ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰੇਰਨਾ ਸਰੋਤ ਤੋਂ ‘ਰਾਸ਼ਟਰ ਵਿਰੋਧੀ’ ਬਣਨ ਤੱਕ

ਪਿਛਲੇ ਹਫ਼ਤੇ ਜਦੋਂ ਲੱਦਾਖ ਵਿੱਚ ਹਿੰਸਾ ਭੜਕੀ ਅਤੇ ਸੁਰੱਖਿਆ ਬਲਾਂ ਨੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤਾਂ ਪੁਲੀਸ ਅਤੇ ਹੋਰ ਅਧਿਕਾਰੀਆਂ ਨੇ ਸੋਨਮ ਵਾਂਗਚੁਕ ’ਤੇ ਰੋਸ ਪ੍ਰਦਰਸ਼ਨ ਭੜਕਾਉਣ ਦਾ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ, ਉਸ ਨੂੰ...
Advertisement

ਪਿਛਲੇ ਹਫ਼ਤੇ ਜਦੋਂ ਲੱਦਾਖ ਵਿੱਚ ਹਿੰਸਾ ਭੜਕੀ ਅਤੇ ਸੁਰੱਖਿਆ ਬਲਾਂ ਨੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤਾਂ ਪੁਲੀਸ ਅਤੇ ਹੋਰ ਅਧਿਕਾਰੀਆਂ ਨੇ ਸੋਨਮ ਵਾਂਗਚੁਕ ’ਤੇ ਰੋਸ ਪ੍ਰਦਰਸ਼ਨ ਭੜਕਾਉਣ ਦਾ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ, ਉਸ ਨੂੰ ਰਾਸ਼ਟਰ ਵਿਰੋਧੀ ਦੱਸਿਆ ਗਿਆ। ਕਿਹਾ ਗਿਆ ਕਿ ਉਹ “ਫਰਵਰੀ ਵਿੱਚ ਉਸ ਦੇ ਕੀਤੇ ਪਾਕਿਸਤਾਨ ਦੌਰੇ” ਦੀ ਵੀ ਜਾਂਚ ਕਰ ਰਹੇ ਹਨ- ਜਿਵੇਂ ਇਹ ਭਾਰਤ ਵਿਰੁੱਧ ਕੀਤਾ ਕੋਈ ਅਪਰਾਧ ਹੋਵੇ।

ਮੈਂ ਉਸ ਦੌਰੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ। ਵਾਂਗਚੁਕ ਨੂੰ ਪਾਕਿਸਤਾਨ ਦੇ ਮੁੱਖ ਮੀਡੀਆ ਅਦਾਰਿਆਂ ਵਿੱਚੋਂ ਇੱਕ ‘ਡਾਅਨ’ ਗਰੁੱਪ ਨੇ ਕਾਨਫਰੰਸ ਵਿੱਚ ਸੱਦਿਆ ਸੀ। ਕਾਨਫਰੰਸ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਬਾਰੇ ਸੀ। ਮੈਂ ਇਸ ਬਾਰੇ ਇਸ ਕਰ ਕੇ ਜਾਣਦੀ ਹਾਂ, ਕਿਉਂਕਿ ਮੈਨੂੰ ਵੀ ਸੱਦਾ ਦਿੱਤਾ ਗਿਆ ਸੀ। ਮੈਂ ਇਸ ਅਖ਼ਬਾਰ ਦੇ ਕਾਲਮਾਂ ਵਿੱਚ ਕਾਨਫਰੰਸ ਬਾਰੇ ਲਿਖਿਆ ਸੀ।

