ਇਕ ਹੋਰ ਗਾਂਧੀ ਤਿਆਰ
ਜਯੋਤੀ ਮਲਹੋਤਰਾ
ਪਿਛਲੇ ਹਫ਼ਤੇ ਮਹਾਰਾਸ਼ਟਰ ਅਸੈਂਬਲੀ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਵਰਤੀ ਚੁੱਪ-ਚਾਂ ਦੱਸਦੀ ਹੈ ਕਿ ਕਿਉਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਪਾਰਟੀ ਦੇਸ਼ ਭਰ ਵਿੱਚ ਸੱਤਾ ਹਥਿਆ ਰਹੀ ਹੈ। ਜੇ ਇੱਕ ਸ਼ਬਦ ਵਿੱਚ ਕਹਿਣਾ ਹੋਵੇ ਤਾਂ ਇਸ ਦਾ ਕਾਰਨ ਇਹ ਹੈ ਕਿ ਕਾਂਗਰਸ ਉਨ੍ਹਾਂ ਨੂੰ ਅਜਿਹਾ ਕਰਨ ਦੇ ਰਹੀ ਹੈ।
ਲੰਘੇ ਸ਼ੁੱਕਰਵਾਰ ਰਾਜਧਾਨੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਸਾਡੇ ਫੋਟੋਗ੍ਰਾਫਰ ਮੁਕੇਸ਼ ਅਗਰਵਾਲ ਦੀ ਖਿੱਚੀ ਤਸਵੀਰ ਨੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਮੌਜੂਦਾ ਹਾਲ ਨੂੰ ਸਹਿਜ ਭਾਅ ਕੈਦ ਕਰ ਲਿਆ। ਇੱਕ ਤਸਵੀਰ ਵਿੱਚ ਪਾਰਟੀ ਪ੍ਰਧਾਨ ਬਜ਼ੁਰਗਵਾਰ ਮਲਿਕਾਰਜੁਨ ਖੜਗੇ ਮਫ਼ਲਰ ਪਹਿਨ ਕੇ ਬੈਠੇ ਹੋਏ ਹਨ ਅਤੇ ਨਾਲ ਹੀ ਉਨ੍ਹਾਂ ਦੇ ਯੁਵਾ ਸਾਥੀ ਰਾਹੁਲ ਗਾਂਧੀ ਕਾਗਜ਼ ਵਰਗੀ ਪਤਲੀ ਆਪਣੀ ਟ੍ਰੇਡਮਾਰਕ ਚਿੱਟੀ ਟੀ-ਸ਼ਰਟ ਪਾ ਕੇ ਬੈਠੇ ਹਨ।
ਪਿਛਲੇ ਛੇ-ਸੱਤ ਦਿਨਾਂ ਤੋਂ ਮਹਾਰਾਸ਼ਟਰ ਵਿੱਚ ਜੇਤੂ ਰਹੇ ਮਹਾਯੁਤੀ ਗੱਠਜੋੜ ਦੀਆਂ ਪਾਰਟੀਆਂ ਦਰਮਿਆਨ ਚੱਲ ਰਹੀ ਖਿੱਚ-ਧੂਹ ਦੀਆਂ ਖ਼ਬਰਾਂ ਦਾ ਹੜ੍ਹ ਆ ਗਿਆ ਹੈ ਕਿ ਅਗਲਾ ਮੁੱਖ ਮੰਤਰੀ ਭਾਜਪਾ ਦਾ ਦੇਵੇਂਦਰ ਫੜਨਵੀਸ ਬਣੇਗਾ ਜਾਂ ਸ਼ਿਵ ਸੈਨਾ ਦਾ ਏਕਨਾਥ ਸ਼ਿੰਦੇ। ਦੂਜੇ ਬੰਨ੍ਹੇ ਜਾਪਦਾ ਹੈ ਕਿ ਜਿਵੇਂ ਕਾਂਗਰਸ ਲੰਮੀਆਂ ਤਾਣ ਕੇ ਮੁੜ ਸੌਂ ਗਈ ਹੈ। ਕੁਝ ਲੋਕਾਂ ਨੇ ਊਧਵ ਠਾਕਰੇ ਨੂੰ ਮਹਾ ਵਿਕਾਸ ਅਗਾੜੀ (ਐੱਮਵੀਏ) ’ਚੋਂ ਬਾਹਰ ਆਉਣ ਦੀ ਸਲਾਹ ਦਿੱਤੀ ਹੈ ਪਰ ਗੱਠਜੋੜ ਦੇ ਭਿਆਲਾਂ ਦਰਮਿਆਨ ਇਸ ਤਰ੍ਹਾਂ ਦਾ ਰੌਲ਼ਾ-ਰੱਪਾ ਚੋਣ ਨਤੀਜੇ ਆਉਣ ਤੋਂ ਪਹਿਲਾਂ ਪੈ ਗਿਆ ਸੀ ਕਿ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ।
ਯਕੀਨਨ, ਇਹ ਕਮਾਲ ਦੇ ਹਾਲਾਤ ਹਨ। ਕਾਂਗਰਸ ਅਤੇ ਰਾਹੁਲ ਗਾਂਧੀ ਵੱਲੋਂ ਭਾਜਪਾ ਉੱਪਰ ਵਾਰ-ਵਾਰ ਮੋਦੀ ਨੂੰ ਦੈਵੀ ਦਰਜਾ ਦੇਣ ਦੇ ਦੋਸ਼ ਲਾਏ ਜਾਂਦੇ ਹਨ ਅਤੇ ਤੱਥ ਇਹ ਵੀ ਹੈ ਕਿ ਖ਼ੁਦ ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣ ਤੋਂ ਪਹਿਲਾਂ ਵਾਰਾਣਸੀ ਵਿੱਚ ਨਿਊਜ਼ 18 ਨਾਲ ਮੁਲਾਕਾਤ ਵਿੱਚ ਇਹ ਗੱਲ ਮੰਨੀ ਸੀ ਜਦੋਂ ਉਨ੍ਹਾਂ ਆਖਿਆ ਸੀ ਕਿ “ਉਹ ਇਸ ਗੱਲ ਦੇ ਕਾਇਲ ਹਨ ਕਿ ਈਸ਼ਵਰ ਨੇ ਉਨ੍ਹਾਂ ਨੂੰ ਭੇਜਿਆ ਹੈ ਕਿਉਂਕਿ ਉਨ੍ਹਾਂ ਦੀ ਇਹ ਊਰਜਾ ਜੈਵਿਕ ਸਰੀਰ ’ਚੋਂ ਨਹੀਂ ਆ ਸਕਦੀ”, ਫਿਰ ਵੀ ਇਹ ਤੱਥ ਕਾਇਮ ਹੈ ਕਿ ਇੱਕ ਤੋਂ ਬਾਅਦ ਇੱਕ ਚੋਣ (ਝਾਰਖੰਡ ਅਪਵਾਦ ਹੈ) ਵਿੱਚ ਹਾਰ ਖਾਣ ਤੋਂ ਬਾਅਦ ਕਾਂਗਰਸ ਆਪਣੇ ਅੰਦਰ ਝਾਤੀ ਮਾਰਨ ਤੋਂ ਇਨਕਾਰੀ ਹੈ।
