁਤ ਮਜ਼ਬੂਤ ਹੈ। ਕੁਝ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਜਦੋਂ ਮੈਂ ਇਹ ਕਹਿੰਦਾ ਹਾਂ, ਪਰ ਜੋ ਹੈ ਸੋ ਹੈ। ਅਤੇ ਉਨ੍ਹਾਂ ਨੇ ਉਹ ਜੰਗ ਰੋਕ ਦਿੱਤੀ। ਮੈਨੂੰ ਉਨ੍ਹਾਂ ’ਤੇ ਬਹੁਤ ਮਾਣ ਹੈ। ਕੀ ਮੈਨੂੰ ਸਿਹਰਾ ਮਿਲ ਰਿਹਾ ਹੈ?....ਨਹੀਂ। ਉਹ ਮੈਨੂੰ ਕਿਸੇ ਵੀ ਗੱਲ ਦਾ ਸਿਹਰਾ ਨਹੀਂ ਦਿੰਦੇ।’’ ...ਤਾਂ ਫਿਰ, ਭਾਰਤ ਅਤੇ ਅਮਰੀਕਾ ਦੀ ਚਰਚਿਤ ‘ਰਣਨੀਤਕ ਭਾਈਵਾਲੀ’ ਦਾ ਕੀ ਬਣਿਆ? ਇਸ ਤੋਂ ਇਲਾਵਾ, ਕੀ ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਹਾਈਫਨ’ ਫੇਰ ਵਾਪਸ ਆ ਗਿਆ ਹੈ?

ਵੱਡਾ ਸਵਾਲ ਇਹ ਹੈ ਕਿ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਜੇ ਵੀ ਅਜਿਹੇ ਦੇਸ਼ ਦੇ ਮੋਹ ਵਿੱਚ ਕਿਉਂ ਫਸ ਰਿਹਾ ਹੈ ਜਿਸ ਦਾ ਅਰਥਚਾਰਾ ਗਹਿਰੇ ਸੰਕਟ ਵਿਚ ਹੈ (ਇਸ ਨੇ ਕੌਮਾਂਤਰੀ ਮੁਦਰਾ ਫੰਡ ਤੋਂ 25 ਵਾਰ ਕਰਜ਼ੇ ਲਏ ਹਨ), ਜੋ ਸਿਰਫ ਨਾਮ ਦਾ ਲੋਕਤੰਤਰ ਹੈ ਅਤੇ ਭਾਰਤ ਦੇ ਅੰਦਰ ਅਤਿਵਾਦੀ ਹਮਲੇ ਕਰਨ ਦੀਆਂ ਯੋਜਨਾਵਾਂ ਘੜਦਾ ਰਹਿੰਦਾ ਹੈ, ਜਿਸ ਦੀ ਤਾਜ਼ਾ ਮਿਸਾਲ ਪਹਿਲਗਾਮ ’ਚ ਹੋਇਆ ਘਿਨਾਉਣਾ ਅਤਿਵਾਦੀ ਹਮਲਾ ਹੈ।

ਯਕੀਨੀ ਤੌਰ ’ਤੇ ਦਾਲ ਵਿਚ ਕੁਝ ਕਾਲਾ ਹੈ- ਘੱਟੋ-ਘੱਟ 2008 ਤੋਂ, ਜਦ ਤੋਂ ਭਾਰਤ ਅਤੇ ਅਮਰੀਕਾ ਨੇ ਪਰਮਾਣੂ ਸਮਝੌਤਾ ਸਹੀਬੱਧ ਕੀਤਾ ਹੈ, ਅਮਰੀਕਾ ਅਤੇ ਭਾਰਤ ਇਕ ਦੂਜੇ ਨਾਲ ਭਾਈਵਾਲੀ ਲਈ ਉਤਸੁਕ ਰਹੇ ਹਨ। ਇਹ ਭਾਈਵਾਲੀ ਸਿਰਫ਼ ਇਸ ਗੱਲ ਦੀ ਨਹੀਂ ਸੀ ਕਿ ਭਾਰਤ ਕਿੰਨੇ ਬੋਇੰਗ ਖਰੀਦ ਸਕਦਾ ਸੀ, ਹਾਲਾਂਕਿ ਇਹ ਵੀ ਇਕ ਮਹੱਤਵਪੂਰਨ ਪਹਿਲੂ ਰਿਹਾ ਹੋਵੇਗਾ। ਅਮਰੀਕਾ ਨੇ ਭਾਰਤ ਨਾਲ ਇੱਕ ਪਾਏਦਾਰ ਰਿਸ਼ਤੇ ਦੀ ਅਹਿਮੀਅਤ ਨੂੰ ਪਛਾਣਿਆ, ਜੋ ਲੈਣ-ਦੇਣ ਵਾਲੇ ਸਬੰਧਾਂ ਤੋਂ ਪਰ੍ਹੇ ਸੀ, ਜਿਸ ’ਚ ਪੇਈਚਿੰਗ ਦੇ ਟਾਕਰੇ ਲਈ ਦਿੱਲੀ ਨੂੰ ਤਰਜੀਹ ਦਿੱਤੀ ਗਈ।

ਪਰ ਜਿਸ ਤਰ੍ਹਾਂ ਟਰੰਪ ਆਪਣੇ ਲੈਣ-ਦੇਣ ਵਾਲੇ ਸੁਭਾਅ ਨਾਲ ਦੁਨੀਆ ਨੂੰ ਹੇਠ-ਉਤੇ ਕਰ ਰਹੇ ਹਨ, ਉਸ ’ਚ ਪਾਕਿਸਤਾਨ ਨੂੰ ਇੱਕ ਨਵਾਂ ਮੌਕਾ ਨਜ਼ਰ ਆਇਆ ਹੈ। ਹਿਲੇਰੀ ਕਲਿੰਟਨ ਨੇ 2012 ਵਿੱਚ ਪਾਕਿਸਤਾਨ ਬਾਰੇ ਦੁਬਿਧਾ ਨੂੰ ਬਿਆਨਦਿਆਂ ਕਿਹਾ ਸੀ , ‘‘ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਆਪਣੇ ਵਿਹੜੇ ਵਿੱਚ ਕਿੰਨੇ ਸੱਪ ਪਾਲ਼ੇ ਹੋਏ ਹਨ, ਪਰ ਗੱਲ ਤਾਂ ਇਹ ਹੈ ਕਿ ਉਹ ਤੁਹਾਨੂੰ ਵੀ ਡੰਗ ਸਕਦੇ ਹਨ।’’ ਹੁਣ ਇੱਕ ਵਾਰੀ ਫਿਰ, ਇਹ ਇਸ ਗੱਲ ਬਾਰੇ ਹੈ ਕਿ ਤੁਸੀਂ ਕਿਵੇਂ ਅਮਰੀਕੀਆਂ ਨੂੰ ਇੱਕ ਜਾਂ ਦੋ ਸੱਪ ਸੌਂਪ ਕੇ ਚਾਹੁੰਦੇ ਹੋ ਕੇ ਉਹ ਸਪੇਰੇ ਦੀਆਂ ਸਿਫ਼ਤਾਂ ਹੀ ਕਰਦੇ ਰਹਿਣ।

ਇੱਥੇ ਤਿੰਨ ਕਾਰਨ ਹਨ ਜਿਸ ਕਰ ਕੇ ਪੱਛਮੀ ਦੇਸ਼ ਪਾਕਿਸਤਾਨ ਦੀ ਖੁਸ਼ਾਮਦ ਨੂੰ ਹੁੰਗਾਰਾ ਭਰ ਰਹੇ ਹਨ:

ਪਹਿਲਾ, ਅਤਿਵਾਦੀਆਂ ’ਤੇ ਪਾਕਿਸਤਾਨ ਦਾ ਨਿਰੰਤਰ ਰਸੂਖ਼ ਇਸ ਨੂੰ ਅਮਰੀਕਾ ਦਾ ਇੱਕ ਖਾਸ ਮਿੱਤਰ ਬਣਾਉਂਦਾ ਹੈ। ਹਾਲ ਹੀ ਵਿੱਚ, ਪਾਕਿਸਤਾਨ ਨੇ ਪੰਜ ਇਸਲਾਮਿਕ ਸਟੇਟ (ਆਈਐੱਸ) ਲੜਾਕਿਆਂ, ਜਿਨ੍ਹਾਂ ਵਿੱਚ ਮੁਹੰਮਦ ਸ਼ਰੀਫੁੱਲ੍ਹਾ ‘ਜਾਫ਼ਰ’ ਵੀ ਸੀ, ਨੂੰ ਅਮਰੀਕੀਆਂ ਦੇ ਹਵਾਲੇ ਕੀਤਾ ਹੈ। ਜਾਫ਼ਰ 2021 ਦੇ ਕਾਬੁਲ ਹਵਾਈ ਅੱਡੇ ਨੇੜੇ ਹੋਏ ਬੰਬ ਧਮਾਕੇ ’ਚ ਲੋੜੀਂਦਾ ਸੀ ਜਿਸ ’ਚ 13 ਅਮਰੀਕੀ ਸੈਨਿਕ ਮਾਰੇ ਗਏ ਸਨ।

ਦਰਅਸਲ, ‘ਜਾਫ਼ਰ’ ਚੋਟੀ ਦੀ ਆਈਐੱਸ ਲੀਡਰਸ਼ਿਪ ਦਾ ਹਿੱਸਾ ਵੀ ਨਹੀਂ ਹੈ, ਭਾਵੇਂ ਉਸ ਨੇ ਕਾਬੁਲ ਹਮਲੇ ਦੀ ਯੋਜਨਾ ਬਣਾਈ ਵੀ ਹੋਵੇ। ਉਸ ਨੂੰ ਸੌਂਪ ਕੇ, ਮੁਨੀਰ ਸਮਾਂ ਅਤੇ ਪ੍ਰਭਾਵ ਦੋਵੇਂ ਖਰੀਦ ਰਿਹਾ ਹੈ- ਇਹ ਪਾਕਿਸਤਾਨ ਦੀ ਅਮਰੀਕਾ ਸਬੰਧੀ ਨੀਤੀ ਦਾ ਇੱਕ ਅਨਿੱਖੜਵਾਂ ਅੰਗ ਹੈ ਜੋ ਦਹਾਕਿਆਂ ਤੋਂ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ।

ਕੁਰਿੱਲਾ ਵੱਲੋਂ ਪਾਕਿਸਤਾਨ ਦੀ ਪ੍ਰਸ਼ੰਸਾ ਤੋਂ ਫੌਰੀ ਬਾਅਦ ਇਸ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਦੋ ਪ੍ਰਮੁੱਖ ਕਮੇਟੀਆਂ- ਤਾਲਿਬਾਨ ’ਤੇ ਪਾਬੰਦੀਆਂ ਬਾਰੇ ਕਮੇਟੀ ਦਾ ਮੁਖੀ ਤੇ ਅਤਿਵਾਦ ਵਿਰੋਧੀ ਕਮੇਟੀ ਦਾ ਉਪ-ਮੁਖੀ ਨਾਮਜ਼ਦ ਕੀਤਾ ਗਿਆ ਹੈ। ਅਮਰੀਕਾ ਨੂੰ ਅਹਿਸਾਸ ਹੈ ਕਿ ਪਾਕਿਸਤਾਨੀ ਫ਼ੌਜ ਦੀ ਨੁਕਸਾਨ ਕਰਨ ਦੀ ਸਮਰੱਥਾ, ਭਲਾਈ ਕਰਨ ਨਾਲੋਂ ਕਿਤੇ ਜ਼ਿਆਦਾ ਹੈ। ਤਾਂ ਫਿਰ ਕਿਉਂ ਨਾ ਇਸ ਰਾਖ਼ਸ਼ਸ ਨੂੰ ਪਲੋੋਸ ਕੇ ਕੰਟਰੋਲ ਕੀਤਾ ਜਾਵੇ?

ਦੂਜਾ, ਡੋਨਲਡ ਟਰੰਪ ਦੀ ਹਉਮੈ ਨੂੰ ‘ਨਾਂਹ’ ਪਸੰਦ ਨਹੀਂ। ਇਸ ਲਈ ਜਦੋਂ ਉਸ ਨੇ ਅਤੇ ਉਸ ਦੇ ਸਹਿਯੋਗੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਈ ‘ਵਿਚੋਲਗੀ’ ਕੀਤੀ ਸੀ, ਤਾਂ ਭਾਰਤ ਨੇ ਇਸ ਨੂੰ ਨਕਾਰ ਦਿੱਤਾ। (ਟਰੰਪ ਨੇ, ਅਸਲ ਵਿੱਚ, ਇਹੀ ਗੱਲ 11 ਵਾਰ ਹੋਰ ਦੁਹਰਾਈ)।

ਦਰਅਸਲ, ਭਾਰਤੀ ਹਵਾਈ ਸੈਨਾ ਨੇ 10 ਮਈ ਨੂੰ 11 ਪਾਕਿਸਤਾਨੀ ਹਵਾਈ ਟਿਕਾਣਿਆਂ ’ਤੇ ਹਮਲਾ ਕਰਕੇ ਇੱਕ ਮਜ਼ਬੂਤ ਸੰਦੇਸ਼ ਦਿੱਤਾ, ਜਿਸ ਨੇ ਪਾਕਿਸਤਾਨੀਆਂ ਅਤੇ ਅਮਰੀਕੀਆਂ ’ਚ ਖੌਫ਼ ਪੈਦਾ ਕਰ ਦਿੱਤਾ ਜਿਸ ਕਾਰਨ ਉਹ ਸੰਘਰਸ਼ ਜਲਦੀ ਮੁਕਾਉਣ ਲਈ ਮਜਬੂਰ ਹੋ ਗਏ। ਟਰੰਪ ਜੋ ਕਹਿਣਾ ਚਾਹੁੰਦੇ ਹਨ ਕਹਿਣ, ਅਸੀਂ ਉਸ ਨੂੰ ਨਕਾਰਨ ਦੀ ਪਰਵਾਹ ਕਿਉਂ ਕਰੀਏ?

ਤੀਜਾ, ਪਾਕਿਸਤਾਨ ਪੀੜਤ ਬਣਨ ਵਿੱਚ ਮਾਹਿਰ ਹੈ, ਖ਼ੈਰ ਇਸ ਤੋਂ ਵੱਡਾ ਕੋਈ ਵਿਅੰਗ ਨਹੀਂ ਹੋ ਸਕਦਾ। ਭਾਰਤ ਨੂੰ ਮਾੜਾ ਸਾਬਤ ਕਰਨ ਵਾਲੀ ਇੱਕ ਮੁਹਿੰਮ (‘ਭਾਰਤ ਸਿੰਧੂ ਨਦੀ ਦਾ ਪਾਣੀ ਰੋਕ ਕੇ 23 ਕਰੋੜ ਲੋਕਾਂ ਨੂੰ ਪਿਆਸੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ’) ਚਲਾ ਕੇ, ਇਹ ਵਿਸ਼ਵਵਿਆਪੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ। ‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਬਿਲਾਵਲ ਭੁੱਟੋ ਵਾਸ਼ਿੰਗਟਨ ਅਤੇ ਲੰਡਨ ਵਿੱਚ ਇਹੀ ਕਰ ਰਿਹਾ ਸੀ।

ਪਾਕਿਸਤਾਨੀ ਫ਼ੌਜ ਦੀ ਅਤਿਵਾਦੀ ਹਮਲਿਆਂ ਵਿੱਚ ਭੂਮਿਕਾ ਬਾਰੇ ਸਾਰੇ ਸਵਾਲਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ‘ਸਬੂਤ ਕਿੱਥੇ ਹੈ?’ ਮੁੰਬਈ ਹਮਲਿਆਂ ਦੇ ਅਜਮਲ ਕਸਾਬ ਵਰਗੇ ਸਬੂਤਾਂ, ਜਿਨ੍ਹਾਂ ’ਚ ਲਗਭਗ 170 ਲੋਕ ਮਾਰੇ ਗਏ ਸਨ, ਨੂੰ ਪਾਕਿਸਤਾਨ ਦੇ ਅਤਿਵਾਦ ਨਾਲ ਉਸ ਦੇ ਆਪਣੇ ਅਨੁਭਵਾਂ ਨਾਲ ਤੋਲ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਅਮਰੀਕਾ ਦੀ ਹਮਦਰਦੀ ਨਜ਼ਰ ਆਉਂਦੀ ਹੈ। 2024 ਵਿੱਚ ਜਨਰਲ ਕੁਰਿੱਲਾ ਨੇ ਕਿਹਾ ਸੀ ਕਿ ਪਾਕਿਸਤਾਨ ਨੇ 1,000 ਤੋਂ ਵੱਧ ਅਤਿਵਾਦੀ ਹਮਲਿਆਂ ਦਾ ਸਾਹਮਣਾ ਕੀਤਾ ਜਿਸ ਵਿੱਚ 700 ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ 2500 ਜ਼ਖ਼ਮੀ ਹੋਏ।

ਸਵਾਲ ਇਹ ਹੈ ਕਿ ਹੁਣ ਕੀ ਹੁੰਦਾ ਹੈ। ਯਕੀਨਨ, ਜਨਰਲ ਮੁਨੀਰ ਨੇ ਅਮਰੀਕੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਲਈ ਯੂ.ਐੱਸ. ਆਰਮੀ ਪਰੇਡ ਵਿੱਚ ਉਸ ਦੀ ਸ਼ਮੂਲੀਅਤ ਉਸ ਨੂੰ ਕੁਝ ਮੰਗਾਂ ਮੰਨਵਾਉਣ ਦਾ ਮੌਕਾ ਦੇਵੇਗੀ। ਜ਼ੀਰੋ ਟੈਰਿਫ ਪਾਕਿਸਤਾਨ-ਅਮਰੀਕਾ ਵਪਾਰ ਦੀ ਬੇਨਤੀ ਇਸ ਵਿਚ ਜ਼ਰੂਰ ਹੋਵੇਗੀ; ਇਸ ਤੋਂ ਵੀ ਮਹੱਤਵਪੂਰਨ, ਇਹ ਸੁਝਾਅ ਹੋਵੇਗਾ ਕਿ ਅਮਰੀਕਾ, ਭਾਰਤ ’ਤੇ ਸਿੰਧੂ ਜਲ ਸੰਧੀ ਨੂੰ ਬਹਾਲ ਕਰਨ ਅਤੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਦਬਾਅ ਪਾਵੇ।

ਇਹ ਗੱਲ ਪੱਕੀ ਹੈ ਕਿ ਇਹ ਗਰਮੀਆਂ ਲੰਮੀਆਂ ਤੇ ਮੁਸ਼ਕਲਾਂ ਭਰੀਆਂ ਹੋਣਗੀਆਂ। ਭਾਰਤ ਕੋਲ ਕੁਝ ਪੱਤੇ ਹੋ ਸਕਦੇ ਹਨ, ਪਰ ਉਸ ਨੂੰ ਇਨ੍ਹਾਂ ਨੂੰ ਸਹੀ ਢੰਗ ਨਾਲ ਵਰਤਣਾ ਵੀ ਆਉਣਾ ਚਾਹੀਦਾ ਹੈ। ਪਾਕਿਸਤਾਨ ਦੀ ਧੋਖੇਬਾਜ਼ ਫਿਤਰਤ ਬਾਰੇ ਆਪਣਾ ਮੁਲਾਂਕਣ ਜ਼ਰੂਰ ਸਾਂਝਾ ਕਰੋ, ਪਰ ਇਸ ਬਾਰੇ ਸ਼ੇਖੀ ਨਾ ਮਾਰੋ ਕਿ ਤੁਸੀਂ ਕਿਵੇਂ ਇੱਕ ਵੱਡੇ ਅਤੇ ਬਿਹਤਰ ਦੱਖਣੀ ਏਸ਼ਿਆਈ ਰਾਸ਼ਟਰ ਹੋ। ਭਾਰਤ ਕੋਲ ਕੁਝ ਪੱਤੇ ਹੋ ਸਕਦੇ ਹਨ, ਪਰ ਉਸ ਨੂੰ ਇਨ੍ਹਾਂ ਨੂੰ ਸਹੀ ਢੰਗ ਨਾਲ ਵਰਤਣਾ ਵੀ ਆਉਣਾ ਚਾਹੀਦਾ ਹੈ। ਪਾਕਿਸਤਾਨ ਦੀ ਧੋਖੇਬਾਜ਼ ਫਿਤਰਤ ਬਾਰੇ ਆਪਣਾ ਮੁਲਾਂਕਣ ਜ਼ਰੂਰ ਸਾਂਝਾ ਕਰੋ, ਪਰ ਇਸ ਬਾਰੇ ਸ਼ੇਖੀ ਨਾ ਮਾਰੋ ਕਿ ਤੁਸੀਂ ਕਿਵੇਂ ਇੱਕ ਵੱਡੇ ਅਤੇ ਬਿਹਤਰ ਦੱਖਣੀ ਏਸ਼ਿਆਈ ਰਾਸ਼ਟਰ ਹੋ।

ਬਿਹਤਰ ਹੈ ਕਿ ਸਿਰ ਸੁੱਟ ਕੇ ਇਕ ਵਾਰ ਫਿਰ ਆਪਣੇ ਚਾਣਕਿਆ ਜਾਂ ਸੁਨ ਜ਼ੂ ਨੂੰ ਦੁਬਾਰਾ ਪੜ੍ਹੋ। ਆਪਣੇ ਦੋਸਤਾਂ ਨੂੰ ਹਮੇਸ਼ਾ ਨੇੜੇ ਰੱਖਣਾ ਚੰਗੀ ਗੱਲ ਹੈ, ਪਰ ਆਪਣੇ ਦੁਸ਼ਮਣਾਂ ਨੂੰ ਉਨ੍ਹਾਂ ਤੋਂ ਵੀ ਵੱਧ ਕਰੀਬ ਰੱਖੋ।

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement