ਕਾਨੂੰਨੀ ਦਾਅ-ਪੇਚ ’ਚ ਉਲਝੀ ਜ਼ੀਰਕਪੁਰ ਨਗਰ ਕੌਂਸਲ ਦੀ ਪ੍ਰਧਾਨਗੀ
ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤੇ ਬਾਰੇ ਰੱਖੀ ਮੀਟਿੰਗ ਕਿਸੇ ਤਣ-ਪੱਤਣ ਨਾ ਲੱਗੀ
ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੀ ਕੁਰਸੀ ਨੂੰ ਲੈ ਕੇ ਚੱਲ ਰਿਹਾ ਰੇੜਕਾ ਅੱਜ ਵੀ ਮੁੱਕਣ ਦੀ ਥਾਂ ਹੋਰ ਉੱਲਝ ਗਿਆ। ਹਾਈ ਕੋਰਟ ਦੇ ਹੁਕਮਾਂ ’ਤੇ ਰੱਖੀ ਅੱਜ ਦੀ ਮੀਟਿੰਗ ਅਦਾਲਤ ਵੱਲੋਂ ਨਿਯੁਕਤ ਅਬਜ਼ਰਵਰ ਦੀ ਦੇਖਰੇਖ ਹੇਠ ਹੋਈ। ਮੀਟਿੰਗ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਪ੍ਰਧਾਨ ਉਦੈਵੀਰ ਢਿੱਲੋਂ ਨੂੰ ਰਲਾ ਕੇ ਕੁੱਲ 22 ਕੌਂਸਲਰ ਪਹੁੰਚੇ। ਇਨ੍ਹਾਂ ਵਿੱਚੋਂ ਪ੍ਰਧਾਨ ਖ਼ਿਲਾਫ਼ ਵਿਧਾਇਕ ਸਣੇ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਗ਼ੀ ਹੋਏ ਕੁੱਲ 21 ਜਣਿਆਂ ਨੇ ਬੇਭਰੋਸਗੀ ਮਤਾ ਪੇਸ਼ ਕੀਤਾ। ਹਾਲਾਂਕਿ ਉਦੈਵੀਰ ਢਿੱਲੋਂ ਨੇ ਦਾਅਵਾ ਕੀਤਾ ਕਿ ਦੋ-ਤਿਹਾਈ ਦੇ ਹਿਸਾਬ ਨਾਲ 22 ਵੋਟਾਂ ਚਾਹੀਦੀਆਂ ਹਨ। ਜਦਕਿ ਬਾਗ਼ੀ ਧੜੇ ਨੇ 21 ਵੋਟਾਂ ਦੀ ਲੋੜ ਦੱਸੀ ਜਿਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਉਲਝ ਗਏ ਅਤੇ ਉਨ੍ਹਾਂ ਨੇ ਇਸ ਨੂੰ ਅੰਤਿਮ ਫ਼ੈਸਲੇ ਲਈ ਸਥਾਨਕ ਸਰਕਾਰਾਂ ਕੋਲ ਭੇਜ ਦਿੱਤਾ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ, ਐੱਸ ਡੀ ਐੱਮ ਡੇਰਾਬੱਸੀ ਅਮਿਤ ਗੁਪਤਾ ਅਤੇ ਐੱਸ ਪੀ ਦਿਹਾਤੀ ਮਨਪ੍ਰੀਤ ਸਿੰਘ, ਐੱਸ ਪੀ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਪ੍ਰਬੰਧਕੀ ਅਤੇ ਕਾਨੂੰਨੀ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ। ਬਾਗ਼ੀ ਧੜੇ ਨੇ ਕਿਹਾ ਕਿ ਨਿਯਮ ਮੁਤਾਬਕ ਨਗਰ ਕੌਂਸਲ ਵਿੱਚ ਕੁੱਲ 31 ਕੌਂਸਲਰ ਹਨ। ਪ੍ਰਧਾਨ ਨੂੰ ਹਟਾਉਣ ਲਈ ਦੋ-ਤਿਹਾਈ ਦੇ ਹਿਸਾਬ ਨਾਲ ਬਣਦੀਆਂ ਕੁੱਲ 21 ਵੋਟਾਂ ਖ਼ਿਲਾਫ਼ ਸਨ। ਉਨ੍ਹਾਂ ਕਿਹਾ ਕਿ ਨਿਯਮ ਮੁਤਾਬਕ ਹਲਕਾ ਵਿਧਾਇਕ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ ਪਰ ਉਨ੍ਹਾਂ ਨੂੰ ਕੋਰਮ ਵਿੱਚ ਨਹੀਂ ਗਿਣਿਆ ਜਾ ਸਕਦਾ।
ਗੱਲ ਕਰਨ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਮੀਟਿੰਗ ਦੀ ਕਾਰਵਾਈ ਲਿਖ ਕੇ ਸਥਾਨਕ ਸਰਕਾਰਾਂ ਵਿਭਾਗ ਕੋਲ ਭੇਜ ਦਿੱਤੀ ਹੈ ਜੋ ਨਗਰ ਕੌਂਸਲ ਦੇ ਕਾਨੂੰਨ ਮੁਤਾਬਕ ਅਗਲਾ ਫ਼ੈਸਲਾ ਲੈਣਗੇ।
ਦੂਜੇ ਪਾਸੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਇਸ਼ਾਰੇ ’ਤੇ ਕਿਸੇ ਤਰ੍ਹਾਂ ਦਾ ਗ਼ਲਤ ਫ਼ੈਸਲਾ ਲਿਆ ਗਿਆ ਤਾਂ ਉਹ ਮੁੜ ਤੋਂ ਹਾਈ ਕੋਰਟ ਦਾ ਦਰਵਾਜਾ ਖੜ੍ਹਕਾਉਣਗੇ।
ਕੋਰਮ ਪੂਰਾ ਨਹੀਂ ਕਰ ਸਕੀ ਵਿਰੋਧੀ ਧਿਰ: ਢਿੱਲੋਂ
ਮੀਟਿੰਗ ਮਗਰੋਂ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਜ਼ੀਰਕਪੁਰ ਹਾਊਸ ਵਿੱਚ ਕੁੱਲ 31 ਵੋਟਾਂ ਹਨ ਜਦਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਇੱਕ ਵੋਟ ਨੂੰ ਰਲਾ ਕੇ ਕੁੱਲ 32 ਬਣਦੇ ਹਨ। ਇਸਦਾ ਦੋ-ਤਿਹਾਈ ਬਹੁਮਤ 22 ਵੋਟਾਂ ਬਣਦੀ ਹਨ ਜਦਕਿ ਅੱਜ ਮੀਟਿੰਗ ਦੌਰਾਨ ਬਾਗ਼ੀ ਧੜੇ ਵੱਲੋਂ ਸਿਰਫ਼ 21 ਵੋਟਾਂ ਹੀ ਸੀ ਜਿਸ ਕਾਰਨ ਬੇਭਰੋਸਗੀ ਮਤਾ ਫੇਲ੍ਹ ਹੋ ਗਿਆ।