ਇਹ ਹੈਰਾਨਕੁਨ ਤੱਥ ਅੱਜ ਵੀ ਕਾਇਮ ਹੈ ਕਿ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਲੀਡਰਸ਼ਿਪ ’ਤੇ ਉਂਗਲ ਚੁੱਕਣ ਤੋਂ ਇਨਕਾਰੀ ਹੋਣ ਕਰ ਕੇ ਮੋਦੀ ਅਤੇ ਭਾਜਪਾ ਨੂੰ ਇੱਕ ਤੋਂ ਬਾਅਦ ਇੱਕ ਸੂਬੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਮਿਲ ਰਿਹਾ ਹੈ। ਜਦੋਂ ਗਰਮੀਆਂ ਵਿੱਚ ਭਾਜਪਾ ਪਾਰਲੀਮੈਂਟ ਵਿੱਚ ਆਪਣਾ ਬਹੁਮਤ ਗੁਆ ਬੈਠੀ ਸੀ ਤਾਂ ਇਸ ਨੇ ਉਸ ਸਭ ਕਾਸੇ ਦੀ ਘੋਖ ਪੜਤਾਲ ਕੀਤੀ ਕਿ ਅਸਲ ਵਿੱਚ ਕੀ ਵਾਪਰਿਆ ਸੀ ਜਿਸ ਵਿੱਚ ਇਹ ਗੱਲ ਵੀ ਸ਼ਾਮਿਲ ਸੀ ਕਿ ਆਰਐੱਸਐੱਸ ਨੇ ਮਦਦ ਕਿਉਂ ਨਹੀਂ ਕੀਤੀ ਸੀ। ਇਸ ਤੋਂ ਬਾਅਦ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਆਈਆਂ ਜਿਨ੍ਹਾਂ ਵਿੱਚ ਇਸ ਨੇ ਆਪਣੀਆਂ ਗਲਤੀਆਂ ਤੋਂ ਸਿੱਖੇ ਸਬਕ ਨੂੰ ਪੱਕਾ ਕੀਤਾ ਅਤੇ ਹਰਿਆਣਾ ਵਿੱਚ ਹਰੇਕ ਅਸੈਂਬਲੀ ਸੀਟ ’ਤੇ ਮਾਈਕਰੋ ਮੈਨੇਜਮੈਂਟ ਕਰ ਕੇ ਲੋੜੋਂ ਵੱਧ ਉਤਸ਼ਾਹ ’ਚ ਆਈ ਕਾਂਗਰਸ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਅਤੇ ਫਿਰ ਔਰਤਾਂ ਦੇ ਖਾਤੇ ਵਿੱਚ ਸਿੱਧੇ ਤੌਰ ’ਤੇ ਪੈਸੇ ਪਾਉਣ ਵਾਲੀਆਂ ‘ਲਾਡਕੀ ਬਹਿਨ’ ਜਿਹੀਆਂ ਸਕੀਮਾਂ ਦੀ ਮਦਦ ਨਾਲ ਮਹਾਰਾਸ਼ਟਰ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ।
