ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾੜੇ ਸਮਿਆਂ ’ਚੋਂ ਮਿਲੀਆਂ ਮੰਜ਼ਿਲਾਂ...

ਚਮਨ ਲਾਲ ਸੰਨ 1975 ਦੀ 26 ਜੂਨ ਦੀ ਸਵੇਰ ਓਨੀ ਹੀ ਗਰਮ ਤੇ ਨਮ ਸੀ ਜਿੰਨਾ ਆਮ ਤੌਰ ’ਤੇ ਜੂਨ ਮਹੀਨਾ ਹੁੰਦਾ ਹੈ। ਉਸ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 21 ਜਾਂ 22 ਜੂਨ ਤੋਂ ਸ਼ੁਰੂ ਹੋ...
Advertisement

ਚਮਨ ਲਾਲ

ਸੰਨ 1975 ਦੀ 26 ਜੂਨ ਦੀ ਸਵੇਰ ਓਨੀ ਹੀ ਗਰਮ ਤੇ ਨਮ ਸੀ ਜਿੰਨਾ ਆਮ ਤੌਰ ’ਤੇ ਜੂਨ ਮਹੀਨਾ ਹੁੰਦਾ ਹੈ। ਉਸ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 21 ਜਾਂ 22 ਜੂਨ ਤੋਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਦਿਨਾਂ ’ਚ ਮੈਂ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਪੂਹਲਾ ਵਿੱਚ ਹਿੰਦੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਤੇ ਆਪਣੇ ਜੱਦੀ ਸ਼ਹਿਰ ਰਾਮਪੁਰਾ ਫੂਲ ਜਾਣ ਦੀ ਬਜਾਏ ਦੋਸਤਾਂ ਨਾਲ ਬਠਿੰਡੇ ਕੁਝ ਸਮਾਂ ਬਿਤਾਉਣ ਆ ਗਿਆ। ਅਸੀਂ ਛੱਤ ’ਤੇ ਸੌਂ ਰਹੇ ਸੀ ਤੇ ਰਾਤ 2 ਵਜੇ ਤੱਕ ਗੱਲਾਂ ਕਰਦੇ ਰਹੇ। ਸਵੇਰੇ ਕਰੀਬ ਪੰਜ ਵਜੇ ਜਿਵੇਂ ਹੀ ਮੈਂ ਬਿਨਾਂ ਐਨਕ ਦੇ ਉਨੀਂਦਰੇ ’ਚ ਉੱਠਿਆ ਤਾਂ ਮੇਰੀ ਕਮਜ਼ੋਰ ਜਿਹੀ ਨਜ਼ਰ ਇੱਕ ਪੁਲੀਸ ਅਧਿਕਾਰੀ ਉੱਤੇ ਪਈ। ਮੈਂ ਸੋਚਿਆ ਕਿ ਉਹ ਮੇਰੇ ਦੋਸਤ ਦੇ ਪਿਤਾ ਜੀ ਹੋਣਗੇ, ਜੋ ਪੁਲੀਸ ਅਧਿਕਾਰੀ ਸਨ ਤੇ ਘਰ ਆਏ ਹੋਣਗੇ! ਪਰ ਇਹ ਪੁਲੀਸ ਅਧਿਕਾਰੀ ਹੋਰ ਸਨ ਤੇ ਪ੍ਰੋਫੈਸਰ ਤੋਂ ਕਾਮਰੇਡ ਬਣੇ ਬੰਦੇ ਨੂੰ ਚੁੱਕਣ ਆਏ ਸਨ। ਮੈਂ ਉਨ੍ਹਾਂ ਦੀ ਸੂਚੀ ਵਿੱਚ ਨਹੀਂ ਸੀ, ਪਰ ਉਹ ਮੈਨੂੰ ਵੀ ਉਸ ਦੇ ਨਾਲ ਥਾਣੇ ਲੈ ਗਏ। ਅਸੀਂ ਹੈਰਾਨ ਸੀ। ਸਵੇਰ ਦਾ ਸਮਾਂ ਸੀ ਅਤੇ ਅਖ਼ਬਾਰਾਂ ਵਾਲੇ ‘ਐਮਰਜੈਂਸੀ ਲੱਗ ਗਈ’ ਕਹਿ ਕੇ ਅਖ਼ਬਾਰਾਂ ਵੇਚਦੇ ਹੋਏ ਸ਼ੋਰ ਪਾ ਰਹੇ ਸਨ। ਸਾਡੇ ਦੋਵਾਂ ਵਾਂਗ ਇੱਕ ਹੋਰ ਨਿਤਾਣੇ ਜਿਹੇ ਬੰਦੇ ਨੂੰ ਪੁਲੀਸ ਪੈਦਲ ਹੀ ਥਾਣੇ ਲਿਜਾ ਰਹੀ ਸੀ, ਜੋ ‘ਇੰਦਰਾ ਗਾਂਧੀ ਮੁਰਦਾਬਾਦ’ ਦੇ ਨਾਅਰੇ ਲਾ ਰਿਹਾ ਸੀ। ਬਾਅਦ ਵਿੱਚ ਥਾਣੇ ’ਚ ਪਤਾ ਲੱਗਾ ਕਿ ਉਹ ਸੀਪੀਐੱਮ ਕਾਰਕੁਨ ਸੀ। ਬਠਿੰਡਾ ਤੋਂ ਇੱਕ ਹੋਰ ਮੰਨੇ-ਪ੍ਰਮੰਨੇ ਕਾਰਕੁਨ ਵੇਦ ਪ੍ਰਕਾਸ਼ ਗੁਪਤਾ ਨੂੰ ਵੀ ਲਿਆਂਦਾ ਗਿਆ। ਅਸੀਂ ਥਾਣੇ ਵਿੱਚ ਕੁਝ ਅਖ਼ਬਾਰ ਦੇਖੇ ਤੇ ਭਾਰਤੀ ਰਾਜਨੀਤੀ ਨੂੰ ਲੱਗੇ ਇਸ ਵੱਡੇ ਝਟਕੇ ਦਾ ਅਹਿਸਾਸ ਹੋਇਆ। ਸਾਨੂੰ ਚਾਰਾਂ ਨੂੰ 27 ਜੂਨ ਨੂੰ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਅਤੇ ਆਈਪੀਸੀ ਦੀ ਧਾਰਾ 107/51 ਦੇ ਚਾਰਜ ਤਹਿਤ ਨਾਅਰੇਬਾਜ਼ੀ ਕਰ ਕੇ ਸ਼ਾਂਤੀ ਭੰਗ ਕਰਨ ਤੇ ਸਰਕਾਰ ਵਿਰੁੱਧ ਜਲੂਸ ਕੱਢਣ ਦੇ ਦੋਸ਼ ਲਾ ਕੇ ਸਿੱਧਾ ਬਠਿੰਡੇ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ।
Advertisement

ਮੈਂ ਅਧਿਆਪਕ ਯੂਨੀਅਨ ਦਾ ਕਾਰਕੁਨ ਵੀ ਸੀ, ਇਸ ਲਈ ਉਸ ਸਮੇਂ ਦੇ ਸਰਕਾਰੀ ਸਕੂਲ ਅਧਿਆਪਕ ਯੂਨੀਅਨ ਦੇ ਪ੍ਰਧਾਨ ਜਗਮੋਹਨ ਕੌਸ਼ਲ ਮੇਰੀ ਰਿਹਾਈ ਲਈ ਵਫ਼ਦ ਨਾਲ ਬਠਿੰਡਾ ਦੇ ਐੱਸਐੱਸਪੀ ਗੁਰਬਚਨ ਜਗਤ (ਹੁਣ ਟ੍ਰਿਬਿਊਨ ਦੇ ਟਰੱਸਟੀ) ਨੂੰ ਮਿਲੇ। ਪੰਜ ਜੁਲਾਈ ਤੋਂ ਬਾਅਦ ਵੱਡੀ ਗਿਣਤੀ ’ਚ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਇੰਦਰਾ ਗਾਂਧੀ ਨੇ ਆਪਣਾ 20 ਨੁਕਾਤੀ ਪ੍ਰੋਗਰਾਮ ਐਲਾਨਿਆ। ਇਨ੍ਹਾਂ ’ਚ ਅਕਾਲੀ ਦਲ, ਜਨਸੰਘ, ਸੀਪੀਐੱਮ ਦੇ ਰਾਜਨੀਤਕ ਕਾਰਕੁਨ/ਨੇਤਾ ਅਤੇ ਅਧਿਆਪਕਾਂ/ਕਰਮਚਾਰੀਆਂ ਵਿੱਚੋਂ ਕਈ ਟਰੇਡ ਯੂਨੀਅਨ ਆਗੂ ਵੀ ਸ਼ਾਮਿਲ ਸਨ। ਸਾਬਕਾ ਮੰਤਰੀ ਬਲਰਾਮਜੀ ਦਾਸ ਟੰਡਨ ਅਤੇ ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਨੂੰ ਵੀ ਬਠਿੰਡਾ ਜੇਲ੍ਹ ਲਿਆਂਦਾ ਗਿਆ ਅਤੇ ਵਿਸ਼ੇਸ਼ ਵਾਰਡ ਵਿੱਚ ਬਹੁਤ ਸਾਰੀਆਂ ਸਹੂਲਤਾਂ ਨਾਲ ਰੱਖਿਆ ਗਿਆ। ਪੋਸਟ ਗਰੈਜੂਏਟ ਹੋਣ ਦੇ ਨਾਤੇ ਸਾਡੇ ਵਿੱਚੋਂ ਕਈ ਕਾਨੂੰਨੀ ਤੌਰ ’ਤੇ ‘ਬੀ’ ਕਲਾਸ ਜਾਂ ਬਿਹਤਰ ਸਹੂਲਤਾਂ ਦੀ ਮੰਗ ਕਰ ਸਕਦੇ ਸਨ, ਪਰ ਕਿਸੇ ਨੇ ਵੀ ਨਹੀਂ ਕੀਤੀ। 32 ਪੱਥਰਾਂ ਵਾਲੇ ਬੈੱਡਾਂ ਵਾਲੀ ਬੈਰਕ ਵਿੱਚ 64 ਕੈਦੀ ਭਰੇ ਹੋਏ ਸਨ। ਦੋ ਬੈੱਡਾਂ ਦੇ ਵਿਚਕਾਰ ਖਾਲੀ ਥਾਂ ਸੀ, ਇਸ ਲਈ ਉਨ੍ਹਾਂ ਫਰਸ਼ ਵਾਲੇ ਬੈੱਡਾਂ ’ਤੇ 32 ਵਿਅਕਤੀਆਂ ਨੂੰ ਰੱਖਿਆ ਸੀ। ਕੁਝ ਦਿਨਾਂ ਤੱਕ ਮਾਹੌਲ ਉਤਸ਼ਾਹਪੂਰਨ ਅਤੇ ਪ੍ਰੇਰਨਾ ਵਾਲਾ ਰਿਹਾ। ਕੈਦੀ ਦਿਨ ਵੇਲੇ ਵਾਲੀਬਾਲ, ਕਬੱਡੀ ਆਦਿ ਖੇਡਦੇ ਅਤੇ ਰਾਤ ਦਾ ਖਾਣਾ ਪਰੋਸਣ ਤੋਂ ਬਾਅਦ ਬੈਰਕਾਂ ਬੰਦ ਹੋਣ ਤੋਂ ਪਹਿਲਾਂ ਇਨਕਲਾਬੀ ਗੀਤ ਗਾਉਂਦੇ। ਬੈਰਕ ਦੇ ਕੇਂਦਰ ’ਚ 64 ਵਿਅਕਤੀਆਂ ਲਈ ਰਾਤ ਨੂੰ ਵਰਤਣ ਵਾਸਤੇ ਸਿਰਫ਼ ਇੱਕ ਪਖਾਨਾ ਸੀ; ਇੱਕ ਦੂਜੇ ਦੇ ਸਾਹਮਣੇ ਬਣੀਆਂ ਦੋ ਬੈਰਕਾਂ ਲਈ ਚਾਰ ਪਖਾਨੇ ਸਨ ਜਿਨ੍ਹਾਂ ਵਿੱਚ 128 ਜਣੇ ਕੈਦ ਸਨ।

ਕਾਮਰੇਡ ਨੂੰ ਸਾਬਕਾ ਮੰਤਰੀ ਟੰਡਨ ਅਤੇ ਬਲਵੰਤ ਸਿੰਘ ਦੁਆਰਾ ਸ਼ਤਰੰਜ ਖੇਡਣ ਲਈ ਬੁਲਾਇਆ ਜਾਂਦਾ ਸੀ, ਕਿਉਂਕਿ ਉਹ ਇਸ ਵਿੱਚ ਮਾਹਿਰ ਸਨ। ਉਹ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਜਿਵੇਂ ਐਡਗਰ ਸਨੋਅ ਦੀ ਕਿਤਾਬ ‘ਰੈੱਡ ਸਟਾਰ ਓਵਰ ਚਾਈਨਾ’ ਬਾਰੇ, ਜੋ ਉਨ੍ਹਾਂ ਦਿਨਾਂ ਵਿੱਚ ਬਹੁਤ ਮਸ਼ਹੂਰ ਸੀ। ਪਰਿਵਾਰਕ ਮੁਲਾਕਾਤਾਂ ਦੀ ਹਫ਼ਤਾਵਾਰੀ ਤੌਰ ’ਤੇ ਇਜਾਜ਼ਤ ਸੀ, ਮੈਨੂੰ ਸ਼ਰਤ ਚੰਦਰ, ਵਰਿੰਦਾਵਨ ਲਾਲ ਵਰਮਾ, ਪ੍ਰੇਮ ਚੰਦ ਅਤੇ ਹੋਰ ਕਈਆਂ ਦੇ ਵੱਡ-ਆਕਾਰੀ ਨਾਵਲ, ਜ਼ਿਆਦਾਤਰ ਹਿੰਦੀ ਵਿੱਚ ਮਿਲਦੇ ਸਨ। ਮੈਂ ਜੇਐੱਨਯੂ ਵਿੱਚ ਹਿੰਦੀ ’ਚ ਨਵੇਂ ਸ਼ੁਰੂ ਹੋਏ ਪੀਐੱਚਡੀ ਕੋਰਸ ਵਿੱਚ ਦਾਖਲੇ ਲਈ ਅਰਜ਼ੀ ਦਿੱਤੀ ਸੀ ਅਤੇ ਮੈਨੂੰ ਇੰਟਰਵਿਊ ਲਈ ਹਾਜ਼ਰ ਹੋਣ ਲਈ ਟੈਲੀਗ੍ਰਾਮ ਮਿਲਿਆ। ਮੇਰੇ ਪਿਤਾ ਨੇ ਉਸ ਟੈਲੀਗ੍ਰਾਮ ਦੇ ਹਵਾਲੇ ਨਾਲ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ, ਪਰ ਇਨਕਾਰ ਕਰ ਦਿੱਤਾ ਗਿਆ, ਇਸ ਲਈ ਇੰਟਰਵਿਊ ਵਿੱਚ ਸ਼ਾਮਿਲ ਨਹੀਂ ਹੋ ਸਕਿਆ (1976 ਵਿੱਚ ਮੈਂ ਚੁਣਿਆ ਗਿਆ ਸੀ, ਪਰ ਪੁਲੀਸ ਰਿਪੋਰਟ ਦੇ ਆਧਾਰ ’ਤੇ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ; ਉੱਘੇ ਪੱਤਰਕਾਰ ਮੋਹਨ ਰਾਮ ਨੂੰ ਵੀ 1975 ਵਿੱਚ ਇਸੇ ਤਰ੍ਹਾਂ ਨਾਂਹ ਕਰ ਦਿੱਤੀ ਗਈ ਸੀ। ਅੰਤ, ਮੈਨੂੰ 1977 ’ਚ ਜੇਐੱਨਯੂ ਵਿੱਚ ਦਾਖਲਾ ਮਿਲ ਗਿਆ)।

