ਹਾਦਸੇ ’ਚ ਨੌਜਵਾਨ ਹਲਾਕ; ਦੂਜਾ ਜ਼ਖ਼ਮੀ
ਲਾਂਡਰਾਂ ਤੋਂ ਬਨੂੜ ਕੌਮੀ ਮਾਰਗ ’ਤੇ ਪਿੰਡ ਸਨੇਟਾ ’ਚ ਦੋ ਕਾਰਾਂ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕੀਰਤ ਸਿੰਘ ਪੁੱਤਰ ਜਸਵੀਰ ਸਿੰਘ, ਵਾਸੀ ਖੇੜਾ ਗੱਜੂ, ਥਾਣਾ ਬਨੂੜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਲੰਘੀ ਅੱਧੀ ਰਾਤ...
ਲਾਂਡਰਾਂ ਤੋਂ ਬਨੂੜ ਕੌਮੀ ਮਾਰਗ ’ਤੇ ਪਿੰਡ ਸਨੇਟਾ ’ਚ ਦੋ ਕਾਰਾਂ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕੀਰਤ ਸਿੰਘ ਪੁੱਤਰ ਜਸਵੀਰ ਸਿੰਘ, ਵਾਸੀ ਖੇੜਾ ਗੱਜੂ, ਥਾਣਾ ਬਨੂੜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਲੰਘੀ ਅੱਧੀ ਰਾਤ ਨੂੰ ਜਸਕੀਰਤ ਸਿੰਘ ਆਪਣੇ ਦੋਸਤ ਰਣਜੋਧ ਸਿੰਘ ਵਾਸੀ ਖ਼ਾਨਪਰ ਬੰਗਰ(ਬਨੂੜ) ਨਾਲ ਸਵਿਫ਼ਟ ਕਾਰ ਵਿਚ ਕਿਸੇ ਸਮਾਗਮ ਤੋਂ ਵਾਪਸ ਆਪਣੇ ਘਰ ਖੇੜਾ ਗੱਜੂ ਜਾ ਰਿਹਾ ਸੀ। ਜਦੋਂ ਉਹ ਸਨੇਟਾ ਤੋਂ ਖੇੜਾ ਗੱਜੂ ਵੱਲ ਮੁੜਨ ਲੱਗੇ ਤਾਂ ਦੂਜੇ ਪਾਸਿਉਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ’ਚ ਜਸਕੀਰਤ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਮੁਹਾਲੀ ਦੇ ਫੇਜ਼ ਛੇ ਦੇ ਸਰਕਾਰੀ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਹਾਦਸੇ ’ਚ ਜ਼ਖਮੀ ਹੋਇਆ ਰਣਜੋਧ ਸਿੰਘ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲੀਸ ਚੌਕੀ ਸਨੇਟਾ ਦੇ ਇੰਚਾਰਜ ਬਰਮਾ ਸਿੰਘ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਡਰਾਈਵਰ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

