ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: 16 ਬੂਥਾਂ ’ਤੇ ਮੁੜ ਹੋਵੇਗੀ ਚੋਣ
16 ਦਸੰਬਰ ਨੂੰ ਹੋਵੇਗੀ ਚੋਣ; ਸ਼ਿਕਾਇਤਾਂ ਤੋਂ ਬਾਅਦ ਕਾਰਵਾੲੀ
ਪੰਜਾਬ ਰਾਜ ਚੋਣ ਕਮਿਸ਼ਨ ਨੇ ਪ੍ਰੀਜ਼ਾਈਡਿੰਗ ਅਫ਼ਸਰਾਂ ਤੋਂ ਰਿਪੋਰਟਾਂ ਮਿਲਣ ਉਪਰੰਤ ਸੂਬੇ ’ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ 16 ਪੋਲਿੰਗ ਬੂਥਾਂ ’ਤੇ 16 ਦਸੰਬਰ ਨੂੰ ਪੋਲਿੰਗ ਦੁਬਾਰਾ ਕਰਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਬਾਨੀਆ ਦੇ ਬੂਥ ਨੰਬਰ 63 ਤੇ 64 ਅਤੇ ਪਿੰਡ ਮਧੀਰ ਦੇ ਬੂਥ ਨੰਬਰ 21 ਤੇ 22 ’ਚ ਮੁੜ ਚੋਣ ਹੋਵੇਗੀ। ਜਲੰਧਰ ਦੇ ਪਿੰਡ ਭੋਗਪੁਰ ਦੇ ਪੰਚਾਇਤ ਸਮਿਤੀ ਦੇ ਜ਼ੋਨ ਨੰਬਰ ਸੱਤ ’ਚ ਪੈਂਦੇ ਬੂਥ ਨੰਬਰ 72 ਅਤੇ ਗੁਰਦਾਸਪੁਰ ਦੇ ਪਿੰਡ ਚਾਹੀਆ ਦੇ ਬੂਥ ਨੰਬਰ 124 ’ਚ ਵੀ ਮੁੜ ਚੋਣ ਹੋਵੇਗੀ। ਬਰਨਾਲਾ ਜ਼ਿਲ੍ਹੇ ਦੇ ਚੰਨਣਵਾਲ ਜ਼ੋਨ ਦੇ ਪਿੰਡ ਰਾਇਸਰ ਬਰਨਾਲਾ ਦੇ ਬੂਥ ਨੰਬਰ 20 ’ਚ ਮੁੜ ਚੋਣ ਹੋਵੇਗੀ। ਪੰਚਾਇਤ ਸਮਿਤੀ ਅਟਾਰੀ ਦੇ ਪਿੰਡ ਖਾਸਾ ਦੇ ਬੂਥ ਨੰਬਰ 52 ਤੋਂ 55 ਤੱਕ ਅਤੇ ਪਿੰਡ ਵਰਪਾਲ ਕਲਾਂ ਦੇ ਬੂਥ ਨੰਬਰ 90 ਤੋਂ 95 ਤੱਕ ਦੀ ਚੋਣ ਵੀ ਮੁੜ ਹੋਵੇਗੀ।
ਚੋਣ ਕਮਿਸ਼ਨ ਨੇ ਪਿੰਡ ਚਾਹੀਆ ਦੇ ਪ੍ਰੀਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ਨੂੰ ਸ਼ਿਕਾਇਤਾਂ ਮਿਲਣ ਉਪਰੰਤ ਤਬਦੀਲ ਕਰ ਦਿੱਤਾ ਸੀ ਅਤੇ ਨਵਾਂ ਪ੍ਰੀਜ਼ਾਈਡਿੰਗ ਅਫ਼ਸਰ ਤਾਇਨਾਤ ਕੀਤਾ। ਰਜਨੀ ਪ੍ਰਕਾਸ਼ ’ਤੇ ਬੈਲਟ ਬਕਸਾ ਲੈ ਕੇ ਫ਼ਰਾਰ ਹੋਣ ਦਾ ਇਲਜ਼ਾਮ ਸੀ। ਚੋਣ ਕਮਿਸ਼ਨ ਨੇ ਇਸ ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਬਰਨਾਲਾ ਦੇ ਪਿੰਡ ਰਾਇਸਰ ਪਟਿਆਲਾ ’ਚ ਬੈਲਟ ਪੇਪਰ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਨਹੀਂ ਸੀ। ਅੰਮ੍ਰਿਤਸਰ ਦੇ ਪਿੰਡ ਖਾਸਾ ’ਚ ਵੀ ਬੈਲਟ ਪੇਪਰ ’ਤੇ ਗਲਤ ਚੋਣ ਨਿਸ਼ਾਨ ਛਪਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸੇ ਤਰ੍ਹਾਂ ਅਟਾਰੀ ਹਲਕੇ ਦੇ ਪਿੰਡ ਵਰਪਾਲ ’ਚ ਬੈਲਟ ਪੇਪਰ ’ਚ ਕੁੱਝ ਗ਼ਲਤੀਆਂ ਦਾ ਜ਼ਿਕਰ ਸਾਹਮਣੇ ਆਇਆ ਹੈ।