ਦੋ ਮਹੀਨਿਆਂ ਬਾਅਦ ਸਾਡੇ ’ਚੋਂ ਕੁਝ ਨੂੰ ਜ਼ਮਾਨਤ ਮਿਲ ਗਈ ਅਤੇ ਰਿਹਾਅ ਕਰ ਦਿੱਤਾ ਗਿਆ। ਕਾਮਰੇਡ (ਜਿਨ੍ਹਾਂ ਦਾ 2009 ਵਿੱਚ ਦੇਹਾਂਤ ਹੋ ਗਿਆ ਸੀ) ਨੇ ਜ਼ਮਾਨਤੀ ਸ਼ਰਤਾਂ ਨਾ ਮੰਨੀਆਂ ਅਤੇ ਗਾਇਬ ਹੋ ਗਏ। ਮੈਂ ਆਪਣੇ ਘਰ ਨਹੀਂ ਗਿਆ, ਬਲਕਿ ਦੋਸਤਾਂ ਨੂੰ ਮਿਲਣਾ ਚਾਹੁੰਦਾ ਸੀ, ਇਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਫੀ ਹਾਊਸ ਆ ਗਿਆ ਤੇ ਪ੍ਰੋ. ਹਰਜੀਤ ਗਿੱਲ, ਲਾਲੀ ਬਾਬਾ ਅਤੇ ਸੁਰਜੀਤ ਲੀ ਵਰਗੇ ਦੋਸਤਾਂ ਨੂੰ ਮਿਲਿਆ ਪਰ ਪੁਲੀਸ ਨੇ ਮੇਰੇ ਘਰ ਛਾਪਾ ਮਾਰਿਆ ਅਤੇ ਮੇਰੇ ਪਰਿਵਾਰ ਨੇ ਮੈਨੂੰ ਆਤਮ-ਸਮਰਪਣ ਕਰਨ ਲਈ ਬਠਿੰਡੇ ਲਿਆਂਦਾ। ਮੈਨੂੰ ਬਾਜ਼ਾਰ ਵਿੱਚ ਇੱਕ ਰਿਸ਼ਤੇਦਾਰ ਦੀ ਦੁਕਾਨ ’ਚ ਰੱਖਿਆ, ਜਿਸ ਨੇ ਬਾਹਰੋਂ ਤਾਲਾ ਲਾ ਦਿੱਤਾ ਤਾਂ ਜੋ ਮੈਂ ਭੱਜ ਨਾ ਸਕਾਂ।

