ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਮ, ਦਾਮ, ਦੰਡ, ਭੇਦ ਵਾਲਾ ਦੌਰ

ਇਹ ਸਾਮ, ਦਾਮ, ਦੰਡ, ਭੇਦ ਦੀ ਰੁੱਤ ਹੈ। ਇਹ ਕਹਾਵਤ ਮਹਾਨ ਰਣਨੀਤੀਕਾਰ ਚਾਣਕਿਆ ਨਾਲ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਉਸ ਨੇ ਈਸਾ ਪੂਰਵ ਤੀਜੀ ਸਦੀ ’ਚ ਨੰਦ ਰਾਜੇ ਨੂੰ ਲਾਂਭੇ ਕਰਨ ਅਤੇ ਚੰਦਰਗੁਪਤ ਮੌਰੀਆ ਨੂੰ ਸੱਤਾ ’ਤੇ ਬਿਠਾਉਣ...
PTI03_30_2025_000084B
Advertisement

ਇਹ ਸਾਮ, ਦਾਮ, ਦੰਡ, ਭੇਦ ਦੀ ਰੁੱਤ ਹੈ। ਇਹ ਕਹਾਵਤ ਮਹਾਨ ਰਣਨੀਤੀਕਾਰ ਚਾਣਕਿਆ ਨਾਲ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਉਸ ਨੇ ਈਸਾ ਪੂਰਵ ਤੀਜੀ ਸਦੀ ’ਚ ਨੰਦ ਰਾਜੇ ਨੂੰ ਲਾਂਭੇ ਕਰਨ ਅਤੇ ਚੰਦਰਗੁਪਤ ਮੌਰੀਆ ਨੂੰ ਸੱਤਾ ’ਤੇ ਬਿਠਾਉਣ ਲਈ ਗਹਿਰੀ ਚਾਲ ਚੱਲੀ ਸੀ। ਮੌਰੀਆ ਰਾਜਵੰਸ਼ ਨੇ 135 ਸਾਲ ਰਾਜ ਕੀਤਾ, ਜਿਸ ਦੇ ਰਾਜੇ ਇਸ ਨਾਅਰੇ ਦੀ ਸਹੁੰ ਖਾਂਦੇ ਸਨ ਜਿਸ ਦਾ ਅਰਥ ਹੈ- “ਵਿਚਾਰ-ਚਰਚਾ, ਰਿਸ਼ਵਤਖੋਰੀ, ਸਜ਼ਾ ਅਤੇ ਕਮਜ਼ੋਰੀ ਦੀ ਸ਼ਨਾਖ਼ਤ।”

ਸਿਹਰਾ ਆਮ ਆਦਮੀ ਪਾਰਟੀ (ਆਪ) ਦੇ ਆਗੂ ਮਨੀਸ਼ ਸਿਸੋਦੀਆ ਨੂੰ ਦੇਣਾ ਬਣਦਾ ਹੈ ਜਿਨ੍ਹਾਂ ਅਗਸਤ ਦੇ ਸ਼ੁਰੂ ’ਚ ਇਹ ਕਹਾਵਤ ਵਰਤੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਵਿੱਚ ‘ਆਪ’ ਸਰਕਾਰ ਨੇ ਆਪਣੀ ਸਭ ਤੋਂ ਚੁਣੌਤੀਪੂਰਨ ਨੀਤੀ (ਲੈਂਡ ਪੂਲਿੰਗ ਨੀਤੀ) ਜੋ ਰਾਜ ਵਿੱਚ ਸ਼ਹਿਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਲਿਆਂਦੀ ਗਈ ਸੀ, ਵਾਪਸ ਲੈ ਲਈ ਸੀ। ਹਾਈ ਕੋਰਟ ਨੇ ਇਸ ਨੀਤੀ ’ਤੇ ਸੱਤਾਧਾਰੀ ਪਾਰਟੀ ਨੂੰ ਝਾੜ ਪਾਈ ਸੀ। ਇਸ ਤੋਂ ਵੀ ਬਦਤਰ, ਗੁੱਸੇ ਵਿੱਚ ਆਏ ਪਿੰਡਾਂ ਦੇ ਲੋਕਾਂ ਨੇ ‘ਆਪ’ ਵਿਧਾਇਕਾਂ ਨੂੰ ਕਾਲੇ ਝੰਡੇ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ; ਕੁਝ ਉਸੇ ਤਰ੍ਹਾਂ ਜਿਵੇਂ ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਗੁੱਸੇ ’ਚ ਆਏ ਪਿੰਡਾਂ ਵਾਲਿਆਂ ਨੇ ਭਾਜਪਾ ਦੇ ਉਮੀਦਵਾਰਾਂ ਨਾਲ ਕੀਤਾ ਸੀ ਅਤੇ ਪਾਰਟੀ ਅੰਦਰ ਵੱਖਰੀ ਤਰ੍ਹਾਂ ਦੀ ਘਬਰਾਹਟ ਸ਼ੁਰੂ ਹੋ ਗਈ ਸੀ।

Advertisement

ਇਹ ਉਦੋਂ ਦੀ ਗੱਲ ਹੈ ਜਦੋਂ ਸਿਸੋਦੀਆ ਪਾਰਟੀ ਵਰਕਰਾਂ ਨੂੰ ਮੁਖਾਤਬ ਹੋ ਰਹੇ ਸਨ। ਉਨ੍ਹਾਂ ਕਿਹਾ, “2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਸਾਮ, ਦਾਮ, ਦੰਡ, ਭੇਦ... ਸੱਚ-ਝੂਠ, ਸਵਾਲ-ਜਵਾਬ, ਲੜਾਈ-ਝਗੜਾ ਜੋ ਵੀ ਕਰਨਾ ਪਿਆ, ਕਰਾਂਗੇ। ਬੋਲੋ ਤਿਆਰ ਹੋ? ਜੋਸ਼ ਨਾਲ ਬੋਲੋ!” 2027 ਦੀਆਂ ਚੋਣਾਂ ਜਿੱਤਣ ਲਈ, ਹਰ ਚਾਲ ਚੱਲਣੀ ਪਏਗੀ, ਭਾਵੇਂ ਉਹ ਸਜ਼ਾ ਹੋਵੇ, ਲਾਲਚ ਹੋਵੇ, ਸੱਚ ਹੋਵੇ, ਝੂਠ ਹੋਵੇ ਜਾਂ ਲੜਾਈ।

ਇਸ ਨਾਲ ਖੇਤਰ ਦੇ ਰਾਜਨੀਤਕ ਤੌਰ ’ਤੇ ਪੱਕ ਚੁੱਕੇ ਮਾਹੌਲ ਵਿੱਚ ਸਨਸਨੀ ਜਿਹੀ ਫੈਲ ਗਈ। ਇਸ ਤਰ੍ਹਾਂ ਪਹਿਲਾਂ ਕੌਣ ਬੋਲਿਆ ਸੀ, ਉਹ ਵੀ ਐਨਾ ਖੁੱਲ੍ਹੇਆਮ? ਭਾਜਪਾ ਦੇ ਸੁਨੀਲ ਜਾਖੜ ਨੇ ਚਾਣਕਿਆ ਦੇ ਮੰਤਰ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ, ਪਰ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਇਸ ਦਾ ਜਵਾਬ ਦਿੱਤਾ। ਅਰੋੜਾ ਨੇ ਪੁੱਛਿਆ ਕਿ ਕੀ ਹਰ ਰਾਜਨੀਤਕ ਪਾਰਟੀ ਨਿੱਜੀ ਤੌਰ ’ਤੇ ਉਹ ਨਹੀਂ ਕਰਦੀ ਜੋ ਆਮ ਆਦਮੀ ਪਾਰਟੀ ਨੇ ਜਨਤਕ ਤੌਰ ’ਤੇ ਕਬੂਲਿਆ ਹੈ? ਅਰੋੜਾ ਦਾ ਕਹਿਣਾ ਸਹੀ ਹੈ। ਸਿਵਾਏ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ, ਜਿਨ੍ਹਾਂ ਦੀ ਰਾਜਨੀਤੀ ਆਮ ਤੌਰ ’ਤੇ ਉਨ੍ਹਾਂ ਲੋਕਾਂ ’ਤੇ ਕੇਂਦਰਤ ਹੁੰਦੀ ਹੈ, ਜਿਨ੍ਹਾਂ ਨਾਲ ਉਹ ਸਭ ਤੋਂ ਵੱਧ ਜੁੜੇ ਹੋਏ ਹਨ; ਸਭ ਤੋਂ ਗਰੀਬ, ਪੱਛੜੇ ਤੇ ਬਹੁਤ ਜ਼ਿਆਦਾ ਪੱਛੜੇ ਲੋਕ, ਜਿਵੇਂ ਬਿਹਾਰ ਦੇ ਕਟਿਹਾਰ ਖੇਤਰ ਦੇ ਮਖਾਣਾ ਕਿਸਾਨ, ਜਿੱਥੋਂ ਉਨ੍ਹਾਂ ਦੀ ਵੋਟ ਅਧਿਕਾਰ ਰੈਲੀ ਹੁਣੇ-ਹੁਣੇ ਲੰਘੀ ਹੈ। ਰਾਜਨੀਤੀ ਇਨ੍ਹੀਂ ਦਿਨੀਂ ਦੇਸ਼ ਤੇ ਦੇਸ਼ ਤੋਂ ਬਾਹਰ, ਦੋਹੀਂ ਥਾਈਂ ਖ਼ੁਦ ਨੂੰ ਨਿਰੋਲ ਤਾਕਤ ਦੀ ਵਰਤੋਂ ਲਈ ਤਿਆਰ ਕਰ ਰਹੀ ਹੈ।

ਆਰਐੱਸਐੱਸ ਮੁਖੀ ਮੋਹਨ ਭਾਗਵਤ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਦੋਵੇਂ ਇਸ ਦੀ ਮਿਸਾਲ ਹਨ। ਮੋਹਨ ਭਾਗਵਤ ਜੋ ਅਗਲੇ ਮਹੀਨੇ 75 ਸਾਲਾਂ ਦੇ ਹੋ ਰਹੇ ਹਨ, ਨੇ ਸ਼ੁੱਕਰਵਾਰੀ ਇੱਕ ਵਿਰਲੀ-ਟਾਵੀਂ ਪ੍ਰੈੱਸ ਕਾਨਫਰੰਸ ਵਿੱਚ ਕਈ ਦਿਲਚਸਪ ਗੱਲਾਂ ਕੀਤੀਆਂ। ਸਭ ਤੋਂ ਦਿਲਚਸਪ ਇਹ ਸੀ ਕਿ ਭਾਜਪਾ ਦੀ ਰਾਜਨੀਤੀ ਵਿੱਚ 75 ਸਾਲ ਦੀ ਉਮਰ ਪੂਰੀ ਕਰ ਕੇ ‘ਮਾਰਗ ਦਰਸ਼ਕ ਮੰਡਲ’ ਨਾਮਕ ਬਿਰਧ ਆਸ਼ਰਮ ਵਿੱਚ ਭੇਜਣ ਦੀ ਅਣ-ਅਧਿਕਾਰਤ ਸਮਾਂ ਸੀਮਾ, ਜਿਵੇਂ ਐੱਲਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਨਜਮਾ ਹੈਪਤੁੱਲਾ ਨਾਲ ਹੋਇਆ ਸੀ, ਵਧਾ ਦਿੱਤੀ ਹੈ।

ਇਸ ਦਾ ਮਤਲਬ ਹੈ ਕਿ ਉਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੋਵੇਂ ਅਜੇ ਰਹਿਣਗੇ। ਦੋਵੇਂ ਅਗਲੇ ਮਹੀਨੇ 75 ਸਾਲ ਦੇ ਹੋ ਰਹੇ ਹਨ। ਆਰਐੱਸਐੱਸ ਨੇਤਾ ਮੋਰੋਪੰਤ ਪਿੰਗਲੇ ਦੀ ‘ਵਾਣਪ੍ਰਸਥ’ ਬਾਰੇ ਗੱਲ ਕਰਦਿਆਂ ਦੀ ਨਿੱਕੀ ਜਿਹੀ ਮਨੋਹਰ ਕਹਾਣੀ ਹੈ, ਜਦ 75ਵੇਂ ਜਨਮ ਦਿਨ ’ਤੇ ਉਨ੍ਹਾਂ ਨੂੰ ਸ਼ਾਲ ਤੋਹਫ਼ੇ ਵਜੋਂ ਮਿਲਿਆ ਸੀ। ਇਹ ਕਹਾਣੀ ਹੁਣ ਬਿਲਕੁਲ ਉਵੇਂ ਹੀ ਰਹਿਣੀ ਚਾਹੀਦੀ ਹੈ- ਆਰਐੱਸਐੱਸ ਦੇ ਪੁਰਾਲੇਖਾਂ ਲਈ ਪਿਆਰੀ ਜਿਹੀ ਕਹਾਣੀ ਵਾਂਗ। ਸਾਮ, ਦਾਮ, ਦੰਡ, ਭੇਦ।

ਮੋਹਨ ਭਾਗਵਤ ਜਾਣਦੇ ਹਨ ਕਿ ਆਰਐੱਸਐੱਸ ਦਾ ਰਸੂਖ਼ ਵਧਾਉਣ ਲਈ, ਖਾਸ ਕਰ ਕੇ ਇਸ ਦੇ 100ਵੇਂ ਵਰ੍ਹੇ ਵਿੱਚ, ਮੋਦੀ ਤੋਂ ਵੱਧ ਕੰਮ ਕੋਈ ਨਹੀਂ ਕਰ ਸਕਿਆ। ਸਾਲ ਭਰ ਤੋਂ ਲਟਕੇ ਹੋਏ ਭਾਜਪਾ ਪ੍ਰਧਾਨ ਦੇ ਨਾਂ ਨੂੰ ਲੈ ਕੇ ਭਾਵੇਂ ਭਾਗਵਤ ਦੇ ਮੋਦੀ ਨਾਲ ਕੁਝ ਵਖਰੇਵੇਂ ਰਹੇ ਸਨ ਜਾਂ ਨਹੀਂ, ਉਹ ਵੀ ਹੁਣ ਜਲਦੀ ਸੁਲਝ ਜਾਣੇ ਚਾਹੀਦੇ ਹਨ। ਆਰਐੱਸਐੱਸ ਮੁਖੀ ਨੇ ਮੋਦੀ ਦੇ ਪੱਖ ’ਚ ਕਾਫ਼ੀ ਕੁਝ ਸਵੀਕਾਰ ਲਿਆ ਹੈ।

ਡੋਨਲਡ ਟਰੰਪ ਵੀ ਬਹੁਤੇ ਅਲੱਗ ਨਹੀਂ। ਲਗਭਗ ਪੰਜ ਸਾਲ ਪਹਿਲਾਂ ਪ੍ਰਧਾਨ ਮੰਤਰੀ ਦੇ ਸਭ ਤੋਂ ਚੰਗੇ ਦੋਸਤ ਬਣਨ ਤੋਂ ਬਾਅਦ, ਟਰੰਪ ਤੇ ਉਸ ਦੇ ਸਲਾਹਕਾਰਾਂ ਨੇ ਮੋਦੀ ਅਤੇ ਭਾਰਤ ’ਤੇ ਹਮਲਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਫਰਾਂਸ ਦੇ ਮੰਨੇ-ਪ੍ਰਮੰਨੇ ਸਾਬਕਾ ਰਾਜਦੂਤ ਜਾਵੇਦ ਅਸ਼ਰਫ ਨੇ ਬਿਆਨਿਆ ਹੈ- ਟਰੰਪ ਦੀ ਭਾਰਤ ਪ੍ਰਤੀ ਦੁਸ਼ਮਣੀ ਅਸਲ ਵਿੱਚ ਨਿਰੋਲ ਤਾਕਤ ਦਾ ਪ੍ਰਗਟਾਵਾ ਹੈ। ਟਰੰਪ ਚਾਹੁੰਦੇ ਹਨ ਕਿ ਦੁਨੀਆ ਨੂੰ ‘ਬਿਗ ਥ੍ਰੀ’ (ਅਮਰੀਕਾ, ਚੀਨ ਤੇ ਰੂਸ) ਚਲਾਉਣ ਤੇ ਉਹ ਇਹ ਸਮਝ ਨਹੀਂ ਸਕੇ ਕਿ ਭਾਰਤ ਵਰਗਾ ਕਿਤੇ ਜ਼ਿਆਦਾ ਕਮਜ਼ੋਰ ਦੇਸ਼ ਹਾਰ ਕਿਉਂ ਨਹੀਂ ਮੰਨ ਰਿਹਾ। ਇਸ ਲਈ ਉਹ (ਟਰੰਪ) ਭਾਰਤ ਨੂੰ ਸਜ਼ਾ ਦੇ ਰਿਹਾ ਹੈ ਜੋ ਉਸ ਦੇ ਅਧੀਨ ਨਹੀਂ ਹੋਣਾ ਚਾਹੁੰਦਾ। ਸਾਮ, ਦਾਮ, ਦੰਡ, ਭੇਦ।

ਯਕੀਨਨ, ਟਰੰਪ ਦੇ ਬੰਦਿਆਂ ਨੂੰ ਭਾਰਤੀ ਮਾਨਸਿਕਤਾ ਦੀ ਸਮਝ ਬਹੁਤ ਘੱਟ ਹੈ। ਯੂਕਰੇਨ ਯੁੱਧ ਲਈ ਮੋਦੀ ਨੂੰ ਜ਼ਿੰਮੇਵਾਰ ਠਹਿਰਾ ਕੇ (ਇਸ ਨੂੰ ‘ਮੋਦੀ ਦਾ ਯੁੱਧ’ ਕਹਿ ਕੇ, ਇਹ ਦੋਸ਼ ਬਹੁਤ ਬੇਹੂਦਾ ਅਤੇ ਅਹਿਮਕਾਨਾ ਹੈ) ਉਨ੍ਹਾਂ ਦੇਸ਼ ਨੂੰ ਮੋਦੀ ਪਿੱਛੇ ਇੱਕਜੁੱਟ ਕਰ ਕੇ ਖੜ੍ਹਾ ਕਰ ਦਿੱਤਾ ਹੈ, ਜਿਹੜਾ ਉਨ੍ਹਾਂ ਦੇ ਗਿਆਰਾਂ ਸਾਲਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ਵਿੱਚ ਪਹਿਲਾਂ ਕਦੇ ਨਹੀਂ ਹੋਇਆ।

ਹੁਣ ਰਤਾ ਕੁ ਰੁਟੀਨ ਤੋਂ ਹਟ ਕੇ- ‘ਵਿਦੇਸ਼ੀ ਹੱਥ’ ਵਾਲਾ ਸਿਧਾਂਤ ਇੰਦਰਾ ਗਾਂਧੀ ਤੋਂ ਲੈ ਕੇ ਮੋਦੀ ਤੱਕ ਬਹੁਤ ਸਾਰੇ ਪ੍ਰਧਾਨ ਮੰਤਰੀਆਂ ਨੇ ਪਸੰਦ ਕੀਤਾ; ਬੱਸ ਇਸ ਇੱਕ ਨੂੰ ਛੱਡ ਕੇ, ਜੋ ਬੇਤੁਕਾ ਵੀ ਹੈ ਤੇ ਸ਼ਰਮਨਾਕ ਵੀ।

ਮਈ ਵਿੱਚ ਭਾਰਤ-ਪਾਕਿਸਤਾਨ ਟਕਰਾਅ (ਅਪਰੇਸ਼ਨ ਸਿੰਧੂਰ) ਦੌਰਾਨ ਵਿਚੋਲਗੀ ਦਾ ਸਿਹਰਾ ਲੈਣ ਦੀ ਅਮਰੀਕੀ ਮੰਗ ਨੂੰ ਮੰਨਣ ਤੋਂ ਮੋਦੀ ਦਾ ਇਨਕਾਰ, ਉਹ ਕੰਮ ਹੈ ਜੋ ਕੋਈ ਕਮਜ਼ੋਰ ਸ਼ਕਤੀ ਆਪਣਾ ਮਾਣ ਬਚਾਉਣ ਲਈ ਕਰਦੀ ਹੈ। ਜਦੋਂ ਤੁਹਾਡੇ ਕੋਲ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਦਾ ਮੁਕਾਬਲਾ ਕਰਨ ਲਈ ਹਥਿਆਰ ਨਹੀਂ ਹੁੰਦੇ ਤਾਂ ਤੁਸੀਂ ਬਸ ਪਿੱਛੇ ਹਟ ਜਾਂਦੇ ਹੋ। ਜਿਵੇਂ ਸਾਰੇ ਭਾਰਤੀ ਜਾਣਦੇ ਹਨ, ਸੰਜਮ ਹੀ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੈ।

