ਇੱਥੋਂ ਦੇ ਸੈਕਟਰ-46 ਨੇੜੇ ਤੇਜ਼ ਰਫ਼ਤਾਰ ਥਾਰ ਦੀ ਫੇਟ ਵੱਜਣ ਕਰਕੇ ਇਕ ਮੁਟਿਆਰ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਈ ਹੈ। ਜ਼ਖ਼ਮੀ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸੋਜ਼ੇਫ ਵਾਸੀ ਬੁੜੈਲ ਵਜੋਂ ਹੋਈ ਹੈ, ਜਦੋਂ ਕਿ ਉਸ ਦੀ ਭੈਣ ਇਸ਼ਾ ਦੇ ਵੀ ਕਾਫੀ ਸੱਟਾਂ ਵੱਜੀਆਂ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-34 ਦੀ ਪੁਲੀਸ ਨੇ ਜਾਂਚ ਵਿੱਚ ਦਿੱਤੀ ਹੈ। ਪੁਲੀਸ ਵੱਲੋਂ ਘਟਨਾ ਵਾਲੀ ਥਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਹ ਘਟਨਾ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਵਾਪਰੀ ਹੈ। ਇਸ ਦੌਰਾਨ ਦੋ ਸਕੀਆਂ ਭੈਣਾਂ ਸੈਕਟਰ-46 ਵਾਲੇ ਚੌਕ ਵਿੱਚ ਖੜੀਆਂ ਸਨ। ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਥਾਰ ਚਾਲਕ ਵੱਲੋਂ ਦੋਵਾਂ ਭੈਣਾ ਵਿੱਚ ਟੱਕਰ ਮਾਰੀ ਗਈ। ਦੋਵਾਂ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਨੂੰ ਮ੍ਰਿਤਕ ਕਰਾਰ ਦਿੱਤਾ, ਜਦੋਂ ਕਿ ਦੂਜੀ ਦੀ ਹਾਲਤ ਗੰਭੀਰ ਹੈ। ਦੋਵਾਂ ਮੁਟਿਆਰਾਂ ਦੇ ਪਿਤਾ ਸਾਵੇਦ ਨੇ ਦੱਸਿਆ ਕਿ ਉਹ ਯੂਪੀ ਦਾ ਰਹਿਣ ਵਾਲਾ ਹੈ ਅਤੇ ਚੰਡੀਗੜ੍ਹ ਦੇ ਬੁੜੈਲ ਵਿੱਚ ਰਹਿੰਦਾ ਹੈ। ਉਸ ਨੇ ਕਿਹਾ ਕਿ ਸੋਜ਼ੇਫ ਸੈਕਟਰ-46 ਸਥਿਤ ਦੇਵ ਸਮਾਜ ਕਾਲਜ ਵਿੱਚ ਬੀਏ ਕਰ ਰਹੀ ਹੈ, ਜਦੋਂ ਕਿ ਇਸ਼ਾ ਬਿਊਟੀ ਪਾਰਲਰ ਦਾ ਕੰਮ ਸਿੱਖ ਰਹੀ ਹੈ। ਉਸ ਨੇ ਦੱਸਿਆ ਕਿ ਦੋਵੇਂ ਭੈਣਾਂ ਕਿਤੇ ਜਾਣ ਲਈ ਥ੍ਰੀ-ਵ੍ਹੀਲਰ ਉਡੀਕ ਰਹੀਆਂ ਸਨ ਕਿ ਤੇਜ਼ ਰਫ਼ਤਾਰ ਥਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ। ਚੰਡੀਗੜ੍ਹ ਦੇ ਥਾਣਾ ਸੈਕਟਰ-34 ਦੀ ਪੁਲੀਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
+
Advertisement
Advertisement
Advertisement
Advertisement
×