ਦੂਜੀ ਗ੍ਰਿਫਤਾਰੀ ਡੀਆਈਆਰ ਤਹਿਤ ਹੋਈ ਸੀ, ਜਿਸ ਵਿੱਚ ਛੇਤੀ ਜ਼ਮਾਨਤ ਦੀ ਕੋਈ ਉਮੀਦ ਨਹੀਂ ਸੀ। ਦਿਲਚਸਪ ਗੱਲ ਇਹ ਹੈ ਕਿ ਮੈਨੂੰ ਲੱਭਦਿਆਂ ਬਠਿੰਡਾ ਤੋਂ ਜਨਸੰਘ ਦੇ ਚਮਨ ਲਾਲ ਨੂੰ ਚੁੱਕ ਲਿਆ ਅਤੇ ਅਸੀਂ ਚਾਰ- 3 ਜਨਸੰਘ ਦੇ ਅਤੇ ਇੱਕ ‘ਖੱਬੇਪੱਖੀ’, ਨੂੰ ਪਹਿਲਾਂ ਵਾਂਗ ਹੀ ਲਗਭਗ ਉਸੇ ਤਰ੍ਹਾਂ ਦੀ ਕਹਾਣੀ ਘੜ ਕੇ ਦੁਬਾਰਾ ਕੈਦ ਕਰ ਲਿਆ। ਇਸ ਵਾਰ ਮੈਂ ਵੀ ਜ਼ਰਾ ਟਿਕ ਗਿਆ ਅਤੇ ਆਪਣੀ ਸਿਹਤ ਦਾ ਖਿਆਲ ਰੱਖਿਆ; ਮੇਰੇ ਕੰਨਾਂ ਵਿੱਚੋਂ ਪੀਕ ਨਿਕਲ ਰਹੀ ਸੀ, ਇਸ ਲਈ ਮੈਨੂੰ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਕੰਨ ਦੀ ਸਰਜਰੀ ਖਾਤਰ ਹਫ਼ਤੇ ਤੋਂ ਕੁਝ ਵੱਧ ਸਮੇਂ ਲਈ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ। ਉੱਥੇ ਕਈ ਦੋਸਤ ਮੈਨੂੰ ਹਸਪਤਾਲ ਦੇ ਬੈੱਡ ’ਤੇ ਮਿਲ ਸਕਦੇ ਸਨ; ਕਾਂਸਟੇਬਲ ਉੱਥੇ ਸੀ, ਪਰ ਉਸ ਨੇ ਇਸ ਬਾਰੇ ਕੋਈ ਪ੍ਰੇਸ਼ਾਨੀ ਖੜ੍ਹੀ ਨਹੀਂ ਕੀਤੀ। ਪਟਿਆਲਾ ਜੇਲ੍ਹ ’ਚ ਮੇਰੇ ਉਨ੍ਹਾਂ ਦਿਨਾਂ ਦੇ ਦੋਸਤਾਂ ਵਿੱਚੋਂ ਇੱਕ ਪ੍ਰੇਮ ਸਿੰਘ ਚੰਦੂਮਾਜਰਾ, ਜੋ ਇਨਕਲਾਬੀ ਵਿਦਿਆਰਥੀ ਜਥੇਬੰਦੀ ਪੀਐੱਸਯੂ ਤੋਂ ਪੰਜਾਬੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਸਨ, ਨੂੰ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ, ਗੁਰਚਰਨ ਸਿੰਘ ਟੌਹੜਾ, ਯੱਗਿਆ ਦੱਤ ਸ਼ਰਮਾ (ਜਨਸੰਘ ਸੰਸਦ ਮੈਂਬਰ) ਨਾਲ ਵਿਸ਼ੇਸ਼ ਵਾਰਡ ਵਿੱਚ ਰੱਖਿਆ ਗਿਆ ਸੀ। ਚੰਦੂਮਾਜਰਾ ਜੀਐੱਸ ਟੌਹੜਾ ਦੀ ਸੰਗਤ ’ਚ ਖੱਬੇ ਪੱਖੀ ਇਨਕਲਾਬੀ ਤੋਂ ਅਕਾਲੀ ਬਣ ਗਏ।

ਅਖ਼ੀਰ, ਮੈਨੂੰ 27 ਜਨਵਰੀ 1976 ਨੂੰ ਜ਼ਮਾਨਤ ਮਿਲ ਗਈ। ਜੂਨ 1975 ਦੇ ਅਖ਼ੀਰ ਤੋਂ ਮੁਅੱਤਲ ਹੋਣ ਕਾਰਨ ਮੈਂ ਸਰਕਾਰੀ ਹਾਈ ਸਕੂਲ ਪੂਹਲਾ ਤੋਂ ਸਰਕਾਰੀ ਮਿਡਲ ਸਕੂਲ ਜੋਗੀਪੁਰ, ਪਟਿਆਲਾ ਬਦਲੀ ਕਰਵਾ ਲਈ। ਮੈਂ ਆਪਣਾ ਮਾਸਿਕ ਮੁਅੱਤਲੀ ਭੱਤਾ ਲੈਣ ਮਹੀਨੇ ਵਿੱਚ ਇੱਕ ਵਾਰ ਸਕੂਲ ਜਾਂਦਾ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 1976 ’ਚ ਦੂਜੀ ਡਿਵੀਜ਼ਨ ਵਿੱਚ ਸੁਧਾਰ ਕਰਨ ਦਾ ਸੁਨਹਿਰੀ ਮੌਕਾ ਦਿੱਤਾ, ਮੇਰੇ ਕੋਲ ਐੱਮਏ (ਹਿੰਦੀ) ’ਚ ਫਸਟ ਕਲਾਸ ਤੋਂ ਕੁਝ ਕੁ ਅੰਕ ਘੱਟ ਸਨ, ਇਸ ਲਈ ਮੈਂ ਤਤਕਾਲੀ ਵਿਭਾਗ ਮੁਖੀ ਡਾ. ਇੰਦਰਨਾਥ ਮਦਨ ਤੇ ਕਵੀ ਕੁਮਾਰ ਵਿਕਲ ਦੇ ਸਹਿਯੋਗ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਿੰਦੀ ਵਿਭਾਗ ਵਿੱਚ ਦਾਖਲਾ ਲੈ ਲਿਆ। ਮੈਨੂੰ ਹੋਸਟਲ ਦੀ ਰਿਹਾਇਸ਼ ਵੀ ਮਿਲੀ; ਖਰਚਾ ਮੈਂ ਮੁਅੱਤਲੀ ਭੱਤੇ ਤੋਂ ਪੂਰਾ ਕੀਤਾ। 1977 ਵਿੱਚ ਐੱਮਏ ਵਿੱਚ ਫਸਟ ਕਲਾਸ ਪ੍ਰਾਪਤ ਕੀਤੀ ਅਤੇ ਜੇਐੱਨਯੂ ਨਾਲ ਜੁੜ ਗਿਆ, ਜਿੱਥੇ ਮੇਰੇ ਕੋਲ ਇੱਕ ਸਾਲ ਤੱਕ ਕੋਈ ਫੈਲੋਸ਼ਿਪ ਨਹੀਂ ਸੀ, ਪਰ ਮੁਅੱਤਲੀ ਭੱਤੇ ਦੀ ਮੇਰੀ ਤਨਖਾਹ ’ਚੋਂ ਬਚਦੇ ਪੈਸਿਆਂ ਅਤੇ ਕੁਝ ਸਥਾਨਕ ਕਾਰਜਾਂ ਜਿਵੇਂ ਅਨੁਵਾਦ, ਨਾਲ ਮੈਂ 1982 ਵਿੱਚ ਆਪਣੀ ਪੀਐੱਚਡੀ ਪੂਰੀ ਕਰ ਲਈ।

*ਲੇਖਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਸੇਵਾਮੁਕਤ ਪ੍ਰੋਫੈਸਰ ਹਨ।

ਸੰਪਰਕ: 98687-74820

Advertisement