ਮਹਾਤਮਾ ਗਾਂਧੀ ਨੇ ਇਸ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਵਿਰੁੱਧ ਵਰਤਿਆ ਸੀ। ਮੋਦੀ ਇਸ ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ ਵਿਰੁੱਧ ਵਰਤ ਰਹੇ ਹਨ। ਇਹੀ ਕਾਰਨ ਹੈ ਕਿ ਉਹ ਬਿਨਾਂ ਕਿਸੇ ਸਮਝੌਤੇ ਤੋਂ ਤਿਆਨਜਿਨ ’ਚ ਡਰੈਗਨ ਦੀ ਗੁਫ਼ਾ ਵੱਲ ਜਾ ਰਹੇ ਹਨ। ਚੀਨੀ ਅਤੇ ਭਾਰਤੀ ਸੈਨਿਕ ਤੇ ਉਨ੍ਹਾਂ ਦੇ ਬਖਤਰਬੰਦ ਕਾਲਮ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਪਾਰ ਇੱਕ-ਦੂਜੇ ਦੇ ਸਾਹਮਣੇ ਖੜ੍ਹੇ ਹਨ, ਪਰ ਮੋਦੀ ਪਹਿਲਾਂ ਹੀ ਜਿੱਤ ਗਏ ਹਨ। ਉਨ੍ਹਾਂ ਨੇ ਅਮਰੀਕੀਆਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ, ਭਾਵੇਂ ਉਨ੍ਹਾਂ ਦੇ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਵਿੱਚ ਆਪਣੇ ਹਮਰੁਤਬਾ ਨਾਲ ਸੰਪਰਕ ਕੀਤਾ ਹੈ, ਸ਼ਿਸ਼ਟਾਚਾਰ ਨਾਲ ਸਮਝੌਤੇ ਦੀ ਪੇਸ਼ਕਸ਼ ਕੀਤੀ ਹੈ। ਮੋਦੀ ਦੇ ਕਰੀਬੀ ਹਾਲ ਹੀ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਵੀ ਮਿਲੇ ਹਨ, ਜੋ ਰਿਸ਼ਤਿਆਂ ਦੀ ਮੁੜ ਪੁਸ਼ਟੀ ਕਰਦਾ ਹੈ। ਯੂਰੋਪੀਅਨ ਯੂਨੀਅਨ ਨਾਲ ਮੁਕਤ ਵਪਾਰ ਸੰਧੀ ਲਈ ਨਵੇਂ ਸਿਰਿਓਂ ਗੌਰ ਕੀਤੀ ਜਾ ਰਹੀ ਹੈ। ਸਾਮ, ਦਾਮ, ਦੰਡ, ਭੇਦ।

ਮਿਹਨਤ ਉਦੋਂ ਲੱਗਦੀ ਹੈ ਜਦੋਂ ਮੋਦੀ ਘਰ ਵੱਲ ਆਉਂਦੇ ਹਨ- ਭਾਰਤ-ਅਮਰੀਕਾ ਅਤੇ ਚੀਨ-ਭਾਰਤ ਸਬੰਧ ਕਿਵੇਂ ਸਹੀ ਕਰਨੇ ਹਨ। ਅਮਰੀਕੀ ਇੰਨੇ ਸ਼ਕਤੀਸ਼ਾਲੀ ਹਨ ਕਿ ਤੁਸੀਂ ਉਨ੍ਹਾਂ ਨੂੰ ਇੱਕ ਹੱਦ ਤੋਂ ਵੱਧ ਨਾਰਾਜ਼ ਨਹੀਂ ਕਰ ਸਕਦੇ। ਭਾਰਤ ਵੀ ਇਹ ਜਾਣਦਾ ਹੈ। ਇਸ ਸਭ ’ਚ ਕੁਝ ਚਲਾਕੀ ਤੇ ਖੁਸ਼ਾਮਦ ਲੱਗੇਗੀ ਜਿਸ ’ਚ ਭਾਰਤੀ ਬਹੁਤ ਮਾਹਿਰ ਹਨ, ਤਾਂ ਜੋ ‘ਮਾਈ-ਬਾਪ’ ਟਰੰਪ ਨੂੰ ਮਨਾਇਆ ਜਾ ਸਕੇ।

