ਮੀਂਹ ਮਗਰੋਂ ਜ਼ੀਰਕਪੁਰ-ਪਟਿਆਲਾ ਮਾਰਗ ਹੋ ਜਾਂਦੈ ਪਾਣੀ-ਪਾਣੀ
ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਪ੍ਰਬੰਧਾਂ ਦਾ ਹੱਲ ਕਰਨ ਵਿੱਚ ਹਰ ਸਰਕਾਰ ਫੇਲ੍ਹ ਸਾਬਤ ਹੋਈ ਹੈ। ਥੋੜਾ ਜਿਹਾ ਮੀਂਹ ਪੈਣ ਨਾਲ ਸ਼ਹਿਰ ਜਲਥਲ ਹੋ ਜਾਂਦਾ ਹੈ। ਇਸ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਇੱਥੋਂ ਦੀ ਸੜਕਾਂ ’ਤੇ ਬਣਦੀ ਹੈ। ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਪਿੱਛੇ ਵੱਡਾ ਕਾਰਨ ਭੂ-ਮਾਫੀਆ ਵੱਲੋਂ ਇੱਥੋਂ ਦੇ ਕੁਦਰਤੀ ਨਦੀ ਨਾਲਿਆਂ ’ਤੇ ਨਾਜਾਇਜ਼ ਕਬਜ਼ੇ ਹਨ ਜਿਸ ਕਾਰਨ ਪਾਣੀ ਨੂੰ ਨਿਕਾਸੀ ਨਹੀਂ ਮਿਲਦੀ ਅਤੇ ਪਾਣੀ ਸੜਕਾਂ ’ਤੇ ਖੜ੍ਹ ਜਾਂਦਾ ਹੈ।
ਅੱਜ ਸਵੇਰ ਵੇਲੇ ਪਏ ਮੀਂਹ ਕਾਰਨ ਜ਼ੀਰਕਪੁਰ-ਪਟਿਆਲਾ ਸੜਕ ’ਤੇ ਪਾਣੀ ਇਕੱਠਾ ਹੋ ਗਿਆ। ਢੁੱਕਵੇਂ ਡਰੇਨੇਜ਼ ਪ੍ਰਬੰਧਾਂ ਦੀ ਘਾਟ ਅਤੇ ਕੁਦਰਤੀ ਚੋਈਆਂ, ਨਦੀ, ਨਾਲੀਆਂ ਅਤੇ ਡਰੇਨਾਂ ’ਤੇ ਪ੍ਰਾਜੈਕਟ ਬਣਾਉਣ ਲਈ ਬਿਲਡਰਾਂ ਵੱਲੋਂ ਕੰਧਾਂ ਦੀ ਉਸਾਰੀ ਕਾਰਨ ਸੜਕ ਪਾਣੀ ਵਿੱਚ ਡੁੱਬ ਗਈ ਹੈ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਅਤੇ ਰਾਹਗੀਰਾਂ ਲਈ ਮੁਸ਼ਕਲ ਪੈਦਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਪਟਿਆਲਾ ਚੌਕ ਤੋਂ ਗੁਰਦੁਆਰਾ ਨਾਭਾ ਸਾਹਿਬ ਤੱਕ ਸੜਕ ਦੇ ਦੋਵੇਂ ਪਾਸੇ ਵੱਡੇ ਪਾਈਪ ਪਾ ਕੇ ਡਰੇਨੇਜ਼ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿਸ ਨੂੰ ਗੁਰਦੁਆਰਾ ਨਾਭਾ ਸਾਹਿਬ ਨੇੜੇ ਕੁਦਰਤੀ ਚੋਅ ਵਿੱਚ ਛੱਡ ਦਿੱਤਾ ਗਿਆ ਸੀ। ਇਸ ਚੋਅ ਦੇ ਦਰਮਿਆਨ ਪੈਂਦੇ ਖੇਤ ਮਾਲਕਾਂ ਨੇ ਆਪਣੇ ਖੇਤ ਬਿਲਡਰਾਂ ਨੂੰ ਵੇਚ ਦਿੱਤੇ ਸਨ, ਜਿਨ੍ਹਾਂ ਪਾਣੀ ਦੇ ਕੁਦਰਤੀ ਵਹਾਅ ਦੇ ਵਿਚਾਲੇ ਕੰਧਾਂ ਖੜੀਆਂ ਕਰ ਦਿੱਤੀਆਂ, ਜਿਸ ਕਰਕੇ ਬਰਸਾਤ ਵੇਲੇ ਹੁਣ ਪਾਣੀ ਸੜਕਾਂ ’ਤੇ ਹੀ ਖੜਾ ਹੋ ਜਾਂਦਾ ਹੈ। ਅੱਜ ਪਏ ਭਾਰੀ ਮੀਂਹ ਨੇ ਜ਼ੀਰਕਪੁਰ-ਪਟਿਆਲਾ ਮਾਰਗ ’ਤੇ ਨਾਕਾਫ਼ੀ ਡਰੇਨੇਜ਼ ਸਿਸਟਮ ਨੂੰ ਮੁੜ ਤੋਂ ਉਜਾਗਰ ਕੀਤਾ ਹੈ। ਪਾਣੀ ਇਕੱਠਾ ਹੋਣ ਨਾਲ ਨਾ ਸਿਰਫ਼ ਆਵਾਜਾਈ ਵਿੱਚ ਵਿਘਨ ਪਿਆ ਹੈ ਬਲਕਿ ਉਨ੍ਹਾਂ ਰਾਹਗੀਰਾਂ ਲਈ ਵੀ ਮੁਸ਼ਕਲ ਪੈਦਾ ਹੋਈ, ਜਿਨ੍ਹਾਂ ਦੇ ਵਾਹਨ ਪਾਣੀ ’ਚ ਬੰਦ ਹੋ ਗਏ।
ਸਥਾਨਕ ਲੋਕਾਂ ਅਨੁਸਾਰ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਸ਼ਹਿਰ ਵਿੱਚ ਡਰੇਨੇਜ਼ ਸਿਸਟਮ ਦੀ ਸਹੀ ਯੋਜਨਾਬੰਦੀ ਅਤੇ ਲਾਗੂ ਕਰਨ ਦੀ ਜ਼ਰੂਰਤ ਵੱਲ ਧਿਆਨ ਦੇਣ ਦੀ ਲੋੜ ਹੈ। ਅਧਿਕਾਰੀਆਂ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਰਾਹਗੀਰਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਸਥਾਨਕ ਲੋਕ ਅਧਿਕਾਰੀਆਂ ਨੂੰ ਇਸ ਮੁੱਦੇ ਨੂੰ ਹੱਲ ਕਰਨ ਅਤੇ ਇਸ ਨੂੰ ਭਵਿੱਖ ਵਿੱਚ ਦੁਬਾਰਾ ਵਾਪਰਨ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕਰ ਰਹੇ ਹਨ। ਲੋਕਾਂ ਨੇ ਕਿਹਾ ਕਿ ਸਹੀ ਨਿਕਾਸੀ ਪ੍ਰਣਾਲੀ ਦੀ ਘਾਟ ਅਤੇ ਕੁਦਰਤੀ ਨਾਲੀਆਂ ’ਤੇ ਕੰਧਾਂ ਦੀ ਉਸਾਰੀ ਨੂੰ ਹੋਰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।