ਪੱਛਮੀ ਏਸ਼ੀਆ ਦੇ ਵਿਗੜਦੇ ਹਾਲਾਤ
ਜੀ ਪਾਰਥਾਸਾਰਥੀ
1992 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਕਾਇਮ ਕਰਨ ਲਈ ਫ਼ੈਸਲਾਕੁਨ ਪਹਿਲ ਕੀਤੀ ਸੀ। ਹਾਲਾਂਕਿ ਭਾਰਤ ਨੇ ਫ਼ਲਸਤੀਨੀ ਕਾਜ਼ ਪ੍ਰਤੀ ਆਪਣੀ ਹਮਾਇਤ ਬਾਦਸਤੂਰ ਜਾਰੀ ਰੱਖੀ ਹੈ ਪਰ ਇਸ ਦੌਰਾਨ ਇਸ ਦੇ ਇਜ਼ਰਾਈਲ ਨਾਲ ਰਿਸ਼ਤੇ ਵੀ ਕਾਫ਼ੀ ਜਿ਼ਆਦਾ ਮਜ਼ਬੂਤ ਹੋਏ ਹਨ। ਭਾਰਤ ਅੰਦਰ ਇਹ ਅਹਿਸਾਸ ਬਣਿਆ ਰਿਹਾ ਹੈ ਕਿ ਇਜ਼ਰਾਈਲ ਨੂੰ ਸਪੱਸ਼ਟ ਤੌਰ ’ਤੇ ਪਰਿਭਾਸ਼ਤ ਆਪਣੀਆਂ ਹੱਦਾਂ ਅੰਦਰ ਅਤੇ ਆਂਢ-ਗੁਆਂਢ ਵਿਚ ਸੁਰੱਖਿਆ ਦੀ ਜ਼ਾਮਨੀ ਦੇਣੀ ਜ਼ਰੂਰੀ ਹੈ। ਨਵੀਂ ਦਿੱਲੀ ਦਾ ਇਹ ਵੀ ਵਿਸ਼ਵਾਸ ਰਿਹਾ ਹੈ ਕਿ ਇਜ਼ਰਾਈਲ ਹੋਵੇ ਜਾਂ ਕੋਈ ਹੋਰ, ਹਿੰਸਾ ਦੇ ਇਸਤੇਮਾਲ ਨਾਲ ਮਤਭੇਦ ਸੁਲਝ ਨਹੀਂ ਸਕਣਗੇ ਸਗੋਂ ਇਨ੍ਹਾਂ ਵਿਚ ਵਾਧਾ ਹੀ ਹੋਵੇਗਾ। ਹਕੀਕਤ ਇਹ ਹੈ ਕਿ ਇਜ਼ਰਾਈਲ ਨੂੰ ਲਗਾਤਾਰ ਸਹਹੱਦਾਂ ਤੋਂ ਪਾਰ ਫ਼ਲਸਤੀਨੀ ਗਰੁਪਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਂਝ, ਇਸ ਦੇ ਨਾਲ ਹੀ ਇਹ ਗੱਲ ਵਿਚ ਧਿਆਨ ਵਿਚ ਰੱਖੀ ਜਾਣੀ ਚਾਹੀਦੀ ਹੈ ਕਿ ਫ਼ਲਸਤੀਨੀਆਂ ਦੇ ਬੁਨਿਆਦੀ ਮਨੁੱਖੀ, ਇਲਾਕਾਈ, ਆਰਥਿਕ ਅਤੇ ਰਾਜਨੀਤਕ ਹੱਕਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਇਜ਼ਰਾਇਲੀ ਕਬਜ਼ੇ ਅਤੇ ਨੀਤੀਆਂ ਖਿਲਾਫ਼ ਇਸ ਤਹਿਰੀਕ ਦੀ ਅਗਵਾਈ ਕਰ ਰਹੀ ਜਥੇਬੰਦੀ ਹਮਾਸ ਦੀ ਨੀਂਹ ਫ਼ਲਸਤੀਨੀ ਇਮਾਮ ਅਤੇ ਇਸਲਾਮੀ ਕਾਰਕੁਨ ਅਹਿਮਦ ਯਾਸੀਨ ਨੇ 1973 ਵਿਚ ਰੱਖੀ ਸੀ। ਹਮਾਸ ਮੁੱਢ ਤੋਂ ਹੀ ਇਜ਼ਰਾਈਲ ਖਿਲਾਫ਼ ਹਥਿਆਰਬੰਦ ਸੰਘਰਸ਼ ਦੀ ਵਕਾਲਤ ਕਰਨ ਵਾਲੀ ਕੱਟੜਪੰਥੀ ਜਥੇਬੰਦੀ ਬਣੀ ਰਹੀ ਹੈ। ਹੈਰਾਨੀ ਦੀ ਗੱਲ ਨਹੀਂ ਕਿ ਜਲਦੀ ਹੀ ਹਮਾਸ ਦੇ ਮੁਕਾਬਲੇ ਫਤਹਿ ਨਾਂ ਦੀ ਇਕ ਹੋਰ ਜਥੇਬੰਦੀ ਉਭਰ ਆਈ ਜਿਸ ਨੂੰ ਮਿਸਰ ਅਤੇ ਪੱਛਮੀ ਦੇਸ਼ਾਂ ਦੀ ਹਮਾਇਤ ਹਾਸਲ ਸੀ। ਉਂਝ, ਹਮਾਸ ਫ਼ਲਸਤੀਨੀਆਂ ਦੀ ਸਿਰਮੌਰ ਜਥੇਬੰਦੀ ਬਣੀ ਰਹੀ ਹੈ ਅਤੇ ਇਸ ਨੂੰ ਹਥਿਆਰਬੰਦ ਸੰਘਰਸ਼ ਰਾਹੀਂ ਆਪਣੇ ਨਿਸ਼ਾਨੇ ਹਾਸਲ ਕਰਨ ਲਈ ਫ਼ਲਸਤੀਨੀ ਵਿਧਾਨਕ ਕੌਂਸਲ ਦੀਆਂ ਚੋਣਾਂ ਵਿਚ ਲੋਕਾਂ ਦੀ ਵਿਆਪਕ ਹਮਾਇਤ ਮਿਲਦੀ ਰਹੀ ਹੈ। ਹਮਾਸ ਨੇ 2006 ਦੀਆਂ ਵਿਧਾਨਕ ਕੌਂਸਲ ਦੀਆਂ ਚੋਣਾਂ ਵਿਚ ਫਤਹਿ ਨੂੰ ਹਰਾ ਕੇ ਗਾਜ਼ਾ ਪੱਟੀ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਸੀ। ਹਮਾਸ ਆਪਣੀਆਂ ਰੈਡੀਕਲ ਧਾਰਮਿਕ ਨੀਤੀਆਂ ਤੇ ਕਾਰਵਾਈਆਂ ਕਰ ਕੇ ਇਜ਼ਰਾਈਲ ਦੇ ਗਲੇ ਦੀ ਹੱਡੀ ਬਣੀ ਹੋਈ ਹੈ ਅਤੇ ਇਸ ਦਾ ਕੇਡਰ ਲੱਕ ਬੰਨ੍ਹ ਕੇ ਇਜ਼ਰਾਇਲੀ ਸੁਰੱਖਿਆ ਦਸਤਿਆਂ ਨਾਲ ਆਢਾ ਲੈ ਰਿਹਾ ਹੈ। ਸੰਖੇਪ ਵਿਚ ਕਿਹਾ ਜਾਵੇ ਤਾਂ ਹਮਾਸ ਜ਼ਾਹਿਰਾ ਤੌਰ ’ਤੇ 1967 ਵਿਚ ਇਜ਼ਰਾਈਲ ਹੱਥੋਂ ਹੋਈ ਹਾਰ ਤੋਂ ਪਹਿਲਾਂ ਮਿਸਰ ਨਾਲ ਮਿਲਦੀਆਂ ਆਪਣੀਆਂ ਸਰਹੱਦਾਂ ਅੰਦਰ ਇਸਲਾਮੀ ਰਿਆਸਤ ਕਾਇਮ ਕਰਨੀ ਚਾਹੁੰਦਾ ਹੈ। ਜ਼ਾਹਿਰ ਹੈ ਕਿ ਹਮਾਸ ਇਜ਼ਰਾਈਲ ਨਾਲ ਸਿਆਸੀ ਸਮਝੌਤਾ ਕਰਨਾ ਚਾਹੁੰਦਾ ਹੈ ਜਿਸ ਤਹਿਤ 1967 ਦੇ ਯੁੱਧ ਤੋਂ ਪਹਿਲਾਂ ਵਾਲੇ ਖੇਤਰ ਮੋੜਨ ਦੀ ਜ਼ਾਮਨੀ ਦਿੱਤੀ ਜਾਵੇ।
ਇਸ ਦੌਰਾਨ ਲੰਘੀ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ’ਤੇ ਜ਼ਬਰਦਸਤ ਹਮਲਾ ਵਿੱਢ ਦਿੱਤਾ। ਚਾਰ ਘੰਟਿਆਂ ਦੀ ਗਹਿਗੱਚ ਲੜਾਈ ਤੋਂ ਬਾਅਦ ਪਤਾ ਲੱਗਿਆ ਕਿ ਹਮਾਸ ਨੇ 1200 ਤੋਂ ਵੱਧ ਇਜ਼ਰਾਇਲੀ ਫ਼ੌਜੀਆਂ ਤੇ ਨਾਗਰਿਕਾਂ ਨੂੰ ਮਾਰ ਦਿੱਤਾ ਅਤੇ 150 ਲੋਕਾਂ ਨੂੰ ਬੰਦੀ ਬਣਾ ਲਿਆ। ਬਹਰਹਾਲ, ਇਜ਼ਰਾਈਲ ਦਾ ਮੋੜਵਾਂ ਹਮਲਾ ਸ਼ੁਰੂ ਹੋਣ ਤੋਂ ਬਾਅਦ ਹੁਣ ਇਹ ਮਸਲਾ ਹੁਣ ਕੁਝ ਦਿਨਾਂ ਦਾ ਸਵਾਲ ਰਹਿ ਗਿਆ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਜ਼ਰਾਈਲ ਆਮ ਲੋਕਾਂ ਦੀਆਂ ਜਾਨਾਂ ਦਾ ਖਿਆਲ ਰੱਖੇਗਾ। ਇਸ ਦੌਰਾਨ ਇਜ਼ਰਾਈਲ ਦੀ ਮੋੜਵੀਂ ਕਾਰਵਾਈ ਦੀ ਹਮਾਇਤ ਵਜੋਂ ਅਮਰੀਕਾ ਨੇ ਆਪਣਾ ਜਲ ਸੈਨਿਕ ਬੇੜਾ ਭੇਜ ਦਿੱਤਾ ਸੀ। ਅਮਰੀਕਾ ਵਿਚ ਅਗਲੇ ਕੁਝ ਮਹੀਨਿਆਂ ਵਿਚ ਰਾਸ਼ਟਰਪਤੀ ਅਤੇ ਪ੍ਰਤੀਨਿਧ ਸਭਾ ਦੀਆਂ ਚੋਣਾਂ ਹੋਣੀਆਂ ਹਨ ਜਨਿ੍ਹਾਂ ਦੇ ਮੱਦੇਨਜ਼ਰ ਬਾਇਡਨ ਪ੍ਰਸ਼ਾਸਨ ਕੋਲ ਇਜ਼ਰਾਈਲ ਦੇ ਸਟੈਂਡ ਦੀ ਹਮਾਇਤ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਇਸ ਤੋਂ ਇਲਾਵਾ ਅਮਰੀਕਾ ਨੂੰ ਆਪਣੇ ਯੂਰੋਪੀਅਨ ਭਾਈਵਾਲਾਂ ਦੀ ਹਮਾਇਤ ਵੀ ਜੁਟਾਉਣੀ ਪਵੇਗੀ। ਅਮਰੀਕਾ ਨੂੰ ਕਿਸੇ ਸੱਜਰੀ ਫ਼ੌਜੀ ਕਾਰਵਾਈ ਵਿਚ ਘਿਰਦਾ ਦੇਖ ਕੇ ਰੂਸ ਤੇ ਚੀਨ ਅੰਦਰੋ-ਅੰਦਰੀ ਜ਼ਰੂਰ ਖੁਸ਼ ਹੋ ਰਹੇ ਹੋਣਗੇ ਕਿਉਂਕਿ ਸਮੁੱਚੇ ਇਸਲਾਮੀ ਜਗਤ ਅੰਦਰ ਇਸ ਦੇ ਖਿਲਾਫ਼ ਰੋਸ ਦਾ ਮਾਹੌਲ ਪਨਪ ਰਿਹਾ ਹੈ।
ਭਾਰਤ ਇਸ ਸਮੇਂ ਪੱਛਮੀ ਏਸ਼ੀਆ ਵਿਚ ਵਧ ਰਹੇ ਤਣਾਅ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਨਾਲ ਸਿੱਝਣ ਦੀ ਚੰਗੀ ਸਥਿਤੀ ਵਿਚ ਨਜ਼ਰ ਆ ਰਿਹਾ ਹੈ। ਇਜ਼ਰਾਈਲ ਫ਼ਲਸਤੀਨੀ ਖੇਤਰਾਂ ਉਪਰ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਕੋਲ ਹਮਦਰਦੀ ਅਤੇ ਹਮਾਇਤ ਦਾ ਪ੍ਰਗਟਾਵਾ ਕੀਤਾ ਸੀ: “ਦਹਿਸ਼ਤਪਸੰਦ ਹਮਲੇ ਦੀ ਖ਼ਬਰ ਸੁਣ ਕੇ ਬਹੁਤ ਸਦਮਾ ਲੱਗਿਆ ਹੈ। ਸਾਡੀਆਂ ਸੋਚਾਂ ਅਤੇ ਪ੍ਰਾਰਥਾਨਾਵਾਂ ਮਾਰੇ ਗਏ ਨਿਰਦੋਸ਼ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਨ। ਇਸ ਔਖੀ ਘੜੀ ਵਿਚ ਅਸੀਂ ਇਜ਼ਰਾਈਲ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹਾਂ।” ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਧਿਆਨ ਦਿਵਾਇਆ ਸੀ- “ਭਾਰਤ ਨੇ ਹਮੇਸ਼ਾ ਪ੍ਰਭੂਸੱਤਾਪੂਰਨ, ਆਜ਼ਾਦ ਅਤੇ ਹੰਢਣਸਾਰ ਫ਼ਲਸਤੀਨ ਰਾਜ ਕਾਇਮ ਕਰਨ ਅਤੇ ਇਜ਼ਰਾਈਲ ਦੇ ਨਾਲੋ-ਨਾਲ ਸੁਰੱਖਿਅਤ ਅਤੇ ਮਾਨਤਾ ਪ੍ਰਾਪਤ ਸਰਹੱਦਾਂ ਅੰਦਰ ਗੁਜ਼ਰ-ਬਸਰ ਲਈ ਸਿੱਧੀ ਵਾਰਤਾ ਮੁੜ ਸ਼ੁਰੂ ਕਰਨ ਦੀ ਵਕਾਲਤ ਕੀਤੀ ਹੈ।” ਸਾਰ ਇਹ ਕਿ ਭਾਰਤ ਪੱਛਮੀ ਏਸ਼ੀਆ ਹਾਲਾਤ ’ਤੇ ਬਹੁਤ ਸਾਵਧਾਨੀ ਨਾਲ ਨਜ਼ਰ ਰੱਖ ਰਿਹਾ ਹੈ।
ਅਰਬ ਦੇਸ਼ਾਂ ਅਤੇ ਇਜ਼ਰਾਈਲ ਨਾਲ ਭਾਰਤ ਦੇ ਰਿਸ਼ਤੇ ਸੁਖਾਵੇਂ ਅਤੇ ਉਸਾਰੂ ਬਣੇ ਰਹੇ ਹਨ, ਹਾਲਾਂਕਿ ਸਾਨੂੰ ਆਪਣੇ ਪੱਛਮੀ ਆਂਢ-ਗੁਆਂਢ ਵਿਚ ਸਾਡੀਆਂ ਉਚਤਮ ਤਰਜੀਹਾਂ ਨੂੰ ਧਿਆਨ ਵਿਚ ਰੱਖਣਾ ਪਵੇਗਾ; ਖਾਸ ਤੌਰ ’ਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਜਿਹੇ ਖਾੜੀ ਦੇਸ਼ਾਂ ਨਾਲ ਸਾਡੇ ਰਿਸ਼ਤਿਆਂ ’ਤੇ ਫੋਕਸ ਰੱਖਣਾ ਚਾਹੀਦਾ ਹੈ ਜਨਿ੍ਹਾਂ ਨਾਲ ਸਾਡੇ ਕਰੀਬੀ ਸਬੰਧ ਰਹੇ ਹਨ। ਸਾਊਦੀ ਅਰਬ ਦੇ ਤਖ਼ਤ ਦੇ ਵਾਰਸ ਸ਼ਹਿਜ਼ਾਦਾ ਮੁਹੰਮਦ ਬਨਿ ਸਲਮਾਨ ਹਾਲ ਹੀ ਵਿਚ ਜੀ-20 ਸੰਮੇਲਨ ਵਿਚ ਨਵੀਂ ਦਿੱਲੀ ਪਧਾਰੇ ਸਨ ਅਤੇ ਇਸ ਦੌਰਾਨ ਉਹ ਭਾਰਤ ਦੇ ਮਹਿਮਾਨ ਵੀ ਬਣੇ ਸਨ ਜਿਸ ਕਰ ਕੇ ਦੋਵੇਂ ਦੇਸ਼ਾਂ ਵਿਚਕਾਰ ਸਬੰਧ ਮਜ਼ਬੂਤ ਹੋਣ ਦੀ ਦਿਸ਼ਾ ਵੱਲ ਰਵਾਂ ਹਨ। ਹੋਰ ਵੀ ਅਹਿਮ ਗੱਲ ਇਹ ਹੈ ਕਿ ਯੂਏਈ ਅਤੇ ਸਾਊਦੀ ਅਰਬ, ਦੋਵੇਂ ਭਾਰਤ ਦੇ ਦੀਰਘਕਾਲੀ ਭਿਆਲ ਹਨ ਅਤੇ ਬਰਾਸਤਾ ਪੱਛਮੀ ਏਸ਼ੀਆ ਯੂਰੋਪ ਤੱਕ ਜਾਣ ਵਾਲੇ ਭਾਰਤ ਪੱਛਮੀ ਏਸ਼ੀਆ ਆਰਥਿਕ ਲਾਂਘੇ ਲਈ ਮਿਲ ਕੇ ਕੰਮ ਕਰ ਰਹੇ ਹਨ। ਇਸ ਸਮੇਂ 34 ਲੱਖ ਤੋਂ ਜਿ਼ਆਦਾ ਭਾਰਤੀ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਹਨ ਅਤੇ ਹਰ ਸਾਲ ਅੰਦਾਜ਼ਨ 16 ਅਰਬ ਡਾਲਰ ਦੀ ਕਮਾਈ ਵਾਪਸ ਭਾਰਤ ਭੇਜ ਰਹੇ ਹਨ ਜਦਕਿ 26 ਲੱਖ ਭਾਰਤ ਸਾਊਦੀ ਅਰਬ ਵਿਚ ਰਹਿੰਦੇ ਹਨ ਜਨਿ੍ਹਾਂ ਨੇ ਪੰਜ ਅਰਬ ਡਾਲਰ ਦੀ ਕਮਾਈ ਭਾਰਤ ਭੇਜੀ ਸੀ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਆਪਣੇ ਅਰਬ ਗੁਆਂਢੀਆਂ, ਖਾਸਕਰ ਫ਼ਲਸਤੀਨੀਆਂ ਨਾਲ ਜਿਹੋ ਜਿਹਾ ਸੰਵੇਦਨਹੀਣ ਵਤੀਰਾ ਅਪਣਾ ਰਹੇ ਹਨ, ਉਸ ਦੇ ਮੱਦੇਨਜ਼ਰ ਇਰਾਨ ਅਤੇ ਕੱਟੜ ਅਰਬ ਗਰੁੱਪਾਂ ਵਿਚਕਾਰ ਤਾਲਮੇਲ ਵਧਣ ਦੇ ਆਸਾਰ ਹਨ। ਇਸ ਦੇ ਨਾਲ ਹੀ ਅਰਬ ਅਵਾਮ ਦੇ ਦੁੱਖਾਂ ਲਈ ਸਭ ਤੋਂ ਵੱਧ ਅਮਰੀਕਾ ਨੂੰ ਕਸੂਰਵਾਰ ਮੰਨਿਆ ਜਾਵੇਗਾ ਕਿਉਂਕਿ ਇਸ ਖਿੱਤੇ ਦੀਆਂ ਘਟਨਾਵਾਂ ਪ੍ਰਤੀ ਅਮਰੀਕਾ ਦੀ ਪਹੁੰਚ ਅਕਸਰ ਹਕੀਕਤਪਸੰਦੀ ਤੋਂ ਵਿਰਵੀ ਰਹੀ ਹੈ। ਤਰਕ ਦੇ ਲਿਹਾਜ਼ ਤੋਂ ਦੇਖਦਿਆਂ ਫ਼ਲਸਤੀਨੀ ਅਵਾਮ ਦੇ ਦੁੱਖਾਂ ਦਾ ਅੰਤ ਕਾਫ਼ੀ ਦੂਰ ਤੱਕ ਨਜ਼ਰ ਨਹੀਂ ਆ ਰਿਹਾ। ਇਨ੍ਹਾਂ ਹਾਲਾਤ ਲਈ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਕਸੂਰਵਾਰ ਗਿਣਿਆ ਜਾਵੇਗਾ। ਇਜ਼ਰਾਈਲ ਖਿਲਾਫ਼ ਅਰਬਾਂ ਦੇ ਮਨਾਂ ਵਿਚ ਬੇਵਿਸਾਹੀ ਅਤੇ ਦੁਸ਼ਮਣੀ ਹੋਰ ਵਧ ਜਾਵੇਗੀ। ਲਿਹਾਜ਼ਾ, ਇਸ ਖਿੱਤੇ ਅੰਦਰ ਅਮਨ ਅਤੇ ਸਦਭਾਵਨਾ ਪੈਦਾ ਹੋਣ ਦੇ ਆਸਾਰ ਹੋਰ ਮੱਧਮ ਪੈ ਗਏ ਹਨ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।