ਜ਼ੀਰਕਪੁਰ ਫਲਾਈਓਵਰ ਦਾ ਸੁੰਦਰੀਕਰਨ ਨੌਂ ਸਾਲਾਂ ਤੋਂ ਅੱਧ ਵਿਚਾਲੇ
ਹਰਜੀਤ ਸਿੰਘ
ਜ਼ੀਰਕਪੁਰ, 28 ਜੂਨ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਪੈਂਦੀ ਜ਼ੀਰਕਪੁਰ ਫਲਾਈਓਵਰ ਹੇਠਾਂ ਸੁੰਦਰੀਕਰਨ ਦਾ ਪ੍ਰਾਜੈਕਟ ਚਾਲੂ ਹੋਣ ਦੇ ਨੌਂ ਸਾਲਾ ਬਾਅਦ ਵੀ ਵਿਚਾਲੇ ਲੰਮਕਿਆ ਪਿਆ ਹੈ। ਇਸ ਪ੍ਰਾਜੈਕਟ ਦਾ ਐਲਾਨ ਪੰਜ ਸਾਲ ਪਹਿਲਾਂ ਸਾਲ 2016 ਵਿੱਚ ਕੀਤਾ ਗਿਆ ਸੀ। ਸਾਲ 2019 ਦੀ 14 ਫਰਵਰੀ ਨੂੰ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਰਸਮੀ ਤੌਰ ’ਤੇ ਇਸ ਦੀ ਸ਼ੁਰੂਆਤ ਕਰਵਾਈ ਗਈ ਸੀ। ਪਰ ਇਸ ਦਾ ਕੰਮ ਸ਼ੁਰੂ ਤੋਂ ਹੀ ਰੁਕ-ਰੁਕ ਕੇ ਚਲਦਾ ਰਿਹਾ। ਹਾਲੇ ਤੱਕ ਇਸ ਦਾ ਕੁਝ ਫ਼ੀਸਦੀ ਕੰਮ ਹੀ ਨੇਪਰੇ ਚੜ੍ਹਿਆ ਹੈ ਪਰ ਵਾਰ ਵਾਰ ਕੰਮ ਬੰਦ ਹੋਣ ਨਾਲ ਪਹਿਲਾ ਕੀਤਾ ਕੰਮ ਵੀ ਖ਼ਰਾਬ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਸਰਕਾਰਾਂ ਵੱਲੋਂ ਸ਼ੁਰੂ ਤੋਂ ਹੀ ਜ਼ੀਰਕਪੁਰ ਨੂੰ ਗੇਟਵੇ ਆਫ ਪੰਜਾਬ ਦੇ ਤੌਰ ’ਤੇ ਵਿਕਸਤ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਇਸੇ ਲਈ ਜ਼ੀਰਕਪੁਰ ਫਲਾਈਓਵਰ ਹੇਠਾਂ ਸੁੰਦਰੀਕਰਨ ਦੀ ਯੋਜਨਾ ਤਿਆਰ ਕਰਦਿਆਂ ਸਾਲ 2016 ਵਿੱਚ ਇਸ ਦਾ ਐਲਾਨ ਕੀਤਾ ਗਿਆ ਸੀ। ਐਲਾਨ ਤੋਂ ਤਿੰਨ ਸਾਲ ਬਾਅਦ ਇਸ ਦਾ ਕੰਮ ਚਾਲੂ ਹੋ ਸਕਿਆ ਪਰ ਇਸ ਦਾ ਕੰਮ ਚਾਲੂ ਹੋਣ ਤੋਂ ਲਗਤਾਰ ਤੈਅ ਸਮੇਂ ਤੋਂ ਪਛੜਦਾ ਰਿਹਾ। ਸਿੱਟੇ ਵਜੋਂ ਨੌਂ ਸਾਲ ਲੰਘਣ ਦੇ ਬਾਵਜੂਦ ਹਾਲੇ ਤੱਕ ਇਹ ਪ੍ਰਾਜੈਕਟ ਵਿਚਾਲੇ ਲੰਮਕ ਰਿਹਾ ਹੈ। ਯੋਜਨਾ ਮੁਤਾਬਕ 2.7 ਕਿਲੋਮੀਟਰ ਖਾਲੀ ਥਾਂ ਚਾਰ ਪੜਾਅ ਵਿੱਚ ਪੂਰੀ ਕਰਨੀ ਸੀ ਜਿਸ ’ਤੇ ਤਿੰਨ ਕਰੋੜ ਰੁਪਏ ਖਰਚ ਕੀਤੇ ਜਾਣੇ ਸਨ। ਇਨ੍ਹਾਂ ਵਿੱਚ ਫਲਾਈਓਵਰ ਦੇ ਪਿੱਲਰਾਂ ’ਤੇ ਚਿੱਤਰਕਾਰੀ, ਹੇਠਾਂ ਪੇਵਰ ਬਲਾਕ ਲਗਾਉਣਾ, ਫੁੱਲ ਬੂਟੇ ਲਾਉਣਾ, ਰੌਸ਼ਨੀ ਲਈ ਲਾਈਟਾਂ ਲਾਉਣਾ, ਸੁਰੱਖਿਆ ਲਈ ਗਰਿੱਲ ਲਾਉਣਾ ਸ਼ਾਮਲ ਸਨ। ਇਸ ਦਾ ਪੰਜਾਹ ਫ਼ੀਸਦੀ ਹੀ ਕੰਮ ਨੇਪਰੇ ਚੜ੍ਹ ਸਕਿਆ ਸੀ। ਇਸ ਦੇ ਥੱਲੇ ਲਾਈ ਲੋਹੇ ਦੀ ਗਰਿੱਲ ਸਣੇ ਹੋਰ ਸਮਾਨ ਚੋਰੀ ਹੋ ਰਿਹਾ ਹੈ ਜਦੋਂਕਿ ਫਲਾਈਓਵਰ ਥੱਲੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਦੇ ਹੇਠਾਂ ਖਾਲੀ ਥਾਂ ਨੂੰ ਲੋਕ ਪਖਾਨੇ ਵਜੋਂ ਵਰਤ ਰਹੇ ਹਨ। ਸ਼ਹਿਰ ਦੇ ਲੋਕਾਂ ਨੇ ਇਸ ਪ੍ਰਾਜੈਕਟ ਨੂੰ ਛੇਤੀ ਪੂਰਾ ਕਰਨ ਦੀ ਮੰਗ ਕੀਤੀ ਹੈ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਛੇਤੀ ਪੂਰਾ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਸਕੇ।