ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਲਾਸਕਾ ਵਾਰਤਾ: ਅਮਨ ਲਈ ਪਹਿਲ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ 15 ਅਗਸਤ ਨੂੰ ਅਲਾਸਕਾ ਦੇ ਐਂਕਰੇਜ ਵਿਖੇ ਹੋਈ ਸਿਖਰ ਵਾਰਤਾ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ, ਪਰ ਯੂਕਰੇਨ ਜੰਗ ਬਾਰੇ ਕੋਈ ਠੋਸ ਸ਼ਾਂਤੀ ਵਾਰਤਾ ਜਾਂ ਜੰਗਬੰਦੀ ਬਾਰੇ ਸਮਝੌਤਾ ਨਾ...
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ 15 ਅਗਸਤ ਨੂੰ ਅਲਾਸਕਾ ਦੇ ਐਂਕਰੇਜ ਵਿਖੇ ਹੋਈ ਸਿਖਰ ਵਾਰਤਾ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ, ਪਰ ਯੂਕਰੇਨ ਜੰਗ ਬਾਰੇ ਕੋਈ ਠੋਸ ਸ਼ਾਂਤੀ ਵਾਰਤਾ ਜਾਂ ਜੰਗਬੰਦੀ ਬਾਰੇ ਸਮਝੌਤਾ ਨਾ ਹੋ ਸਕਿਆ। ਇਸ ਲਈ ਇਸ ਨੂੰ ਬੇਸਿੱਟਾ ਕਰਾਰ ਦਿੱਤਾ ਗਿਆ ਹਾਲਾਂਕਿ ਸਿਖਰ ਵਾਰਤਾ ਤੋਂ ਪਹਿਲਾਂ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਪੂਤਿਨ ਜੰਗਬੰਦੀ ਲਈ ਸਹਿਮਤ ਨਾ ਹੋਏ ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਸਿਖਰ ਵਾਰਤਾ ਮੌਕੇ ਖੁੱਲ੍ਹ ਕੇ ਦਿਖਾਵਾ ਕੀਤਾ ਗਿਆ। ਅਮਰੀਕੀ ਮੇਜ਼ਬਾਨ ਨੇ ਰੂਸੀ ਰਾਸ਼ਟਰਪਤੀ ਦੀ ਦਿਲ ਖੋਲ੍ਹ ਕੇ ਆਓ ਭਗਤ ਕੀਤੀ। ਪੂਤਿਨ ਦੇ ਜਹਾਜ਼ ਦੀ ਅਗਵਾਨੀ ਅਮਰੀਕੀ ਲੜਾਕਿਆਂ ਨੇ ਕੀਤੀ ਜੋ ਬਹੁਤ ਹੀ ਖ਼ਾਸ ਇਤਹਾਦੀ ਤੇ ਭਿਆਲ ਮੁਲਕਾਂ ਦੇ ਆਗੂਆਂ ਦੇ ਮਾਣ ਵਿੱਚ ਕੀਤਾ ਜਾਂਦਾ ਹੈ। ਜਿਸ ਆਗੂ ਨੂੰ ਕੁਝ ਸਮਾਂ ਪਹਿਲਾਂ ਯੂਕਰੇਨ ’ਤੇ ਕੀਤੇ ਹਮਲੇ ਬਦਲੇ ਖ਼ਲਨਾਇਕ ਅਤੇ ਅਲੱਗ-ਥਲੱਗ ਆਗੂ ਵਜੋਂ ਤਿਰਸਕਾਰਿਆ ਜਾ ਰਿਹਾ ਸੀ, ਉਸ ਲਈ ਅਲਾਸਕਾ ਸਿਖਰ ਵਾਰਤਾ ਨਿੱਜੀ ਤਸਦੀਕ ਹੋ ਨਿੱਬੜੀ। ਮੀਡੀਆ ਨਾਲ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਸੰਖੇਪ ਟਿੱਪਣੀਆਂ ਕੀਤੀਆਂ; ਪੂਤਿਨ ਮਾਸਕੋ ਦੀਆਂ ਲਾਲ ਰੇਖਾਵਾਂ ਦਾ ਖ਼ਾਕਾ ਵਾਹੁਣ ਪੱਖੋਂ ਜਿੱਥੇ ਸਲੀਕੇਦਾਰ ਰਹੇ, ਉੱਥੇ ਵਧੇਰੇ ਭਰੋਸੇਮੰਦ ਵੀ ਨਜ਼ਰ ਆਏ।

