ਨੌਜਵਾਨ ਡੀ ਐੇੱਸ ਪੀ ਦਫ਼ਤਰ ਦੇ ਟਾਵਰ ’ਤੇ ਚੜਿ੍ਹਆ
ਇੱਥੋਂ ਦੇ ਡੀ ਐੱਸ ਪੀ ਦਫ਼ਤਰ ਵਿੱਚ ਲੱਗੇ ਬੀ ਐੱਸ ਐੱਨ ਐੱਲ ਦੇ ਟਾਵਰ ’ਤੇ ਅੱਜ ਨਸ਼ੇ ਦੀ ਹਾਲਤ ਵਿੱਚ ਕਾਲੀ ਨਾਮ ਦਾ ਨੌਜਵਾਨ ਚੜ੍ਹ ਗਿਆ। ਇਹ ਘਟਨਾ ਲਗਪਗ ਪੰਜ ਵਜੇ ਦੇ ਆਸਪਾਸ ਦੀ ਹੈ। ਮਗਰੋਂ ਮੌਕੇ ’ਤੇ ਲੋਕਾਂ ਦੀ...
ਇੱਥੋਂ ਦੇ ਡੀ ਐੱਸ ਪੀ ਦਫ਼ਤਰ ਵਿੱਚ ਲੱਗੇ ਬੀ ਐੱਸ ਐੱਨ ਐੱਲ ਦੇ ਟਾਵਰ ’ਤੇ ਅੱਜ ਨਸ਼ੇ ਦੀ ਹਾਲਤ ਵਿੱਚ ਕਾਲੀ ਨਾਮ ਦਾ ਨੌਜਵਾਨ ਚੜ੍ਹ ਗਿਆ। ਇਹ ਘਟਨਾ ਲਗਪਗ ਪੰਜ ਵਜੇ ਦੇ ਆਸਪਾਸ ਦੀ ਹੈ। ਮਗਰੋਂ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲੀਸ ਤੇ ਰੈਸਕਿਊ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਨੌਜਵਾਨ ਕਾਲੀ ਨੇ ਸ਼ਰਾਬ ਪੀਤੀ ਹੋਈ ਹੈ ਅਤੇ ਉਸ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਸੀ। ਕਾਲੀ ਦੀ ਮਾਤਾ ਕਮਲਾ ਨੇ ਦੱਸਿਆ ਕਿ ਨੌਜਵਾਨ ਦੀ ਵਿਆਹੁਤਾ ਪਤਨੀ ਨਾਲ ਰਿਸ਼ਤਾ ਲੰਮੇ ਸਮੇਂ ਤੋਂ ਤਣਾਅਪੂਰਨ ਚਲ ਰਿਹਾ ਹੈ। ਕੁੱਝ ਸਮਾਂ ਪਹਿਲਾਂ ਉਸ ਦੀ ਪਤਨੀ ਘਰ ਛੱਡ ਕੇ ਚਲੀ ਗਈ ਸੀ ਅਤੇ ਉਸ ਦੀ ਧੀ ਉਸ ਕੋਲ ਰਹਿੰਦੀ ਹੈ, ਜਿਸ ਕਰਕੇ ਨੌਜਵਾਨ ਆਪਣੇ ਆਪ ਨੂੰ ਇਕੱਲਾ ਅਤੇ ਤਣਾਅ ਵਿੱਚ ਮਹਿਸੂਸ ਕਰ ਰਿਹਾ ਹੈ। ਟਾਵਰ ਉੱਤੇ ਚੜ੍ਹੇ ਨੌਜਵਾਨ ਕਾਲੀ ਇਸ ਤੋਂ ਪਹਿਲਾਂ ਵੀ 2-3 ਵਾਰੀ ਟਾਵਰ ’ਤੇ ਚੜ੍ਹ ਚੁੱਕਿਆ ਹੈ। ਉਸ ਵੇਲੇ ਵੀ ਉਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਜਿਹੇ ਤਰੀਕੇ ਅਪਣਾਏ ਸਨ। ਇਸ ਵਾਰ ਉਹ ਮੰਗ ਕਰ ਰਿਹਾ ਹੈ ਕਿ ਉਸ ਦਾ ਲਾਇਸੈਂਸ ਬਣਾਇਆ ਜਾਵੇ ਅਤੇ ਆਪਣੇ ਘਰ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਈ ਮਦਦ ਕੀਤੀ ਜਾਵੇ। ਪਰਿਵਾਰਕ ਸਰੋਤਾਂ ਨੇ ਦੱਸਿਆ ਕਿ ਉਸ ਦਾ ਮਕਾਨ ਡਿੱਗ ਚੁੱਕਿਆ ਹੈ, ਜਿਸ ਲਈ ਉਨ੍ਹਾਂ ਵੱਲੋਂ ਸਰਕਾਰੀ ਮਦਦ ਲਈ ਅਰਜ਼ੀਆਂ ਵੀ ਦਿੱਤੀਆਂ ਗਈਆਂ, ਪਰ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ। ਇਸ ਕਾਰਨ ਉਸ ਦੀ ਮਾਂ ਲਗਾਤਾਰ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਰਹੀ ਹੈ ਪਰ ਹਾਲੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਟਾਵਰ ਉੱਤੇ ਚੜ੍ਹੇ ਨੌਜਵਾਨ ਨੂੰ ਥੱਲੇ ਉਤਾਰਨ ਲਈ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਹੋਰ ਪੁਲੀਸ ਮੁਲਾਜ਼ਮਾਂ ਸਣੇ ਉਸ ਦੀ ਮਾਂ ਮੌਕੇ ’ਤੇ ਮੌਜੂਦ ਹੈ , ਜੋ ਲਗਾਤਾਰ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਨੌਜਵਾਨ ਟਾਵਰ ’ਤੇ ਚੜਿ੍ਹਆ ਹੋਇਆ ਸੀ।
ਨੌਜਵਾਨ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ : ਡੀ ਐੱਸ ਪੀ
ਡੀ ਐੱਸ ਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਹਰਕਤ ਸਿਰਫ਼ ਨਿੱਜੀ ਜ਼ਿੰਦਗੀ ਦੀ ਮੁਸ਼ਕਲ ਨਹੀਂ, ਸਗੋਂ ਜਨਤਕ ਸੁਰੱਖਿਆ ਲਈ ਵੀ ਖ਼ਤਰਾ ਹੈ। ਇਸ ਨੌਜਵਾਨ ਖ਼ਿਲਾਫ ਪਹਿਲਾਂ ਵੀ ਕੇਸ ਦਰਜ ਹਨ ਅਤੇ ਹੁਣ ਇਹ ਵਾਰਦਾਤ ਵੀ ਉਸ ਦੇ ਰਿਕਾਰਡ ਵਿੱਚ ਜੋੜੀ ਜਾਵੇਗੀ। ਉਸ ਦੀ ਮਾਨਸਿਕ ਹਾਲਤ ਨੂੰ ਵੇਖਦਿਆਂ ਮਾਮਲੇ ਦੀ ਜਾਂਚ ਮਨੋਰੋਗ ਦੇ ਮਾਹਿਰ ਡਾਕਟਰਾਂ ਦੀ ਮਦਦ ਨਾਲ ਵੀ ਕੀਤੀ ਜਾਵੇਗੀ।