Advertisement

ਉੱਥੇ ਹੀ ਇਸਲਾਮਾਬਾਦ ਵਿੱਚ ਮੈਂ ਵਾਂਗਚੁਕ ਨੂੰ ਪਹਿਲੀ ਵਾਰ ਮਿਲੀ ਸੀ। ‘ਡਾਅਨ’ ਨੇ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਲਈ ਅਹਿਮ ਦੱਖਣੀ ਏਸ਼ਿਆਈ ਪ੍ਰਾਜੈਕਟ ਸ਼ੁਰੂ ਕੀਤਾ ਸੀ। ਅਦਾਰੇ ਨੇ ਬੰਗਲਾਦੇਸ਼, ਭੂਟਾਨ, ਨੇਪਾਲ ਅਤੇ ਭਾਰਤ ਦੇ ਲੋਕਾਂ ਨੂੰ ਇਕੱਠਾ ਕੀਤਾ, ਇਹ ਦਲੀਲ ਦਿੱਤੀ ਕਿ ਜਲਵਾਯੂ ਪਰਿਵਰਤਨ ਅਜਿਹੀ ਚੁਣੌਤੀ ਹੈ ਜਿਸ ਲਈ ‘ਸਮੁੱਚੇ ਦੱਖਣੀ ਏਸ਼ੀਆ’ ਨੂੰ ਸਿਰ ਜੋੜਨ ਦੀ ਲੋੜ ਹੈ। ਆਖ਼ਿਰਕਾਰ, ਇਸ ਖੇਤਰ ਦੇ ਮੁਲਕਾਂ ਨੂੰ ਉੱਤਰ ’ਚ ਪਹਾੜ, ਪੂਰਬ ਤੇ ਪੱਛਮ ’ਚ ਨਦੀਆਂ ਤੇ ਦਰਿਆਈ ਪ੍ਰਣਾਲੀਆਂ ਅਤੇ ਅੱਗੇ ਜਾ ਕੇ ਸਮੁੰਦਰੀ ਤੱਟ ਤੇ ਮਹਾਸਾਗਰ ਇੱਕ-ਦੂਜੇ ਨਾਲ ਜੋੜਦੇ ਹਨ। ਇੱਕ ਦੇਸ਼ ਵਿੱਚ ਹੋਈ ਵਾਤਾਵਰਨ ਦੀ ਤਬਾਹੀ ਗੁਆਂਢੀ ਮੁਲਕ ਉੱਤੇ ਵੀ ਪੂਰਾ ਅਸਰ ਪਾਉਂਦੀ ਹੈ। ਜਦੋਂ ਸਰਦੀਆਂ ਵਿੱਚ ਦਿੱਲੀ ਉੱਤੇ ਧੂੜ ਭਰੀ ਧੁੰਦ ਛਾ ਜਾਂਦੀ ਹੈ ਤਾਂ ਲਾਹੌਰ ਵੀ ਇਸੇ ਤਰ੍ਹਾਂ ਘਿਰ ਜਾਂਦਾ ਹੈ। ਪੰਜਾਬ ਵਿੱਚ ਆਏ ਹੜ੍ਹਾਂ ਨੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਵੀ ਵਿਆਪਕ ਤਬਾਹੀ ਮਚਾਈ ਹੈ। ਇਸ ਤਰ੍ਹਾਂ ਹੋਰ ਵੀ ਕਈ ਕੁਝ ਸਾਂਝਾ ਹੈ।

ਮੈਨੂੰ ਯਾਦ ਹੈ, ਮੈਂ ਇਸ ਦੋ-ਦਿਨਾ ਕਾਨਫਰੰਸ ਦੌਰਾਨ ਇਹੀ ਸੋਚਦੀ ਰਹੀ ਕਿ ਇਹ ਉਹ ਚੀਜ਼ ਹੈ ਜਿਸ ਲਈ ‘ਸਾਰਕ’ (ਖੇਤਰੀ ਸਹਿਯੋਗ ਲਈ ਦੱਖਣ ਏਸ਼ਿਆਈ ਮੁਲਕਾਂ ਦਾ ਸੰਗਠਨ) ਆਪਣੇ ਆਪ ਨੂੰ ਕਾਫ਼ੀ ਉਪਯੋਗੀ ਢੰਗ ਨਾਲ ਸਮਰਪਿਤ ਕਰ ਸਕਦਾ ਸੀ (ਜੇ ਇਹ ਐਨਾ ਬੇਕਾਰ ਨਾ ਹੋ ਗਿਆ ਹੁੰਦਾ)। ਉੜੀ ਹਮਲੇ ਕਾਰਨ 2016 ਵਿੱਚ ਇਸਲਾਮਾਬਾਦ ਸੰਮੇਲਨ ਵਿੱਚ ਸ਼ਾਮਿਲ ਹੋਣ ਤੋਂ ਭਾਰਤ ਦੇ ਇਨਕਾਰ ਤੋਂ ਬਾਅਦ, ਦਿੱਲੀ ਦੀਆਂ ਨਜ਼ਰਾਂ ਵਿੱਚ ‘ਸਾਰਕ’ ਦੀ ਮੌਤ ਹੋ ਗਈ ਹੈ। ‘ਬਿਮਸਟੈਕ’ (ਬਹੁ-ਖੇਤਰੀ ਤਕਨੀਕੀ ਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਦੀ ਪਹਿਲਕਦਮੀ) ਭਾਰਤ ਦਾ ਸਭ ਤੋਂ ਪਸੰਦੀਦਾ ਬਦਲਵਾਂ ਖੇਤਰੀ ਸਮੂਹ ਬਣ ਗਿਆ, ਪਰ ਬੰਗਲਾਦੇਸ਼ ਤੋਂ ਸ਼ੇਖ ਹਸੀਨਾ ਦੇ ਜਾਣ ਨਾਲ ਇਸ ਸਮੂਹ ਵਿੱਚ ਵੀ ਦਿੱਲੀ ਦੀ ਦਿਲਚਸਪੀ ਘਟ ਗਈ ਹੈ। ਹੁਣ ਗੁਆਂਢ ’ਚ ਭਾਰਤ ਦਾ ਕੋਈ ਸੱਚਾ ਦੋਸਤ ਨਹੀਂ ਬਚਿਆ ਪਰ ਇਹ ਕਹਾਣੀ ਹੋਰ ਹੈ।

ਇਸਲਾਮਾਬਾਦ ਵਾਲੀ ਕਾਨਫਰੰਸ ਦਾ ਸਿਰਲੇਖ ‘ਬ੍ਰੀਦ ਪਾਕਿਸਤਾਨ’ ਸੀ। ‘ਡਾਅਨ’ ਦੇ ਪ੍ਰਕਾਸ਼ਕ ਹਾਰੂਨ ਹਮੀਦ, ਜਿਨ੍ਹਾਂ ਕੋਲ ਉਨ੍ਹਾਂ ਸਮਿਆਂ ਦੇ ਭਾਰਤ ਵਿੱਚ ਕੀਤੇ ਸੜਕੀ ਸਫ਼ਰ ਦੀਆਂ ਦਿਲਚਸਪ ਕਹਾਣੀਆਂ ਦਾ ਭੰਡਾਰ ਸੀ, ਇਸ ਕਾਨਫਰੰਸ ਪਿਛਲੀ ਪ੍ਰੇਰਕ ਸ਼ਕਤੀ ਸਨ। ਥਾਂ ਸੀ ਨਵਾਂ-ਨਵਾਂ ਮੁਰੰਮਤ ਕੀਤਾ ਜਿਨਾਹ ਕਨਵੈਨਸ਼ਨ ਸੈਂਟਰ, ਜਿੱਥੇ ‘ਸਾਰਕ’ ਸੰਮੇਲਨ ਹੋਣਾ ਸੀ (ਜੇ ਇਹ ਹੋਇਆ ਹੁੰਦਾ), ‘ਡਿਪਲੋਮੈਟਿਕ ਐਨਕਲੇਵ’ ਤੋਂ ਅੱਗੇ ਛੋਟੀ ਜਿਹੀ ਪਹਾੜੀ ਉੱਤੇ।

ਜਦੋਂ ਮੈਂ ‘ਦਿ ਹਿੰਦੂ’ ਦੀ ਪੱਤਰਕਾਰ ਵਜੋਂ ਪਾਕਿਸਤਾਨ ਵਿੱਚ ਤਾਇਨਾਤ ਸੀ, ਮੈਂ ਕਨਵੈਨਸ਼ਨ ਸੈਂਟਰ ਵਿੱਚ ਕੈਰਨ ਆਰਮਸਟ੍ਰਾਂਗ ਨੂੰ ‘ਸਹਿਣਸ਼ੀਲਤਾ ਅਤੇ ਇਸਲਾਮ’ ਦੇ ਵਿਸ਼ੇ ’ਤੇ ਬੋਲਦੇ ਸੁਣਿਆ ਸੀ। ਇਹ ਫਰਵਰੀ 2008 ਦੀ ਗੱਲ ਹੈ, ਜਦੋਂ ਉਹ ਇਸਲਾਮ ਦੇ ਸ਼ੀਆ ਸੰਪਰਦਾ ਦੇ ਮੁਖੀ ਆਗਾ ਖਾਨ ਦੀ ਗੋਲਡਨ ਜੁਬਲੀ ਮਨਾਉਣ ਲਈ ਆਈ ਸੀ। ਪਾਕਿਸਤਾਨ ਉਸ ਸਮੇਂ ਨਵੇਂ ਬਣੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਘਾਤਕ ਅਤਿਵਾਦੀ ਹਮਲਿਆਂ ਨਾਲ ਜੂਝ ਰਿਹਾ ਸੀ।