Advertisement

ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਯੂਕਰੇਨ ਦੇ ਮੁੱਦੇ ’ਤੇ ਕਿਸੇ ਨਾਟਕੀ ਸਿੱਟੇ ਦਾ ਸਬੱਬ ਨਾ ਬਣ ਸਕਿਆ ਤਾਂ ਛੋਟੀ ਜਿਹੀ ਆਸ ਦੀ ਕਿਰਨ ਇਹ ਰਹੀ ਕਿ ਗੜਬੜਜ਼ਦਾ ਤੇ ਪੇਚੀਦਾ ਅਮਰੀਕਾ ਰੂਸ ਸਬੰਧਾਂ ਵਿੱਚ ਕੋਈ ਅੜਿੱਕਾ ਪੈਦਾ ਨਹੀਂ ਹੋਇਆ। ਦੋਹਾਂ ਮੁਲਕਾਂ ਦੇ ਸਬੰਧਾਂ ਨੂੰ ਨਵੇਂ ਸਿਰੇ ਤੋਂ ਵਿਉਂਤਣ ਦੇ ਭਾਰਤ ਤੇ ਚੀਨ ਲਈ ਅਹਿਮ ਸਿੱਟੇ ਨਿੱਕਲ ਸਕਦੇ ਹਨ।

ਅਮਰੀਕਾ ਰੂਸ ਸੁਲ੍ਹਾ ਵਡੇਰੇ ਆਲਮੀ ਰਣਨੀਤਕ ਪ੍ਰਸੰਗ ਵਿੱਚ ਅਹਿਮ ਹੈ ਕਿਉਂਕਿ ਦੋਵਾਂ ਮੁਲਕਾਂ ਕੋਲ ਦੁਨੀਆ ਦੇ ਪਰਮਾਣੂ ਜ਼ਖੀਰਿਆਂ ਦਾ 90 ਫ਼ੀਸਦੀ ਤੋਂ ਵੱਧ ਹਿੱਸਾ ਹੈ। ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਦੇ ਮੁਖੀਆਂ (ਤਤਕਾਲੀ ਰਾਸ਼ਟਰਪਤੀ ਜੋਅ ਬਾਇਡਨ ਤੇ ਪੂਤਿਨ) ਵਿਚਕਾਰ ਜੂਨ 2021 ਵਿੱਚ ਸਿਖਰ ਵਾਰਤਾ ਹੋਈ ਸੀ। ਉਦੋਂ ਤੋਂ ਲੈ ਕੇ ਯੂਕਰੇਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਦੁਵੱਲੇ ਸਬੰਧਾਂ ਵਿੱਚ ਕੁੜੱਤਣ ਭਰਦੀ ਰਹੀ ਹੈ। ਇਸੇ ਕੁੜੱਤਣ ਕਰ ਕੇ ਪਹਿਲਾਂ ਹੋਏ ਸਮਝੌਤਿਆਂ ਤੋਂ ਪੈਰ ਪਿਛਾਂਹ ਖਿੱਚੇ ਗਏ ਜਿਸ ਕਰ ਕੇ ਤਬਾਹੀ ਵਾਲੇ ਹਥਿਆਰਾਂ ਦੀਆਂ ਸੰਧੀਆਂ ਤੇ ਇਨ੍ਹਾਂ ਨਾਲ ਜੁੜੇ ਅਹਿਦਨਾਮਿਆਂ ਦੀ ਭਾਵਨਾ ਪੇਤਲੀ ਪੈ ਗਈ।

