ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਾਤਾਵਰਨ, ਮਨੁੱਖ ਅਤੇ ਰੁੱਖ

ਜੁਲਾਈ ਮਹੀਨਾ ਅਤੇ ਚੜ੍ਹਦਾ ਸਾਉਣ ਸਾਡੇ ਮੁਲਕ ਵਿੱਚ ਵਣ ਮਹਾਂ ਉਤਸਵ ਨੂੰ ਸਮਰਪਿਤ ਹੁੰਦਾ ਹੈ। ਰੁੱਖਾਂ ਦੀ ਅਹਿਮੀਅਤ ਨੂੰ ਦੇਖਦਿਆਂ ਮੁਲਕ ਦੇ ਪਹਿਲੇ ਖੇਤੀਬਾੜੀ ਮੰਤਰੀ ਡਾ. ਕੇਐੱਮ ਮੁਨਸ਼ੀ ਨੇ 1950 ਵਿੱਚ ਇਹ ਉਤਸਵ ਦਿੱਲੀ ਤੋਂ ਸ਼ੁਰੂ ਕੀਤਾ ਸੀ। ਪਹਿਲੇ ਪ੍ਰਧਾਨ...
Advertisement
ਜੁਲਾਈ ਮਹੀਨਾ ਅਤੇ ਚੜ੍ਹਦਾ ਸਾਉਣ ਸਾਡੇ ਮੁਲਕ ਵਿੱਚ ਵਣ ਮਹਾਂ ਉਤਸਵ ਨੂੰ ਸਮਰਪਿਤ ਹੁੰਦਾ ਹੈ। ਰੁੱਖਾਂ ਦੀ ਅਹਿਮੀਅਤ ਨੂੰ ਦੇਖਦਿਆਂ ਮੁਲਕ ਦੇ ਪਹਿਲੇ ਖੇਤੀਬਾੜੀ ਮੰਤਰੀ ਡਾ. ਕੇਐੱਮ ਮੁਨਸ਼ੀ ਨੇ 1950 ਵਿੱਚ ਇਹ ਉਤਸਵ ਦਿੱਲੀ ਤੋਂ ਸ਼ੁਰੂ ਕੀਤਾ ਸੀ। ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 20 ਜੁਲਾਈ ਨੂੰ ਪੁਰਾਣਾ ਕਿਲਾ ਦਿਲੀ ਵਿੱਚ ਪੌਦਾ ਲਗਾ ਕੇ ਉਤਸਵ ਦਾ ਅਗਾਜ਼ ਕੀਤਾ। ਇਸ ਮੁਹਿੰਮ ਪਿੱਛੇ ਦਿੱਲੀ ਦੇ ਤਤਕਾਲੀ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਬਹੁਤ ਵੱਡੀ ਘਾਲਣਾ ਸੀ।

ਕਹਿੰਦੇ ਨੇ ਕਿ ਜੇ ਸਾਉਣ ਦੇ ਪਹਿਲੇ ਦਿਨ ਮੀਂਹ ਨਾ ਪਵੇ ਤਾਂ ਸਾਰਾ ਮਹੀਨਾ ਹੀ ਸੁੱਕਾ ਰਹਿੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਸਾਉਣ ਵਿੱਚ ਹਰ ਰੋਜ਼ ਸੌ ਮੀਂਹ ਨਾ ਪਵੇ ਤਾਂ ਸਾਉਣ ਕਾਹਦਾ! ਪਿਛਲੇ ਕਈ ਦਹਾਕਿਆਂ ਤੋਂ ਆਲਮੀ ਪੱਧਰ ’ਤੇ ਵਾਤਾਵਰਨ ਅਤੇ ਜਲਵਾਯੂ ਵਿੱਚ ਦੇਖਣ ਨੂੰ ਮਿਲ ਰਹੀਆਂ ਤਬਦੀਲੀਆਂ ਬਹੁਤ ਮਾਰੂ ਸਿੱਧ ਹੋ ਰਹੀਆਂ ਹਨ। ਠੰਢ ਦਾ ਮੌਸਮ ਦਸੰਬਰ ਲੰਘਿਆਂ ਸ਼ੁਰੂ ਹੋਣ ਲੱਗ ਪਿਆ ਅਤੇ ਸਾਉਣ ਮਹੀਨੇ ਸੁੱਕੇ ਬੀਤਣ ਲੱਗ ਪਏ ਹਨ। ਤਪਸ਼ ਵਿੱਚ ਵਾਧਾ, ਗਲੇਸ਼ੀਅਰਾਂ ਦਾ ਪਿਘਲਣਾ, ਤਟਾਂ ਦਾ ਅਕਸਰ ਤੂਫਾਨਾਂ ਨਾਲ ਘਿਰਨਾ ਅਤੇ ਭੂਚਾਲਾਂ ਦੀ ਦਸਤਕ ਨੇ ਸਾਡੇ ਖੌਫ ਵਿੱਚ ਵਾਧਾ ਕੀਤਾ ਹੈ। ਇਸ ਸਬੰਧੀ ਭਾਵੇਂ ਮਾਹਿਰਾਂ ਨੇ ਆਪੋ-ਆਪਣੇ ਸਿੱਟੇ ਕੱਢੇ ਹਨ ਪਰ ਇੱਕ ਗੱਲ ਸਾਂਝੀ ਅਤੇ ਸਵੀਕਾਰੀ ਜਾਂਦੀ ਹੈ ਕਿ ਮਨੁੱਖ ਨੇ ਆਪਣੀ ਆਰਥਿਕ ਭੁੱਖ ਖ਼ਾਿਤਰ ਕੁਦਰਤ ਨਾਲ ਐਸੀ ਛੇੜਛਾੜ ਕੀਤੀ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਇਸ ਦਾ ਕਹਿਰ ਦਿਖਾਈ ਦਿੰਦਾ ਰਹਿੰਦਾ ਹੈ।

Advertisement

ਮੁਲਕ, ਖਾਸ ਤੌਰ ’ਤੇ ਪੰਜਾਬ ਵਿੱਚ ਦਰੱਖ਼ਤਾਂ ਜਾਂ ਜੰਗਲਾਂ ਥੱਲੇ ਰਕਬਾ ਨਾ-ਮਾਤਰ ਰਹਿ ਗਿਆ ਹੈ। ਮਨੁੱਖੀ ਲੋੜਾਂ ਦੀ ਪੂਰਤੀ ਲਈ ਹਰ ਮੁਲਕ ਵਿੱਚ ਵਣਾਂ ਥਲੇ ਘੱਟੋ-ਘੱਟ ਰਕਬਾ 33% ਚਾਹੀਦਾ ਹੈ। ਭਾਰਤ ਵਿੱਚ ਕੇਵਲ 17% ਰਕਬਾ ਜੰਗਲਾਂ ਅਧੀਨ ਹੈ। ਪੰਜਾਬ ਵਿੱਚ ਤਾਂ ਕੇਵਲ 5% ਧਰਤੀ ਰੁੱਖਾਂ ਥੱਲੇ ਹੈ। ਇਸ ਵਿੱਚ ਉਹ ਸਾਰੇ ਦਰੱਖਤ ਸ਼ੁਮਾਰ ਹਨ ਜਿਹੜੇ ਸੜਕਾਂ ਅਤੇ ਨਹਿਰਾਂ ਦੇ ਕੰਢਿਆਂ ’ਤੇ ਨਜ਼ਰ ਆ ਰਹੇ ਹਨ। ਕੋਈ ਸਮਾਂ ਸੀ, ਇਨ੍ਹਾਂ ਥਾਵਾਂ ’ਤੇ ਸਾਡੇ ਆਪਣੇ ਰਵਾਇਤੀ ਦਰੱਖ਼ਤ ਜਿਵੇਂ ਟਾਹਲੀ, ਤੂਤ, ਪਿੱਪਲ, ਬੋਹੜ ਤੇ ਖਾਸ ਜਗ੍ਹਾ ’ਤੇ ਫਲਾਂ ਵਾਲੇ ਦਰੱਖ਼ਤ ਜਿਵੇਂ ਅੰਬ, ਜਾਮਣ ਆਦਿ ਸੰਘਣੇ ਰੂਪ ਵਿੱਚ ਨਜ਼ਰ ਆਉਂਦੇ ਸਨ। ਹੁਣ ਸੜਕਾਂ ਜਾਂ ਨਹਿਰਾਂ ਕਿਨਾਰੇ ਮੁੱਖ ਰੂਪ ਵਿੱਚ ਸਫੈਦੇ ਜਾਂ ਵਿਦੇਸ਼ੀ ਨਸਲ ਦੇ ਦਰੱਖ਼ਤ ਮਿਲਦੇ ਹਨ। ਸਾਡੇ ਸੱਭਿਆਚਾਰ ਨਾਲ ਜੁੜੇ ਦਰੱਖ਼ਤ ਸਾਡੇ ਮੌਸਮ ਅਤੇ ਜਲਵਾਯੂ ਨਾਲ ਢੁਕਵੇਂ ਹੀ ਨਹੀਂ ਸਨ ਸਗੋਂ ਆਮ ਲੋਕਾਂ ਲਈ ਫਲ ਵੀ ਦਿੰਦੇ ਸਨ। ਖੁਸ਼ਕ ਇਲਾਕੇ ਵਿੱਚ ਬੇਰੀਆਂ, ਕਿੱਕਰਾਂ, ਕਰੀਰ, ਜੰਡ ਅਤੇ ਡੇਲਿਆਂ ਦੇ ਦਰੱਖ਼ਤ ਸਾਡੇ ਲਈ ਖਾਣ ਪੀਣ ਦੀਆਂ ਵਸਤਾਂ ਦਾ ਸਾਧਨ ਸਨ। ਨਵੀਂ ਕਿਸਮ ਦੇ ਦਰੱਖ਼ਤ ਸਾਡੇ ਅਤੇ ਜਾਨਵਰਾਂ ਲਈ ਦੋਸਤੀ ਵਾਲਾ ਸਹਿਚਾਰ ਨਹੀਂ ਰੱਖਦੇ। ਸਿੱਟੇ ਵਜੋਂ ਅਨੇਕ ਜਾਨਵਰ, ਜਿਹੜੇ ਇਨ੍ਹਾਂ ਦਰੱਖ਼ਤਾਂ ’ਤੇ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਸਨ, ਲੋਪ ਹੋ ਗਏ ਜਾਪਦੇ ਹਨ।

ਸਾਡਾ ਸੱਭਿਆਚਾਰ ਮੁੱਖ ਰੂਪ ਵਿੱਚ ਜੰਗਲਾਂ ਅਤੇ ਬਨਸਪਤੀ ਨਾਲ ਜੁੜਿਆ ਹੋਇਆ ਹੈ। ਭਾਰਤੀ ਸਮਾਜ ਵਿੱਚ ਉਨ੍ਹਾਂ ਦਰੱਖ਼ਤਾਂ ਦੀ ਪੂਜਾ ਹੁੰਦੀ ਹੈ ਜਿਹੜੇ ਮਨੁੱਖ ਲਈ ਪੁੱਜ ਕੇ ਲਾਭਦਾਇਕ ਹਨ; ਪਿੱਪਲ, ਨਿੰਮ ਅਤੇ ਬੋਹੜ ਦੀ ਤ੍ਰਿਵੈਣੀ ਨੂੰ ਅਸੀਂ ਹੁਣ ਵੀ ਪਵਿੱਤਰ ਮੰਨਦੇ ਹਾਂ। ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਹੀ ਨਹੀਂ ਸਗੋਂ ਰੂਹ ਹਨ। ਇਨ੍ਹਾਂ ਰਵਾਇਤੀ ਦਰੱਖ਼ਤਾਂ ਨੇ ਸਾਡੇ ਸੱਭਿਆਚਾਰ ਦੀ ਸਿਰਜਣਾ ਕੀਤੀ। ਸਾਫ ਵਾਤਾਵਰਨ ਪੈਦਾ ਕਰਨ ਵਿੱਚ ਇਨ੍ਹਾਂ ਦੀ ਮੁੱਖ ਭੂਮਿਕਾ ਹੈ। ਪੱਛਮੀ ਦੇਸ਼ਾਂ ਦੇ ਵਾਤਾਵਰਨ ਵਿਗਿਆਨੀ ਕਹਿੰਦੇ ਹਨ ਕਿ ਜਿਸ ਦੇਸ਼ ਵਿੱਚ ਨਿੰਮ ਵਰਗਾ ਔਸ਼ਧੀ ਦਰੱਖ਼ਤ ਹੈ, ਉੱਥੇ ਲੋਕ ਬਿਮਾਰ ਕਿਉਂ ਹੁੰਦੇ ਹਨ। ਨਿੰਮ ਦੇ ਪੱਤਿਆਂ ਤੋਂ ਲੈ ਕੇ ਨਮੋਲੀਆਂ ਤੱਕ ਇਹ ਸਾਡੇ ਲਈ ਲਾਭਕਾਰੀ ਹੈ।

ਪਿਛਲੇ ਪੰਜਾਹ ਸਾਲਾਂ ਵਿੱਚ ਰੁੱਖਾਂ ਨਾਲ ਘੋਰ ਅਨਿਆਂ ਹੋਇਆ ਹੈ। ਬਹੁਤ ਰਕਬੇ ਨੂੰ ਖੇਤੀ ਥੱਲੇ ਲਿਆਉਣ ਦੀ ਮਨਸ਼ਾ ਨਾਲ ਅਸੀਂ ਬੇਕਿਰਕ ਹੋ ਕੇ ਦਰੱਖ਼ਤ ਵੱਢੇ। ਅਸੀਂ ਇਹ ਭੁੱਲ ਗਏ ਕਿ ਇਹ ਉਹੀ ਰੁੱਖ ਹਨ ਜਿਨ੍ਹਾਂ ਦਾ ਜ਼ਿਕਰ ਸੰਤਾਂ, ਪੀਰਾਂ ਨੇ ਆਪਣੀ ਬਾਣੀ ਵਿੱਚ ਨਿਮਰਤਾ ਅਤੇ ਸਬਰ ਦੇ ਚਿੰਨ੍ਹ ਵਜੋਂ ਕੀਤਾ ਹੈ ਅਤੇ ਸਾਨੂੰ ਨਸੀਹਤ ਵੀ ਦਿੱਤੀ ਕਿ ਜੇ ਰੋੜੇ-ਵੱਟੇ ਮਾਰਨ ’ਤੇ ਵੀ ਰੁੱਖ ਸਾਨੂੰ ਫਲ ਦਿੰਦੇ ਹਨ ਤਾਂ ਮਨੁੱਖ ਨੂੰ ਆਪਣੇ ਸਬਰ ਤੇ ਸ਼ਾਂਤੀ ਲਈ ਇਨ੍ਹਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ।

ਆਰਥਿਕ ਤਰੱਕੀ ਦੇ ਨਾਂ ’ਤੇ ਵੱਡੇ ਪੱਧਰ ’ਤੇ ਜੰਗਲਾਂ ਦੀ ਕਟਾਈ ਕਾਰਨ ਪੰਜਾਬ ਦੇ ਪਿੰਡ ਅਤੇ ਖੇਤ ਤਾਂ ਉਜਾੜ ਹੀ ਨਜ਼ਰ ਆਉਂਦੇ ਹਨ। ਪਹਿਲਾਂ ਵੱਡੀ ਗਿਣਤੀ ’ਚ ਰੁੱਖ ਮੁਰੱਬੇਬੰਦੀ ਦੀ ਭੇਂਟ ਚੜ੍ਹ ਗਏ; ਬਾਅਦ ਵਿੱਚ ਹਰੀ ਕ੍ਰਾਂਤੀ ਦੌਰਾਨ ਹੋਰ ਅਨਾਜ ਪੈਦਾ ਕਰਨ ਦੀ ਹੋੜ ਨੇ ਸਾਡੇ ਟਿੱਬੇ-ਟਿੱਲੇ ਐਨੇ ਪੱਧਰ ਕਰ ਦਿੱਤੇ ਕਿ ਬੇਰੀਆਂ, ਕਿੱਕਰਾਂ ਅਤੇ ਜੰਡ-ਕਰੀਰ ਇਤਿਹਾਸ ਦਾ ਹਿੱਸਾ ਬਣ ਗਏ। ਅਸੀਂ ਇਨ੍ਹਾਂ ਦਰੱਖ਼ਤਾਂ ਤੋਂ ਮਿਲਣ ਵਾਲੇ ਫਲਾਂ ਤੋਂ ਵੀ ਵਾਂਝੇ ਹੋ ਗਏ ਅਤੇ ਇੰਨਾਂ ਦਰਮਿਆਨ ਵਾਸ ਕਰਨ ਵਾਲੇ ਜਾਨਵਰ ਦੇਖਣ ਲਈ ਤਰਸ ਗਏ। ਹੁਣ ਅਸੀਂ ਬਿਜੜੇ ਦੇ ਖੂਬਸੂਰਤ ਲਮਕਦੇ ਘਰ ਕਿੱਥੇ ਦੇਖਾਂਗੇ? ਛੋਟੀਆਂ ਭੂਰੀਆਂ ਚਿੜੀਆਂ, ਘੁੱਗੀਆਂ ਜਿਹੜੀਆਂ ਸਥਾਈ ਰੂਪ ਵਿੱਚ ਬੇਰੀਆਂ ਉਤੇ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ, ਨੂੰ ਕਦੋਂ ਦੇਖ ਸਕਾਂਗੇ? ਵੀਰ-ਵਹੁਟੀਆਂ, ਘੋਗੇ, ਜਿਹੜੇ ਮੁੱਖ ਰੂਪ ਵਿੱਚ ਖੁਸ਼ਕ ਥਾਵਾਂ ’ਤੇ ਘੁਰਨੇ ਬਣਾ ਕੇ ਰਹਿੰਦੇ ਸਨ ਅਤੇ ਸਾਉਣ ਮਹੀਨੇ ਮੀਂਹਾਂ ਤੋਂ ਬਾਅਦ ਕੱਕੇ ਰੇਤੇ ’ਤੇ ਆਪਣੀ ਤੋਰ ਤੁਰਦੇ ਸਨ, ਸਭ ਖ਼ਤਮ ਹੋ ਗਏ। ਮਾਲਵੇ ਦੇ ਪਿੰਡਾਂ ਵਿੱਚ ਰੇਤਾ ਖੰਡ ਦੇ ਭਾਅ ਵਿਕ ਰਿਹੈ। ਧੁਰ ਬਠਿੰਡੇ ਦੀਆਂ ਜੜ੍ਹਾਂ ਤਕ ਝੋਨਾ ਲਗਾ ਕੇ ਅਸੀਂ ਜ਼ਮੀਨ ਨੂੰ ਹੁੰਮਸ ਅਤੇ ਗਰਮੀ ਦਾ ਸਰੋਤ ਬਣਾ ਦਿੱਤਾ। ਪੰਜਾਬ ਦੇ ਬਹੁਤੇ ਦਰੱਖ਼ਤ ਖੁਸ਼ਕ ਜਲਵਾਯੂ ਨਾਲ ਜੁੜੇ ਹੋਏ ਸਨ। ਸਾਰੇ ਖੇਤਾਂ ਅਤੇ ਵੱਟਾਂ ਦੁਆਲੇ ਖੜ੍ਹੇ ਪਾਣੀ ਨੇ ਰੁੱਖਾਂ ਦਾ ਲੱਗਣਾ ਹੀ ਮੁਹਾਲ ਕਰ ਦਿੱਤਾ ਹੈ।

ਸਿਆਣੇ ਕਹਿੰਦੇ ਨੇ ਕਿ ਰੁੱਖ ਸਾਡੇ ਜਨਮ ਤੋਂ ਲੈ ਕੇ ਮਰਨ ਤਕ ਦਾ ਪਰਦਾ ਢਕਦੇ ਹਨ। ਜ਼ਿੰਦਗੀ ਦੇ ਹਰ ਪੱਧਰ ’ਤੇ ਇਨ੍ਹਾਂ ਦੀਆਂ ਬਹੁ-ਮੁੱਲੀਆਂ ਨਿਆਮਤਾਂ ਸਾਡੇ ਲਈ ਖੁਸ਼ੀਆਂ ਦਾ ਮਾਹੌਲ ਸਿਰਜਦੀਆਂ ਹਨ। ਕੁਝ ਸਮਾਂ ਪਹਿਲਾਂ ਪਿੰਡਾਂ ਵਿੱਚ ਆਮ ਘਰਾਂ ਦੇ ਖੇਤੀਬਾੜੀ ਵਾਲੇ ਹਿੱਸੇ ਵਿੱਚ ਲੱਕੜਾਂ ਦੇ ਢੇਰ ਪਏ ਮਿਲਦੇ ਸਨ। ਜਨਮ-ਮਰਨ ਦੇ ਕਾਰਜਾਂ ਲਈ ਤੁਰੰਤ ਮਿਲਦੇ ਸਾਧਨ ਵਜੋਂ ਇਨ੍ਹਾਂ ਦੀ ਵਰਤੋਂ ਹੁੰਦੀ ਸੀ। ਹੁਣ ਇਨ੍ਹਾਂ ਘਰਾਂ ਵਿੱਚ ਲੋੜ ਪੈਣ ’ਤੇ ਲੱਕੜ ਲੱਭਿਆਂ ਵੀ ਨਹੀਂ ਲੱਭਦੀ। ਖੇਤੀ ਪ੍ਰਧਾਨ ਸੂਬੇ ਵਿੱਚ ਬਨਸਪਤੀ ਅਤੇ ਦਰੱਖ਼ਤਾਂ ਦਾ ਇਹ ਹਾਲ ਹੈ ਤਾਂ ਸ਼ਹਿਰਾਂ ਦੀ ਹਾਲਤ ਦਾ ਅੰਦਾਜ਼ਾ ਸੌਖਿਆਂ ਲਾਇਆ ਜਾ ਸਕਦਾ ਹੈ। ਅਚੰਭਾ ਹੋਇਆ ਜਦ ਪਿੰਡ ਵਾਲਿਆਂ ਇਹ ਦੱਸਿਆ ਕਿ ਮਨੁੱਖਾਂ ਦੀ ਅੰਤਮ ਰਸਮ ਲਈ ਸਸਕਾਰ ਵੇਲੇ ਗੈਸੀ ਭੱਠੀਆਂ ਲਾਈਆਂ ਜਾ ਰਹੀਆਂ ਹਨ।

ਖੇਤੀ ਦੀ ਵਧੇਰੇ ਉਪਜ ਲਈ ਵਣਾਂ ਦਾ ਜਿਹੜਾ ਹਾਲ ਹੋਇਆ, ਸਾਡੇ ਸਾਹਮਣੇ ਹੈ ਪਰ ਝੋਨੇ ਦੀ ਬਿਜਾਈ ਨੇ ਅੰਮ੍ਰਿਤ ਵਰਗਾ ਪਾਣੀ ਵੀ ਡੂੰਘਾ ਧਰਾਤਲ ਵਿੱਚ ਪਹੁੰਚਾ ਦਿੱਤਾ ਹੈ। ਮੱਛੀ ਮੋਟਰਾਂ ਵੀ ਪਾਣੀ ਕੱਢਣ ਤੋਂ ਹੁਣ ਅਸਮਰੱਥ ਜਾਪਦੀਆਂ ਹਨ। ਅਜਿਹੀ ਮੁਸ਼ੱਕਤ ਨਾਲ ਪੈਦਾ ਕੀਤੇ ਝੋਨੇ ਨੇ ਭਾਵੇਂ ਦੇਸ਼ ਦੇ ਅੰਨ ਭੰਡਾਰ ਵਿੱਚ ਯੋਗਦਾਨ ਪਾਇਆ ਪਰ ਇਸ ਦੀ ਕੀਮਤ ਬਹੁਤ ਵੱਡੀ ਤਾਰਨੀ ਪਈ ਹੈ। ਪਾਣੀ ਅਤੇ ਹਵਾ ਗੰਧਲੀ ਕਰ ਕੇ ਅਸੀਂ ਸਮੁੱਚੇ ਵਾਤਾਵਰਨ ਨੂੰ ਮਨੁੱਖ ਲਈ ਬੇੜੀਆਂ ਦੇ ਨਿਆਈਂ ਬਣਾ ਦਿੱਤਾ ਹੈ। ਪੁਰਾਤਨ ਫਸਲਾਂ ਖਤਮ ਕਰ ਕੇ ਅਸੀਂ ਉਹ ਜਿਣਸ ਪੈਦਾ ਕਰਨ ’ਤੇ ਜ਼ੋਰ ਲਾ ਦਿੱਤਾ ਜਿਹੜੀ ਨਾ ਸਾਡੀ ਖੁਰਾਕ ਦਾ ਹਿੱਸਾ ਹੈ ਅਤੇ ਨਾ ਹੀ ਸਾਡੇ ਪਸ਼ੂਆਂ ਦਾ ਖਾਜਾ। ਇਸ ਫਸਲ ਦਾ ਝਾੜ-ਫੂਸ ਵੀ ਕਿਸੇ ਕੰਮ ਨਹੀਂ ਆਉਂਦਾ। ਝੋਨਾ ਸਾਡੇ ਲੋਕ ਗੀਤਾਂ ਦਾ ਹਿੱਸਾ ਨਹੀਂ ਕਿਉਂਕਿ ਇਹ ਸਾਡੇ ਸਭਿਆਚਾਰ ਦਾ ਅੰਗ ਨਹੀਂ। ਕਣਕ, ਮੱਕੀ, ਸਰੋਂ, ਜੁਆਰ, ਬਾਜਰਾ, ਛੋਲੇ ਸਾਡੇ ਲੋਕ ਗੀਤਾਂ ਦਾ ਇਸੇ ਕਰ ਕੇ ਹਿੱਸਾ ਹਨ ਕਿਉਂਕਿ ਇਹ ਸਾਡੇ ਜਿਊਣ ਲਈ ਢੁਕਵੇਂ ਹਨ।