ਭਾਰਤ ਤੋਂ ਗਏ ਗਰੁੱਪ ਵਿੱਚ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ, ‘ਦਿ ਵਾਇਰ’ ਦੇ ਸੌਮਸ਼੍ਰੀ ਸਰਕਾਰ ਅਤੇ ਜੈਵਿਕ ਈਂਧਨ ਗ਼ੈਰ-ਪ੍ਰਸਾਰ ਸੰਧੀ ਪਹਿਲਕਦਮੀ ਦੇ ਹਰਜੀਤ ਸਿੰਘ (ਹਰਜੀਤ ਸਤਤ ਸੰਪਦਾ ਕਲਾਈਮੇਟ ਫਾਊਂਡੇਸ਼ਨ ਦੀ ਅਗਵਾਈ ਵੀ ਕਰਦੇ ਹਨ) ਵੀ ਸ਼ਾਮਿਲ ਸਨ। ਸੌਮਸ਼੍ਰੀ ਅਤੇ ਮੈਂ ਜਲਵਾਯੂ ਪਰਿਵਰਤਨ ’ਤੇ ਮੀਡੀਆ ਦਾ ਧਿਆਨ ਕੇਂਦਰਿਤ ਕਰਨ ਬਾਰੇ ਪੈਨਲ ਚਰਚਾ ਦਾ ਹਿੱਸਾ ਸਾਂ।

ਵਾਂਗਚੁਕ ‘ਗਲੇਸ਼ੀਅਰਾ ਪਿਘਲਣਾ: ਦੱਖਣੀ ਏਸ਼ੀਆ ਦੇ ਜਲ ਟਾਵਰਾਂ ਲਈ ਟਿਕਾਊ ਰਣਨੀਤੀ’ ਪੈਨਲ ’ਤੇ ਸੀ, ਜਿੱਥੇ ਉਸ ਨੇ ਆਈਸ ਟਾਵਰਾਂ ਬਾਰੇ ਗੱਲ ਕੀਤੀ ਜੋ ਉਸ ਨੇ ਲੱਦਾਖ ’ਚ ਬਣਾਉਣ ’ਚ ਮਦਦ ਕੀਤੀ ਸੀ। ਪੈਨਲ ਦੀ ਪ੍ਰਧਾਨਗੀ ਅਫਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਦੇ ਕੋਆਰਡੀਨੇਟਰ ਇੰਦ੍ਰਿਕਾ ਰਤਵੱਟੇ ਨੇ ਕੀਤੀ। ਦੂਜੇ ਹਿੱਸੇਦਾਰਾਂ ’ਚ ਨੇਪਾਲ ਦੇ ਕਨਕ ਮਨੀ ਦੀਕਸ਼ਿਤ, ਯੂ ਐੱਨ ਈ ਪੀ ਏਸ਼ੀਆ-ਪ੍ਰਸ਼ਾਂਤ ਖੇਤਰੀ ਦਫ਼ਤਰ ਤੋਂ ਦੇਚਨ ਸੇਰਿੰਗ ਤੇ ਆਇਸ਼ਾ ਖਾਨ, ਜੋ ਪਾਕਿਸਤਾਨ ’ਚ ਜਲਵਾਯੂ ਪਰਿਵਰਤਨ ’ਤੇ ਸਿਵਲ ਸੁਸਾਇਟੀ ਗੱਠਜੋੜ ਦੀ ਅਗਵਾਈ ਕਰਦੀ ਹੈ, ਸ਼ਾਮਿਲ ਸਨ।

ਆਪਣੀ ਪੇਸ਼ਕਾਰੀ ’ਚ, ਵਾਂਗਚੁਕ ਨੇ ‘ਆਈਸ ਸਤੂਪ’ ਦੇ ਸੰਕਲਪ ਨੂੰ ਸਰਦੀਆਂ ਵਿੱਚ ਨਕਲੀ ਗਲੇਸ਼ੀਅਰਾਂ ਦੀ ਸਿਰਜਣਾ ਵਜੋਂ ਸਮਝਾਇਆ, ਜੋ ਗਰਮੀਆਂ ਵਿੱਚ ਪਿਘਲ ਕੇ ਪਾਣੀ ਮੁਹੱਈਆ ਕਰਨਗੇ। “ਫਰੀਜ਼, ਫਰੀਜ਼ ਐਂਡ ਫਰੀਜ਼”, ਉਸ ਨੇ ਕਿਹਾ ਤੇ ਇਹ ਉਹ ਤਿੰਨ ਸ਼ਬਦ ਹਨ ਜੋ ਮੈਂ ਉਸ ਦੇ ਭਾਸ਼ਣ ਵਿੱਚੋਂ ਨੋਟ ਕੀਤੇ ਹਨ। ਮੈਨੂੰ ਇਹ ਵੀ ਯਾਦ ਹੈ ਕਿ ਉਸ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿੱਚ ਦੂਰਦਰਸ਼ੀ ਲੀਡਰਸ਼ਿਪ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਵੀ ਕੀਤੀ ਸੀ। ਸਭ ਤੋਂ ਵੱਧ ਹੈਰਾਨੀ ਇਹ ਹੋਈ ਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਸੋਨਮ ਵਾਂਗਚੁਕ ਕੌਣ ਸੀ। ਜਦੋਂ ਪੈਨਲ ਚਰਚਾ ਸ਼ੁਰੂ ਹੋਈ ਤਾਂ ਮੈਂ ਹਾਜ਼ਰੀਨ ਵਿੱਚ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨਾਲ ਬੈਠੀ ਸੀ। ਵਾਂਗਚੁਕ ਦੀ ਰਸਮੀ ਜਾਣ-ਪਛਾਣ ਵਿੱਚ ਉਸ ਦੀ ਸਿਆਸੀ ਸਰਗਰਮੀ ਜਾਂ ਉਸ ਦੀਆਂ ਭੁੱਖ ਹੜਤਾਲਾਂ ਦਾ ਕੋਈ ਸੰਕੇਤ ਨਹੀਂ ਸੀ। ਉਸ ਨੂੰ ਲੱਦਾਖ ਤੋਂ ਜਲਵਾਯੂ ਪਰਿਵਰਤਨ ਕਾਰਕੁਨ ਅਤੇ ਖੋਜੀ ਵਜੋਂ ਪੇਸ਼ ਕੀਤਾ ਗਿਆ। ਇਸੇ ਲਈ ਮੈਂ ਹਾਮਿਦ ਨੂੰ ਪੁੱਛਿਆ- ਉਹਨੇ ਪਹਿਲਾਂ ਕਦੇ ਵਾਂਗਚੁਕ ਬਾਰੇ ਸੁਣਿਆ ਹੈ?