ਤਬਾਹੀ ਵਾਲੇ ਹਥਿਆਰਾਂ ਦੇ ਮੁੱਦੇ ਦਾ ਭਾਵੇਂ ਸਪੱਸ਼ਟ ਤੌਰ ’ਤੇ ਕੋਈ ਪ੍ਰਸੰਗ ਨਹੀਂ ਸੀ, ਪਰ ਦੋਵਾਂ ਆਗੂਆਂ ਨੇ ਅਲਾਸਕਾ ਵਿੱਚ ਲਗਭਗ ਤਿੰਨ ਘੰਟਿਆਂ ਦੀ ਮੀਟਿੰਗ ਨੂੰ ‘ਲਾਹੇਵੰਦ’ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਕਈ ਹੋਰ ਮੁੱਦਿਆਂ ’ਤੇ ਪ੍ਰਗਤੀ ਹੋਈ ਹੈ। ਕਿਸੇ ਬੰਧੇਜ਼ਕਾਰੀ ਵਚਨਬੱਧਤਾ ਦਾ ਭਾਵੇਂ ਐਲਾਨ ਨਹੀਂ ਕੀਤਾ ਗਿਆ, ਪਰ ਟਰੰਪ ਨੇ ਜ਼ੋਰ ਦਿੱਤਾ ਕਿ “ਜਦੋਂ ਤੱਕ ਕੋਈ ਸੰਧੀ ਨਹੀਂ ਹੁੰਦੀ, ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋਵੇਗਾ।” ਉਨ੍ਹਾਂ ਦੱਸਿਆ ਕਿ ਕੁਝ ਮੁੱਦਿਆਂ ਬਾਰੇ ਅੜਿੱਕਾ ਬਣਿਆ ਹੋਇਆ ਹੈ ਜਿਨ੍ਹਾਂ ਵਿੱਚ ਇੱਕ ਮੁੱਖ ਨੁਕਤਾ ਯੂਕਰੇਨ ਵੱਲੋਂ ਇਲਾਕਾ ਛੱਡਣ ਬਾਰੇ ਹੈ। ਪੂਤਿਨ ਨੇ ਸੰਕੇਤ ਦਿੱਤਾ ਕਿ “ਯੂਕਰੇਨ ਵਿੱਚ ਸ਼ਾਂਤੀ ਲਈ ਰਾਹ ਬਣ ਗਿਆ” ਹੈ, ਪਰ ਉਨ੍ਹਾਂ ਕੋਈ ਵੇਰਵੇ ਨਾ ਦਿੱਤੇ। ਉਨ੍ਹਾਂ ਰੂਸ ਦੇ ਇਸ ਸਟੈਂਡ ਉੱਪਰ ਜ਼ੋਰ ਦਿੱਤਾ ਕਿ ਨਾਟੋ ਦੇ ਵਿਸਤਾਰ ਜਿਹੇ ‘ਮੂਲ ਕਾਰਨਾਂ’ ਨੂੰ ਮੁਖਾਤਿਬ ਹੋਣਾ ਪਵੇਗਾ।

