ਜ਼ੈਲਦਾਰ ਹਸਮੁੱਖ ਦੀ ਪੁਸਤਕ ‘ਜ਼ਮਾਨੇ ਬਦਲ ਗਏ’ ਰਿਲੀਜ਼
ਅਤਰ ਸਿੰਘ
ਡੇਰਾਬੱਸੀ, 29 ਦਸੰਬਰ
ਪੰਜਾਬੀ ਸਾਹਿਤ ਸਭਾ, ਡੇਰਾਬੱਸੀ ਵਲੋਂ ਅੱਜ ਸਥਾਨਕ ਮਿਊਂਸਿਪਲ ਲਾਇਬ੍ਰੇਰੀ ਵਿੱਚ ਸਾਹਿਤਕ ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਜੈਲਦਾਰ ਸਿੰਘ ਹਸਮੁੱਖ ਵੱਲੋਂ ਲਿਖੀ ਪੁਸਤਕ ‘ਜ਼ਮਾਨੇ ਬਦਲ ਗਏ’ (ਬੀਤੇ ਸੱਭਿਆਚਾਰ ਦਾ ਕਾਵਿ-ਕੋਸ਼) ਰਿਲੀਜ਼ ਕੀਤੀ ਗਈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਪੁਆਧੀ ਪੰਜਾਬੀ ਸੱਥ ਮੁਹਾਲੀ ਦੇ ਮੁਖੀ ਮਨਮੋਹਨ ਸਿੰਘ ਦਾਊਂ ਅਤੇ ਸਮਾਜਸੇਵੀ ਨਰੇਸ਼ ਉਪਨੇਜਾ ਸ਼ਾਮਲ ਸਨ। ਪੁਸਤਕ ਰਿਲੀਜ਼ ਤੋਂ ਬਾਅਦ ਡਾ. ਸਰਬਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੁਸਤਕ ਪਿੰਡ ਅਤੇ ਕਿਰਤੀਆਂ ’ਤੇ ਕੇਂਦਰਿਤ ਹੈ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਇਹ ਪੁਸਤਕ ਪੁਆਧ ਦਾ ਦਰਪਣ ਹੈ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਗਿਆਨੀ ਧਰਮ ਸਿੰਘ ਭਾਂਖਰਪੁਰ ਨੇ ਕਿਹਾ ਕਿ ਇਹ ਪੁਸਤਕ ਲੇਖਕ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਜੈਲਦਾਰ ਸਿੰਘ ਹਸਮੁੱਖ ਨੇ ਆਪਣੀ ਪੁਸਤਕ ’ਚੋਂ ਤਰੰਨੁਮ ’ਚ ਕਈ ਰਚਨਾਵਾਂ ਸੁਣਾਈਆਂ।
ਕਾਵਿ-ਸੰਗ੍ਰਹਿ ‘ਮਾਂ ਦੀ ਮਮਤਾ’ ਲੋਕ ਅਰਪਣ
ਐੱਸਏਐੱਸ ਨਗਰ, ਮੁਹਾਲੀ (ਕਰਮਜੀਤ ਸਿੰਘ ਚਿੱਲਾ): ਨਾਮਵਰ ਕਵੀ ਅਤੇ ਅਨੁਵਾਦਕ ਬਾਬੂ ਰਾਮ ਦੀਵਾਨਾ ਅਤੇ ਬਾਲ ਸਾਹਿਤਕਾਰ ਐਵਾਰਡੀ ਲੇਖਿਕਾ ਸੁਧਾ ਜੈਨ ਸੁਦੀਪ ਦੀ ਸੰਪਾਦਨਾ ਹੇਠ ਤਿਆਰ ਕੀਤਾ ਗਿਆ ਕਾਵਿ-ਸੰਗ੍ਰਹਿ ‘ਮਾਂ ਦੀ ਮਮਤਾ’ ਅੱਜ ਇੱਥੋਂ ਦੇ ਫੇਜ਼ ਤਿੰਨ ਵਿਖੇ ਗੁਰਬਾਣੀ ਚਾਨਣੁ ਭਵਨ ਵਿੱਚ ਲੋਕ ਅਰਪਣ ਕੀਤਾ ਗਿਆ। ਇਹ ਪੁਸਤਕ ਕਵੀ ਬਾਬੂ ਰਾਮ ਦੀਵਾਨਾ ਦੀ ਮਾਤਾ ਸਵਰਗੀ ਭਾਗਵੰਤੀ ਦੀ 42ਵੀਂ ਬਰਸੀ ਮੌਕੇ ਹੋਏ ਸਮਾਰੋਹ ਵਿਚ ਰਿਲੀਜ਼ ਕੀਤੀ ਗਈ। ਇਸ ਮੌਕੇ ਬੇਬੇ ਨਾਨਕੀ ਇਸਤਰੀ ਸਤਿਸੰਗ ਜਥਾ ਫੇਜ਼ ਪਹਿਲਾ ਵੱਲੋਂ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਡਾ. ਲਾਭ ਸਿੰਘ ਖੀਵਾ, ਮੋਹਨਬੀਰ ਸਿੰਘ ਸ਼ੇਰਗਿੱਲ, ਕਰਮ ਸਿੰਘ ਬਬਰਾ, ਬਹਾਦਰ ਸਿੰਘ ਗੋਸਲ, ਭਾਈ ਹਰਨੇਕ ਸਿੰਘ ਨੇ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਾਹਨ, ਮੁਸਕਾਨ, ਪੂਜਾ, ਨੀਰਜ, ਸੁਧਾ ਜੈਨ ਸੁਦੀਪ ਜਨਰਲ ਸਕੱਤਰ, ਪ੍ਰੈਸ ਸਕੱਤਰ ਬਲਜਿੰਦਰ ਸ਼ੇਰਗਿੱਲ ਹਾਜ਼ਰ ਸਨ।