ਤਿੰਨ ਦਹਾਕੇ ਪਹਿਲਾਂ ਸਮਾਜ ਸੇਵਕ ਸੁੰਦਰ ਲਾਲ ਬਹੁਗੁਣਾ ਨੇ ਟੀਹਰੀ ਗੜਵਾਲ ਦੇ ਇਲਾਕੇ ਵਿੱਚ ਦਰੱਖ਼ਤਾਂ ਨੂੰ ਨਾ ਵੱਢਣ ਦੇਣ ਲਈ ਚਿਪਕੋ ਅੰਦੋਲਨ ਚਲਾਇਆ ਸੀ। ਵੱਡੀ ਗਿਣਤੀ ਲੋਕ ਰੁੱਖਾਂ ਦੇ ਰਖਵਾਲੇ ਵਜੋਂ ਇਸ ਵਿੱਚ ਸ਼ਾਮਲ ਹੋਏ। ਲੋਕ ਅੰਦੋਲਨ ਦਾ ਅਜਿਹਾ ਅਸਰ ਹੋਇਆ ਕਿ ਵੱਡੇ ਡੈਮ ਦੀ ਉਸਾਰੀ ਦੀ ਜਗ੍ਹਾ ਤਬਦੀਲ ਕਰਨੀ ਪਈ। ਬਹੁਗੁਣਾ ਨੇ ਝੋਨੇ ਵਿਰੁੱਧ ਵੀ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਖ਼ੁਦ ਆਪਣੀ ਖੁਰਾਕ ਵਿੱਚੋਂ ਚੌਲ ਮਨਫੀ ਕਰ ਦਿੱਤੇ ਸਨ। ਇਸ ਦਾ ਕਾਰਨ ਇਹ ਹੈ ਕਿ ਬੇਹਿਸਾਬਾ ਪਾਣੀ ਖਪਤ ਕਰ ਕੇ ਇਹ ਫਸਲ ਪੈਦਾ ਕੀਤੀ ਜਾਂਦੀ ਹੈ। ਪੰਜਾਬ ਵਿੱਚ ਅਸੀਂ ਰੁੱਖਾਂ ਦੇ ਬਚਾਓ ਅਤੇ ਵਣਾਂ ਦੇ ਫੈਲਾਓ ਨਾਲ ਵਾਤਾਵਰਨ ਦੀ ਸੰਭਾਲ ਲਈ ਕੋਈ ਮਾਅਰਕੇ ਵਾਲੀ ਮੁਹਿੰਮ ਨਹੀਂ ਸ਼ੁਰੂ ਕਰ ਸਕੇ। ਲੱਖਾਂ ਕਰੋੜਾਂ ਦਰੱਖ਼ਤ ਸਾਡੀ ਸ਼ਹਿਰੀਕਰਨ ਦੀ ਨੀਤੀ ਅਧੀਨ ਖੇਤਾਂ ਵਿੱਚੋਂ ਖ਼ਤਮ ਹੋ ਰਹੇ ਹਨ।

ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਜਿਹੜੀ ਵਾਤਾਵਰਨ ਦੀ ਸਮੱਸਿਆ ’ਤੇ ਕਾਂ ਅੱਖ ਰੱਖਦੀ ਹੈ, ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਸੂਬੇ ਵਿੱਚ ਪਿਛਲੇ 18 ਸਾਲਾਂ ਦੌਰਾਨ ਦਰੱਖ਼ਤਾਂ ਹੇਠ ਰਕਬੇ ਵਿੱਚ 19% ਗਿਰਾਵਟ ਆਈ ਹੈ। ਜੇ ਹਰ ਸਾਲ ਇਹ ਰਕਬਾ ਘਟ ਰਿਹਾ ਹੈ ਤਾਂ ਸਪੱਸ਼ਟ ਹੈ ਕਿ ਨਵੀਂ ਪੌਦ ਅਸੀਂ ਧਾਰਮਿਕ ਸਮਾਗਮਾਂ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਪ੍ਰਾਪਤ ਤਾਂ ਕਰਦੇ ਹਾਂ ਪਰ ਉਨ੍ਹਾਂ ਨੂੰ ਲਗਾ ਕੇ ਸੰਭਾਲ ਨਹੀਂ ਕਰਦੇ। ਪਿੰਡਾਂ ਦੀਆਂ ਫਿਰਨੀਆਂ ਅਤੇ ਸੰਪਰਕ ਸੜਕਾਂ ਦੇ ਦੋਹੀਂ ਪਾਸੀਂ ਸਾਉਣ ਮਹੀਨੇ ਪੰਚਾਇਤਾਂ ਜਾਂ ਸਮਾਜ ਸੇਵੀ ਸੰਸਥਾਵਾਂ ਨਵੇਂ ਦਰੱਖ਼ਤ ਲਾ ਸਕਦੀਆਂ ਹਨ। ਸਾਉਣੀ ਦੀਆਂ ਫਸਲਾਂ ਬੀਜਣ ਬਾਅਦ ਵਿਹਲ ਵੀ ਹੁੰਦੀ ਹੈ ਪਰ ਯੋਗ ਅਗਵਾਈ ਅਤੇ ਸਮਰਪਣ ਭਾਵਨਾ ਦੀ ਅਣਹੋਂਦ ਵਿੱਚ ਇਹ ਕਾਰਜ ਵਿਰਲੇ ਪਿੰਡਾਂ ਵਿੱਚ ਹੀ ਸਿਰੇ ਚੜ੍ਹਦਾ ਹੈ।

ਗੁਰਬਾਣੀ ਵਿੱਚ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਸਥਾਨ ਦਿੱਤਾ ਗਿਆ ਹੈ। ਜੇਕਰ ਸਾਡੇ ਧਾਰਮਿਕ ਸਥਾਨਾਂ ’ਤੇ ਹਰ ਰੋਜ਼ ਨਹੀਂ, ਸਿਰਫ਼ ਸੰਗਰਾਂਦ ਵਾਲੇ ਦਿਨ ਹਵਾ ਦੇ ਗੰਧਲੇਪਣ ਨੂੰ ਰੋਕਣ, ਪਾਣੀ ਦੀ ਸਵੱਛਤਾ ਨੂੰ ਬਰਕਰਾਰ ਰੱਖਣ ਅਤੇ ਧਰਤੀ ਨੂੰ ਹਰੀ ਭਰੀ ਰੱਖਣ ਲਈ ਕੁਝ ਉਪਦੇਸ਼ ਗੁਰਬਾਣੀ ਦੀ ਰੌਸ਼ਨੀ ਵਿੱਚ ਦਿੱਤੇ ਜਾਣ ਤਾਂ ਅਸੀਂ ਥੋੜ੍ਹੇ ਸਮੇਂ ਵਿੱਚ ਉਹ ਤਬਦੀਲੀ ਲਿਆ ਸਕਦੇ ਹਾਂ ਜਿਹੜੀ ਕਿਸੇ ਕਾਨੂੰਨ ਜਾਂ ਸਰਕਾਰੀ ਹੁਕਮ ਨਾਲ ਪ੍ਰਾਪਤ ਨਹੀਂ ਹੋ ਸਕਦੀ। ਵਾਤਾਵਰਨ ਦੀ ਸੰਭਾਲ ਵਿੱਚ ਪੰਚਾਇਤਾਂ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨਿੱਗਰ ਰੋਲ ਅਦਾ ਕਰ ਸਕਦੀਆਂ ਹਨ।

ਸੰਪਰਕ: 98140-67632

Advertisement