ਅਲਾਸਕਾ ’ਚ ਜੋ ਵੱਡੀ ਤਬਦੀਲੀ ਦੇਖਣ ਨੂੰ ਮਿਲੀ, ਉਹ ਇਹ ਹੈ ਕਿ ਯੂਕਰੇਨ ਨਾਲ ਮਿਲ ਕੇ ਹੁਣ ਜੰਗਬੰਦੀ ਦੀ ਥਾਂ ਸ਼ਾਂਤੀ ਤਲਾਸ਼ ਕੀਤੀ ਜਾ ਰਹੀ ਹੈ। ਉਤਸ਼ਾਹ ਵਾਲਾ ਸੰਕੇਤ ਇਹ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਸੋਮਵਾਰ ਵਾਸ਼ਿੰਗਟਨ ਪਹੁੰਚੇ ਤਾਂ ਜੋ ਸਹਿਮਤੀ ਵਾਲਾ ਹੱਲ ਲੱਭਿਆ ਜਾ ਸਕੇ ਤੇ ‘ਸਥਾਈ ਸ਼ਾਂਤੀ’ ਲਈ ਯਤਨ ਕੀਤਾ ਜਾ ਸਕੇ। ਰੂਸ ਯੂਕਰੇਨ ਜੰਗ, ਜੋ ਫਰਵਰੀ 2022 ਦੇ ਅਖ਼ੀਰ ਵਿੱਚ ਸ਼ੁਰੂ ਹੋਈ ਸੀ, ਦੋਵਾਂ ਮੁਲਕਾਂ ਵਿੱਚ ਮਨੁੱਖੀ ਜੀਵਨ ਤੇ ਬੁਨਿਆਦੀ ਢਾਂਚੇ ਦਾ ਬਹੁਤ ਨੁਕਸਾਨ ਕਰ ਰਹੀ ਹੈ। ਦੋਹੀਂ ਪਾਸੀਂ ਲੱਖਾਂ ਫ਼ੌਜੀ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ। ਟਰੰਪ ਨੇ ਇਸ ਜੰਗ ਵਿੱਚ ਹੋਈਆਂ ਮੌਤਾਂ ਦਾ ਜ਼ਿਕਰ ਕੀਤਾ ਅਤੇ ‘ਸਮਝੌਤਾ’ ਕਰਨ ਦਾ ਆਪਣਾ ਇਰਾਦਾ ਦੁਹਰਾਇਆ।

ਜਿਸ ਦਿਨ ਸਿਖਰ ਵਾਰਤਾ ਹੋਈ, ਯੂਕਰੇਨੀ ਫ਼ੌਜੀ ਹਮਲਿਆਂ ਨੇ ਰੂਸ ਦੇ ਸਮਾਰਾ ਖੇਤਰ ਵਿੱਚ ਸਿਜ਼ਰਨ ਤੇਲ ਸੋਧਕ ਕਾਰਖਾਨੇ ਅਤੇ ਅਸਤਰਾਖਾਨ ਵਿੱਚ ਓਲੀਆ ਬੰਦਰਗਾਹ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੂਸ ਨੇ ਪੂਰਬੀ ਯੂਕਰੇਨ ਦੇ ਦਿਨਪਰੋਪੇਤਰੋਵਸਕ ਖੇਤਰ ਵਿੱਚ ਬੈਲਿਸਟਿਕ ਮਿਜ਼ਾਈਲ ਦਾਗ਼ੀ, ਜਿਸ ਨਾਲ ਇੱਕ ਜਣੇ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ; ਇੱਕ ਡਰੋਨ ਨੇ ਉੱਤਰ-ਪੂਰਬ ਵਿੱਚ ਸੂਮੀ ਖੇਤਰ ਵਿੱਚ ਸਿਵਿਲੀਅਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਅਤੇ ਅੱਗ ਲੱਗ ਗਈ। ਮਾਸਕੋ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਸੈਨਿਕਾਂ ਨੇ ਪੂਰਬੀ ਯੂਕਰੇਨ ਦੇ ਦੋਨੇਤਸਕ ਖੇਤਰ ਵਿੱਚ ਓਲੇਕਸੈਂਡਰੋਹਰਾਡ ਦੀ ਆਬਾਦੀ ’ਤੇ ਕਬਜ਼ਾ ਕਰ ਲਿਆ ਹੈ।

