ਬਲੌਂਗੀ ’ਚ ਤਕਰਾਰ ਮਗਰੋਂ ਨੌਜਵਾਨ ਦਾ ਕਤਲ
ਮੁਹਾਲੀ ਦੇ ਪਿੰਡ ਬਲੌਂਗੀ ਵਿਚ ਅੱਜ ਸਵੇਰੇ ਇੱਕ ਨੌਜਵਾਨ ਦਾ ਕਤਲ ਹੋ ਗਿਆ। ਉਸ ਦੇ ਦੂਜੇ ਸਾਥੀ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਮ੍ਰਿਤਕ ਸਰਬਜੀਤ ਸਿੰਘ (30) ਪਿੰਡ ਬਲੌਂਗੀ ਦਾ ਹੀ ਵਸਨੀਕ ਸੀ। ਘਟਨਾ ਸਵੇਰੇ ਨੌਂ ਤੋਂ ਦਸ ਵਜੇ ਦੇ ਕਰੀਬ ਵਾਪਰੀ।
ਥਾਣਾ ਬਲੌਂਗੀ ਦੇ ਐਸਐਚਓ ਇੰਸਪੈਕਟਰ ਕੁਲਵੰਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਬਜੀਤ ਸਿੰਘ ਆਪਣੀ ਮਾਤਾ ਨੂੰ ਬੱਸ ਚੜ੍ਹਾਉਣ ਗਿਆ ਸੀ। ਰਸਤੇ ਵਿਚ ਉਸ ਨਾਲ ਕੁੱਝ ਨੌਜਵਾਨਾਂ ਦਾ ਤਕਰਾਰ ਹੋ ਗਿਆ। ਉਕਤ ਨੌਜਵਾਨ ਪਿੰਡ ਦੀ ਇੱਕ ਪੀਜੀ ਵਿਚ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਆਪਣੀ ਮਾਤਾ ਨੂੰ ਬੱਸ ਚੜ੍ਹਾਉਣ ਉਪਰੰਤ ਵਾਪਸ ਆ ਕੇ ਸਬੰਧਤ ਪੀਜੀ ਨੇੜੇ ਪਾਰਕਿੰਗ ਕੋਲ ਖੜ੍ਹਾ ਸੀ, ਜਿੱਥੇ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਉਤੇ ਸਬੰਧਤ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਤੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਸ਼ਨਿਚਰਵਾਰ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਵਿਅਕਤੀਆਂ ਵੱਲੋਂ ਉਕਤ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲੇ ਵਿਚ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋਏ ਸਰਬਜੀਤ ਸਿੰਘ ਨੂੰ ਮੁਹਾਲੀ ਦੇ ਫੇਜ਼ ਛੇ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ।