ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਪਰੇਸ਼ਨ ਸਿੰਧੂਰ: ਸਵਾਲਾਂ ਦੇ ਜਵਾਬ ਜ਼ਰੂਰੀ

ਜੰਗਬੰਦੀ ਦੇ ਐਲਾਨ ਨਾਲ ਅਪਰੇਸ਼ਨ ਸਿੰਧੂਰ ਦੀ ਲੜਾਈ ਭਾਵੇਂ ਬੰਦ ਹੋ ਗਈ ਸੀ ਪਰ ਇਸ ਬਾਬਤ ਜੰਗ ਜਾਰੀ ਹੈ। ਸਿਰਫ਼ ਸਥਾਨ ਤਬਦੀਲ ਹੋਇਆ ਹੈ। ਨਵਾਂ ਖੇਤਰ ਸੰਸਦ ਭਵਨ ਬਣ ਗਈ ਹੈ ਜਿੱਥੇ ਇਸ ਮੁੱਦੇ ’ਤੇ ਬਹਿਸ ਹੋਣ ਦੇ ਆਸਾਰ ਹਨ।...
Advertisement

ਜੰਗਬੰਦੀ ਦੇ ਐਲਾਨ ਨਾਲ ਅਪਰੇਸ਼ਨ ਸਿੰਧੂਰ ਦੀ ਲੜਾਈ ਭਾਵੇਂ ਬੰਦ ਹੋ ਗਈ ਸੀ ਪਰ ਇਸ ਬਾਬਤ ਜੰਗ ਜਾਰੀ ਹੈ। ਸਿਰਫ਼ ਸਥਾਨ ਤਬਦੀਲ ਹੋਇਆ ਹੈ। ਨਵਾਂ ਖੇਤਰ ਸੰਸਦ ਭਵਨ ਬਣ ਗਈ ਹੈ ਜਿੱਥੇ ਇਸ ਮੁੱਦੇ ’ਤੇ ਬਹਿਸ ਹੋਣ ਦੇ ਆਸਾਰ ਹਨ। ਵਿਰੋਧੀ ਧਿਰ ਵੱਲੋਂ ਉਠਾਏ ਜਾਣ ਵਾਲੇ ਕੁਝ ਮੁੱਦਿਆਂ ’ਤੇ ਇਸ ਲੇਖ ਵਿੱਚ ਚਰਚਾ ਕੀਤੀ ਗਈ ਹੈ।

ਪਹਿਲਗਾਮ ਵਿੱਚ ਨਿਰਦੋਸ਼ ਲੋਕਾਂ ਦੇ ਘਿਨਾਉਣੇ ਕਤਲ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਦੀ ਪ੍ਰਤੀਕਿਰਿਆ ਦੀ ਉਮੀਦ ਕੀਤੀ ਜਾ ਰਹੀ ਸੀ; ਖ਼ਾਸ ਤੌਰ ’ਤੇ ਬਾਲਾਕੋਟ ਹਮਲੇ ਦੀ ਰੋਸ਼ਨੀ ਵਿੱਚ ਜਿਸ ਨੇ ਅਤਿਵਾਦ ਦਾ ਮੁਕਾਬਲੇ ਲਈ ਭਾਰਤ ਦੀ ਬਾਹੂਬਲੀ ਪਹੁੰਚ ਦੀ ਮਿਸਾਲ ਕਾਇਮ ਕੀਤੀ ਸੀ। ਸਰਕਾਰ ’ਤੇ ਵੀ ਬਹੁਤ ਜ਼ਿਆਦਾ ਜਨਤਕ ਦਬਾਅ ਸੀ ਜੋ ਲੋਕਤੰਤਰ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ। ਇਹ ਮੰਨਣਾ ਵਾਜਿਬ ਹੈ ਕਿ ਪਾਕਿਸਤਾਨ ਜਾਣਦਾ ਸੀ- ਭਾਰਤ ਸਖ਼ਤ ਜਵਾਬ ਦੇਵੇਗਾ ਪਰ ਉਹ ਸਪੱਸ਼ਟ ਤੌਰ ’ਤੇ ਨਹੀਂ ਜਾਣਦੇ ਸਨ ਕਿ ਜਵਾਬ ਕਦੋਂ, ਕਿੱਥੇ ਅਤੇ ਕਿਵੇਂ ਹੋਵੇਗਾ। ਪਹਿਲਾ ਸਵਾਲ ਜੋ ਅਣਸੁਲਝਿਆ ਹੈ- ਕੀ ਅਸੀਂ ਪਾਕਿਸਤਾਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਅਸੀਂ ਉਨ੍ਹਾਂ ਦੇ ਅਤਿਵਾਦੀ ਟਿਕਾਣਿਆਂ ’ਤੇ ਹਮਲਾ ਕਰਾਂਗੇ ਅਤੇ ਕਿਹੜਿਆਂ ਉੱਤੇ? ਸਾਡੇ ਵਿਦੇਸ਼ ਮੰਤਰੀ ਦਾ ਅਜਿਹਾ ਕਹਿਣ ਦਾ ਵੀਡੀਓ ਵਾਇਰਲ ਹੋ ਰਿਹਾ ਸੀ ਪਰ ਅਜੋਕੀ ਤਕਨਾਲੋਜੀ ਵਿੱਚ ਹਰ ਚੀਜ਼ ਨਕਲੀ ਹੋ ਸਕਦੀ ਹੈ। ਬਾਅਦ ਵਿੱਚ ਪੁੱਛੇ ਜਾਣ ’ਤੇ ਵਿਦੇਸ਼ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਹਵਾਈ ਹਮਲਿਆਂ ਦੀ ‘ਅਗਾਊਂ’ ਜਾਣਕਾਰੀ ਦਿੱਤੀ ਸੀ। ਸਾਨੂੰ ਆਪਣੇ ਮੰਤਰੀ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਪਰ ਫਿਰ ਜਿਸ ਤਤਪਰਤਾ ਨਾਲ ਪਾਕਿਸਤਾਨ ਨੇ 6-7 ਮਈ ਦੀ ਰਾਤੀਂ ਇੱਕ ਵਜੇ ਅਣਕਿਆਸੇ ਟਿਕਾਣਿਆਂ ਉੱਪਰ ਸਾਡੇ ਅਚਨਚੇਤ ਹਮਲਿਆਂ ਉੱਤੇ ਜੋ ਪ੍ਰਤੀਕਿਰਿਆ ਦਿਖਾਈ, ਉਹ ਪ੍ਰਸ਼ੰਸਾਜਨਕ ਸੀ। ਇਹ ਉਨ੍ਹਾਂ ਦੀ ‘ਜੰਗੀ ਤਿਆਰੀ’ ਮੁਤੱਲਕ ਬਹੁਤ ਕੁਝ ਬਿਆਨ ਕਰਦੀ ਹੈ ਅਤੇ ਸਾਨੂੰ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਭਵਿੱਖੀ ਟਕਰਾਅ ਗਣਨਾ ਵਿਚ ਸ਼ਾਮਿਲ ਕਰਨ ਦੀ ਲੋੜ ਹੈ।

Advertisement

ਦੂਜਾ ਸਵਾਲ 10 ਮਈ 2025 ਨੂੰ ਪਾਕਿਸਤਾਨੀ ਡੀਜੀਐੱਮਓ ਵੱਲੋਂ ਆਪਣੇ ਭਾਰਤੀ ਹਮਰੁਤਬਾ ਨਾਲ ਹੌਟਲਾਈਨ ’ਤੇ ਕੀਤੀ ਬੇਨਤੀ ਉੱਪਰ ਸਾਡੀਆਂ ਬੰਦੂਕਾਂ ਸ਼ਾਂਤ ਕਰਨ ਜਾਂ ਰੋਕ ਦੇਣ ਦਾ ਹੁਕਮ ਦੇਣ ਦੀ ਸਹਿਮਤੀ ਦੇਣ ਬਾਰੇ ਹੈ। ਆਮ ਤੌਰ ’ਤੇ ਜੇਤੂ ਧਿਰ ਆਪਣਾ ਹੱਥ ਉੱਚਾ ਰੱਖਦੇ ਹੋਏ ਆਪਣੀ ਸਥਿਤੀ ਦਾ ਲਾਭ ਉਠਾਉਂਦੀ ਹੈ ਅਤੇ ਜੰਗਬੰਦੀ ਨੂੰ ਉਦੋਂ ਤੱਕ ਪ੍ਰਵਾਨ ਨਹੀਂ ਕਰਦੀ ਜਿੰਨੀ ਦੇਰ ਤੱਕ ਉਹ ਇਹ ਮਹਿਸੂਸ ਨਹੀਂ ਕਰਦੀ ਕਿ ਉਸ ਨੇ ਇੱਛਤ ਹੱਦ ਤੱਕ ਆਪਣੇ ਉਦੇਸ਼ ਹਾਸਿਲ ਕਰ ਲਏ ਹਨ। ਹਾਰ ਰਹੀ ਧਿਰ ਹੀ ਕਾਰਵਾਈ ਰੋਕਣ ਦੀ ਮੰਗ ਕਰਦੀ ਹੈ। ਸਬੰਧਿਤ ਸਵਾਲ ਜੋ ਉਠਾਏ ਜਾਣ ਦੀ ਸੰਭਾਵਨਾ ਹੈ, ਉਹ ਇਹ ਹੈ ਕਿ ਕੀ ਭਾਰਤ ਉੱਪਰ ਆਪਣੀਆਂ ਤਲਵਾਰਾਂ ਨੂੰ ਮਿਆਨ ਵਿੱਚ ਰੱਖਣ ਲਈ ਦਬਾਅ ਪਾਉਣ ਵਿੱਚ ਅਮਰੀਕਾ ਦਾ ਕੋਈ ਹੱਥ ਸੀ? ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਤੱਕ 25 ਵਾਰ ਇਹ ਆਖ ਚੁੱਕੇ ਹਨ ਕਿ ਉਨ੍ਹਾਂ ਦੋਵਾਂ ਪਰਮਾਣੂ ਸ਼ਕਤੀਆਂ ਵਿਚਕਾਰ ਜੰਗਬੰਦੀ ਕਰਵਾਈ ਅਤੇ ਇਸ ਤਰ੍ਹਾਂ ਸੰਭਾਵੀ ਤਬਾਹੀ ਟਾਲ ਦਿੱਤੀ। ਬੇਸ਼ੱਕ, ਟਰੰਪ ਨੂੰ ਸੱਚ ਬੋਲਣ ਦਾ ਆਦਰਸ਼ ਨਹੀਂ ਕਿਹਾ ਜਾ ਸਕਦਾ ਪਰ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨੇ ਵਾਰ-ਵਾਰ ਕਿਹਾ ਹੈ ਕਿ ਰੋਕ ਲਾਉਣ ਦੇ ਸਾਡੇ ਫ਼ੈਸਲੇ ਵਿੱਚ ਕੋਈ ਅਮਰੀਕੀ ਹੱਥ ਨਹੀਂ ਸੀ, ਇਸ ਲਈ ਵਿਰੋਧੀ ਧਿਰ ਕੁਝ ਤੀਬਰਤਾ ਨਾਲ ਇਸ ਨੁਕਤੇ ਉੱਪਰ ਸਪੱਸ਼ਟਤਾ ਲਈ ਦਬਾਅ ਪਾਵੇਗੀ।

ਤੀਜਾ ਸਵਾਲ ਸਾਡੇ ਨੁਕਸਾਨ ਬਾਰੇ ਹੈ, ਮੁੱਖ ਤੌਰ ’ਤੇ ਸਾਡੇ ਲੜਾਕੂ ਜਹਾਜ਼ਾਂ ਦੇ ਮਾਮਲੇ ਵਿੱਚ। ਜੰਗ ਦੀ ਸਥਿਤੀ ਵਿੱਚ ਜਾਨ-ਮਾਲ ਦਾ ਨੁਕਸਾਨ ਟਾਲਿਆ ਨਹੀਂ ਜਾ ਸਕਦਾ। ਇੱਥੋਂ ਤੱਕ ਕਿ ਗਲਵਾਨ ਵਿੱਚ ਨਿਸਬਤਨ ਬਹੁਤ ਛੋਟੇ ਪੈਮਾਨੇ ਦੀ ਝੜਪ ਵਿੱਚ ਵੀ, ਜਿਵੇਂ ਅਸੀਂ ਜਾਣਦੇ ਹਾਂ ਅਸੀਂ ਇੱਕ ਕਰਨਲ ਸਣੇ 20 ਬਹਾਦਰ ਜਵਾਨ ਗੁਆ ਲਏ। ਅਸੀਂ ਜੋ ਵੀ ਜੰਗਾਂ ਲੜੀਆਂ ਹਨ, ਉਨ੍ਹਾਂ ਵਿੱਚ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਰ ਫ਼ੌਜੀ ਦੀ ਗਿਣਤੀ ਦਾ ਐਲਾਨ ਕੀਤਾ ਗਿਆ। ਸਮਝ ਨਹੀਂ ਆਉਂਦੀ ਕਿ ਐਤਕੀਂ ਇੰਨੀ ਰਾਜ਼ਦਾਰੀ ਕਿਉਂ ਵਰਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਕੋਈ ਵੀ ਸ਼ੰਕਾ ਕਿ ਇਸ ਨਾਲ ਸਾਡੇ ਲੜਾਕੂ ਬਲਾਂ ਦੇ ਹੌਸਲੇ ਉੱਪਰ ਮਾੜਾ ਅਸਰ ਪਵੇਗਾ, ਪੂਰੀ ਤਰ੍ਹਾਂ ਗ਼ਲਤ ਹੋਵੇਗਾ। ਜੰਗ ਵਿੱਚ ਹਿੱਸਾ ਲੈਣ ਵਾਲਿਆਂ ਜਾਂ ਹਥਿਆਰਬੰਦ ਬਲਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਅਸੀਂ ਕੀ ਕੁਝ ਗੁਆਇਆ ਹੈ। ਪਾਕਿਸਤਾਨ ਦਾ ਦਾਅਵਾ ਕਿ ਉਨ੍ਹਾਂ ਸਾਡੇ ਛੇ ਜਹਾਜ਼ ਸੁੱਟ ਹਨ, ਜਿਨ੍ਹਾਂ ਵਿੱਚ ਤਿੰਨ ਰਾਫਾਲ ਲੜਾਕੂ ਜਹਾਜ਼ ਵੀ ਸ਼ਾਮਿਲ ਸਨ, ਪਹਿਲੀ ਨਜ਼ਰੇ ਹੀ ਬੇਹਿਸਾਬ ਲੱਗਦਾ ਹੈ। ਉਨ੍ਹਾਂ ਦੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਦਾ ਸਭ ਤੋਂ ਵਧੀਆ ਤਰੀਕਾ, ਤੱਥ ਹੀ ਹਨ। ਫ਼ੌਜੀ ਜਰਨੈਲਾਂ ਤੇ ਹਵਾਈ ਸੈਨਾ ਅਧਿਕਾਰੀਆਂ ਰਾਹੀਂ ਸਾਂਝੇ ਕੀਤੇ ਜਾ ਰਹੇ ਛੋਟੇ-ਛੋਟੇ ਵੇਰਵੇ ਹੁਣ ਜਨਤਾ ਨੂੰ ਯਕੀਨ ਦਿਵਾਉਣ ਲਈ ਕਾਫ਼ੀ ਨਹੀਂ ਹਨ। ਸਰਕਾਰ ਨੂੰ ਸੰਸਦ ਵਿੱਚ ਆਪਣੇ ਨੁਕਸਾਨ ਦਾ ਖ਼ੁਲਾਸਾ ਕਰ ਕੇ ਸਪੱਸ਼ਟਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਹ ਚੇਤੇ ਰੱਖਣਾ ਬਿਹਤਰ ਹੋਵੇਗਾ ਕਿ ਸੋਸ਼ਲ ਮੀਡੀਆ ਦੇ ਪਸਾਰੇ ਨੂੰ ਦੇਖਦਿਆਂ, ਅੱਜ ਨਹੀਂ ਤਾਂ ਕੱਲ੍ਹ, ਨੁਕਸਾਨ ਦੇ ਵੇਰਵੇ ਸਾਹਮਣੇ ਆ ਜਾਣਗੇ। ਸਮਝਦਾਰੀ ਇਸੇ ’ਚ ਹੈ ਕਿ ਸਰਕਾਰ ਖ਼ੁਦ ਪਹਿਲ ਕਰੇ। ਤੱਥ ਲੁਕੋਣ ਦਾ ਕੋਈ ਤਰਕ ਨਹੀਂ ਹੈ।

ਪਾਕਿਸਤਾਨ ਵੱਲ ਪਾਣੀ ਦਾ ਵਹਾਅ ਰੋਕ ਕੇ ਉਸ ’ਤੇ ਦਬਾਅ ਬਣਾਉਣਾ ਅਸਰਦਾਰ ਤਰੀਕਾ ਹੈ ਜਿਸ ਨਾਲ ਉਸ ਨੂੰ ਸ਼ਾਂਤੀ ਬਣਾਈ ਰੱਖਣ ਲਈ ਵੀ ਮਜਬੂਰ ਕੀਤਾ ਜਾ ਸਕਦਾ ਹੈ। ਸਾਡੇ ਵਿੱਚੋਂ ਕੁਝ ਲੰਮੇ ਸਮੇਂ ਤੋਂ ਇਸ ਦੀ ਵਕਾਲਤ ਕਰ ਰਹੇ ਹਨ। ਹੈਰਾਨੀਜਨਕ ਹੈ ਕਿ ਇਹ ਪਹਿਲਾਂ ਕਿਉਂ ਨਹੀਂ ਕੀਤਾ ਗਿਆ; ਖ਼ਾਸ ਤੌਰ ’ਤੇ ਸੰਸਦ ਉੱਤੇ ਹਮਲੇ ਮਗਰੋਂ, ਮੁੰਬਈ ’ਚ 26/11 ਦੇ ਅਤਿਵਾਦੀ ਹਮਲਿਆਂ ਜਾਂ ਪੁਲਵਾਮਾ ਹਮਲੇ ਦੇ ਮੱਦੇਨਜ਼ਰ। ਪਾਕਿਸਤਾਨ ਮੁੱਖ ਤੌਰ ’ਤੇ ਖੇਤੀ ਪ੍ਰਧਾਨ ਮੁਲਕ ਹੈ। ਖੇਤੀਬਾੜੀ ਦਾ ਪਾਕਿਸਤਾਨ ਦੇ ਕੁੱਲ ਘਰੇਲੂ ਉਤਪਾਦ ਵਿੱਚ ਲਗਭਗ 19 ਤੋਂ 24 ਫ਼ੀਸਦੀ ਯੋਗਦਾਨ ਹੈ। ਇਸ ਤੋਂ ਇਲਾਵਾ ਇਹ ਦੇਸ਼ ਦੀ ਲਗਭਗ 42 ਤੋਂ 48 ਫ਼ੀਸਦੀ ਕਿਰਤ ਸ਼ਕਤੀ ਨੂੰ ਵੀ ਰੁਜ਼ਗਾਰ ਦਿੰਦੀ ਹੈ। ਗਰਮੀਆਂ ਵਿੱਚ ਪਾਣੀ ਰੋਕਣਾ ਅਤੇ ਮੌਨਸੂਨ ਦੌਰਾਨ ਹੜ੍ਹਾਂ ਲਈ ਵਾਧੂ ਪਾਣੀ ਛੱਡਣਾ, ਭਾਰਤ ਦੇ ਅਸਲੇਖਾਨੇ ’ਚ ਮੌਜੂਦ ਸਭ ਤੋਂ ਅਸਰਦਾਰ ਹਥਿਆਰਾਂ ਵਿੱਚੋਂ ਇੱਕ ਹੈ ਜੋ ਨਾ ਸਿਰਫ਼ ਪਾਕਿਸਤਾਨ ਨੂੰ ਆਰਥਿਕ ਤੌਰ ’ਤੇ ਸੱਟ ਮਾਰਦਾ ਹੈ ਬਲਕਿ ਜਨਤਕ ਬੈਚੇਨੀ ਵੀ ਪੈਦਾ ਕਰਦਾ ਹੈ ਤੇ ਇਹ ਬਦਲੇ ’ਚ ਉੱਥੇ ਜਮਹੂਰੀਅਤ ਦੀਆਂ ਜੜ੍ਹਾਂ ਜਮਾਉਣ ’ਚ ਯੋਗਦਾਨ ਪਾ ਸਕਦਾ ਹੈ। ਸਰਕਾਰ ਨੇ ਸਿੰਧੂ ਜਲ ਸੰਧੀ ਮੁਅੱਤਲ ਕਰ ਕੇ ਬਿਲਕੁਲ ਸਹੀ ਕੀਤਾ ਹੈ। ਉਮੀਦ ਹੈ ਕਿ ਚੀਨ ਵੱਲੋਂ ਉੱਠ ਰਹੇ ਖ਼ਦਸ਼ਿਆਂ ਦੇ ਬਾਵਜੂਦ, ਇਹ ਫ਼ੈਸਲਾ ਬਰਕਰਾਰ ਰਹੇਗਾ।

ਸਾਨੂੰ ਅਪਰੇਸ਼ਨ ਸਿੰਧੂਰ ਤੋਂ ਹੋਏ ਫ਼ਾਇਦਿਆਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਵੀ ਹੈ। ਪਾਕਿਸਤਾਨੀ ਹਵਾਈ ਅੱਡਿਆਂ ਤੇ ਹਵਾਈ ਰੱਖਿਆ ਪ੍ਰਣਾਲੀਆਂ ਦਾ ਨੁਕਸਾਨ ਸਾਡੇ ਅਹਿਮ ਉਦੇਸ਼ (ਪਾਕਿਸਤਾਨ ਨੂੰ ਅਤਿਵਾਦੀ ਹਮਲੇ ਕਰਨ ਜਾਂ ਇਨ੍ਹਾਂ ਨੂੰ ਸ਼ਹਿ ਦੇਣ ਤੋਂ ਰੋਕਣ) ਨੂੰ ਪ੍ਰਾਪਤ ਕਰਨ ਦਾ ਸਿਰਫ਼ ਇੱਕ ਸਾਧਨ ਹੈ। ਅਜੇ ਇਸ ਸਿੱਟੇ ’ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਫੀਲਡ ਮਾਰਸ਼ਲ ਮੁਨੀਰ ਅਤੇ ਉਸ ਵਰਗੇ ਹੋਰ ਲੋਕ ਹੁਣ ਵੀ ਅੱਗ ਉਗਲ ਰਹੇ ਹਨ ਅਤੇ ਭਾਰਤ ਦੇ ਅਪਰੇਸ਼ਨ ਸਿੰਧੂਰ ਦਾ ਮੁਕਾਬਲਾ ਕਰਨ ਲਈ ਸ਼ੁਰੂ ਕੀਤੇ ਗਏ ਆਪਣੇ ਅਪਰੇਸ਼ਨ ‘ਬੁਨਯਾਨ-ਅਲ-ਮਰਸੂਸ ਦੀ ਜਿੱਤ’ ਦਾ ਦਾਅਵਾ ਕਰ ਰਹੇ ਹਨ। ਕੀ ਉਨ੍ਹਾਂ ਨੂੰ ਦਹਿਸ਼ਤੀ ਕਾਰਵਾਈਆਂ ਤੋਂ ਦੂਰੀ ਬਣਾਉਣ ਲਈ ਕਿਹਾ ਗਿਆ ਹੈ, ਇਹ ਸਮਾਂ ਹੀ ਦੱਸੇਗਾ। ਇਸ ਦੌਰਾਨ ਸਾਨੂੰ ਆਪਣੀਆਂ ਹੰਗਾਮੀ ਯੋਜਨਾਵਾਂ ਤਿਆਰ ਰੱਖਣ ਤੇ ਗੁਆਂਢੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਭਵਿੱਖੀ ਗੁਸਤਾਖ਼ੀ ਦਾ ਜਵਾਬ ਦੇਣ ਲਈ ਚੌਕਸ ਰਹਿਣ ਦੀ ਲੋੜ ਹੈ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਇਸ ਲੜਾਈ ’ਚ ਇਕੱਲਾ ਹੀ ਹੈ। ਇਹ ਨਿਰਾਸ਼ਾਜਨਕ ਜ਼ਰੂਰ ਸੀ, ਹੈਰਾਨੀਜਨਕ ਨਹੀਂ ਕਿ ਜਿਨ੍ਹਾਂ ਸਾਰੇ ਮੁਲਕਾਂ ਨੂੰ ਅਸੀਂ ਅਪਰੇਸ਼ਨ ਸਿੰਧੂਰ ਤੋਂ ਬਾਅਦ ਵਫ਼ਦ ਭੇਜੇ, ਉਨ੍ਹਾਂ ਨਿਰਦੋਸ਼ ਨਾਗਰਿਕਾਂ ’ਤੇ ਹੋਏ ਅਤਿਵਾਦੀ ਹਮਲਿਆਂ ਦੀ ਸਪੱਸ਼ਟ ਤੌਰ ’ਤੇ ਨਿੰਦਾ ਤਾਂ ਕੀਤੀ, ਪਰ ਸ਼ਾਇਦ ਹੀ ਕਿਸੇ ਦੇਸ਼ ਨੇ ਪਾਕਿਸਤਾਨ ਦਾ ਨਾਂ ਲੈ ਕੇ ਅਜਿਹਾ ਕੀਤਾ, ਜਿਵੇਂ ਅਸੀਂ ਚਾਹੁੰਦੇ ਸੀ ਤੇ ਉਮੀਦ ਕਰ ਰਹੇ ਸੀ।

*ਲੇਖਕ ਥਲ ਸੈਨਾ ਦੇ ਸਾਬਕਾ ਉਪ ਮੁਖੀ ਹਨ।

Advertisement