ਅਲਾਸਕਾ ਸਿਖਰ ਵਾਰਤਾ ਦੇ ਨਤੀਜੇ ਦਾ ਦਿੱਲੀ ਲਈ ਕਾਫ਼ੀ ਮਹੱਤਵ ਹੈ, ਕਿਉਂਕਿ ਟਰੰਪ ਨੇ ਰੂਸ ਤੋਂ ਤੇਲ ਦਰਾਮਦ ਕਰਨ ਕਰ ਕੇ ਭਾਰਤ ਉੱਤੇ ਵਾਧੂ ਟੈਕਸ ਲਾ ਦਿੱਤੇ ਸਨ, ਨਾਲ ਹੀ ਦੋਸ਼ ਲਾਇਆ ਸੀ ਕਿ ਇਸ ਤੋਂ ਪ੍ਰਾਪਤ ਹੋਏ ਮਾਲੀਏ ਨਾਲ ਮਾਸਕੋ ਨੂੰ ਯੂਕਰੇਨ ਵਿਰੁੱਧ ਜੰਗ ਜਾਰੀ ਰੱਖਣ ਵਿੱਚ ਮਦਦ ਮਿਲ ਰਹੀ ਹੈ। ਦਿੱਲੀ ਨੇ ਇਹ ਉਭਾਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇਸ ’ਤੇ ਸਖ਼ਤ ਟੈਕਸ ਦਰਾਂ ਤਾਂ ਥੋਪ ਦਿੱਤੀਆਂ ਗਈਆਂ, ਪਰ ਇਹ ਰੂਸ ਤੋਂ ਊਰਜਾ ਪਦਾਰਥ ਸਪਲਾਈ ਕਰਨ ਵਾਲਾ ਇੱਕਮਾਤਰ ਦੇਸ਼ ਨਹੀਂ; ਚੀਨ ਸਭ ਤੋਂ ਵੱਡਾ ਦਰਾਮਦਕਾਰ ਹੈ। ਉਂਝ, ਇਸ ਦਾ ਟਰੰਪ ’ਤੇ ਕੋਈ ਖ਼ਾਸ ਅਸਰ ਨਹੀਂ ਪਿਆ।

ਜੇ ਕੋਈ ਸ਼ਾਂਤੀ ਸਮਝੌਤਾ ਯੂਕਰੇਨ ਜੰਗ ਰੋਕਣ ਵਿੱਚ ਮਦਦ ਕਰ ਸਕਦਾ ਹੈ ਤਾਂ ਭਾਰਤ ਨੂੰ ਸਜ਼ਾ ਦੇਣ ਦਾ ਕੋਈ ਕਾਰਨ ਨਹੀਂ ਬਚੇਗਾ ਅਤੇ ਇਹ ਦਿੱਲੀ ਲਈ ਵੱਡੀ ਰਾਹਤ ਹੋਵੇਗੀ। ਭਾਰਤ ਨੇ ਅਲਾਸਕਾ ਵਿੱਚ ਗੱਲਬਾਤ ਅੱਗੇ ਵਧਣ ਦਾ ਸਵਾਗਤ ਕੀਤਾ ਹੈ; ਹਾਲਾਂਕਿ ਟਰੰਪ ਨੇ ਸੰਕੇਤ ਦਿੱਤਾ ਕਿ ਹੋਰ ਪਾਬੰਦੀਆਂ ’ਤੇ ਫਿਲਹਾਲ ਵਿਚਾਰ ਨਹੀਂ ਕੀਤਾ ਜਾਵੇਗਾ, ਪਰ ਟਰੰਪ ਦੇ ਅਸਥਿਰ ਅਤੇ ਗੁੰਝਲਦਾਰ ਰਿਕਾਰਡ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।

ਟਰੰਪ ਦਾ ਦਾਅਵਾ ਹੈ ਕਿ ਭਾਰਤ ਹੁਣ ਰੂਸ ਦੇ ‘ਤੇਲ ਦਾ ਗਾਹਕ’ ਨਹੀਂ ਰਿਹਾ; ਦਿੱਲੀ ਨੇ ਇਸ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਇਸ ਗੱਲ ਤੋਂ ਨਾਰਾਜ਼ ਹਨ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕਣ ਬਾਰੇ ਉਨ੍ਹਾਂ ਦੇ ਦਾਅਵੇ ਨੂੰ ਦਿੱਲੀ ਨੇ ਮਾਨਤਾ ਨਹੀਂ ਦਿੱਤੀ ਅਤੇ ਉਨ੍ਹਾਂ ਦਾ ਪ੍ਰਤੀਕਰਮ ਤੂਫ਼ਾਨੀ ਟੈਰਿਫ ਦੀ ਸਜ਼ਾ ਦੇ ਰੂਪ ’ਚ ਸਾਹਮਣੇ ਆਇਆ ਹੈ।