ਜਦੋਂ ਉਸ ਨੇ ਨਾਂਹ ਵਿੱਚ ਜਵਾਬ ਦਿੱਤਾ ਤਾਂ ਮੈਂ ਉਸ ਨੂੰ ਪੁੱਛਿਆ- ਉਹਨੇ ਆਮਿਰ ਖਾਨ ਦੀ ਫਿਲਮ ‘ਥ੍ਰੀ ਇਡੀਅਟਸ’ ਦੇਖੀ ਹੈ? ਉਸ ਨੇ ਦੇਖੀ ਸੀ ਤੇ ਮੈਂ ਉਸ ਨੂੰ ਸਾਰੀ ਕਹਾਣੀ ਦੱਸੀ। ਮੈਂ ਉਸ ਨੂੰ ਲੱਦਾਖ ਲਈ ਰਾਜ ਦੇ ਦਰਜੇ ਅਤੇ ਹੋਰ ਹੱਕਾਂ ਲਈ 2024 ਵਿੱਚ ਲੇਹ ਤੋਂ ਦਿੱਲੀ ਤੱਕ ਵਾਂਗਚੁਕ ਦੀ ਪੈਦਲ ਯਾਤਰਾ ਬਾਰੇ ਵੀ ਦੱਸਿਆ। ਹਾਮਿਦ ਮੀਰ ਤੁਰੰਤ ਖੜ੍ਹਾ ਹੋ ਗਿਆ, ਮੰਚ ਨੇੜੇ ਗਿਆ ਤੇ ਵਾਂਗਚੁਕ ਦੀਆਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਪਣੇ ਟੀ ਵੀ ਚੈਨਲ ਨੂੰ ਵੀ ਸੁਚੇਤ ਕੀਤਾ ਹੋ ਸਕਦਾ ਹੈ, ਕਿਉਂਕਿ ਪੈਨਲ ਚਰਚਾ ਤੋਂ ਤੁਰੰਤ ਬਾਅਦ ਵਾਂਗਚੁਕ ਨੂੰ ‘ਬਾਈਟ’ ਮੰਗਣ ਵਾਲੇ ਟੀ ਵੀ ਅਮਲੇ ਨੇ ਘੇਰ ਲਿਆ। ਇਸ ਤੋਂ ਪਹਿਲਾਂ, ਸਿਰਫ਼ ਗਿਲਗਿਤ-ਬਾਲਟਿਸਤਾਨ ਦੇ ਨੌਜਵਾਨਾਂ ਦੇ ਇੱਕ ਗਰੁੱਪ ਨੂੰ ਹੀ ਉਸ ਬਾਰੇ ਪਤਾ ਜਾਪਦਾ ਸੀ। ਵਾਂਗਚੁਕ ਨੇ ਮੈਨੂੰ ਗਰੁੱਪ ਨਾਲ ਉਸ ਦੀ ਤਸਵੀਰ ਲੈਣ ਲਈ ਕਿਹਾ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕੌਣ ਹਨ ਤੇ ਵਾਂਗਚੁਕ ਨੇ ਜਵਾਬ ਦਿੱਤਾ: “ਉਹ ਦੂਜੇ ਪਾਸੇ ਤੋਂ ਮੇਰੇ ਭਰਾ ਹਨ।” ਉਹ ਸਾਰੇ ਸਟੇਜ ਕੋਲ ਅਨੋਖੇ ਅਰਧ-ਚੱਕਰ ਵਿੱਚ ਖੜ੍ਹ ਗਏ, ਵਾਂਗਚੁਕ ਵਿਚਕਾਰ ਖੜ੍ਹ ਗਿਆ।

ਕਾਨਫਰੰਸ ਤੋਂ ਬਾਅਦ ਇੱਕ ਇਕੱਠ ਵਿੱਚ ਮੈਂ ‘ਡਾਅਨ’ ਦੇ ਇੱਕ ਸੀਨੀਅਰ ਸਾਥੀ ਨੂੰ ਪੁੱਛਿਆ ਕਿ ਉਨ੍ਹਾਂ ਵਾਂਗਚੁਕ ਦੀ ਵਿਸਥਾਰ ਵਿੱਚ ਜਾਣ-ਪਛਾਣ ਕਿਉਂ ਨਹੀਂ ਕਰਵਾਈ? ਉਹ ਹੱਸਿਆ ਤੇ ਕਿਹਾ: “ਕੋਈ ਲੋੜ ਨਹੀਂ ਸੀ। ਇਹ ਜਲਵਾਯੂ ਕਾਨਫਰੰਸ ਸੀ, ਇਹ ਸਭ ਕਹਿਣ ਨਾਲ ਧਿਆਨ ਕਿਤੇ ਹੋਰ ਕੇਂਦਰਿਤ ਹੋ ਜਾਣਾ ਸੀ।” ਪਿਛਲੇ ਕੁਝ ਦਿਨਾਂ ਤੋਂ ਜਦੋਂ ਮੈਂ ਇਸਲਾਮਾਬਾਦ ਦੀ ਉਸ ਯਾਤਰਾ ਬਾਰੇ ਸੋਚ ਰਹੀ ਸੀ ਅਤੇ ਇਸ ਨੂੰ ਵਾਂਗਚੁਕ ’ਤੇ ਲੱਗੇ ‘ਰਾਸ਼ਟਰ ਵਿਰੋਧੀ’ ਹੋਣ ਦੇ ਦੋਸ਼ਾਂ ਨਾਲ ਮੇਲ ਕੇ ਦੇਖ ਰਹੀ ਸੀ ਤਾਂ ਮੈਂ ਅਜਿਹੀ ਸਰਕਾਰ ਬਾਰੇ ਵੀ ਸੋਚਿਆ ਜਿਸ ਨੇ ਲੱਦਾਖੀਆਂ ਨੂੰ ਉਨ੍ਹਾਂ ਦੀ ਆਪਣੀ ਹੀ ਜ਼ਿੰਦਗੀ ’ਤੇ ਵਧੇਰੇ ਹੱਕ ਦੇਣ ਦੀ ਮੰਗ ਉੱਤੇ ਪੰਜ ਸਾਲਾਂ ਤੋਂ ਵੱਧ ਸਮਾਂ ਲਟਕਾਈ ਰੱਖਿਆ- ਛੇਵੀਂ ਅਨੁਸੂਚੀ, ਰਾਜ ਦਾ ਦਰਜਾ, ਜਨਸੰਖਿਆ ਸੁਰੱਖਿਆ, ਉਨ੍ਹਾਂ ਦੀ ਜ਼ਮੀਨ ਦੇ ਅਧਿਕਾਰ, ਪ੍ਰਤੀਨਿਧਤਾ ਦਾ ਅਧਿਕਾਰ।

ਜਦੋਂ ਪੰਜ ਸਾਲ ਪੁਰਾਣਾ ਵਿਰੋਧ ਹਿੰਸਕ ਹੋ ਗਿਆ, ਸੁਰੱਖਿਆ ਬਲਾਂ ਨੇ ਬਹੁਤ ਜ਼ਿਆਦਾ ਤਾਕਤ ਵਰਤਦਿਆਂ ਜਵਾਬ ਦਿੱਤਾ ਅਤੇ ਅਜਿਹੀ ਜਗ੍ਹਾ ਚਾਰ ਲੋਕ ਮਾਰੇ ਗਏ ਜੋ ਜ਼ਿਆਦਾਤਰ ਸ਼ਾਂਤ ਰਹੀ ਹੈ ਤਾਂ ਦੋਸ਼ “ਵਾਂਗਚੁਕ ਜਿਹੜਾ ਪਾਕਿਸਤਾਨ ਗਿਆ ਸੀ” ਉੱਤੇ ਮੜ੍ਹਿਆ ਜਾਣਾ ਬਹੁਤ ਸੌਖਾ ਸੀ। ਅਧਿਕਾਰੀਆਂ ਨੇ ਉਸ ’ਤੇ ‘ਅਰਬ ਸਪਰਿੰਗ’ ਅਤੇ ਨੇਪਾਲ ਦੇ ‘ਜੈੱਨ ਜ਼ੀ’ ਪ੍ਰਦਰਸ਼ਨਾਂ ਬਾਰੇ ਗੱਲ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦਾ ਦੋਸ਼ ਲਗਾਇਆ। ਕੀ ਕਿਸੇ ਨੇ ਉਸ ਨੂੰ ਚਿਤਾਵਨੀ ਦੇਣ ਬਾਰੇ ਨਹੀਂ ਸੋਚਿਆ, ਜਦੋਂ ਉਸ ਨੇ ਅਸਲ ਵਿੱਚ ਉਹ ਭਾਸ਼ਣ ਦਿੱਤੇ ਸਨ, ਜਾਂ ਕੀ ਕੇਂਦਰ ਇਹ ਦੇਖਣ ਵਿੱਚ ਅਸਫਲ ਰਿਹਾ ਕਿ ਇਸ ਨੇ ਛੋਟੇ ਜਿਹੇ ਸ਼ਾਂਤ ਕਸਬੇ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਤੇ ਅਧੂਰੀਆਂ ਇੱਛਾਵਾਂ ਦਾ ਪੱਕਿਆ ਹੋਇਆ ਫੋੜਾ ਬਣਾ ਦਿੱਤਾ ਸੀ ਜੋ ਸਿਰਫ਼ ਫੁੱਟਣ ਦੀ ਉਡੀਕ ਕਰ ਰਿਹਾ ਸੀ?

ਅਜੇ ਛੇ ਸਾਲ ਪਹਿਲਾਂ ਹੀ 5 ਅਗਸਤ 2019 ਨੂੰ ਲੱਦਾਖ ਨੇ ਧਾਰਾ 370 ਖ਼ਤਮ ਹੋਣ, ਜੰਮੂ ਕਸ਼ਮੀਰ ਤੋਂ ਆਪਣੀ ਆਜ਼ਾਦੀ ਤੇ ਬਿਲਕੁਲ ਨਵਾਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦਾ ਜਸ਼ਨ ਮਨਾਇਆ ਸੀ। ਜਿਵੇਂ ਅਸੀਂ ਪਿਛਲੇ ਹਫ਼ਤੇ ਦੇਖਿਆ, ਛੇ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ।

*ਲੇਖਕਾ ਸੀਨੀਅਰ ਪੱਤਰਕਾਰ ਹੈ।

Advertisement
Show comments