ਪਿੰਡ ਬਾਦਲ ਵਿੱਚ ਅੱਜ ਸਾਬਕਾ ਪੰਚ ਦੇ 23 ਸਾਲਾ ਪੁੱਤਰ ਬਲਵਿੰਦਰ ਸਿੰਘ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਅੱਜ ਸਵੇਰੇ ਪਿੰਡ ਵਿੱਚ ਬਠਿੰਡਾ ਰੋਡ ’ਤੇ ਖਾਲੀ ਜਗ੍ਹਾ ’ਚੋਂ ਮਿਲੀ। ਪਰਿਵਾਰ ਮੁਤਾਬਕ ਨੌਜਵਾਨ ਨਸ਼ੇ ਦਾ ਆਦੀ ਸੀ। ਪਰਿਵਾਰ ਨੇ ਨੌਜਵਾਨ ਦੇ ਕਤਲ ਦਾ ਸ਼ੱਕ ਪ੍ਰਗਟਾਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵਿੰਦਰ ਦਾ ਆਪਣੀ ਪਤਨੀ ਨਾਲ ਖ਼ਰਚੇ ਦਾ ਅਦਾਲਤੀ ਕੇਸ ਚੱਲਦਾ ਸੀ ਤੇ ਅੱਜ ਕੇਸ ਦੀ ਤਰੀਕ ਸੀ। ਬਲਵਿੰਦਰ ਕੱਲ੍ਹ ਦੇਰ ਸ਼ਾਮ ਤੋਂ ਘਰੋਂ ਲਾਪਤਾ ਸੀ। ਨੌਜਵਾਨ ਦੋ ਭੈਣਾਂ ਦਾ ਭਰਾ ਸੀ। ਮ੍ਰਿਤਕ ਦੇ ਪਿਤਾ ਤੇ ਸਾਬਕਾ ਪੰਚ ਨਛੱਤਰ ਸਿੰਘ ਨੇ ਕਿਹਾ ਕਿ ਬਲਵਿੰਦਰ ਸਿੰਘ ਅਦਾਲਤੀ ਕੇਸ ਕਾਰਨ ਪ੍ਰੇਸ਼ਾਨ ਸੀ। ਇਸ ਕਾਰਨ ਉਹ ਨਸ਼ੇ ਕਰਨ ਲੱਗ ਪਿਆ ਸੀ। ਉਨ੍ਹਾਂ ਕਿਹਾ ਕਿ ਬਲਵਿੰਦਰ ਦੇ ਚਿਹਰੇ ’ਤੇ ਖੂਨ ਲੱਗਿਆ ਹੋਇਆ ਹੈ ਜਿਸ ਕਾਰਨ ਉਨ੍ਹਾਂ ਨੂੰ ਕਤਲ ਦਾ ਸ਼ੱਕ ਹੈ। ਨਛੱਤਰ ਸਿੰਘ ਨੇ ਕਿਹਾ ਕਿ ਬਲਵਿੰਦਰ ਨੂੰ ਚਿੱਟੇ ’ਤੇ ਲਗਾਉਣ ਲਈ ਪਿੰਡ ਬਾਦਲ ਦਾ ਇੱਕ ਨਸ਼ਾ ਤਸਕਰ ਜ਼ਿੰਮੇਵਾਰ ਹੈ। ਉਹ ਅਕਸਰ ਬਲਵਿੰਦਰ ਨੂੰ ਘਰੋਂ ਸੱਦ ਕੇ ਲਿਜਾਂਦਾ ਸੀ। ਨਛੱਤਰ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਬਾਦਲ ਵਿੱਚ ਸ਼ਰ੍ਹੇਆਮ ਨਸ਼ਾ ਤਸਕਰੀ ਹੋ ਰਹੀ ਹੈ।
ਪੋਸਟਮਾਰਟਮ ਮਗਰੋਂ ਕਾਰਵਾਈ ਹੋਵੇਗੀ: ਪੁਲੀਸ
ਥਾਣਾ ਲੰਬੀ ਮੁਖੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਬਲਵਿੰਦਰ ਸਿੰਘ ਦੀ ਮੌਤ ਬਾਰੇ ਸਿਵਲ ਹਸਪਤਾਲ ਬਾਦਲ ਤੋਂ ਰੁੱਕਾ ਮਿਲਿਆ ਸੀ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੇ ਪੋਸਟਮਾਰਟਮ ਦੀ ਰਿਪੋਰਟ ਮਗਰੋਂ ਕਾਰਵਾਈ ਕੀਤੀ ਜਾਵੇਗੀ। ਨਸ਼ਾ ਤਸਕਰੀ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਨਾਮ ਸਾਹਮਣੇ ਲਿਆਂਦੇ ਜਾਣ ਪੁਲੀਸ ਤੁਰੰਤ ਕਾਰਵਾਈ ਕਰੇਗੀ।