ਭਾਰਤ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਉਹ ਅਗਲੇ ਕੁਝ ਹਫ਼ਤਿਆਂ ਦੌਰਾਨ ਯੂਕਰੇਨ ਨਾਲ ਜੁੜੀਆਂ ਘਟਨਾਵਾਂ ਨੂੰ ਗ਼ੌਰ ਨਾਲ ਦੇਖੇ ਅਤੇ ਆਪਣੇ ਕੌਮੀ ਹਿੱਤਾਂ ਦੇ ਆਧਾਰ ’ਤੇ ਫ਼ੈਸਲੇ ਕਰੇ, ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਵੀ ਸੰਕੇਤ ਦਿੱਤਾ ਸੀ।

ਧਮਕੀਆਂ ਤੇ ਧੱਕੇਸ਼ਾਹੀ ਅੱਗੇ ਝੁਕਣਾ ਸਹੀ ਬਦਲ ਨਹੀਂ। ਭਾਰਤ ਨੂੰ ਟਰੰਪਵਾਦੀ ਉਥਲ-ਪੁਥਲ ਦੇ ਇਸ ਦੌਰ ’ਚ ਆਪਣਾ ਰਾਹ ਖ਼ੁਦ ਚੁਣਨਾ ਪਏਗਾ। ਜੇ ਸਮੂਹਿਕ ਤੌਰ ’ਤੇ ਕਮਰ ਕੱਸਣੀ ਪਵੇ ਤਾਂ ਕੱਸਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਮੋਦੀ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਲਈ ਨਿਊਯਾਰਕ ਜਾ ਸਕਦੇ ਹਨ ਅਤੇ ਟਰੰਪ ਨਾਲ ਮੁਲਾਕਾਤ ਹੋ ਸਕਦੀ ਹੈ। ਉਹ ਇਸ ਮਹੀਨੇ ਦੇ ਅਖ਼ੀਰ ਵਿੱਚ ਐੱਸਸੀਓ ਸਿਖਰ ਸੰਮੇਲਨ ਲਈ ਚੀਨ ਦੇ ਤਿਆਨਜਿਨ ’ਚ ਹੋਣਗੇ, ਜਿੱਥੇ ਉਹ ਰੂਸੀ ਰਾਸ਼ਟਰਪਤੀ ਨੂੰ ਮਿਲਣਗੇ। ਅਲਾਸਕਾ ਦੇ ਸੰਕੇਤਾਂ ਨੂੰ ਰੂਸ, ਭਾਰਤ ਤੇ ਚੀਨ ਦੇ ਨੇਤਾਵਾਂ ਦੁਆਰਾ ਬਹੁਤ ਧਿਆਨ ਨਾਲ ਪੜ੍ਹਿਆ ਜਾਵੇਗਾ, ਜੋ ਸਾਰੇ ਆਪੋ-ਆਪਣੇ ਪੱਧਰ ਉੱਤੇ ‘ਬਦਮਿਜ਼ਾਜ ਟੈਰਿਫ ਕਿੰਗ’ ਨਾਲ ਸਵੀਕਾਰਯੋਗ ਸੌਦਾ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਨ।

*ਲੇਖਕ ਸੁਸਾਇਟੀ ਫਾਰ ਪਾਲਿਸੀ ਸਟੱਡੀਜ਼ ਦੇ ਡਾਇਰੈਕਟਰ ਹਨ।

Advertisement