ਇਸ ਦੇ ਐਨ ਉਲਟ ਕਾਂਗਰਸ ਨੇ ਈਵੀਐੱਮਜ਼ ਦਾ ਕਸੂਰ ਕੱਢ ਕੇ ਆਪਣੀ ਨਾਕਾਮੀ ਨੂੰ ‘ਵੱਡੇ ਪੈਮਾਨੇ ਦੀ ਧਾਂਦਲੀ’ ਪਿੱਛੇ ਢਕ ਦਿੱਤਾ। ਹਰੇਕ ਚੰਗਾ ਆਗੂ ਆਪਣੀ ਨਾਕਾਮੀ ਨੂੰ ਸਵੀਕਾਰ ਕਰਦਾ ਹੈ ਪਰ ਇਸ ਦੇ ਬਜਾਇ ਰਾਹੁਲ ਆਪਣੀ ਬਹੁਤ ਹੀ ਕ੍ਰਿਸ਼ਮਈ ਭੈਣ ਦੀ ਵਾਇਨਾਡ ਸੰਸਦੀ ਸੀਟ ਤੋਂ ਜਿੱਤ ਦੇ ਜਸ਼ਨ ਮਨਾਉਣ ਚਲਿਆ ਗਿਆ। ਇਹ ਸਭ ਕੁਝ ਬਹੁਤ ਸੋਭਦਾ ਹੈ, ਖ਼ਾਸਕਰ ਜਿਵੇਂ ਇਹ ਯੁਵਾ ਔਰਤ ਸੰਸਦ ਮੈਂਬਰ ਵਜੋਂ ਹਿੰਦੀ ਵਿੱਚ ਸਹੁੰ ਚੁੱਕਣ ਲਈ ਕੇਰਲਾ ਦੀ ਰਵਾਇਤੀ ਕਸਾਵੂ ਸਾੜ੍ਹੀ ਪਹਿਨ ਕੇ ਪਾਰਲੀਮੈਂਟ ਵਿੱਚ ਪਹੁੰਚੀ ਸੀ।
ਹੁਣ ਸਦਨ ਵਿੱਚ ਤਿੰਨ ਗਾਂਧੀ ਹੋ ਗਏ ਹਨ- ਮਾਂ ਸੋਨੀਆ ਗਾਂਧੀ ਰਾਜ ਸਭਾ ਵਿੱਚ ਹੈ, ਉਸ ਦੇ ਬੱਚੇ ਰਾਹੁਲ ਤੇ ਪ੍ਰਿਯੰਕਾ ਲੋਕ ਸਭਾ ਵਿੱਚ ਹਨ। ਰਾਹੁਲ ਉੱਤਰ ਪ੍ਰਦੇਸ਼ ਦਾ ਦਿਲ ਮੰਨੇ ਜਾਂਦੇ ਰਾਏਬਰੇਲੀ ਤੋਂ ਮੈਂਬਰ ਹੈ ਅਤੇ ਪ੍ਰਿਯੰਕਾ ਕੇਰਲਾ ਦੇ ਦੱਖਣੀ ਪਹਾੜੀ ਜ਼ਿਲ੍ਹੇ ਵਾਇਨਾਡ ਦੀ ਸੀਟ ਤੋਂ ਚੁਣੀ ਗਈ ਹੈ। ਐਵੇਂ ਕੋਈ ਗ਼ਲਤੀ ਨਾ ਕਰ ਬੈਠਣਾ, ਪੁਸ਼ਤੈਨੀ ਜਾਗੀਰ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਹੈ। ਕਾਂਗਰਸ ਉਪਰ ਗਾਂਧੀਆਂ ਦੀ ਪਕੜ ਹੋਰ ਪੀਢੀ ਹੋ ਗਈ ਹੈ।
ਭਾਰਤੀ ਰਾਜਨੀਤੀ ਵਿਚ ਪਰਿਵਾਰਵਾਦ ਵਿਰੋਧੀ ਤਰਕ ਦਾ ਭੋਗ ਕਦੋਂ ਦਾ ਪੈ ਚੁੱਕਿਆ ਹੈ; ਅੱਜ ਨਾ ਸਿਰਫ਼ ਕਾਂਗਰਸ ਸਗੋਂ ਹਰੇਕ ਸਿਆਸੀ ਪਾਰਟੀ ਵਿੱਚ ਮੰਨਿਆ ਜਾ ਰਿਹਾ ਹੈ ਕਿ ਮਾਵਾਂ ਅਤੇ ਪਿਓਆਂ ਦੇ ਪੁੱਤਰ ਤੇ ਧੀਆਂ ਚੰਗੇ ਘੋੜੇ ਸਾਬਿਤ ਹੋ ਰਹੇ ਹਨ। ਹੁਣ ਅਸੀਂ ਵੀ ਇਸ ਤਰਕ ਨੂੰ ਜਾਣ ਗਏ ਹਾਂ ਕਿ ਭਾਰਤ ਦੇ ਲੋਕ ਐਨੇ ਅਕਲਮੰਦ ਹਨ ਕਿ ਭਾਵੇਂ ਤੁਸੀਂ ਕਿੰਨੇ ਵੀ ਵਿਸ਼ੇਸ਼-ਅਧਿਕਾਰ ਪ੍ਰਾਪਤ ਕਿਉਂ ਨਾ ਹੋਵੇ, ਉਹ ਤੁਹਾਨੂੰ ਉਦੋਂ ਤੱਕ ਸਵੀਕਾਰ ਨਹੀਂ ਕਰਦੇ ਜਦੋਂ ਤੱਕ ਤੁਸੀਂ ਉਨ੍ਹਾਂ ਦੀ ਖਾਤਿਰ ਸਖ਼ਤ ਮਿਹਨਤ ਨਹੀਂ ਕਰਦੇ।
ਕਾਂਗਰਸ ਦੀ ਸਮੱਸਿਆ ਹੁਣ ਪਰਿਵਾਰ ਨਹੀਂ ਰਿਹਾ ਸਗੋਂ ਇਹ ਤੱਥ ਹੈ ਕਿ ਗਾਂਧੀਆਂ ਨੂੰ ਅਸਲ ਵਿੱਚ ਅਜਿਹਾ ‘ਮੁਖੌਟਾ’ ਚਾਹੀਦਾ ਹੈ ਜਿਸ ਦੀਆਂ ਵਾਗਾਂ ਫੜ ਕੇ ਪਰਿਵਾਰ ਉਸ ਨੂੰ ਘੁਮਾਉਂਦਾ ਰਹੇ। ਲੋਕ ਸਭਾ ਲਈ ਚੁਣੇ ਜਾਣ ਨਾਲ ਪ੍ਰਿਯੰਕਾ ਵੀ ਹੁਣ ਵਾਗਾਂ ਖਿੱਚਣ ਵਾਲਿਆਂ ਵਿਚ ਸ਼ੁਮਾਰ ਹੋ ਗਈ ਹੈ। ਉਸ ਦੀ ਮਾਂ ਕਮਾਲ ਦੀ ਔਰਤ ਹੈ ਜਿਸ ਨੇ 1991 ਦੀਆਂ ਗਰਮੀਆਂ ਵਿੱਚ ਆਪਣੇ ਪਤੀ ਦੀ ਹੱਤਿਆ ਹੋਣ ਤੋਂ ਬਾਅਦ ਔਖੇ ਸਮਿਆਂ ਵਿੱਚ ਪਰਿਵਾਰ ਨੂੰ ਇਕਜੁੱਟ ਰੱਖਿਆ ਅਤੇ ਫਿਰ ਮਨਮੋਹਨ ਸਿੰਘ ਦੀ ਬਾਕਮਾਲ ਅਗਵਾਈ ਹੇਠ ਕਾਂਗਰਸ ਨੂੰ ਦਸ ਸਾਲਾਂ ਲਈ ਸ਼ਾਸਨ ਚਲਾਉਣ ਦਾ ਮੌਕਾ ਦਿਵਾਇਆ ਸੀ। ਹੁਣ ਉਹ ਜਨਤਕ ਖੇਤਰ ਤੋਂ ਓਹਲੇ ਹੋ ਰਹੀ ਹੈ ਅਤੇ ਉਨ੍ਹਾਂ ਦੀ ਥਾਂ ਧੀ ਲੈ ਰਹੀ ਹੈ।
ਇਹ ਬਹਿਸ ਬੇਥਵੀ ਹੈ ਕਿ ਅਗਵਾਈ ਦਾ ਜ਼ਿੰਮਾ ਸੋਨੀਆ ਦੇ ਪੁੱਤਰ ਨੂੰ ਦਿੱਤਾ ਜਾਂਦਾ ਹੈ ਜਾਂ ਧੀ ਨੂੰ; ਸਦਨ ਵਿੱਚ ਨਵੀਂ ਗਾਂਧੀ ਦੀ ਬੇਹੱਦ ਊਰਜਾਵਾਨ ਮੌਜੂਦਗੀ ਹੀ ਇਹ ਚਿਤਾਵਨੀ ਦੇਣ ਲਈ ਕਾਫ਼ੀ ਹੈ ਕਿ ਗਾਂਧੀਆਂ ਨੂੰ ਧੱਕ ਕੇ ਲਾਂਭੇ ਨਹੀਂ ਕੀਤਾ ਜਾ ਸਕਦਾ। ਇਸੇ ਕਰ ਕੇ ਪ੍ਰਿਯੰਕਾ ਦੀ ਪੁੱਗਤ ਹੈ। ਉਹ ਪਾਰਟੀ ਦੀ ਅਗਵਾਈ ਕਰ ਕੇ ਰਾਜਨੀਤੀ ਨੂੰ ਹਲੂਣਾ ਦੇ ਸਕਦੀ ਹੈ। ਜਦੋਂ ਉਹ ਪਾਰਲੀਮੈਂਟ ਵਿੱਚ ਬੋਲੇਗੀ ਤਾਂ ਹਵਾ ’ਚ ਤੈਰਦੇ ਕਣਾਂ ਦੀਆਂ ਤਰਬਾਂ ਜ਼ਰੂਰ ਛੇੜੇਗੀ। ਇਸ ਗੱਲ ਦੇ ਆਸਾਰ ਘੱਟ ਹਨ ਕਿ ਉਹ ਪਾਰਟੀ ਦੀ ਬੇੜੀ ਵਿੱਚ ਵੱਟੇ ਪਾਵੇਗੀ ਕਿਉਂਕਿ ਇਸ ਵੇਲੇ ਇਸ ਦੀ ਵਾਗਡੋਰ ਉਸ ਦੇ ਭਰਾ ਦੇ ਹੱਥਾਂ ਵਿੱਚ ਹੈ।
ਇਸ ਦਾ ਮਤਲਬ ਇਹ ਹੈ ਕਿ ਰਾਹੁਲ ਦੀ ਅਗਵਾਈ ਹੇਠ ਕਾਂਗਰਸ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਚੋਣਾਂ ਨੂੰ ਘਟਾ ਕੇ ਦੇਖੇਗੀ ਜਾਂ ਫਿਰ ਭੈਣ-ਭਰਾ ਨੂੰ ‘ਇੰਡੀਆ’ ਗੱਠਜੋੜ ਵਿੱਚ ਪੈ ਰਹੀਆਂ ਤ੍ਰੇੜਾਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ; ਤ੍ਰਿਣਮੂਲ ਕਾਂਗਰਸ ਨੇ ਅਪੀਲ ਕੀਤੀ ਹੈ ਕਿ ਪਾਰਲੀਮੈਂਟ ਦਾ ਸਰਦ ਰੁੱਤ ਇਜਲਾਸ ਚੱਲਣ ਦਿੱਤਾ ਜਾਵੇ ਬਜਾਇ ਇਸ ਦੇ ਕਿ ਇਹ ਰਾਹੁਲ ਦੇ ਅਡਾਨੀ ਵਾਲੇ ਕੰਡੇ ਥੱਲੇ ਦੱਬ ਕੇ ਰਹਿ ਜਾਵੇ।
ਜੇ ਕਾਂਗਰਸ ਕੁਝ ਰਾਜਾਂ ਵਿੱਚ ਜਿੱਤ ਦਰਜ ਕਰ ਲੈਂਦੀ ਤਾਂ ਇਹ ਸਭ ਕੁਝ ਚੱਲ ਜਾਣਾ ਸੀ, ਆਖ਼ਿਰਕਾਰ ਜੇਤੂ ਦੀ ਹਰ ਕੋਈ ਜੈ-ਜੈਕਾਰ ਕਰਦਾ ਹੈ ਪਰ ਜਦੋਂ ਇੱਕ ਤੋਂ ਬਾਅਦ ਇੱਕ ਹਾਰ ਹੋਣ ਲਗਦੀ ਹੈ ਤਾਂ ਸਵਾਲ ਉੱਠਦਾ ਹੈ ਕਿ ਗਾਂਧੀਆਂ ’ਚ ਐਸੀ ਕਿਹੜੀ ਖ਼ਾਸ ਗੱਲ ਹੈ ਕਿ ਉਨ੍ਹਾਂ ਨੂੰ ਵੰਗਾਰਿਆ ਨਹੀਂ ਜਾ ਸਕਦਾ ਜਿਵੇਂ ਇਕ ਵਾਰ ਜੀ23 ਨੇ ਸੋਚਿਆ ਸੀ ਪਰ ਉਹ ਆਪਣਾ ਹੀ ਨੁਕਸਾਨ ਕਰਾ ਕੇ ਬੈਠ ਗਏ। ਉਂਝ, ਇਸ ਸਵਾਲ ਦਾ ਢੁਕਵਾਂ ਜਵਾਬ ਅਜੇ ਤੱਕ ਵੀ ਨਹੀਂ ਮਿਲਿਆ।
ਯਕੀਨਨ, ਮੋਦੀ ਤੋਂ ਵੱਧ ਇਸ ਵਰਤਾਰੇ ਦੀ ਖੁਸ਼ੀ ਹੋਰ ਕਿਸੇ ਨੂੰ ਨਹੀਂ ਹੋਵੇਗੀ। ਉਹ ਜਾਣਦੇ ਹਨ ਕਿ ਜਦੋਂ ਉਹ ਅੰਦਰੂਨੀ ਲੋਕਰਾਜ ਦੀ ਘਾਟ ਬਦਲੇ ਕਾਂਗਰਸ ’ਤੇ ਚੋਟ ਕਰਦੇ ਹਨ ਤਾਂ ਕਰੋੜਾਂ ਲੋਕਾਂ ਨੂੰ ਇਹ ਗੱਲ ਪੋਂਹਦੀ ਹੈ। ਉਹ ਇਹ ਵੀ ਜਾਣਦੇ ਹਨ ਕਿ ਦੇਸ਼ ਇਹ ਗੱਲ ਜਾਣਦਾ ਹੈ ਕਿ ‘ਇੰਡੀਆ ਇਜ਼ ਇੰਦਰਾ’ ਦੇ ਦਿਨ ਕਦੋਂ ਦੇ ਲੱਦ ਚੁੱਕੇ ਹਨ ਅਤੇ ਜੇ ਗਾਂਧੀ ਜ਼ਿੰਮੇਵਾਰੀ ਲੈਣ ਤੋਂ ਕਤਰਾਉਣਗੇ ਤਾਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੌਲੀ-ਹੌਲੀ ਖਤਮ ਹੋ ਜਾਵੇਗੀ।
ਕੋਈ ਸਮਾਂ ਸੀ ਜਦੋਂ ਭਲੇ ਦਿਨਾਂ ਵਿੱਚ ਪ੍ਰਿਯੰਕਾ ਨੂੰ ਕਾਂਗਰਸ ਪਾਰਟੀ ਦੀ ‘ਬ੍ਰਹਮਾਸਤਰ’ ਦੀ ਤਸ਼ਬੀਹ ਦਿੱਤੀ ਜਾਂਦੀ ਸੀ। ਸਵਾਲ ਇਹ ਹੈ ਕਿ ਜ਼ਬਰਦਸਤ ਤਬਾਹੀ ਫੈਲਾਉਣ ਵਾਲੇ ਇਸ ਤਰ੍ਹਾਂ ਦੇ ਹਥਿਆਰ ਦੀ ਅਜੋਕੀ ਰਾਜਨੀਤੀ ਵਿੱਚ ਕੀ ਅਹਿਮੀਅਤ ਹੈ?
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।