ਜਿੱਥੋਂ ਤੱਕ ਮੋਦੀ ਦੇ ਮੁੱਖ ਵਿਰੋਧੀ ਰਾਹੁਲ ਗਾਂਧੀ ਦੀ ਗੱਲ ਹੈ, ਭਾਜਪਾ ਖੁਸ਼ ਹੋਵੇਗੀ ਕਿ ਉਹ ਰਾਜਨੀਤੀ ਨੂੰ ਨਵੀਂ ਦਿੱਖ ਦੇਣ ਦੀ ਲੰਮੀ ਪਾਰੀ ਖੇਡ ਰਿਹਾ ਹੈ, ਜਿਸ ਵਿੱਚ ਮਖਾਣਿਆਂ ਦੇ ਖੇਤਾਂ ਦੇ ਪੱਛੜੇ ਲਾਭਪਾਤਰੀ ਵੀ ਸ਼ਾਮਿਲ ਹਨ। ਲਗਾਤਾਰ ਤਿੰਨ ਆਮ ਚੋਣਾਂ ਅਤੇ ਕਈ ਸੂਬਾਈ ਚੋਣਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਦੀ ਇਹ ਅਗਨੀ ਪ੍ਰੀਖਿਆ ਹੈ। ਜੇ ਬਿਹਾਰ ਵਿੱਚ ਕਾਂਗਰਸ-ਆਰਜੇਡੀ ਕਾਮਯਾਬ ਨਹੀਂ ਹੁੰਦੇ ਤਾਂ ਨਾਰਾਜ਼ ਕਾਂਗਰਸੀ ਚੁੱਪ-ਚਾਪ ਇਹੀ ਪੁੱਛਣਗੇ ਕਿ ਕਿਸੇ ਪਾਰਟੀ ਨੂੰ ਜਿੱਤਣ ਤੋਂ ਪਹਿਲਾਂ ਹੋਰ ਕਿੰਨੀਆਂ ਚੋਣਾਂ ਹਾਰਨੀਆਂ ਚਾਹੀਦੀਆਂ ਹਨ?

ਪੰਜਾਬ ’ਚ ‘ਆਪ’ ਸਿਰ ਅਜਿਹਾ ਕੋਈ ਭਾਰ ਨਹੀਂ। ਇਹੀ ਕਾਰਨ ਹੈ ਕਿ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ ਇਹ ਆਪਣੀ ਸਰਕਾਰ ਵਾਲੇ ਇੱਕੋ-ਇੱਕ ਰਾਜ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੂੰ ਕੇਂਦਰ ਦੇ ਰਾਜਨੀਤਕ ਸੰਦੇਸ਼ਾਂ ਦਾ ਗਿਆਨ ਹੈ। 1.53 ਕਰੋੜ ਲਾਭਪਾਤਰੀਆਂ ਨੂੰ ਬਹੁਤ ਘੱਟ ਕੀਮਤ ’ਤੇ ਕਣਕ ਦਾ ਲਾਭ ਲੈਣ ਤੋਂ ਰੋਕਣਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਅਤੇ ਆਯੂਸ਼ਮਾਨ ਭਾਰਤ ਵਰਗੀਆਂ ਕੇਂਦਰੀ ਯੋਜਨਾਵਾਂ ਨੂੰ ਉਤਸ਼ਾਹਿਤ ਕਰਨਾ ਰਾਜ ਵਿੱਚ ਭਾਜਪਾ ਦੇ ਰਸੂਖ਼ ਨੂੰ ਵਧਾਉਣ ਦੇ ਤਰੀਕੇ ਅਤੇ ਸਾਧਨ ਹਨ। ਉਂਝ, ਆਮ ਧਾਰਨਾ ਹੈ ਕਿ ਇਨ੍ਹਾਂ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਵਾਲੇ ਕੈਂਪ ਚੰਗੀ ਕਾਰਗੁਜ਼ਾਰੀ ਦਿਖਾ ਰਹੇ ਹਨ।

ਸਾਮ, ਦਾਮ, ਦੰਡ, ਭੇਦ। ਪ੍ਰਤੱਖ ਹੈ ਕਿ ਅੱਜ ਕੱਲ੍ਹ ਚਾਣਕਿਆ ਦੇ ਅਰਥ ਸ਼ਾਸਤਰ ਦਾ ਦੌਰ ਹੈ। ਇਹ ਅਜਿਹਾ ਲਾਜ਼ਮੀ ਸਬਕ ਹੈ ਜਿਸ ਅੱਗੇ ਮੈਕਿਆਵਲੀ ਵੀ ਬੱਚਿਆਂ ਦੀ ਖੇਡ ਲੱਗਦਾ ਹੈ।

*ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।

Advertisement
Show comments